ਕਵਿਤਾ/ਦਲਜੀਤ ਸਿੰਘ ਕਾਹਲੋਂ
ਇਹ ਤਾਂ ਕੁੜੀ ਪੰਜਾਬਣ ਏ। ਨਿਰੀ ਸ਼ਹਿਦ ਦੀ ਪੁੜੀ ਪੰਜਾਬਣ ਏ॥
ਇਹ ਮਿੱਠੇ ਬੋਲ ਜੋ ਬੋਲੇ ਬਈ । ਮੂੰਹ ਵਿੱਚੋਂ ਪੋਲੇ ਪੋਲੇ ਬਈ ॥
ਇਹਦੇ ਦੋਨੋ ਬੁੱਲ੍ਹ ਗੁਲਾਬੀ ਬਈ । ਉੱਤੋਂ ਇਹਦੀ ਠੇਠ ਪੰਜਾਬੀ ਬਈ ॥
ਇਹਦੇ ਬੋਲ,ਬੋਲੀ ਤੇ ਬਾਣੀ ਬਈ । ਸੱਚ ਦੱਸਣ ਇਹਦੀ ਕਹਾਣੀ ਬਈ ॥
ਇਹਦਾ ਪਾਇਆ ਸੂਟ ਪੰਜਾਬੀ ਬਈ । ਉੱਤੋ ਪਾਈ ਦੇਸੀ ਗੁਰਗਾਬੀ ਬਈ ॥
ਇਹਨੇ ਸਿਰ ਵਿੱਚ ਰੱਖਿਆ ਕੰਘਾ ਏ । ਇਹਦੇ ਗਲ ਚਿ ਲਟਕਦਾ ਖੰਡਾ ਏ ॥
ਇਹਦੀ ਦਿੱਖ,ਤੱਕਣੀ ਤੇ ਝਾਤ ਬਈ । ਪਾਵੇ ਇਹਦੇ ਦਿਲ ਦੀ ਬਾਤ ਬਈ ॥
ਇਹਦਾ ਸਿੱਧਾ – ਭੋਲਾਪਨ ਬਈ । ਇਹਦਾ ਅੰਦਰੋਂ ਸੱਚਾ ਮੰਨ ਬਈ ॥
ਇਹਦੇ ਪੜ੍ਹਨ ਦੇ ਤੌਰ ਤਰੀਕੇ ਨੇ । ਬੋਲਣ ਦੇ ਇਹਨੂੰ ਸਲੀਕੇ ਨੇ ॥
ਇਹਦੇ ਸੱਚੇ ਤੇ ਸੁੱਚੇ ਬੋਲ ਬਈ । ਦੇਣ ਪੋਲ ਸਾਰੇ ਹੀ ਖੋਲ ਬਈ ॥
ਪਾਈ ਪੈਰੀਂ ਇਹਦੇ ਪਜੇਬ ਬਈ । ਨਾ ਪੱਲੇ ਝੂਠ ਫ਼ਰੇਬ ਬਈ ॥
ਇਹਦੀ ਨੱਨ੍ਹੀ ਨੱਨ੍ਹੀ ਚਾਲ ਬਈ । ਮੂੰਹੋਂ ਬੋਲਕੇ ਦੱਸੇ ਹਾਲ ਬਈ ॥
ਦਿਸਦੀ ਇਹ ਮਸਤ ਮਲੰਗ ਬਈ। ਕਦੇ ਕਰੇ ਨਾ ਕਿਸੇ ਨੂੰ ਤੰਗ ਬਈ ॥
ਦੱਸਣ ਇਹਦੇ ਨਿੱਕੇ ਪੈਰ ਬਈ । ਕਿਸੇ ਨਾਲ ਨਾ ਕਰਦੀ ਵੈਰ ਬਈ ॥
ਇਹਦਾ ਸਿੱਧਾ ਸਾਦਾਪਨ ਬਈ । ਅੰਦਰੋਂ ਇਹਦਾ ਸੱਚਾ ਮੰਨ ਬਈ ॥
ਇਹ ਪੜ੍ਹੇ-ਲਿਖੇ ਪੰਜਾਬੀ ਬਈ । ਜਿਵੇਂ ਖਿੜਿਆ ਫੁੱਲ ਗੁਲਾਬੀ ਬਈ ॥
ਇਹ ਆਪਣੀ ਧੁੰਨ ਵਿੱਚ ਰਹਿੰਦੀ ਏ । ਪਿਓ ਵਾਂਗਰ ਸੱਚ ਹੀ ਕਹਿੰਦੀ ਏ ॥
