Loading Now

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰਦੁਆਰਾ ਸਿੰਘ ਸਭਾ ਪਰਮਾ ਇਟਲੀ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਸਮਾਜਿਕ ਸਾਂਝ ਲਈ ਵਿਲੱਖਣ ਉਪਰਾਲਾ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰਦੁਆਰਾ ਸਿੰਘ ਸਭਾ ਪਰਮਾ ਇਟਲੀ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਸਮਾਜਿਕ ਸਾਂਝ ਲਈ ਵਿਲੱਖਣ ਉਪਰਾਲਾ

(ਸੰਤ ਇਲਾਰੀਓ ਦ’ਐਨਸਾ ਇਟਲੀ ਦੀ ਨਗਰ ਪਾਲਿਕਾ, ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਰਤੀ ਕੌਂਸਲੇਟ ਮਿਲਾਨ ਵਲੋਂ ਸਾਂਝੇ ਤੌਰ ਤੇ ਲਾਏ ਗਏ ਰੁੱਖਾਂ ਦੇ ਬੂਟੇ )

ਪਰਮਾ – ਇਟਲੀ, 17 ਨਵੰਬਰ – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਨੂੰ ਸਮਾਜ ਸੇਵਾ, ਕੁਦਰਤ ਪ੍ਰੇਮ ਅਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨਾਲ ਜੋੜਦਿਆਂ ਗੁਰਦੁਆਰਾ ਸਿੰਘ ਸਭਾ ਪਰਮਾ ਵੱਲੋਂ ਇੱਕ ਬੇਹੱਦ ਸ਼ਲਾਘਾਯੋਗ ਅਤੇ ਪ੍ਰੇਰਨਾਦਾਇਕ ਉਪਰਾਲਾ ਕੀਤਾ ਗਿਆ। ਇਟਲੀ ਦੇ ਸੰਤ ਇਲਾਰੀਓ ਦ’ਐਨਸਾ ਦੀ ਨਗਰ ਪਾਲਿਕਾ ਨੂੰ ਵੱਡੀ ਗਿਣਤੀ ਵਿੱਚ ਰੁੱਖਾਂ ਦੇ ਬੂਟੇ ਭੇਟ ਕਰਕੇ ਸੰਸਥਾ ਨੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਮਲੀ ਰੂਪ ਵਿੱਚ ਸਮਾਜ ਤੱਕ ਪਹੁੰਚਾਉਣ ਦਾ ਸੁਨੇਹਾ ਦਿੱਤਾ।ਇਸ ਵਿਸ਼ੇਸ਼ ਮੌਕੇ ਨਗਰ ਪਾਲਿਕਾ ਦੇ ਦਫ਼ਤਰ ਵਿਖੇ ਭਾਰਤ ਦੇ ਮਿਲਾਨ ਸਥਿਤ ਕੌਂਸਲੇਟ ਜਨਰਲ ਦੇ ਕੌਂਸਲ ਜਨਰਲ ਸ੍ਰੀ ਲਾਵਨਿਆ ਕੁਮਾਰ ਨੇ ਆਪਣੇ ਅਧਿਕਾਰੀਆਂ ਮਿਸ ਕਿਰਨ, ਅਤੁਲ ਸ਼ਰਮਾ, ਬਿਕਰਮਜੀਤ ਸਿੰਘ ਗਿੱਲ ਸਮੇਤ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸ਼ਹਿਰ ਦੇ ਮੇਅਰ ਮਰਚੈਲੋ ਮੋਰੇਤੀ ਨੇ ਆਪਣੇ ਸਾਥੀਆਂ ਮਾਸਿਮੋ ਬਿਲੇਈ ਅਤੇ ਫਾਬਰੀਸੀਉ ਫੇਰੀ ਸਮੇਤ ਇੰਡੀਅਨ ਵਫ਼ਦ ਦਾ ਸਵਾਗਤ ਕੀਤਾ ਅਤੇ ਭਾਰਤੀ ਭਾਈਚਾਰੇ ਦੇ ਨਾਲ ਗੁਰਦੁਆਰਾ ਸਿੰਘ ਸਭਾ ਪਰਮਾ ਦਾ ਵੀ ਇਸ ਵਡੇਰੇ ਉਪਰਾਲੇ ਲਈ ਧੰਨਵਾਦ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਰੁੱਖਾਂ ਦੀ ਭੇਟ ਨੂੰ ਸਥਾਨਕ ਪ੍ਰਸ਼ਾਸਨ ਅਤੇ ਭਾਰਤੀ ਭਾਈਚਾਰੇ ਦਰਮਿਆਨ ਆਪਸੀ ਸਤਿਕਾਰ, ਸਹਿਯੋਗ ਅਤੇ ਮਿੱਤਰਤਾ ਦੀ ਇੱਕ ਅਹਿਮ ਕੜੀ ਵਜੋਂ ਦੱਸਿਆ।ਜ਼ਿਕਰਯੋਗ ਹੈ ਕਿ ਗੁਰਦੁਆਰਾ ਸਿੰਘ ਸਭਾ ਪਰਮਾ ਲੰਮੇ ਸਮੇਂ ਤੋਂ ਸਥਾਨਕ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਆ ਰਿਹਾ ਹੈ।

