ਸੰਸਾਰ ਨੂੰ ਸ਼ੀਤ-ਯੁੱਧ ਵੱਲ ਧੱਕਣ ਦੇ ਅਮਰੀਕੀ ਮਨਸੂਬੇ`/ਜਗਦੀਸ਼ ਸਿੰਘ ਚੋਹਕਾ
ਅਮਰੀਕੀ ਸਾਮਰਾਜ ਵਲੋਂ ਸਹੇੜੇ ਤੋਂ ਵੱਡੇ ਜੰਗੀ ਟਕਰਾਅ, ਗਾਜ਼ਾ ਦੇ ਲੋਕਾਂ ਵਿਰੁਧ ਇਸਰਾਈਲ ਨਰ-ਸੰਘਾਰ ਅਤੇ ਰੂਸ ਨੂੰ ਘੇਰਨ ਲਈ ਯੂਕਰੇਨ ਵੱਲੋਂ ਨਾਟੋ ਦੀ ਪੇਸ਼ ਬੰਦੀ ਦੇ ਮਨਸੂਬਿਆਂ ਕਾਰਨ ਸੰਸਾਰ ਅੰਦਰ ਅਰਥ ਵਿਵੱਸਥਾ ਦੀ ਸਮੁੱਚੀ ਵਿਕਾਸ ਦਰ ਬੜੀ ਸੁਸਤ ਵਿਖਾਈ ਦੇ ਰਹੀ ਸੀ। ਜਿਸ ਕਾਰਨ ਆਰਥਿਕ ਅਸਮਾਨਤਾਵਾਂ, ਗਰੀਬੀ, ਬੇਰੁਜ਼ਗਾਰੀ ਅਤੇ ਭੁੱਖਮਰੀ ਨੇ ਸੰਸਾਰ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ। ਇਹ ਸੰਕਟ ਅੱਜੇ ਖਤਮ ਨਹੀਂ ਹੋਇਆ ਸੀ ਤਾਂ ਅਮਰੀਕੀ-ਇਸਰਾਈਲ ਜੁੰਡੀ ਵਲੋਂ ਇਰਾਕ ‘ਤੇ ਵਿਨਾਸ਼ਕਾਰੀ ਜੰਗ ਮੜ ਦਿੱਤਾ। ਮੱਧ-ਪੂਰਵ ਫਿਰ ਇਕ ਵਾਰੀ ਜੰਗ ਦੀ ਲਪੇਟ ਵਿੱਚ ਆ ਗਿਆ। ਇਹ ਜੰਗ ਅਮਰੀਕਾ ਵਲੋਂ ਵੈਨਯੂਵੇਲਾ ‘ਚ ਤੇਲ ‘ਤੇ ਕਬਜ਼ੇ ਕਰਨ ਤੋਂ ਬਾਦ, ‘ਇਰਾਨ ਦੇ ਤੇਲ ‘ਤੇ ਆਪਣੀ ਅਜਾਰੇਦਾਰੀ ਕਾਇਮ ਕਰਨ ਲਈ ਜੰਗ ਸੀ। ਭਾਵੇਂ ਹੁਣ ਅਮਰੀਕਾ ਦਾ ਅੰਦਰੂਨੀ ਆਰਥਿਕ ਸੰਕਟ ਅਤੇ ਰਾਜਨੀਤਕ ਬੇਚੈਨੀ ਹੋਵੇ ਜਾਂ ਆਲਮੀ ਰਾਜਨੀਤਕ ਦਬਾਅ ਹੋਵੇ; ਇਹਨਾਂ ਕਾਰਕਾਂ ਕਰਕੇ ਹੀ ਅਮਰੀਕਾ ਨੂੰ ਇਰਾਨ ਨਾਲ ਜੰਗ-ਬੰਦੀ ਕਰਨ ਲਈ ਅੱਜ ਪਿਛੇ ਮੁੜਨਾ ਪੈ ਰਿਹਾ ਹੈ। ਅੱਗੋਂ ਇਰਾਨ ਦੀ ਪੇਸ਼-ਕਦਮੀ ਤੇ ਜੰਗੀ-ਚਾਲਾਂ ਨੇ ਵੀ ਇਸ ਜੰਗ ਵਿਚੋਂ ਬਾਹਰ ਆਉਣ ਲਈ ਚੰਗਾ ਹੀ ਸਮਝਿਆ ਹੈ।