ਪਿਓ ਆਖੇ ਸੂਰਤ ਸੋਹਣੀ ਏ । ਮੇਰੇ ਮੰਨ ਦੀ ਇਹ ਮਨਮੋਹਣੀ ਏ ॥
ਇਹਦੀ ਮੱਮੀ ਪਾਠ ਸਿਖਾਂਦੀ ਏ । ਵੀਕਐਂਡ ਗੁਰੂਘਰ ਲਿਜਾਂਦੀ ਏ ॥
ਇਹ ਉੱਥੇ ਸੰਥਿਆ ਲੈਂਦੀ ਏ । ਬਸ ਗੁਰੂ ਦੇ ਚਰਨੀਂ ਪੈਂਦੀ ਏ ॥
ਹੱਥ ਜੋੜ ਇਹ ਫਤਿਹ ਬਲਾਉਂਦੀ ਏ । ਸੱਭ ਦਾ ਇਹ ਭਲਾ ਮਨਾਉਂਦੀ ਏ ॥
ਇਹ ਕੀਰਤਨ ਓਥੇ ਕਰਦੀ ਏ । ਕਰੇ ਸੇਵਾ ਤੇ ਪਾਣੀ ਭਰਦੀ ਏ ॥
ਇਹ ਉੱਚੀ ਉੱਚੀ ਗਾਂਦੀ ਏ । ਓਥੇ ਹਰੀ ਦਾ ਨਾਮ ਧਿਆਂਦੀ ਏ ॥
ਸਦਾ ਗੁਰੂ ਦੇ ਗੁਣ ਹੀ ਗਾਉਂਦੀ ਏ । ਤਾਂਈਉਂ ਸੱਭ ਦੇ ਮੰਨ ਨੂੰ ਭਾਉਂਦੀ ਏ ॥
ਓਥੇ ਇਹਦਾ ਠੁੱਕ ਹੈ ਵਾਹਵਾ ਬਈ । ਸੰਗਤ ਚੋਂ ਖੱਟੇ ਵਾਹ-ਵਾਹ ਬਈ ॥
ਕਹਿੰਦੇ ਮਾਂ ਜਿੱਡੀ ਇਹ ਹੋ ਗਈ ਏ । ਪਿਓ ਲਈ ਇਹ ਕਿੱਡੀ ਹੋ ਗਈ ਏ ?
ਪਿਓ ਆਖੇ ਮੇਰੇ ਲਈ ਬੱਚੀ ਏ । ਇਹ ਸਦਾ ਹੀ ਮੰਨ ਦੀ ਸੱਚੀ ਏ ॥
ਕੱਲ ਦਿੰਦਾ ਸੀ ਇਹਨੂੰ ਲੋਰੀ ਬਈ । ਅੱਜ ਬਣੀ ਮੇਰੀ ਡੰਗੋਰੀ ਬਈ ॥
ਇਹਦਾ ਪਿਆਰਾ ਨਾਮ ਗੁਰਵੀਰ ਏ । ਇਹਦਾ ਕੋਈ ਨਾ ਨੱਨ੍ਹਾ ਵੀਰ ਏ ॥
ਇਹ ਵੱਡਿਆਂ ਨੂੰ ਭਾਅ ਜੀ ਕਹਿੰਦੀ ਏ । ਬੱਸ ਉੱਨ ਦੇ ਦਿਲਾਂ ਚਿ ਰਹਿੰਦੀ ਏ ॥
ਇਹਨੂੰ ਗੁਰਜੰਟ ਤੇ ਹੈਪੀ ਭਾਵੇ ਬਈ । ਇਹ ਦੋਨਾਂ ਤੇ ਹੁਕਮ ਚਲਾਵੇ ਬਈ ॥
ਉਹ ਇਹਦੇ ਕਜਨ ਬ੍ਰਦਰ ਬਈ । ਇਹਦੀ ਕਰਦੇ ਬੜੀ ਹੀ ਕਦਰ ਬਈ॥
ਪੂਰੇ ਕਰਦੇ ਚਾਅ ਮਲਾਰ ਇਹਦੇ । ਦੋਵੇਂ ਹਨ ਫਰਮਾਬਰਦਾਰ ਇਹਦੇ ॥