WhatsApp-Image-2026-11-17-at-07.25.02-1 ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੁਰਦੁਆਰਾ ਸਿੰਘ ਸਭਾ ਪਰਮਾ ਇਟਲੀ ਵੱਲੋਂ ਵਾਤਾਵਰਣ ਦੀ ਸੰਭਾਲ ਅਤੇ ਸਮਾਜਿਕ ਸਾਂਝ ਲਈ ਵਿਲੱਖਣ ਉਪਰਾਲਾ

ਸੰਸਥਾ ਵੱਲੋਂ ਭੇਟ ਕੀਤੇ ਗਏ ਇਹ ਬੂਟੇ ਸੰਤ ਇਲਾਰੀਓ ਦ’ਐਨਸਾ ਪਾਰਕ ਉਰਬਾਨੋ ਵਿੱਚ ਆਉਣ ਵਾਲੇ ਸਮੇਂ ਵਿੱਚ ਹਰਿਆਵਲ ਵਧਾਉਣ, ਵਾਤਾਵਰਣ ਨੂੰ ਸਾਫ਼-ਸੁਥਰਾ ਬਣਾਉਣ ਅਤੇ ਕੁਦਰਤੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਮਕਸਦ ਨਾਲ ਲਗਾਏ ਗਏ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਤੋਂ ਪ੍ਰੇਰਿਤ ਇਹ ਉਪਰਾਲਾ ਇਸ ਗੱਲ ਦਾ ਪ੍ਰਤੱਖ ਪ੍ਰਗਟਾਵਾ ਹੈ ਕਿ ਗੁਰਪੁਰਬ ਮਨਾਉਣ ਦੀ ਅਸਲ ਭਾਵਨਾ ਕੇਵਲ ਸਮਾਗਮਾਂ ਤੱਕ ਸੀਮਤ ਨਹੀਂ, ਸਗੋਂ ਮਨੁੱਖਤਾ ਅਤੇ ਕੁਦਰਤ ਦੀ ਭਲਾਈ ਲਈ ਕੀਤੇ ਜਾਣ ਵਾਲੇ ਕਾਰਜਾਂ ਵਿੱਚ ਵੀ ਵੱਸਦੀ ਹੈ।ਇਹ ਉਪਰਾਲਾ ਸਿੱਖ ਭਾਈਚਾਰੇ ਦੀਆਂ ਧਾਰਮਿਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਵਿਦੇਸ਼ੀ ਧਰਤੀ ਤੇ ਸਮਾਜਿਕ ,ਮਨੁੱਖਤਾ ,ਕੁਦਰਤੀ ਜ਼ਿੰਮੇਵਾਰੀ, ਸੇਵਾ ਅਤੇ ਸਦਭਾਵਨਾ ਦੀ ਭਾਵਨਾ ਨੂੰ ਵੀ ਉਜਾਗਰ ਕਰਦਾ ਹੈ।  ਇਸ ਨਾਲ ਭਾਰਤੀ ਅਤੇ ਇਟਾਲੀਅਨ ਭਾਈਚਾਰਿਆਂ ਦਰਮਿਆਨ ਦੋਸਤੀ, ਆਪਸੀ ਵਿਸ਼ਵਾਸ ਅਤੇ ਸੱਭਿਆਚਾਰਕ ਸਾਂਝ ਨੂੰ ਹੋਰ ਮਜ਼ਬੂਤੀ ਮਿਲੀ ਹੈ।ਨਗਰ ਪਾਲਿਕਾ ਵੱਲੋਂ ਇਸ ਉਪਰਾਲੇ ਲਈ ਗੁਰਦੁਆਰਾ ਸਿੰਘ ਸਭਾ ਪਰਮਾ ਅਤੇ ਸਮੁੱਚੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ।

