Loading Now

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਮਨੁੱਖਤਾ ਦਾ ਸਾਂਝਾ ਵਿਰਸਾ/ਲਾਲ ਸਿੰਘ ਸੁਲਹਾਣੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਮਨੁੱਖਤਾ ਦਾ ਸਾਂਝਾ ਵਿਰਸਾ/ਲਾਲ ਸਿੰਘ ਸੁਲਹਾਣੀ

ਸਰਬ ਸਾਂਝੀਵਾਲਤਾ ਦੇ ਪ੍ਰਤੀਕ, ਵਿਸ਼ਵ ਸ਼ਾਂਤੀ ਦੇ ਅਲਮਬਰਦਾਰ ਤੇ ਮੱਨੁਖਤਾ ਦੇ ਮੁੱਦਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦੇ ਰੂਹਾਨੀ ਗੁਰੂ ਹਨ। ਇਸ ਵਿੱਚ 36 ਮਹਾਪੁਰਖਾਂ ਦੀ ਸੁੱਚੀ ਬਾਣੀ ਦਰਜ ਹੈ, ਜਿਨ੍ਹਾਂ ਵਿੱਚ 6 ਸਿੱਖ ਗੁਰੂ (ਗੁਰੂ ਨਾਨਕ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ), 15 ਭਗਤ ਵੱਖ-ਵੱਖ ਧਰਮਾਂ, ਜਾਤਾਂ ਅਤੇ ਖੇਤਰਾਂ ਤੋਂ ਸਨ, ਪਰ ਸਭ ਨੇ ਇੱਕ ਪ੍ਰਮਾਤਮਾ ਦੀ ਭਗਤੀ ਅਤੇ ਸੱਚਾਈ ਦਾ ਪ੍ਰਚਾਰ ਕੀਤਾ। ਨਾਮ ਇਸ ਤਰ੍ਹਾਂ ਹਨ: ( ਭਗਤ ਜੈਦੇਵ ਜੀ,ਭਗਤ ਨਾਮਦੇਵ ਜੀ,ਭਗਤ ਤ੍ਰਿਲੋਚਨ ਜੀ, ਭਗਤ ਪਰਮਾਨੰਦ ਜੀ, ਭਗਤ ਸਧਨਾ ਜੀ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ,ਭਗਤ ਧੰਨਾ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ, ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਬਾਬਾ ਫਰੀਦ ਜੀ (ਸ਼ੇਖ ਫਰੀਦ ਜੀ), ਭਗਤ ਭੀਖਨ ਜੀ, ਭਗਤ ਸੂਰਦਾਸ ਜੀ ), 11 ਭੱਟ ਇਹ ਗੌੜ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਸਨ ਅਤੇ ਪਹਿਲੇ 5 ਗੁਰੂ ਸਾਹਿਬਾਨ ਦੀ ਵਡਿਆਈ ਵਿੱਚ 123 ਸਵਈਏ ਰਚੇ ਇਨ੍ਹਾਂ ਦੇ ਸਵਈਏ ਗੁਰੂ ਸਾਹਿਬਾਨ ਦੀ ਜੋਤਿ ਦੀ ਏਕਤਾ ਅਤੇ ਮਹਾਨਤਾ ਨੂੰ ਬਿਆਨ ਕਰਦੇ ਹਨ। ਨਾਮ ਹਨ: (ਦਰਬਾਰੀ ਕਵੀ ਭੱਟ ਕਲਸ਼ਰ ਜੀ (ਭੱਟ ਕਾਲ ਜੀ), ਭੱਟ ਜਾਲਪ ਜੀ, ਭੱਟ ਕੀਰਤ ਜੀ, ਭੱਟ ਭੀਖਾ ਜੀ, ਭੱਟ ਸਲਹ ਜੀ,ਭੱਟ ਭਲ ਜੀ (ਭਲਹ ਜੀ), ਭੱਟ ਨਲ ਜੀ (ਨਲ੍ਹ ਜੀ), ਭੱਟ ਗਯੰਦ ਜੀ, ਭੱਟ ਮਥੁਰਾ ਜੀ, ਭੱਟ ਬਲ ਜੀ (ਬਾਲ ਜੀ), ਭੱਟ ਹਰਿਬੰਸ ਜੀ) ਅਤੇ ਚਾਰ ਗੁਰੂ ਸਾਹਿਬਾਨ ਦੇ ਨੇੜਲੇ ਗੁਰਸਿੱਖ ਸਨ ਅਤੇ ਉਹਨਾਂ ਦੀ ਬਾਣੀ ਵੀ ਧੁਰ ਕੀ ਬਾਣੀ ਵਾਂਗੂੰ ਮੰਨੀ ਜਾਂਦੀ ਹੈ। ਨਾਮ ਹਨ: ਗੁਰਸਿੱਖ ਭਾਈ ਮਰਦਾਨਾ ਜੀ, ਭਾਈ ਸਤਾ ਜੀ, ਭਾਈ ਰਾਇ ਬਲਵੰਡ ਜੀ, ਭਾਈ ਸੁੰਦਰ ਜੀ ਸ਼ਾਮਲ ਹਨ। ਇਹ ਵਿਭਿੰਨ ਧਰਮਾਂ, ਜਾਤਾਂ, ਸਮਾਜਿਕ ਪੱਧਰਾਂ ਅਤੇ ਖੇਤਰਾਂ ਤੋਂ ਆਏ ਮਹਾਨ ਰੂਹਾਨੀ ਵਿਅਕਤੀਆਂ ਦੀ ਬਾਣੀ ਹੈ, ਜੋ ਇੱਕ ਸਾਂਝੇ ਰੂਹਾਨੀ ਸੱਚ ਨੂੰ ਪ੍ਰਗਟ ਕਰਦੀ ਹੈ – ਇੱਕ ਪ੍ਰਮਾਤਮਾ ਦੀ ਉਪਾਸ਼ਨਾ ਅਤੇ ਸਾਰੇ ਮਨੁੱਖਾਂ ਵਿੱਚ ਬਰਾਬਰੀ।