“ਇਹਨੂੰ ਮੋਢਿਆਂ ਤੇ ਚੱਕੀ ਇਹਦੇ ਭਾਈ ਫਿਰਦੇ ।ਟੈਟੂ ਇਹਦੇ ਨਾਮ ਦਾ ਲਿਖਾਈ ਫਿਰਦੇ”॥“
ਇਹਦਾ ਤਾਂ ਇਹ ਵੀ ਕਹਿਣਾ ਏ । ਮੇਰੀਆਂ ਦੋ ਵੱਡੀਆਂ ਭੈਣਾਂ ਏਂ ॥
ਉੱਨਾਂ ਮੈਨੂੰ ਲਾਡ ਲਡਾਇਆ ਈ । ਹੁਣ ਆਪਣਾ ਘਰ ਵਸਾਇਆ ਈ ।
ਮਿੱਸ ਕਰਦੀ ਉੱਨਾਂ ਨੂੰ ਖ਼ਾਸੀ ਏ । ਹੈ ਉੱਨਾਂ ਦੇ ਬੱਚਿਆਂ ਦੀ ਮਾਸੀ ਏ ॥
ਸਦਾ ਪਿਓਂ ਦੇ ਅੰਗ ਸੰਗ ਰਹਿੰਦੀ ਏ । ਸਦਾ ਗੋਦੀ ਓਹਦੀ ਚਿ ਬਹਿੰਦੀ ਏ ॥
ਹੱਥ ਮਾਂ ਦੀ ਚੁੰਨੀ ਨੂੰ ਵੀ ਪਾਵੇ ਬਈ । ਜਿੱਥੇ ਜਾਂਦੀ ਨਾਲ ਹੀ ਜਾਵੇ ਬਈ ॥
ਉਹ ਵੀ ਹੈ ਆਦਰਸ਼ ਮਾਂ ਬਈ । ਸਦਾ ਰੱਖਦੀ ਠੰਡੀ ਛਾਂ ਬਈ ॥
ਪਿਓ + ਧੀ ਦੀ ਸੇਵਾ ਕਰਦੀ ਏ । ਸੱਭਨਾਂ ਦੇ ਦੁੱਖਾਂ ਦੀ ਦਰਦੀ ਏ ॥
ਆਏ ਗਏ ਦੀ ਆਉ-ਭਗਤ ਕਰੇ ਬਈ । ਚਾਹੇ ਜੀਵੇ ਤੇ ਚਾਹੇ ਮਰੇ ਬਈ ॥
ਬੀਬੀਆਂ ਵਿੱਚ ਰਹਿੰਦੀ ਛਾਈ ਏ । ਕਦੇ ਘਰ ਦੁਹਾਈ ਨਾ ਪਾਈ ਏ ॥
ਸਦਾ ਰਜ਼ਾ ਓਹਦੀ ਵਿੱਚ ਰਹਿੰਦੀ ਏ । ਹਰਵੇਲੇ ਵਾਹਿਗੁਰੂ ਕਹਿੰਦੀ ਏ ॥
ਚਾਚਾ ਫੁੱਲਿਆ ਨਾ ਸਮਾਏ ਬਈ । ਬੱਸ ਕਲਮ ਦਾ ਖੱਟਿਆ ਖਾਏ ਬਈ ॥
“ ✍️ਜਦੋਂ ਕਲਮ ਚੱਲਣੀ ਬੰਦ ਹੋ ਗਈ ਬਈ। ਸਮਝਿਓ ਚਾਚੇ ਦੀ ਨਬਜ਼ ਖਲੋ ਗਈ ਬਈ ॥
ਫਿਰ ਰੋਣਾ-ਧੋਣਾ ਨਾ ਪਾਇਉ ਬਈ । ਬੱਸ ਰੱਬ ਦਾ ਸ਼ੁਕਰ ਮਨਾਇਉ ਬਈ ॥
ਖੁਸ਼ੀ ਖੁਸ਼ੀ,ਚਾਚੇ ਨੂੰ ਦਿਉ ਵਿਦਾਈ ਬਈ । ਚੁੱਪ ਕਰਕੇ ਪਾਇਓ ਜੁਦਾਈ ਬਈ॥
✍️”। ਚਾਚਾ ਆਖੇ ਗੁਰਵੀਰ ਪੁੱਤ ਮੇਰਾ ਬਈ। ਮੁੜ ਛੇਤੀ ਪਾਊਂਗਾ ਫੇਰਾ ਬਈ “॥