ਨਿਸ਼ਚਿਤ ਤੌਰ ’ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਉਪਰਾਲਾ ਵਿਦੇਸ਼ੀ ਧਰਤੀ ’ਤੇ ਸਿੱਖੀ ਦੇ ਸੇਵਾ, ਸਾਂਝ ਅਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ਦੀ ਸੁੰਦਰ ਮਿਸਾਲ ਬਣ ਕੇ ਸਾਹਮਣੇ ਆਇਆ ਹੈ।ਪ੍ਰੋਫੈਸਰ ਜਸਪਾਲ ਸਿੰਘ ਨੇ ਕਿਹਾ ਕਿ ਰੁੱਖ ਲਗਾਉਣ ਦਾ ਇਹ ਉਪਰਾਲਾ ਸਿਰਫ਼ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦੀ ਕੋਸ਼ਿਸ਼ ਨਹੀਂ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਗੁਰੂ ਸਾਹਿਬ ਦੀਆਂ ਸਿੱਖਿਆਵਾਂ, ਪਿਆਰ ਅਤੇ ਸਾਂਝ ਦਾ ਇੱਕ ਜੀਵੰਤ ਸੁਨੇਹਾ ਵੀ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰਦੇਵ ਸਿੰਘ ਧਾਲੀਵਾਲ, ਜਸਵੀਰ ਸਿੰਘ, ਪਿ੍ਥੀਪਾਲ ਸਿੰਘ, ਅਮਿਤੋਜ ਸਿੰਘ, ਜੋਗਰਾਜ ਸਿੰਘ, ਅਰਸ਼ ਸਿੰਘ, ਗੁਰਮੁੱਖ ਸਿੰਘ ਸੋਹਲ, ਰਣਜੀਤ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।

Share this content:

Previous post

ਬੁੱਧ ਚਿੰਤਨ/ਜਿੰਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ/ਬੁੱਧ ਸਿੰਘ ਨੀਲੋਂ

Next post

ਹਰਸਿਮਰਤ ਕੌਰ ਬਾਦਲ ਵੱਲੋਂ ਜਗਰਾਓਂ ਤੇ ਲੁਧਿਆਣਾ ਪੂਰਬੀ ਵਿਚ ਮਾਵਾਂ ਧੀਆਂ ਦੀ ਲਲਕਾਰ ਮੁਹਿੰਮ ਤਹਿਤ ਪ੍ਰਭਾਵਸ਼ਾਲੀ ਪ੍ਰੋਗਰਾਮ, ਕਿਹਾ ਕਿ ਨਸ਼ਾ ਤਸਕਰੀ ਮਾਲਵਾ ਖੇਤਰ  ਨੂੰ ਖ਼ਤਮ ਕਰ ਰਹੀ ਹੈ ਪਰ ਮੁੱਖ ਮੰਤਰੀ ਪ੍ਰਾਪੇਗੰਡੇ ਵਿਚ ਰੁੱਝੇ

Post Comment