ਹਰਸਿਮਰਤ ਕੌਰ ਬਾਦਲ ਵੱਲੋਂ ਜਗਰਾਓਂ ਤੇ ਲੁਧਿਆਣਾ ਪੂਰਬੀ ਵਿਚ ਮਾਵਾਂ ਧੀਆਂ ਦੀ ਲਲਕਾਰ ਮੁਹਿੰਮ ਤਹਿਤ ਪ੍ਰਭਾਵਸ਼ਾਲੀ ਪ੍ਰੋਗਰਾਮ, ਕਿਹਾ ਕਿ ਨਸ਼ਾ ਤਸਕਰੀ ਮਾਲਵਾ ਖੇਤਰ ਨੂੰ ਖ਼ਤਮ ਕਰ ਰਹੀ ਹੈ ਪਰ ਮੁੱਖ ਮੰਤਰੀ ਪ੍ਰਾਪੇਗੰਡੇ ਵਿਚ ਰੁੱਝੇ
ਹਰਸਿਮਰਤ ਕੌਰ ਬਾਦਲ ਵੱਲੋਂ ਜਗਰਾਓਂ ਤੇ ਲੁਧਿਆਣਾ ਪੂਰਬੀ ਵਿਚ ਮਾਵਾਂ ਧੀਆਂ ਦੀ ਲਲਕਾਰ ਮੁਹਿੰਮ ਤਹਿਤ ਪ੍ਰਭਾਵਸ਼ਾਲੀ ਪ੍ਰੋਗਰਾਮ, ਕਿਹਾ ਕਿ ਨਸ਼ਾ ਤਸਕਰੀ ਮਾਲਵਾ ਖੇਤਰ ਨੂੰ ਖ਼ਤਮ ਕਰ ਰਹੀ ਹੈ ਪਰ ਮੁੱਖ ਮੰਤਰੀ ਪ੍ਰਾਪੇਗੰਡੇ ਵਿਚ ਰੁੱਝੇ
6 ਮਹੀਨੇ ਪਹਿਲਾਂ ਜਿਸ 75 ਸਾਲਾ ਬਜ਼ੁਰਗ ਦਾ ਪੁੱਤਰ ਨਸ਼ਿਆਂ ਕਾਰਨ ਮਰਿਆ, ਉਸਦੀ ਹਾਲਤ ਵੇਖ ਕੇ ਹੋਏ ਭਾਵੁਕ, ਪੁੱਛਿਆ ਕਿ ਦੋ ਪੋਤਰਿਆਂ ਦੀ ਜ਼ਿੰਦਗੀ ਬਰਬਾਦ ਕਰਨ ਵਾਸਤੇ ਕੌਣ
ਜ਼ਿੰਮੇਵਾਰ ?
ਆਪ ਤੇ ਕਾਂਗਰਸ ਦੋਵਾਂ ਦੀ ਹਾਈ ਕਮਾਂਡ ਦਿੱਲੀ (ਕੇਜਰੀਵਾਲ ਤੇ ਰਾਹੁਲ ਗਾਂਧੀ) ਪਰ ਅਕਾਲੀ ਦਲ ਦੀ ਹਾਈ ਕਮਾਂਡ ਪੰਜਾਬ ਦੇ ਲੋਕ
ਲੁਧਿਆਣਾ, 17 ਨਵੰਬਰ- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਨਸ਼ਾ ਤਸਕਰੀ ਮਾਲਵਾ ਖੇਤਰ ਨੂੰ ਬਰਬਾਦ ਕਰ ਰਹੀ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਪ੍ਰਾਪੇਗੰਡੇ ਵਿਚ ਰੁੱਝੇ ਹਨ ਤੇ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ।

ਬਠਿੰਡਾ ਦੇ ਐਮ ਪੀ ਜਿਹਨਾਂ ਨੇ ਜਗਰਾਓਂ ਅਤੇ ਲੁਧਿਆਣਾ ਪੂਰਬੀ ਵਿਚ ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕੀਤਾ, ਉਸ ਬਜ਼ੁਰਗ ਦੀ ਹਾਲਤ ਵੇਖ ਕੇ ਭਾਵੁਕ ਹੋ ਗਏ ਜੋ ਆਪਣੇ ਪੋਤਰਿਆਂ ਨਾਲ ਪ੍ਰੋਗਰਾਮ ਵਿਚ ਆਏ ਸਨ, ਕਿਉਂਕਿ ਉਹਨਾਂ ਦੇ ਪੁੱਤਰ ਦੀ ਨਸ਼ਿਆਂ ਕਾਰਨ ਮੌਤ ਹੋ ਗਈ ਹੈ। ਉਹਨਾਂ ਕਿਹਾ ਕਿ ਮੈਂ ਵੇਖ ਕੇ ਹੈਰਾਨ ਹਾਂ ਕਿ ਇਹ 75 ਸਾਲਾ ਬਜ਼ੁਰਗ ਕਿਵੇਂ ਆਪਣੇ ਪੋਤਰਿਆਂ ਦੀ ਸੰਭਾਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਨਸ਼ਾ ਤਸਕਰੀ ਕਾਰਨ ਮਾਲਵਾ ਵਿਚ ਰੋਜ਼ਾਨਾ ਆਧਾਰ ’ਤੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ। ਜਗਰਾਓਂ ਦੇ ਮੱਲ੍ਹਾ ਪਿੰਡ ਵਿਚ 18 ਨੌਜਵਾਨ ਨਸ਼ਿਆਂ ਕਾਰਨ ਮੌਤ ਦੇ ਮੂੰਹ ਵਿਚ ਜਾ ਪਏ ਹਨ ਜਦੋਂ ਕਿ ਜਗਰਾਓਂ ਵਿਚ 14 ਪਰਿਵਾਰਾਂ ਨੇ ਤਾਂ ਧਰਨਾ ਦੇ ਕੇ ਵੀ ਇਹ ਸਾਬਤ ਕੀਤਾ ਕਿ ਨਸ਼ਿਆਂ ਕਾਰਨ ਉਹਨਾਂ ਦੇ ਨੌਜਵਾਨ ਬੱਚਿਆਂ ਦੀ ਮੌਤ ਹੋਈ।
ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਹਾਲੇ ਵੀ ਲੋਕਾਂ ਦੀ ਪੀੜਾ ਦੀ ਕੋਈ ਪਰਵਾਹ ਨਹੀਂ। ਉਹਨਾਂ ਕਿਹਾ ਕਿ ਬਜਾਏ ਇਸ ਮੁਸ਼ਕਿਲ ਨੂੰ ਪਛਾਨਣ ਅਤੇ ਇਸ ਤੋਂ ਲੋਕਾਂ ਨੂੰ ਬਚਾਉਣ ਲਈ ਯਤਨ ਕਰਨ ਦੇ ਸਰਕਾਰ ਤਾਂ ਮੁਕਰਨ ’ਤੇ ਲੱਗੀ ਹੋਈ ਹੈ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਭੰਮੇ ਕਲਾਂ ਪਿੰਡ ਦੇ ਦਲਜੀਤ ਸਿੰਘ ਦੀ ਲਾਸ਼ ਜ਼ਬਰੀ ਚੁੱਕੀ ਗਈ ਤੇ ਉਹਨਾਂ ਦੇ ਮਾਪਿਆਂ ਨੂੰ ਇਹ ਲਿਖ ਕੇ ਦੇਣ ਵਾਸਤੇ ਮਜਬੂਰ ਕੀਤਾ ਗਿਆ ਕਿ ਉਹਨਾਂ ਦੇ ਪੁੱਤਰ ਦੀ ਮੌਤ ਕਤਲ ਨਾਲ ਹੋਈ ਹੈ ਤੇ ਉਹ ਨਸ਼ਿਆਂ ਨਾਲ ਨਹੀਂ ਮਰਿਆ। ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਤੇ ਵਿਧਾਇਕਾਂ ਦੇ ਨਸ਼ਾ ਤਸਕਰੀ ਵਿਚ ਸ਼ਾਮਲ ਹੋਣ ਕਾਰਨ ਨਸ਼ਿਆਂ ਦਾ ਪਸਾਰ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਜੋ ਕੋਈ ਵੀ ਨਸ਼ਾ ਤਸਕਰੀ ਦੇ ਖਿਲਾਫ ਆਵਾਜ਼ ਚੁੱਕਦਾ ਹੈ,