ਅੱਜ ਸੰਸਾਰ ਦੀ ਰਾਜਨੀਤੀ ਜੋ ਸੋਵੀਅਤ ਯੂਨੀਅਨ ਦੇ ਢੈਅ-ਢੇਰੀ ਹੋਣ ਬਾਦ ਇਕ ਧਰੁਵੀ ਰੂਪ ਧਾਰਨ ਕਰਦੀ ਜਾ ਰਹੀ ਸੀ, ਉਹ ਨਹੀਂ ਹੈ। ਅਮਰੀਕੀ ਸਾਮਰਾਜ ਦਾ ਜੋ ਦਬ-ਦੱਬਾ ਸਾਰੇ ਪਾਸੇ ਸੀ ਉਹ ਸੰਸਾਰ ਪ੍ਰਣਾਲੀਗਤ ਸੰਕਟ ਦੇ ਨਤੀਜੇ ਵਜੋਂ ਸਾਹਮਣੇ ਨਹੀਂ ਦਿਸ ਰਿਹਾ ਹੈ। ਪੂੰਜੀਵਾਦ ਦੀਆਂ ਆਪਣੀਆਂ ਅੰਦਰੂਨੀ ਆਰਥਿਕ ਮੁਸ਼ਕਲਾਂ ਅਤੇ ਆਰਥਿਕ ਅਸਮਾਨਤਾਵਾਂ ਦੇ ਨਤੀਜੇ ਵਲੋਂ ਖੁਦ ਇਹ ਦੇਸ਼ ਵੀ ਬੇਰੁਜ਼ਗਾਰੀ, ਗਰੀਬੀ ਅਤੇ ਭੁੱਖਮਰੀ ਨਾਲ ਜੂਝ ਰਹੇ ਹਨ। ਬਹੁਤ ਸਾਰੇ ਪੂੰਜੀਵਾਦੀ ਵਿਕਸਤ ਦੇਸ਼ਾਂ, ‘ਸਮੇਤ ਅਮਰੀਕਾ ਅੰਦਰ ਪੈਦਾ ਹੋਏ ਇਨ੍ਹਾਂ ਸੰਕਟਾਂ ਕਾਰਨ ਉਥੋਂ ਦਾ ਅਵਾਮ ਆਪਣੇ ਅਧਿਕਾਰਾਂ ਤੇ ਮੁਸ਼ਕਲਾਂ ਦੇ ਵਿਰੁਧ ਹਾਕਮਾਂ ਵਿਰੁਧ ਜੂਝ ਰਿਹਾ ਹੈ! ਜਦੋਂ ਸਾਮਰਾਜੀ ਅਮਰੀਕਾ ਇਰਾਕ ‘ਤੇ ਤਬਾਹਕੁੰਨ ਜੰਗ ਥੋਪ ਰਿਹਾ ਸੀ ਤਾਂ ਅਮਰੀਕੀ ਆਵਾਮ ਲੱਖਾਂ ਦੀ ਗਿਣਤੀ ਵਿੱਚ ਅਮਰੀਕੀ ਟਰੰਪ ਵਿਰੁਧ ਸੜਕਾਂ ਤੇ ਉਤਰਿਆ ਹੋਇਆ ਸੀ। ਅਮਰੀਕਾ ਅੰਦਰ ਅਤਿ ਦੀ ਬੇਰੁਜ਼ਗਾਰੀ, ਗਰੀਬੀ ਅਤੇ ਭੁੱਖਮਰੀ ਕਾਰਨ ਹਰ ਪਾਸੇ ਬੇਚੈਨੀ ਦਿਸ ਰਹੀ ਹੈ। ਅੱਜ ਅਮਰੀਕਾ ਦਾ ਨਾ ਤਾਂ ਕੂਟਨੀਤਕ ਦਬ-ਦਬਾ ਹੈ ਤੇ ਨਾ ਹੀ ਸਰਦਾਰੀ ਦਿਸ ਰਹੀ ਹੈ। ਇਰਾਕ ਜੰਗ ਦੌਰਾਨ ਜੰਗ-ਬੰਦੀ ਲਈ ਟਰੰਪ ਪ੍ਰਸ਼ਾਸਨ ਨੇ ਕਿੰਨੇ ਰੂਪ ਬਦਲੇ, ਸਾਡੇ ਸਾਹਮਣੇ ਹੀ ਹੈ ?
