Loading Now

ਸੁਨਾਮੀ ਬਾਰੇ ਜਾਗਰੂਕਤਾ ’ਚ ਹੀ ਬਚਾਅ

ਸੁਨਾਮੀ ਬਾਰੇ ਜਾਗਰੂਕਤਾ ’ਚ ਹੀ ਬਚਾਅ

ਕੁਦਰਤ ਜਿੰਨੀ ਸੁੰਦਰ ਤੇ ਸ਼ਾਂਤ ਦਿਖਾਈ ਦਿੰਦੀ ਹੈ, ਕਈ ਵਾਰ ਇਹ ਓਨੀ ਹੀ ਭਿਆਨਕ ਤੇ ਵਿਨਾਸ਼ਕਾਰੀ ਵੀ ਹੋ ਜਾਂਦੀ ਹੈ। ਸੁਨਾਮੀ ਅਜਿਹੀ ਹੀ ਇੱਕ ਅਤਿ ਭਿਆਨਕ ਕੁਦਰਤੀ ਆਫ਼ਤ ਹੈ, ਜੋ ਸਮੁੰਦਰ ਦੀਆਂ ਗਹਿਰਾਈਆਂ ਵਿੱਚੋਂ ਉੱਠ ਕੇ ਤੱਟਵਰਤੀ ਇਲਾਕਿਆਂ ਵਿੱਚ ਤਬਾਹੀ ਮਚਾ ਦਿੰਦੀ ਹੈ। ਇਸ ਖ਼ਤਰਨਾਕ ਆਫ਼ਤ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਇਸ ਦੇ ਪ੍ਰਭਾਵਾਂ ਨੂੰ ਘੱਟ ਕਰਨ ਦੇ ਮਕਸਦ ਨਾਲ ਹਰ ਸਾਲ 5 ਨਵੰਬਰ ਨੂੰ ‘ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਉਦੇਸ਼ ਵਿਸ਼ਵ ਭਰ ਦੇ ਦੇਸ਼ਾਂ ਵਿੱਚ ਸੁਨਾਮੀ ਬਾਰੇ ਸਿੱਖਿਆ ਅਤੇ ਸੁਰੱਖਿਆ ਦੇ ਉਪਾਵਾਂ ਨੂੰ ਉਤਸ਼ਾਹਿਤ ਕਰਨਾ ਹੈ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਬਚਾਈਆਂ ਜਾ ਸਕਣ। ਸੰਯੁਕਤ ਰਾਸ਼ਟਰ ਮਹਾਸਭਾ ਨੇ ਦਸੰਬਰ 2015 ਵਿੱਚ ਅਧਿਕਾਰਤ ਤੌਰ ’ਤੇ 5 ਨਵੰਬਰ ਨੂੰ ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਸੀ। ਇਸ ਦਿਨ ਨੂੰ ਚੁਣਨ ਪਿੱਛੇ ਜਾਪਾਨ ਦੀ ਇੱਕ ਇਤਿਹਾਸਕ ਘਟਨਾ ਹੈ। ਪੰਜ ਨਵੰਬਰ 1854 ਨੂੰ ਜਾਪਾਨ ਵਿੱਚ ਇੱਕ ਵੱਡਾ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਸੁਨਾਮੀ ਦੀ ਸੰਭਾਵਨਾ ਬਣ ਗਈ ਸੀ। ਉੱਥੋਂ ਦੇ ਇੱਕ ਸਥਾਨਕ ਆਗੂ ਹਮਾਗੁਚੀ ਗੋਰੀਓ ਨੇ ਆਪਣੇ ਪਿੰਡ ਦੇ ਲੋਕਾਂ ਨੂੰ ਸੁਨਾਮੀ ਤੋਂ ਬਚਾਉਣ ਲਈ ਆਪਣੀ ਪੱਕੀ ਹੋਈ ਝੋਨੇ (ਚਾਵਲ) ਦੀ ਫ਼ਸਲ ਨੂੰ ਅੱਗ ਲਾ ਦਿੱਤੀ। ਅੱਗ ਦੀਆਂ ਲਾਟਾਂ ਦੇਖ ਕੇ ਪਿੰਡ ਦੇ ਸਾਰੇ ਲੋਕ ਪਹਾੜੀ ਵੱਲ ਭੱਜੇ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ। ਇਸ ਮਹਾਨ ਕਾਰਜ ਦੀ ਯਾਦ ਵਿੱਚ ਜਾਪਾਨ ਨੇ ਇਸ ਦਿਨ ਦੀ ਤਜਵੀਜ਼ ਰੱਖੀ, ਜਿਸ ਨੂੰ ਸੰਯੁਕਤ ਰਾਸ਼ਟਰ ਨੇ ਪ੍ਰਵਾਨਗੀ ਦਿੱਤੀ।