ਉਸਨੂੰ ਡਰਾਇਆ ਧਮਕਾਇਆ ਜਾਂਦਾ ਹੈ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੀ ਇਹੋ ਤਰਕੀਬ ਵਰਤ ਰਹੇ ਹਨ ਤੇ ਉਹਨਾਂ ਦੀ ਹਾਜ਼ਰੀ ਵਿਚ ਨਸ਼ਿਆਂ ਖਿਲਾਫ ਲੋਕਤੰਤਰੀ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਵਾਲੇ ਮੋਹਣਜੀਤ ਸਿੰਘ ਸ਼ੇਰੋਂ ’ਤੇ ਅੰਨਾ ਤਸ਼ੱਦਦ ਢਾਹਿਆ ਗਿਆ। ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੀ ਬੇਪਰਵਾਹੀ ਸਾਰੀਆਂ ਹੱਦਾਂ ਟੱਪ ਗਈ ਹੈ। ਉਹਨਾਂ ਕਿਹਾ ਕਿ ਨਸ਼ੇ ਵੇਚਣ ਵਾਲੇ ਮੈਡੀਕਲ ਸਟੋਰ ਮਾਲਕ ਨੇ ਪਰਵਿੰਦਰ ਸਿੰਘ ਝੋਟਾ ਦਾ ਸ਼ਰ੍ਹੇਆਮ ਕਤਲ ਕਰ ਦਿੱਤਾ। ਪੀੜਤ ਪਰਿਵਾਰ ਵੱਲੋਂ 23 ਦਿਨ ਤੱਕ ਲਗਾਤਾਰ ਧਰਨਾ ਦੇਣ ਦੇ ਬਾਵਜੂਦ ਵੀ ਮੁੱਖ ਮੰਤਰੀ ਨੇ ਮਾਨਸਾ ਦੇ ਐਸ ਐਸ ਪੀ ਵੈਭਵ ਚੌਧਰੀ ਦਾ ਤਬਾਦਲਾ ਨਹੀਂ
ਕੀਤਾ ਜਿਸਨੇ ਮੈਡੀਕਲ ਸਟੋਰ ਮਾਲਕ ਨੂੰ ਹਥਿਆਰਾਂ ਦੇ ਦੋ ਲਾਇਸੰਸ ਜਾਰੀ ਕੀਤੇ ਸਨ।
ਸਰਦਾਰਨੀ ਬਾਦਲ ਨੇ ਕਿਹਾ ਕਿ ਆਪ ਸਰਕਾਰ ’ਯੁੱਧ ਨਸ਼ਿਆਂ ਵਿਰੁੱਧ’ ਨਹੀਂ ਬਲਕਿ ’ਯੁੱਧ ਪੰਜਾਬ ਵਿਰੁੱਧ’ ਮੁਹਿੰਮ ਚਲਾ ਰਹੀ ਹੈ। ਉਹਨਾਂ ਕਿਹਾ ਕਿ ਔਰਤਾਂ ਸਭ ਤੋਂ ਵੱਧ ਪੀੜਤ ਹਨ ਜਿਹਨਾਂ ਨੂੰ ਹੁਣ ਸਭ ਕੁਝ ਆਪਣੇ ਹੱਥ ਵਿਚ ਲੈਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਵੱਲੋਂ ਮੁਹਿੰਮ ਸ਼ੁਰੂ ਕਰਨ ਤੋਂ ਬਾਅਦ ਇਕੱਲੇ ਜਗਰਾਓਂ ਵਿਚ 607 ਔਰਤਾਂ ਮਾਈ ਭਾਗੋ ਦੀ ਫੌਜ ਵਿਚ ਸ਼ਾਮਲ ਹੋ ਗਈਆਂ ਹਨ। ਉਹਨਾਂ ਕਿਹਾ ਕਿ ਮੈਂ ਔਰਤਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਆਪਣੇ ਨੇੜੇ ਨਸ਼ਾ ਵੇਚਣ ਵਾਲਿਆਂ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੀ ਸੂਚੀ ਬਣਾਉਣ।
ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਇਕ ਮਹਿਲਾ ਡੀ ਜੀ ਪੀ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇਗੀ ਜੋ ਇਹਨਾਂ ਸਾਰੀਆਂ ਸ਼ਿਕਾਇਤਾਂ ਦੀ ਜਾਂਚ ਕਰੇਗੀ ਤੇ ਨਸ਼ਾ ਤਸਕਰਾਂ ਦੇ ਖਿਲਾਫ ਸਖ਼ਤ ਕਾਰਵਾਈ ਕਰੇਗੀ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਗਲੀ ਅਕਾਲੀ ਦਲ ਦੀ ਸਰਕਾਰ ਨਵਾਂ ਕਾਨੂੰਨ ਲਿਆ ਕੇ ਯਕੀਨੀ ਬਣਾਏਗੀ ਕਿ ਨਸ਼ਾ ਤਸਕਰਾਂ ਨੂੰ 10 ਸਾਲਾਂ ਤੱਕ ਜ਼ਮਾਨਤ ਨਾ ਮਿਲੇ ਅਤੇ ਉਹਨਾਂ ਦੀਆਂ ਜਾਇਦਾਦਾਂ ਜ਼ਬਤ ਕਰ ਕੇ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਅਸੀਂ ਮਾਵਾਂ ਧੀਆਂ ਨੂੰ ਫੇਲ੍ਹ ਨਹੀਂ ਹੋਣ ਦਿਆਂਗੇ ਜੋ ਮੇਰੇ ਪ੍ਰੋਗਰਾਮਾਂ ਵਿਚ ਨਸ਼ਿਆਂ ਨੂੰ ਹਮੇਸ਼ਾ ਲਈ ਖ਼ਤਮ ਕਰਨ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ਵਿਚ ਸ਼ਾਮਲ ਹੋ ਰਹੀਆਂ ਹਨ।
ਸਰਦਾਰਨੀ ਬਾਦਲ ਨੇ ਔਰਤਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਦੀ ਹਮਾਇਤ ਕਰਨ ਅਤੇ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਤੇ ਆਪ ਦੋਵਾਂ ਨੇ ਇਕ ਨਿਸ਼ਚਿਤ ਸਮੇਂ ਵਿਚ ਨਸ਼ੇ ਖਤਮ ਕਰਨ ਦੇ ਝੂਠੇ ਵਾਅਦੇ ਕਰ ਕੇ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਤੇ ਰਾਹੁਲ ਗਾਂਧੀ ਕਦੇ ਵੀ ਤੁਹਾਡੀ ਪੀੜਾ ਨਹੀਂ ਸਮਝ ਸਕਦੇ। ਉਹਨਾਂ ਔਰਤਾਂ ਨੂੰ ਭਰੋਸਾ ਦੁਆਇਆ ਕਿ 2027 ਵਿਚ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਦੂਰ ਕੀਤੀਆਂ ਜਾਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰਾਓਂ ਵਿਚ ਐਸ ਆਰ ਕਲੇਰ, ਰਣਬੀਰ ਕੌਰ ਤੇ ਸਤਪਾਲ ਕੌਰ ਗਰੇਵਾਲ ਅਤੇ ਲੁਧਿਆਣਾ ਪੂਰਬੀ ਵਿਚ ਰਣਜੀਤ ਸਿੰਘ ਢਿੱਲੋਂ, ਪਰਉਪਕਾਰ ਸਿੰਘ ਘੁੰਮਣ, ਭੁਪਿੰਦਰ ਸਿੰਘ ਭਿੰਦਾ, ਤੇਜਿੰਦਰ ਕੌਰ ਸੰਧੂ ਅਤੇ ਪਵਨਦੀਪ ਕੌਰ ਗਿੱਲ ਵੀ ਹਾਜ਼ਰ ਸਨ।
Share this content:



Post Comment