ਪਿਛਲੇ ਦਿਨੀ ਇਰਾਕ ਜੰਗ ਦੌਰਾਨ ਹੀ ਟਰੰਪ ਦਾ ਚੀਨ ਦੌਰਾ ਅਤੇ ਇਕ ਹਫਤੇ ਬਾਦ ਰੂਸ ਦੇ ਸਦਰ ਪੂਤਿਨ ਦਾ ਚੀਨ ਦੌਰਾ ਸੰਸਾਰ ਅੰਦਰ ਇਕ ਚਰਚਾ ਦਾ ਵੀ ਵਿਸ਼ਾ ਹੈ। ਕੀ ਹੁਣ ਅਮਰੀਕਾ ਆਰਥਿਕ ਪ੍ਰਭਾਵ ਜਾਂ ਰਾਜਨੀਤਕ-ਕੂਟਨੀਤਕ ਪੱਖੋ ਕਮਜ਼ੋਰ ਹੋ ਗਿਆ ਹੈ ਜਾਂ ਹੁਣ ਸੰਸਾਰ ਮੰਚ ‘ਤੇ ਇਹ ਵੀ ਨਜ਼ਰ ਆ ਰਿਹਾ ਹੈ ਕਿ ਦੁਨੀਆ, ‘ਇਕ-ਧਰੁਵੀ ਆਰਥਿਕ ਖੇਮੇ ਦੀ ਥਾਂ ਬਹੁ-ਧਰੁਵੀ ਰੂਪ ਧਾਰਨ ਕਰਨ ਵੱਲ ਵੱਧ ਰਹੀ ਹੈ। 1991 ਤੋਂ ਪਹਿਲਾ ਜਦੋਂ ਦੁਨੀਆਂ ਬਹੁ-ਧਰੁਵੀ ਸੀ ਤੇ ਸਮਾਜਵਾਦੀ ਬਲਾਕ, ‘ਸਮਾਜਰਾਜੀ ਤੇ ਪੂੰਜੀਵਾਦੀ ਖੇਮਿਆ ਦੇ ਵਿਰੁਧ ਬਰਾਬਰ ‘ਤੇ ਖੜਾ ਸੀ ਤਾਂ ਉਸ ਵੇਲੇ ਗਰੀਬ ਤੇ ਪੱਛੜੇ ਦੇਸ਼ (ਗੈਰ ਵਿਕਸਤ-ਦੇ) ਅਮਰੀਕੀ ਧੌਂਸ ਰਹਿਤ ਸਨ ? ਦੂਸਰੇ ਸੰਸਾਰ ਜੰਗ ਬਾਦ ਅਮਰੀਕੀ ਸਾਮਰਾਜ ਚੜ੍ਹਤ ਵਲ ਵੱਧਿਆ ਸੀ। ਸੰਯੁਕਤ ਰਾਸ਼ਟਰ, ਸੰਸਾਰ ਵਾਪਾਰ, ਸੰਸਾਰ ਸਿਹਤ ਸੰਸਥਾਂ, ਕੌਮਾਂਤਰੀ ਮੁਦਰਾ ਕੋਸ਼, ਸੰਸਾਰ ਬੈਂਕ ਆਦਿ ਕੌਮਾਂਤਰੀ ਸੰਸਥਾਵਾਂ ਭਾਵੇਂ ਉਸ ਵੇਲੇ ਉਸਰੀਆਂ ਸਨ, ਪਰ ਸਮਾਜਵਾਦੀ ਬਲਾਕ ਦੀ ਹੋਂਦ ਕਾਰਨ ਇਨ੍ਹਾਂ ਸੰਸਥਾਵਾਂ ਨੂੰ ਸਾਮਰਾਜੀ ਦੇਸ਼ ਇਕ ਤਰਫਾ ਨਹੀਂ ਖੁਲ੍ਹ ਕੇ ਵਰਤ ਸਕਦੇ ਸਨ। ਪਰ ਪਿੱਛਲੇ ਤਿੰਨ ਦਹਾਕਿਆ ਤੋਂ ਅਮਰੀਕੀ ਸਾਮਰਾਜ ਆਪਣੀ ਤਾਕਤ ਤੇ ਧੌਂਸ ਵਰਤ ਰਿਹਾ ਹੈ। ਇਹ ਇਕ ਧਰੁਵੀ ਧੌਂਸ ਹੀ ਸੀ ਜੋ ਸੰਸਾਰ ਅਮਨ ਤੇ ਵਿਕਾਸ ਲਈ ਖਤਰਾ ਬਣੀ ? ਹੁਣ ਟਰੰਪ ਦਾ ਚੀਨ ਦੌਰਾ ਕੀ ਸਿੱਟੇ ਕੱਢੇਗਾ, ਅਜੇ ਦੇਖਣਾ ਪਏਗਾ ?