ਇਸ ਗ੍ਰੰਥ ਵਿੱਚ ਕੁੱਲ 1430 ਅੰਗ (ਪੰਨੇ) ਹਨ ਅਤੇ ਲਗਭਗ 5894 ਸ਼ਬਦ (ਹੁਣੇ) ਦਰਜ ਹਨ। ਗੁਰੂ ਨਾਨਕ ਦੇਵ ਜੀ ਦੇ 974, ਗੁਰੂ ਅਰਜਨ ਦੇਵ ਜੀ ਦੇ 2218, ਗੁਰੂ ਅਮਰ ਦਾਸ ਜੀ ਦੇ 907, ਗੁਰੂ ਰਾਮ ਦਾਸ ਜੀ ਦੇ 679, ਗੁਰੂ ਤੇਗ ਬਹਾਦਰ ਜੀ ਦੇ 115 ਅਤੇ ਭਗਤ ਕਬੀਰ ਜੀ ਦੇ 541 ਸ਼ਬਦ( ਹੁਣੇ) ਸਭ ਤੋਂ ਵੱਧ ਹਨ। ਇਹ ਅੰਕੜੇ ਦੱਸਦੇ ਹਨ ਕਿ ਗ੍ਰੰਥ ਵਿੱਚ ਗੁਰੂ ਸਾਹਿਬਾਨ ਦੀ ਬਾਣੀ ਦਾ ਪ੍ਰਭਾਵ ਸਭ ਤੋਂ ਵੱਧ ਹੈ, ਪਰ ਇਹ ਸਾਰੇ ਮਹਾਪੁਰਖਾਂ ਦੀ ਬਾਣੀ ਨੂੰ ਬਰਾਬਰ ਸਤਿਕਾਰ ਦਿੰਦਾ ਹੈ।

ਬਾਣੀ ਦੀ ਰਚਨਾ ਅਤੇ ਸੰਗੀਤਮਈ ਢਾਂਚਾ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ 31 ਮੁੱਖ ਰਾਗਾਂ ਵਿੱਚ ਵੰਡੀ ਗਈ ਹੈ (ਕੁਝ ਸਰੋਤਾਂ ਵਿੱਚ ਉਪ-ਰਾਗਾਂ ਸਮੇਤ 60 ਰਾਗਾਂ ਦਾ ਜ਼ਿਕਰ ਵੀ ਹੈ)। ਰਾਗ ਸੰਗੀਤ ਦੇ ਉਹ ਮਾਪਦੰਡ ਹਨ ਜੋ ਭਾਵਨਾਵਾਂ ਨੂੰ ਜਗਾਉਂਦੇ ਹਨ ਅਤੇ ਸ਼ਬਦ ਨੂੰ ਹੋਰ ਡੂੰਘਾ ਅਸਰਦਾਰ ਕਰਦੇ ਹਨ। ਰਾਗਾਂ ਵਿੱਚ ਸ਼ਬਦਾਂ ਨੂੰ ਗੁਰੂ ਸਾਹਿਬਾਨ ਦੇ ਕ੍ਰਮ ਅਨੁਸਾਰ, ਫਿਰ ਭਗਤਾਂ ਅਤੇ ਭੱਟਾਂ ਦੀ ਬਾਣੀ ਨਾਲ ਸਜਾਇਆ ਗਿਆ ਹੈ। ਇਹ ਵਿਵਸਥਾ ਬਾਣੀ ਨੂੰ ਨਾ ਸਿਰਫ਼ ਪੜ੍ਹਨ ਲਈ, ਸਗੋਂ ਕੀਰਤਨ ਰਾਹੀਂ ਗਾਉਣ ਅਤੇ ਮਨ ਵਿੱਚ ਵਸਾਉਣ ਲਈ ਸਹਾਇਕ ਹੈ।