ਮੁੜ ਇਹਦੇ ਹੀ ਵਿਹੜੇ ਆਊਂ ਬਈ । ਇਹਦੇ ਵਾਂਗੂੰ ਮੈਂ ਨਾਮ ਧਿਆਊਂ ਬਈ॥
ਕੀਰਤਨ ਵਾਂਗ ਗੁਰਵੀਰ ਦੇ ਕਰੂੰ ਬਈ । ਕੰਮ ਕਰ ਕਰ ਐਵੇਂ ਨਾ ਮਰੂੰ ਬਈ ॥
ਦੂਜੇ ਗੇੜੇ ਗੁਰੂ ਦਾ ਜੱਸ ਗਾਊਂ। ਭੰਗ ਦੇ ਭਾੜੇ ਮੁੜ ਨਾ ਜਾਊਂ ॥
ਭੰਗ ਦੇ ਭਾੜੇ ਮੁੜ ਨਾ ਜਾਊਂ ॥ ਸੁਣਕੇ ਸੱਭ ਕੁੱਝ ਸਹਿਮੀਆਂ ਡਰੀਆਂ।
ਇੱਕਦੱਮ ਦੋਨਾਂ ਅੱਖੀਆਂ ਭਰੀਆਂ ॥ ਚਾਚੇ ਐਸਾ ਪੈਂਨ ਘੁਮਾਇਆ।
ਸਾਰਾ ਟੱਬਰ ਰੋਣ ਤੇ ਲਾਇਆ॥ ਸੋਚੇ ਚਾਚਾ ਮੈਂ ਕੀ ਕਰਤਾ ?
ਹੱਸਦਾ ਟੱਬਰ ਰੁਆ ਕੇ ਰੱਖਤਾ ॥ ਕਹਿੰਦਾ ਕਲਾਕਾਰ ਹਾਂ!
ਸੱਭ ਕਰਨਾ ਪੈਂਦਾ! ਕਲਪਨਾ ਵਿੱਚ ! ਜਿਊਣਾ/ਮਰਨਾ ਪੈਂਦਾ!! ਸਾਂਭਿਆ ਮੌਕਾ ਪੈਂਨ ਪਰਾਂਹ ਸੁੱਟਿਆ।
ਨਾਲੇ ਸੋਚੇ ਮੈਂ ਕੀ ਖੱਟਿਆ ?
ਕਹਿੰਦਾ ਐਨੀ ਛੇਤੀ ਜਾਣ ਨਹੀਂ ਲੱਗਿਆ। ਨਵਾਂ ਪੰਗਾ ਕੋਈ ਪਾਣ ਨਹੀਂ ਲੱਗਿਆ॥
ਨਾਨੇ + ਮਾਮੇ ਵਾਂਗੂ ਸੈਂਚੁਰੀ ਮਾਰੂੰ । ਰਹਿੰਦੀਆਂ ਲਿਖਤਾਂ ਨੇਪਰੇ ਚਾੜੂੰ ॥ ਹਾਸੇ ਠੱਠੇ ਦੇ ਪਾਊਂ ਖਲਾਰੇ॥
ਕਰ ਦੱਊਂ ਦੋਹਰੇ ਹਾਸੇ ਦੇ ਮਾਰੇ॥ ਚਾਚਾ ਵੀ ਅੰਦਰੋਂ ਨਿਕਲਿਆ ਚਤਰਾ ।
ਇੱਕ ਦੱਮ ਟਾਲ ਕੇ ਰੱਖਤਾ ਖ਼ਤਰਾ ॥ ਅੰਦਰ ਵੜਿਆ ਤੇ ਮੁੜਕੇ ਆਇਆ।
ਭੰਗੜੇ ਵਾਲਾ ਡਰੈਸ ਸੀ ਪਾਇਆ ॥ ਪਹਿਲਾਂ ਦੋਨਾਂ ਤਾਂਈਂ ਸਮਝਾਇਆ ।
ਫਿਰ ਇੱਕਦੱਮ ਸੀ ਖਾੜ੍ਹਾ ਲਾਇਆ ॥ ਰੁੱਖ ਕਵਿਤਾ ਦਾ ਮੋੜਕੇ ਰੱਖਤਾ ।
ਹਾਸਿਆਂ ਨਾਲ ਸੀ ਵਿਹੜਾ ਭਰਤਾ ॥ ਅਖੇ ਆਓ ਸਾਰੇ ਰੱਲ-ਮਿਲ ਗਾਈਏ ।
ਭੰਗੜੇ ਪਾਈਏ , ਤੇ ਖੁਸ਼ੀ ਮਨਾਈਏ ॥ ਸਾਰਿਆਂ ਰੱਲ ਕੇ ਸ਼ੁਕਰ ਮਨਾਇਆ।