ਪਿਛਲੇ ਸਮੇਂ ਦੋਰਾਨ ਡਾਲਰ ਦੀ ਸਰਦਾਰੀ ਅੰਦਰ ਬਦਲ ਤੇ ਤਬਾਦਲਾ, ਵਾਪਾਰ, ਬਾਜ਼ਾਰ ਦਾ ਵਿਕਾਸ, ਤਕਨੀਕ, ਸੈਨਿਕ ਸੰਧੀਆਂ, ਸੁਰੱਖਿਆ ਸਬੰਧੀ ਆਦਿ ਜੋ ਅਮਰੀਕਾ ਸਮਝੌਤੇ ਕਰਦਾ ਸੀ, ਉਹ ਸਭ ਆਪਣੇ ਹਿਤ ‘ਚ ਕਰਦਾ ਸੀ। ਭਾਵ ਇਹ ਇਕ ਧਰੁਵੀ ਆਰਥਿਕਤਾ ਕਾਇਮ ਕਰਨ ਲਈ ਹੀ ਸੀ। ਪਰ ਹੁਣ ਹੌਲੀ-ਹੌਲੀ ਸੰਸਾਰ ਅੰਦਰ ਅਮਰੀਕੀ ਸਾਮਰਾਜ ਵਿਰੁਧ ਚੀਨ-ਰੂਸ ਅਤੇ ਬ੍ਰਿਕਸ ਦੇਸ਼ਾਂ ਦਾ ਏਕਾ ਅਤੇ ਕੁਝ ਦੇਸ਼ਾਂ ਵਲੋਂ ਚੀਨ-ਰੂਸ ਨਾਲ ਨੇੜਤਾ ਕਾਇਮ ਕਰਨ ਦੇ ਯਤਨ ਕੀਤੇ ਅਤੇ ਹੋ ਰਹੇ ਹਨ। ਇਸ ਨੇ ਅਮਰੀਕੀ ਧੌਂਸ ਅਤੇ ਸਰਦਾਰੀ ਨੂੰ ਚੈਲੰਜ ਕੀਤਾ ਹੈ। ਜਿਵੇਂ ਇਰਾਨ ਜੰਗ ਅੰਦਰ, ‘ਇਰਾਨ ਵਲੋਂ ਅਮਰੀਕਾ ਨਾਲ ਪੇਸ਼ ਪੇਸ਼ ਮੁਕਾਬਲਾ, ਉਪਰੋਕਤ ਤਬਦੀਲੀ ਵੱਲ ਅਤੇ ਬਦਲਾਅ ਇਕ ਧਰੁਵੀ ਧੌਂਸ ਵਿਰੁਧ ਵੱਡੀ ਤਬਦੀਲੀ ਦੇ ਚਿੰਨ੍ਹ ਨਜ਼ਰ ਆ ਰਹੇ ਹਨ। ਯੂਕਰੇਨ-ਰੂਸ ਜੰਗ ਅਤੇ ਹੁਣ ਇਰਾਨ ਜੰਗ ਦੌਰਾਨ ਯੂਰਪੀ ਦੇਸ਼ ਜੋ ਅਮਰੀਕਾ ਦੇ ਜੋਟੀਦਾਰ ਸਨ, ਇਕ-ਇਕ ਕਰਕੇ ਪਿਛੇ ਹੱਟ ਰਹੇ ਹਨ। ਹੁਦ ਇਰਾਨ ਜੰਗ ਅੰਦਰ ਇਨ੍ਹਾਂ ਦੇਸ਼ਾਂ ਨੇ ਫੌਜੀ ਸਹਾਇਤਾ ਅਤੇ ਹਵਾਈ ਅੱਡੇ ਵੀ ਦੇਣ ਤੋਂ ਨਾਂਹ ਕਰ ਦਿੱਤੀ ਸੀ। ਭਾਵ ਨਾਟੋ ਤੇ ਪੱਛਮੀ ਦੇਸ਼ ਇਕ-ਧਰੁਵੀ ਲਾਮ ਡੋਰੀ ਵਿਚੋਂ ਪਿਛੇ ਹੱਟ ਰਹੇ ਹਨ।