ਬਾਣੀ ਵੱਖ-ਵੱਖ ਬੋਲੀਆਂ ਵਿੱਚ ਲਿਖੀ ਗਈ ਹੈ – ਮੁੱਖ ਤੌਰ ‘ਤੇ ਪੰਜਾਬੀ (ਗੁਰਮੁਖੀ ਲਿਪੀ ਵਿੱਚ), ਪਰ ਸੰਸਕ੍ਰਿਤ, ਪ੍ਰਾਕ੍ਰਿਤ, ਫ਼ਾਰਸੀ, ਅਰਬੀ, ਰਾਜਸਥਾਨੀ, ਬੰਗਾਲੀ, ਮਰਾਠੀ ਆਦਿ ਦੇ ਸ਼ਬਦ ਅਤੇ ਭਾਸ਼ਾਈ ਰੰਗ ਵੀ ਮੌਜੂਦ ਹਨ। ਇਹ ਭਾਸ਼ਾਈ ਵਿਭਿੰਨਤਾ ਗ੍ਰੰਥ ਨੂੰ ਇੱਕ ਵਿਸ਼ਵ-ਸਾਹਿਤ ਬਣਾਉਂਦੀ ਹੈ। ਧਾਰਮਿਕ ਸਦਭਾਵਨਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹਿੰਦੂ ਭਗਤ (ਜੈਦੇਵ ਜੀ, ਨਾਮਦੇਵ ਜੀ, ਰਾਮਾਨੰਦ ਜੀ), ਸੂਫ਼ੀ ਮੁਸਲਿਮ ਸੰਤ (ਬਾਬਾ ਫਰੀਦ ਜੀ) ਅਤੇ ਵੱਖ-ਵੱਖ ਸਮਾਜਿਕ ਪਿਛੋਕੜ ਵਾਲੇ ਮਹਾਪੁਰਖਾਂ ਦੀ ਬਾਣੀ ਬਿਨਾਂ ਕਿਸੇ ਵਿਤਕਰੇ ਇੱਕ ਥਾਂ ਇਕੱਠੀ ਹੈ। ਇਹ ਧਾਰਮਿਕ ਸਦਭਾਵਨਾ ਦਾ ਬੇਸ਼ਕੀਮਤੀ ਸੁਮੇਲ ਹੈ। ਗ੍ਰੰਥ ਸਿੱਖਾਉਂਦਾ ਹੈ ਕਿ ਪ੍ਰਮਾਤਮਾ ਇੱਕ ਹੈ, ਉਸ ਨੂੰ ਵੱਖ-ਵੱਖ ਨਾਵਾਂ ਨਾਲ ਯਾਦ ਕੀਤਾ ਜਾ ਸਕਦਾ ਹੈ – ਰਾਮ, ਅੱਲ੍ਹਾ, ਗੋਵਿੰਦ, ਹਰਿ, ਵਾਹਿਗੁਰੂ – ਪਰ ਸਾਰੇ ਇੱਕ ਹੀ ਹਨ। ਅਸੀਮ ਅਨੰਤ ਬ੍ਰਹਿਮੰਡਾਂ ਦਾ ਸਿਰਜਕ ਇਕੋ ਹੈ ਜੈ ਨਿਰਭਉ ਅਤੇ ਨਿਰਵੈਰ ਹੈ ਉਹ ਹਸਤੀ ਸਮੇਂ ਦੀ ਮਾਰ ਤੋਂ ਪਰ੍ਹੇ ਹੈ। ਉਸ ਜੂਨਾਂ ਵਿਚ ਨਹੀਂ ਆਉਂਦਾ ਉਹ ਸੁਤੇ ਸਿੱਧ ਪ੍ਰਕਾਸ਼ ਮਾਨ ਹੈ। ਉਸਦਾ ਗਿਆਨ ਗੁਰੂ ਦੀ ਮਿਹਰ ਦੁਆਰਾ ਹੁੰਦਾ ਹੈ। ਇਹ ਗ੍ਰੰਥ ਜਾਤ-ਪਾਤ, ਧਰਮ ਅਤੇ ਲਿੰਗ ਦੇ ਭੇਦਭਾਵ ਨੂੰ ਖਤਮ ਕਰਕੇ ਸਮਾਨਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਹੈ। ” ਸਭੈ ਸਾਂਝੀਵਾਲ ਸਦਾਇਨ ਕੋਇ ਨ ਦਿਸੈ ਬਾਹਰਾ ਜੀਉ” ਵਰਗੇ ਸ਼ਬਦ ਮਨੁੱਖਤਾ ਨੂੰ ਇੱਕ ਪਰਿਵਾਰ ਵਜੋਂ ਵੇਖਣ ਦੀ ਪ੍ਰੇਰਨਾ ਦਿੰਦੇ ਹਨ।