ਸੁਨਾਮੀ ਕੀ ਹੈ ਅਤੇ ਇਹ ਕਿਉਂ ਆਉਂਦੀ ਹੈ?

‘ਸੁਨਾਮੀ’ ਜਾਪਾਨੀ ਭਾਸ਼ਾ ਦਾ ਸ਼ਬਦ ਹੈ, ਜਿਸ ਵਿੱਚ ‘ਸੂ’ (Tsu) ਦਾ ਮਤਲਬ ਬੰਦਰਗਾਹ ਅਤੇ ‘ਨਾਮੀ’ (Nami) ਦਾ ਮਤਲਬ ਲਹਿਰ ਹੁੰਦਾ ਹੈ। ਜਦੋਂ ਸਮੁੰਦਰ ਦੇ ਤਲ ਹੇਠ ਵੱਡਾ ਭੂਚਾਲ ਆਉਂਦਾ ਹੈ, ਜਵਾਲਾਮੁਖੀ ਫਟਦਾ ਹੈ ਜਾਂ ਜ਼ਮੀਨ ਖਿਸਕਦੀ ਹੈ ਤਾਂ ਸਮੁੰਦਰ ਦੇ ਪਾਣੀ ਵਿੱਚ ਬਹੁਤ ਵੱਡੀਆਂ ਅਤੇ ਤੇਜ਼ ਲਹਿਰਾਂ ਪੈਦਾ ਹੁੰਦੀਆਂ ਹਨ। ਇਹ ਲਹਿਰਾਂ ਸੈਂਕੜੇ ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੱਟ ਵੱਲ ਵਧਦੀਆਂ ਹਨ। ਜਦੋਂ ਇਹ ਲਹਿਰਾਂ ਕਿਨਾਰੇ ਨਾਲ ਟਕਰਾਉਂਦੀਆਂ ਹਨ ਤਾਂ ਇਨ੍ਹਾਂ ਦੀ ਉਚਾਈ ਕਈ ਮੀਟਰ ਤੱਕ ਵਧ ਜਾਂਦੀ ਹੈ, ਜੋ ਆਪਣੇ ਰਾਹ ਵਿੱਚ ਆਉਣ ਵਾਲੀ ਹਰ ਚੀਜ਼ – ਘਰ, ਗੱਡੀਆਂ, ਰੁੱਖ, ਇਮਾਰਤਾਂ ਅਤੇ ਮਨੁੱਖਾਂ ਨੂੰ ਨਾਲ ਲੈ ਜਾਂਦੀਆਂ ਹਨ। ਸੁਨਾਮੀ ਵਰਗੀਆਂ ਆਫ਼ਤਾਂ ਭਾਵੇਂ ਬਹੁਤ ਘੱਟ ਆਉਂਦੀਆਂ ਹਨ, ਪਰ ਜਦੋਂ ਵੀ ਆਉਂਦੀਆਂ ਹਨ ਵੱਡੇ ਪੱਧਰ ’ਤੇ ਜਾਨ-ਮਾਲ ਦਾ ਨੁਕਸਾਨ ਕਰਦੀਆਂ ਹਨ। 26 ਦਸੰਬਰ 2004 ਦੀ ਸੁਨਾਮੀ: ਇਹ ਭਾਰਤ ਦੇ ਇਤਿਹਾਸ ਦੀ ਸਭ ਤੋਂ ਵਿਨਾਸ਼ਕਾਰੀ ਸੁਨਾਮੀ ਸੀ। ਇਸ ਦਿਨ ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ਨੇੜੇ ਸਮੁੰਦਰ ਦੇ ਹੇਠਾਂ 9.1 ਤੋਂ 9.3 ਦੀ ਤੀਬਰਤਾ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਭੂਚਾਲ ਆਇਆ ਸੀ। ਇਸ ਨਾਲ ਉੱਠੀਆਂ ਕਈ ਮੀਟਰ ਉੱਚੀਆਂ ਲਹਿਰਾਂ ਨੇ ਭਾਰਤ ਦੇ ਪੂਰਬੀ ਅਤੇ ਦੱਖਣੀ ਤੱਟਾਂ ’ਤੇ ਬਹੁਤ ਤਬਾਹੀ ਮਚਾਈ। ਸਭ ਤੋਂ ਵੱਧ ਨੁਕਸਾਨ ਅੰਡੇਮਾਨ ਅਤੇ ਨਿਕੋਬਾਰ ਟਾਪੂ, ਤਾਮਿਲਨਾਡੂ (ਖ਼ਾਸ ਕਰਕੇ ਨਾਗਾਪੱਟੀਨਮ), ਆਂਧਰਾ ਪ੍ਰਦੇਸ਼, ਕੇਰਲਾ ਅਤੇ ਪੁੱਡੂਚੇਰੀ ਵਿੱਚ ਹੋਇਆ। ਭਾਰਤ ਵਿੱਚ ਲਗਪਗ 10,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਤੇ ਹਜ਼ਾਰਾਂ ਲੋਕ ਲਾਪਤਾ ਹੋ ਗਏ ਸਨ। ਹਿੰਦ ਮਹਾਸਾਗਰ ਵਿੱਚ ਆਈ ਇਸ ਸੁਨਾਮੀ ਨੇ ਭਾਰਤ ਸਮੇਤ 14 ਦੇਸ਼ਾਂ ਵਿੱਚ ਤਬਾਹੀ ਮਚਾਈ ਸੀ ਤੇ ਲਗਪਗ 2.3 ਲੱਖ ਲੋਕਾਂ ਦੀ ਜਾਨ ਲੈ ਲਈ ਸੀ। 2004 ਤੋਂ ਪਹਿਲਾਂ ਵੀ ਭਾਰਤੀ ਤੱਟਾਂ ’ਤੇ ਸੁਨਾਮੀ ਆਉਣ ਦੇ ਕੁਝ ਪ੍ਰਮੁੱਖ ਇਤਿਹਾਸਕ ਰਿਕਾਰਡ ਮਿਲਦੇ ਹਨ। 27 ਨਵੰਬਰ 1945 ਨੂੰ ਪਾਕਿਸਤਾਨ ਦੇ ਬਲੋਚਿਸਤਾਨ ਤੱਟ ਨੇੜੇ 8.1 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਉੱਠੀ ਸੁਨਾਮੀ ਨੇ ਭਾਰਤ ਦੇ ਪੱਛਮੀ ਤੱਟ (ਮੁੰਬਈ ਅਤੇ ਗੁਜਰਾਤ ਦੇ ਖੇਤਰਾਂ) ਨੂੰ ਪ੍ਰਭਾਵਿਤ ਕੀਤਾ ਸੀ। ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਸਾਨੂੰ ਜਾਗਰੂਕ ਕਰਦਾ ਹੈ ਕਿ ਅਸੀਂ ਅਜਿਹੀਆਂ ਆਫ਼ਤਾਂ ਨੂੰ ਰੋਕ ਤਾਂ ਨਹੀਂ ਸਕਦੇ, ਪਰ ਸਹੀ ਤਿਆਰੀ ਅਤੇ ਜਾਗਰੂਕਤਾ ਨਾਲ ਨੁਕਸਾਨ ਨੂੰ ਬਹੁਤ ਹੱਦ ਤੱਕ ਘੱਟ ਜ਼ਰੂਰ ਕਰ ਸਕਦੇ ਹਾਂ।

ਇਸ ਦਿਨ ਦਾ ਮੁੱਖ ਉਦੇਸ਼ ਹੇਠ ਲਿਖੇ ਨੁਕਤਿਆਂ ’ਤੇ ਜ਼ੋਰ ਦੇਣਾ ਹੈ:

ਅਗੇਤੀ ਚਿਤਾਵਨੀ ਪ੍ਰਣਾਲੀ: ਸਮੁੰਦਰਾਂ ਵਿੱਚ ਅਜਿਹੀ ਤਕਨਾਲੋਜੀ ਨੂੰ ਵਿਕਸਿਤ ਕਰਨਾ ਜੋ ਭੂਚਾਲ ਆਉਂਦੇ ਹੀ ਤੱਟਵਰਤੀ ਇਲਾਕਿਆਂ ਨੂੰ ਚਿਤਾਵਨੀ ਭੇਜ ਸਕੇ।

ਸੁਰੱਖਿਅਤ ਬੁਨਿਆਦੀ ਢਾਂਚਾ: ਤੱਟਵਰਤੀ ਖੇਤਰਾਂ ਵਿੱਚ ਸੁਨਾਮੀ-ਰੋਧਕ ਇਮਾਰਤਾਂ ਅਤੇ ਉੱਚੀਆਂ ਪਨਾਹਗਾਹਾਂ ਬਣਾਉਣਾ।

ਲੋਕਾਂ ਦੀ ਸਿੱਖਿਆ: ਸਕੂਲਾਂ ਅਤੇ ਕਾਲਜਾਂ ਵਿੱਚ ਬੱਚਿਆਂ ਨੂੰ ਇਹ ਸਿਖਾਉਣਾ ਕਿ ਸੁਨਾਮੀ ਦੇ ਲੱਛਣ (ਜਿਵੇਂ ਕਿ ਸਮੁੰਦਰ ਦੇ ਪਾਣੀ ਦਾ ਅਚਾਨਕ ਪਿੱਛੇ ਹਟਣਾ) ਦੇਖਦੇ ਹੀ ਉੱਚੀਆਂ ਥਾਵਾਂ ਵੱਲ ਕਿਵੇਂ ਭੱਜਣਾ ਹੈ। ਕੁਦਰਤੀ ਆਫ਼ਤਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਜਾਗਰੂਕਤਾ ਹੀ ਸਭ ਤੋਂ ਵੱਡਾ ਹਥਿਆਰ ਹੈ। ਜਾਣਕਾਰੀ ਅਨੁਸਾਰ 2004 ਦੀ ਤਬਾਹੀ ਤੋਂ ਸਬਕ ਲੈਂਦਿਆਂ ਭਾਰਤ ਸਰਕਾਰ ਨੇ 2007 ਵਿੱਚ ਇੰਡੀਅਨ ਸੁਨਾਮੀ ਅਰਲੀ ਵਾਰਨਿੰਗ ਸਿਸਟਮ ਦੀ ਸਥਾਪਨਾ ਕੀਤੀ ਤਾਂ ਜੋ ਭਵਿੱਖ ਵਿੱਚ ਅਜਿਹੇ ਖ਼ਤਰੇ ਬਾਰੇ ਸਮਾਂ ਰਹਿੰਦਿਆਂ ਜਾਣਕਾਰੀ ਮਿਲ ਸਕੇ ਅਤੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਵਿਸ਼ਵ ਸੁਨਾਮੀ ਜਾਗਰੂਕਤਾ ਦਿਵਸ ਸਿਰਫ਼ ਇੱਕ ਦਿਨ ਮਨਾਉਣ ਲਈ ਨਹੀਂ ਹੈ ਸਗੋਂ ਇਹ ਵਿਗਿਆਨੀਆਂ ਅਤੇ ਆਮ ਲੋਕਾਂ ਨੂੰ ਆਪਸੀ ਤਾਲਮੇਲ ਵਧਾਉਣ ਤੇ ਭਵਿੱਖ ਲਈ ਤਿਆਰ ਰਹਿਣ ਦਾ ਸੁਨੇਹਾ ਦਿੰਦਾ ਹੈ। ਜੇਕਰ ਅਸੀਂ ਕੁਦਰਤ ਦੇ ਸੰਕੇਤਾਂ ਨੂੰ ਸਮਝੀਏ ਅਤੇ ਆਫ਼ਤ ਪ੍ਰਬੰਧਨ ਦੇ ਨਿਯਮਾਂ ਦੀ ਪਾਲਣਾ ਕਰੀਏ ਤਾਂ ਅਸੀਂ ਅਣਗਿਣਤ ਕੀਮਤੀ ਜਾਨਾਂ ਨੂੰ ਅਜਾਈਂ ਜਾਣ ਤੋਂ ਬਚਾ ਸਕਦੇ ਹਾਂ।

Share this content:

Post Comment