ਚੀਨ ਅਤੇ ਰੂਸ ਹੁਣ ਅਮਰੀਕੀ ਧੌਂਸ ਦਾ ਵਿਰੋਧ ਹੀਂ ਨਹੀਂ ਕਰ ਰਹੇ ਹਨ, ‘ਸਗੋਂ ਨਿਆ ਪੂਰਨ, ਪਾਰਦਰਸ਼ੀ ਅਤੇ ਸੰਤੁਲਿਤ ਸੰਸਾਰੀ ਵਿਵੱਸਥਾ ਪੇਸ਼ ਕਰਨ ਕਰਕੇ ਦੂਸਰੇ ਦੇਸ਼ਾਂ ਨਾਲ ਦੋਸਤੀ ਵਾਲਾ ਹੱਥ ਵੀ ਮਿਲਾ ਰਹੇ ਹਨ। ਸੋਵੀਅਤ ਰੂਸ ਦਾ ਤਾਂ ਪੁਰਾਣਾ ਸਦ-ਭਾਵਨਾ ਅਤੇ ਦੋਸਤੀ ਵਾਲਾ ਇਤਿਹਾਸ ਹੈ। ਸੰਸਾਰ ਅੰਦਰ ਦੋਨੋਂ ਦੇਸ਼ ਸਥਿਰਤਾ, ਨਿਯਮ ਅਤੇ ਢਾਂਚਾਗਤ ਵਿਸ਼ਵਾਸ਼ ਪੈਦਾ ਕਰਨ ਵੱਲ ਵੱਧ ਰਹੇ ਹਨ। ਪਰ ਦੂਸਰੇ ਪਾਸੇ ਅਮਰੀਕਾ ਦੀਆਂ ਨੀਤੀਆਂ, ਜੰਗ, ਘਰੇਲੂ ਮੋਰਚੇ ਤੇ ਪੱਛਮੀ ਵਿਰੋਧ ਅੱਜ ਸੰਸਾਰ ਅੰਦਰ ਜੱਗ ਜਾਹਰ ਹੋ ਗਿਆ ਹੈ। ਲਤੀਨੀ ਅਮਰੀਕਾ ਦੇ ਦੇਸ਼ ਵੈਨਯੂਵੇਲਾ, ਕਿਊਬਾ, ਗਾਜ਼ਾ, ਯੂਕਰੇਨ ਅਤੇ ਇਰਾਨ ‘ਤੇ ਜੰਗ ਥੋਪਣ ਦੇ ਮਨਸੂਬੇ ਹੁਣ ਬਾਹਰ ਆ ਚੁੱਕੇ ਹਨ। ਇਸ ਦੇ ਉਲਟ ਚੀਨ ਅਤੇ ਰੂਸ ਦੀਆਂ ਉਸਾਰੂ, ਕੇਂਦਰੀ ਕ੍ਰਿਤ ਅਤੇ ਕਾਬੂ ਨੀਤੀਆਂ, ‘ਜੋ ਦੋਸਤੀ ਵੱਲ ਹੱਥ ਵਧਾਉਂਦੀਆਂ ਹਨ। ਚੀਨ ਦੀ ਇਕ ਪਾਰਟੀ ਵਿਵੱਸਥਾ ਅਧੀਨ ਰਾਜਨੀਤਕ ਅਸਹਿਮਤੀ ਵਾਲੀ ਸੁਤੰਤਰ ਅਤੇ ਨਾਗਰਿਕ ਅਧਿਕਾਰਾਂ ਦੀ ਕਾਬੂ ਹੇਠ ਨੀਤੀ ਹੈ। ਇਸੇ ਤਰ੍ਹਾਂ ਰੂਸ ਅੰਦਰ ਵਿਰੋਧੀ ਧਿਰ, ਮੀਡੀਆ, ਰਾਜਨੀਤਕ ਅਸਹਿਮਤੀ ਪ੍ਰਤੀ ਅਲੋਚਨਾ ਨਾ ਹੋਣੀ, ਕਾਰਨ ਰੂਸ ਦੀ ਸਥਿਰਤਾ ਕਾਰਨ ਕਈ ਕੇਸ਼ ਅਮਰੀਕਾ ਨੂੰ ਤੱਜ ਕੇ ਚੀਨ-ਰੂਸ ਨਾਲ ਹੱਥ ਮਿਲਾ ਰਹੇ ਹਨ।