ਵਿਸ਼ਵ ਸ਼ਾਂਤੀ ਅਤੇ ਮਨੁੱਖੀ ਪਿਆਰ ਦਾ ਪੈਗਾਮ

ਗੁਰਬਾਣੀ ਵਿੱਚ ਵਿਗਿਆਨਕ ਸੱਚਾਈਆਂ ਵੀ ਛੁਪੀਆਂ ਹਨ – ਸ੍ਰਿਸ਼ਟੀ ਦੀ ਉਤਪਤੀ, ਬ੍ਰਹਿਮੰਡ ਦੀ ਵਿਸ਼ਾਲਤਾ, ਮਨ ਦੀ ਵਿਗਿਆਨਕ ਬਣਤਰ ਅਤੇ ਜੀਵਨ ਦੇ ਚੱਕਰ ਬਾਰੇ ਵਿਚਾਰ। ਅੱਜ ਦੇ ਵਿਗਿਆਨਕ ਯੁੱਗ ਵਿੱਚ ਇਹ ਬਾਣੀ ਹੋਰ ਵੀ ਪ੍ਰਸੰਗਿਕ ਹੋ ਰਹੀ ਹੈ, ਜਿਵੇਂ ਕਿ ਕੁਆਂਟਮ ਫਿਜ਼ਿਕਸ ਅਤੇ ਏਕਤਾ ਦੇ ਸਿਧਾਂਤ ਨਾਲ ਮਿਲਦੇ ਵਿਚਾਰ। ਵਿਸ਼ਵ ਦੇ ਵਿਚਾਰਵਾਨ, ਦਾਰਸ਼ਨਿਕ ਅਤੇ ਆਧੁਨਿਕ ਵਿਗਿਆਨੀ ਇਸ ਦੀ ਉੱਤਮਤਾ ਦੇ ਕਾਇਲ ਹਨ। ਗੁਰੂ ਗ੍ਰੰਥ ਸਾਹਿਬ ਦਾ ਮੁੱਖ ਸੰਦੇਸ਼ ਹੈ – ਨਾਮ ਸਿਮਰਨ, ਸੇਵਾ, ਸੱਚਿਆਰੀ ਜ਼ਿੰਦਗੀ ਅਤੇ ਪਿਆਰ ਨਾਲ ਜੀਣਾ। ਇਹ ਮਨੁੱਖ ਨੂੰ ਅੰਦਰੂਨੀ ਸਕੂਨ ਅਤੇ ਵਿਸ਼ਵ ਸ਼ਾਂਤੀ ਵੱਲ ਲੈ ਜਾਂਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚਮੁੱਚ ਮਨੁੱਖਤਾ ਨੂੰ ਪਿਆਰ ਵਿੱਚ ਸਮੇਟਣ ਦੀ ਸਮਰੱਥਾ ਰੱਖਦਾ ਹੈ। ਇਹ ਨਾ ਸਿਰਫ਼ ਇੱਕ ਧਾਰਮਿਕ ਗ੍ਰੰਥ ਹੈ, ਸਗੋਂ ਜੀਵਨ ਜਿਉਣ ਦਾ ਉੱਤਮ ਰਾਹ, ਸਮਾਜ ਸੁਧਾਰਨ ਦਾ ਸੰਦੇਸ਼ ਅਤੇ ਰੂਹਾਨੀ ਉੱਚਾਈ ਦਾ ਸੋਮਾ ਹੈ। ਇਹ ਗ੍ਰੰਥ ਨਾ ਸਿਰਫ਼ ਸਿੱਖ ਧਰਮ ਦਾ ਪਵਿੱਤਰ ਗ੍ਰੰਥ ਹੈ, ਸਗੋਂ ਪੂਰੀ ਮਨੁੱਖਤਾ ਲਈ ਇੱਕ ਅਮੂਲ ਰੂਹਾਨੀ ਖਜ਼ਾਨਾ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ!

lal-singh-sulhani ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਮਨੁੱਖਤਾ ਦਾ ਸਾਂਝਾ ਵਿਰਸਾ/ਲਾਲ ਸਿੰਘ  ਸੁਲਹਾਣੀ

ਲਾਲ ਸਿੰਘ ਸੁਲਹਾਣੀ
9872155120

Share this content:

Post Comment