ਸੋਚਣ ਚਾਚਾ ਲਾਇਨ ਤੇ ਆਇਆ॥ ਹੋ ਕੇ ਇਕੱਠੇ ਭੰਗੜੇ ਪਾਉਣ ।
ਖਿੜਖਿੜ ਹੱਸਣ ਤੇ ਖੁਸ਼ੀ ਮਨਾਉਣ। ਚਾਚਾ ਇੱਕਦੱਮ ਸਟੇਜ ਤੇ ਚੜ੍ਹਿਆ ।
ਖੱਬੇ ਹੱਥ ਚਿ ਮਾਇਕ ਸੀ ਫੜਿਆ ॥ ਨਿਆਣੇ ਸਿਆਣੇ ਭੰਗੜਾ ਪਾਉਣ।
ਉੱਚੀ ਉੱਚੀ ਸਾਰੇ ਗਾਉਣ ॥ ਗਾਉਣ- ਪਾਣੀ ਦੇ ਚੱਕਤੇ ਫੱਟੇ।
ਆਂਢ- ਗੁਆਂਢੀ ਹੋ ਗਏ ਇਕੱਠੇ ॥ ਆਪਣੇ ਈ ਲਿਖਿਓ ਗਾਣੇ ਗਾਤੇ ।
ਲੋਕੀਂ ਸਾਰੇ ਹੱਸਣ ਲਾਤੇ ॥ “ਪਿਓ ਹੁੰਦਾ ਏ ਪਿਓ ਐ ਦੁਨੀਆ ਵਾਲਿਓ।
ਨਿਰਾ ਹੀ ਦੇਸੀ ਘਿਓ ਐ ਦੁਨੀਆਂ ਵਾਲਿਓ॥ “ਚਾਚੇ ਬਿਨਾ ਕੋਈ ਨਾ ਖਾੜਾ ਲਾਵੇ ।
ਰੋਂਦਿਆਂ ਨੂੰ ਨਾ ਚੁੱਪ ਕਰਾਵੇ “॥ ਚਾਚੇ ਐਸੇ ਗਾਣੇ ਗਾਏ ।
ਲਾਤਾ ਜ਼ੋਰ ਪਸੀਨੇ ਆਏ ॥ ਥੱਕ – ਹਾਰ ਪਸੀਨਾ ਪੂੰਝੇ ।
ਹਿੱਲ ਗਈ ਧਰਤੀ ਅੰਬਰ ਗੂੰਜੇ ॥ “ਮਿੱਠੀ ਗੁਰਵੀਰ ਕੋਈ ਮਿੱਠੀ ਬੋਲੀ ਪਾ ਦੇ ਤੂੰ।
ਢੋਲ ਦੇ ਡੱਗੇ ਦੇ ਉੱਤੇ ਗੇੜੇ ਚਾਰ ਲਾ ਦੇ ਤੂੰ ॥ ਢੋਲ ਵੱਜਦਾ ਕੰਨਾਂ ਨੂੰ ਚੰਗਾ ਲੱਗਦਾ ।
ਢੋਲ ਵੱਜਦਾ ਸਟੇਜ ਉੱਤੇ ਫੱਬਦਾ॥ ਸੁਣ ਕੰਨ ਲਾ ਕੇ ਬਾਪੂ ਦਾ ਤੂੰ ਢੋਲ ਮੱਲੀਏ ।
ਢੋਲ ਬੋਲ਼ੇ ਸਦਾ ਪਿਆਰ ਵਾਲੇ ਬੋਲ ਮੱਲੀਏ ॥ ਢੋਲ ਬੋਲੇ ਸਦਾ ਪਿਆਰ ਵਾਲੇ ਬੋਲ ਮੱਲੀਏ॥
ਬੋਲ ਚਾਚੇ ਦੇ ਬਈ ਪੱਕੇ ਝੰਡੇ ਗੱਡ ਗਏ ।
ਮਹਿਕ ਪਿਆਰ ਦੀ ਹਵਾ ਦੇ ਵਿੱਚ ਛੱਡ ਗਏ॥ ਮਹਿਕ ਪਿਆਰ ਦੀ ਹਵਾ ਦੇ ਵਿੱਚ ਛੱਡ ਗਏ॥

Share this content:



Post Comment