ਅੱਜ ਚੀਨ ਅਤੇ ਰੂਸ ਆਪਣੇ ਆਪ ਨੂੰ ਪੱਛਮੀ ਤਰਜ਼ ਵਾਲੇ ਰੂਪਾਂ ਨੂੰ ਪੇਸ਼ ਕਰ ਰਹੇ ਹਨ। ਜਿਥੇ ਉਦਾਰ-ਲੋਕਤੰਤਰ ਕਿਸੇ ਨਾ ਕਿਸੇ ਰੂਪ ਵਿੱਚ ਰੂਪ-ਮਾਨ ਹੈ। ਦੂਸਰੇ ਪਾਸੇ ਦੁਨੀਆਂ ਅੰਦਰ ਸੱਜ-ਪਿਛਾਖੜ ਇਕ ਅਜਿਹੀ ਮਹਾਂਸ਼ਕਤੀ ਦੇ ਰੂਪ ਵਿੱਚ ਸੰਸਾਰ ਅੰਦਰ ਪਨਪਿਆ, ਜਿਸ ਦੇ ਤਬਾਹਕੁੰਨ ਨਤੀਜਿਆ ਨੂੰ ਆਵਾਮ ਅੱਜ ਭੁਗਤ ਰਿਹਾ ਹੈ, ਜੰਗ, ਤਬਾਹੀ, ਨੰਗ-ਭੁੱਖ ਅਤੇ ਬੇਰੁਜ਼ਗਾਰੀ, ਜਿਥੇ ਕੋਈ ਵੀ ਮਨੁੱਖੀ ਕਦਰਾਂ-ਕੀਮਤਾਂ ਨਹੀਂ ਹਨ ! ਪੂੰਜੀਵਾਦ ਸੰਸਾਰ ਅੰਦਰ ਅਜਿਹੀ ਵਿਵੱਸਥਾ ਕਰਨਾ ਚਾਹੁੰਦਾ ਹੈ ਜਿਥੇ ਮਨੁੱਖ ਹੱਥੋ ਮਨੁੱਖ ਦੀ ਲੁੱਟ ਜਾਰੀ ਰਹੇ। ਇਕ ਧਰੁਵੀ ਆਰਥਿਕ ਵਾਲੀ ਰਾਜਨੀਤਕ ਵਿਵੱਸਥਾ ਸਦਾ ਹੀ ਤਬਾਹਕੁੰਨ ਹੁੰਦੀ ਹੈ। ਦੂਸਰੀ ਸੰਸਾਰ ਜੰਗ ਦੇ ਬਾਦ ਅਮਰੀਕਾ ਇਕ ਧਰੁਵੀ ਆਰਿਥਕ ਵਾਲੀ ਰਾਜਨੀਤੀ ਚਲਾਉਂਦਾ ਰਿਹਾ ਹੈ। ਇਸ ਰਾਜਨੀਤੀ ਨੇ ਦੁਨੀਆ ਅੰਦਰ ਚੁਣੀਆ ਜਮਹੂਰੀ ਸਰਕਾਰਾਂ ਦੇ ਤਖਤੇ ਉਲਟਾਏ। ਕੋਰੀਆ, ਵੀਤਨਾਮ, ਹਿੰਦ ਚੀਨੀ ਜੰਗ, ਕਿਊਬਾ ਵਿਰੁਧ ਪਾਬੰਦੀਆਂ, ਕੂਟਨੀਤਕ ਰਾਜਸੀ ਲਾਭ ਲਈ ਤੇਲ ਪੈਦਾ ਕਰਨ ਵਾਲੇ ਦੇਸ਼ਾਂ ਤੇ ਹਮਲੇ ? ਅਮਰੀਕਾ ਵਲੋਂ ਪ੍ਰਮਾਣੂ ਸੰਧੀ ਤਾਰ-ਤਾਰ, ਕੌਮਾਂਤਰੀ ਸਮਝੌਤੇ-ਸੰਸਾਰ ਸਿਹਤ ਸੰਸਥਾ, ਜਲਵਾਯੂ ਸਮਝੌਤਾ, ਸੰਯੁਕਤ ਰਾਸ਼ਟਰ ਦੇ ਮੱਤਿਆ ਨੂੰ ਨਾ ਮੰਨਣਾ ਅਮਰੀਕਾ ਹੀ ਤੋੜ ਰਿਹਾ ਹੈ।
ਅੱਜ ਸੰਸਾਰ ਅੰਦਰ ਜੋ ਆਰਥਿਕ ਨਿਘਾਰ ਪੈਦਾ ਹੋਇਆ ਹੈ ਉਹ ਇਕ-ਧਰੁਵੀ ਅਮਰੀਕਾ ਦੀ ਸਰਦਾਰ ਕਾਰਨ ਹੀ ਹੈ ! ਪਰ ਦੂਸਰੇ ਪਾਸੇ ਚੀਨ-ਰੂਸ ਦੀ ਨੇੜਤਾ, ਨੀਤੀਆ ਅਤੇ ਕੋਸ਼ਿਸ਼ਾਂ ਸੰਾਰ ਨੂੰ ਵਿਕਾਸ, ਜੰਗ-ਰਹਿਤ ਅਤੇ ਸਦਭਾਵਨਾ ਵਾਲੇ ਵਾਤਾਵਾਰਨ ਵਲ ਲਿਜਾ ਕੇ ਬਹੁ-ਧਰੁਵੀ ਆਰਥਿਕਤਾ ਨੂੰ ਕਾਇਮ ਕਰ ਰਹੇ ਹਨ। ਇਹ ਜੰਗਬਾਜ਼ ਅਮਰੀਕੀ ਸਾਮਰਾਜ ਹੀ ਹੁਣ ਆਪਣੀ ਕਮਜ਼ੋਰ ਹੋ ਰਹੀ ਆਰਥਿਕ ਸ਼ਕਤੀ ਅਤੇ ਫੌਜੀ ਦੱਬ-ਦੱਬੇ ਨੂੰ ਕਾਇਮ ਰੱਖਣ ਲਈ ਦੁਨੀਆ ਨੂੰ ਇਕ ਵਿਰੋਧੀ ਦੋ ਗੁੱਟਾਂ ‘ਚ ਵੰਡ ਕੇ ਮੁੜ ਸ਼ੀਤ-ਯੁੱਧ ਵਾਲੇ ਕਾਲੇ ਯੁੱਗ ਵੱਲ ਧੱਕ ਰਿਹਾ ਹੈ ਜਿਸ ਦਾ ਪਰਦਾ ਹੌਲੀ-ਹੌਲੀ ਚਾਕ ਹੋ ਰਿਹਾ ਹੈ।ਭਾਰਤ ਨੂੰ ਵੀ ਗਰੀਬ ਆਵਾਮ ਦੀ ਭਲਾਈ, ਵਿਕਾਸ ਅਤੇ ਨਿਰਪੱਖ ਕੂਟਨੀਤਕ ਨੀਤੀ ਨੂੰ ਅਪਣਾਉਂਦੇ ਹੋਏ ਸਾਮਰਾਜੀ ਅਮਰੀਕਾ ਦੀ ਥਾਂ ਚੀਨ-ਰੂਸ ਖੇਮੇ ਵਲ ਹੱਥ ਵਧਾਉਣਾ ਚਾਹੀਦਾ ਹੈ ਇਸ ਵਿੱਚ ਹੀ ਲੋਕਾ ਦੀ ਭਲਾਈ ਹੈ।
ਜਗਦੀਸ਼ ਸਿੰਘ ਚੋਹਕਾ
ਹੁਸ਼ਿਆਰਪੁਰ
91-9217997445
001-403-285-4208
Share this content:



Post Comment