ਸਾਹਿਤਕ ਮੇਲੇ ਨੇ ਬਦਲੀ ਸੋਚ
ਇਹ ਗੱਲ 2013 ਦੀ ਹੈ। ਸਾਡੇ ਪਿੰਡ ਦੇ ਇੱਕ ਬੰਦੇ ਦੀ ਨਿਵੇਕਲੀ ਪਛਾਣ ਸੀ ਜਿਸ ਨੂੰ ਸਵਰਗਵਾਸ ਹੋਇਆਂ ਕਈ ਸਾਲ ਹੋ ਗਏ ਹਨ। ਉਸ ਦਾ ਨਾਮ ਦੇਵਾ (ਕਲਪਨਿਕ) ਸੀ। ਪਿੰਡ ਵਿੱਚ ਉਹ ਮਾਊਂ ਕਰਕੇ ਜਾਣਿਆ ਜਾਂਦਾ ਸੀ। ਉਹ ਅੱਖਰ ਗਿਆਨ ਤੋਂ ਬਿਲਕੁਲ ਕੋਰਾ ਸੀ, ਅੰਗੂਠਾ ਛਾਪ ਪਰ ਉਸ ਦੀ ਰਹਿਣੀ-ਬਹਿਣੀ ਸਰਦਾਰਾਂ ਵਾਲੀ ਸੀ। 6 ਫੁੱਟ 2 ਇੰਚ ਕੱਦ ਸੀ। ਉਹ ਘਰੋਂ ਠੀਕ-ਠਾਕ ਹੀ ਸੀ। ਉਸ ਨੇ ਸਾਰੀ ਉਮਰ ਕੁੜਤਾ ਚਾਦਰਾ ਹੀ ਪਹਿਨਿਆ। ਦਿਲ ਦਾ ਸਾਫ਼ ਸੀ ਤੇ ਸੱਥਾਂ ਵਿੱਚ ਬੈਠਣਾ ਉਸ ਦਾ ਨਿੱਤ ਦਾ ਕੰਮ ਸੀ। ਜੱਟਾਂ ਤੋਂ ਇਲਾਵਾ ਜੇ ਕੋਈ ਹੋਰ ਜਾਤ ਦਾ ਮੁੰਡਾ-ਖੁੰਡਾ ਰਾਹ ’ਚ ਮਿਲ ਜਾਂਦਾ ਤਾਂ ਉਹ ਉਸ ਨੂੰ ‘ਕੀ ਕਰਦੀ ਫਿਰਦੀ ਐ ਨਿੱਕੀ ਸੁੱਕੀ ਜਾਤ’ ਕਹਿ ਕੇ ਸੰਬੋਧਿਤ ਕਰਦਾ ਸੀ। ਇਹ ਉਸ ਦੀ ਆਦਤ ਸੀ। ਮੈਂ ਅਤੇ ਜਸਕਰਨ ਲੰਡੇ ਨੇ ਜਦੋਂ ਵੀ ਮਿਲਣਾ ਤਾਂ ਉਸ ਦਾ ਤਕੀਆ ਕਲਾਮ ਸੀ ‘ਕਿਵੇਂ ਨਿੱਕੀਏ ਸੁੱਕੀਏ ਜਾਤੇ। ਕਿੱਧਰ ਮੂੰਹ ਚੁੱਕਿਆ।’ ਉਦੋਂ ਭਾਵੇਂ ਪਿੰਡਾਂ ਦੇ ਲੋਕ ਜਾਗਰੂਕ ਨਹੀਂ ਸਨ ਤੇ ਪਾਖੰਡਵਾਦ ਨੂੰ ਵਧੇਰੇ ਮੰਨਦੇ ਸਨ ਪਰ ਦੇਵਾ ਸਰਾ ਪਾਖੰਡਵਾਦ ਦੇ ਖ਼ਿਲਾਫ਼ ਸੀ। ਜਦੋਂ ਪ੍ਰੀਤਮ ਬਰਾੜ ਲੰਡੇ (ਮਰਹੂਮ) ਨੇ ਪਿੰਡ ਵਿੱਚ ਸਾਹਿਤਕ ਸੱਥ ਦੀ ਸਥਾਪਨਾ ਕੀਤੀ ਤਾਂ ਅਸੀਂ ਪਹਿਲਾ ਪ੍ਰੋਗਰਾਮ ਪਿੰਡ ਵਿੱਚ ਹੀ ਕਰਾਉਣ ਦਾ ਮਤਾ ਪਕਾਇਆ। ਪਿੰਡ ਵਿੱਚ ਅਜਿਹਾ ਸਾਹਿਤਕ ਪ੍ਰੋਗਰਾਮ ਪਹਿਲਾਂ ਕਦੇ ਵੀ ਨਹੀਂ ਸੀ ਹੋਇਆ। ਪ੍ਰੀਤਮ ਬਰਾੜ ਲੰਮੇ ਸਮੇਂ ਮੋਗੇ ਰਹਿੰਦਾ ਸੀ ਪਰ ਉਸ ਨੇ ਪਿੰਡ ਦੇ ਦੇਵਾ ਸਰਾ ਬਾਰੇ ਕਾਫੀ ਸੁਣਿਆ ਹੋਇਆ ਸੀ ਤੇ ਉਹਦੀਆਂ ਅਲੋਕਾਰੀ ਗੱਲਾਂ ਬਾਰੇ ਵੀ ਉਸ ਨੂੰ ਜਾਣਕਾਰੀ ਸੀ। ਦੇਵਾ ਸਰਾ ਨੇ ਵੀ ਪ੍ਰੀਤਮ ਬਰਾੜ ਬਾਰੇ ਸੁਣਿਆ ਹੋਇਆ ਸੀ ਕਿ ਮਾਸਟਰ ਸਰਵਣ ਸਿਹੁੰ ਦਾ ਇੱਕ ਲੜਕਾ ਮੋਗੇ ਰਹਿੰਦਾ ਹੈ ਪਰ ਉਸ ਨੇ ਦੇਖਿਆ ਕਦੇ ਨਹੀਂ ਸੀ। ਪ੍ਰੀਤਮ ਬਰਾੜ ਨੇ ਸਾਨੂੰ ਹਦਾਇਤ ਕੀਤੀ ਕਿ ਤੁਸੀਂ ਦੇਵਾ ਸਰਾ ਨੂੰ ਸਾਹਿਤਕ ਪ੍ਰੋਗਰਾਮ ਵਿੱਚ ਜ਼ਰੂਰ ਲੈ ਕੇ ਆਉਣੈ। ਅਸੀਂ ਕਿਹਾ, ‘‘ਜੀ, ਉਹ ਕੱਬਾ ਬੰਦਾ ਹੈ ਤੇ ਸਾਨੂੰ ਜਾਤ ਕੁਜਾਤ ਬੋਲਦੈ।
ਵੱਡਾ ਹੋਣ ਕਰਕੇ ਅਸੀਂ ਕਦੇ ਕੋਈ ਮੋੜ ਕੇ ਜਵਾਬ ਨਹੀਂ ਦਿੱਤਾ ਤੇ ਉਸ ਨੂੰ ਪ੍ਰੋਗਰਾਮ ਵਿੱਚ ਕਿਵੇਂ ਲਿਆਵਾਂਗੇ?’’ ਪਰ ਪ੍ਰੀਤਮ ਬਰਾੜ ਨੇ ਸਾਡੀ ਇੱਕ ਨਾ ਸੁਣੀ ਤੇ ਕਿਹਾ, ‘‘ਜਿਵੇਂ ਮਰਜ਼ੀ ਕਰੋ, ਲਿਆਓ ਜ਼ਰੂਰ। ਉਹ ਬੰਦਾ ਪ੍ਰੋਗਰਾਮ ਵਿੱਚ ਆਉਣਾ ਚਾਹੀਦੈ।’’ ਅਸੀਂ ਚੁੱਪ ਕਰ ਗਏ। ਅਗਲੇ ਦਿਨ ਮੈਂ ਤੇ ਜਸਕਰਨ, ਦੇਵਾ ਸਰਾ ਦੇ ਘਰ ਗਏ। ਜਸਕਰਨ ਕਹਿਣ ਲੱਗਾ, ‘‘ਤਾਇਆ ਜੀ, ਅਸੀਂ ਪਿੰਡ ਦੀ ਧਰਮਸ਼ਾਲਾ ਵਿੱਚ ਸਾਹਿਤਕ ਪ੍ਰੋਗਰਾਮ ਕਰਾਉਣਾ। ਤੁਸੀਂ ਜ਼ਰੂਰ ਆਇਓ।’’ ‘‘ਹੂੰ ਕੱਲ੍ਹ ਦੀ ਭੂਤਨੀ ਸਿਵਿਆਂ ’ਚ ਅੱਧ। ਆ ਗਏ ਤੁਸੀਂ ਵੱਡੇ ਪ੍ਰੋਗਰਾਮ ਕਰਾਉਣ ਵਾਲੇ। ਸਾਲੀ ਨਿੱਕੀ ਸੁੱਕੀ ਜਾਤ।’’ ਪਰ ਅਸੀਂ ਉਸ ਨੂੰ ਪ੍ਰੋਗਰਾਮ ਵਿੱਚ ਆਉਣ ਲਈ ਮਨਾ ਲਿਆ। ਸਾਹਿਤਕ ਪ੍ਰੋਗਰਾਮ ਵਿੱਚ ਪ੍ਰਿੰਸੀਪਲ ਗੁਰਦੇਵ ਸਿੰਘ, ਮੁਹਿੰਦਰਦੀਪ ਗਰੇਵਾਲ, ਮਲਕੀਤ ਆਰਟਿਸਟ ਚੰਡੀਗੜ੍ਹ, ਬਲਦੇਵ ਸੜਕਨਾਮਾ, ਸੁਦਾਗਰ ਬਰਾੜ ਲੰਡੇ ਤੇ ਕਈ ਹੋਰ ਮਹਾਨ ਸਾਹਿਤਕਾਰਾਂ ਨੇ ਸ਼ਮੂਲੀਅਤ ਕਰਨੀ ਸੀ। ਸਾਰਾ ਪੰਡਾਲ ਲੋਕਾਂ ਨਾਲ ਭਰਿਆ ਹੋਇਆ ਸੀ।
ਸਾਹਿਤਕ ਪ੍ਰੋਗਰਾਮ ਦੌਰਾਨ ਪੁਸਤਕ ਪ੍ਰਦਰਸ਼ਨੀ ਲਾਈ ਗਈ, ਜਿੱਥੋਂ ਲੋਕਾਂ ਨੇ ਪੁਸਤਕਾਂ ਵੀ ਖ਼ਰੀਦੀਆਂ। ਪਿੰਡ ਦੀਆਂ ਔਰਤਾਂ ਨੇ ਆਪਣੇ ਹੱਥੀ ਬਣਾਈਆਂ ਕਲਾ ਕਿਰਤਾਂ ਦੀ ਪ੍ਰਦਰਸ਼ਨੀ ਲਾਈ, ਜਿੱਥੋਂ ਮੁਟਿਆਰਾਂ ਨੇ ਹੱਥੀ ਬਣੀਆਂ ਵਸਤਾਂ ਦੀ ਖ਼ਰੀਦ ਕੀਤੀ। ਇਸ ਦੌਰਾਨ ਸਾਹਿਤਕਾਰਾਂ ਨੇ ਪਿੰਡ ਵਿੱਚ ਸਾਹਿਤਕ ਕਿਤਾਬਾਂ ਦੀ ਲਾਇਬਰੇਰੀ ਬਣਾਉਣ, ਨੌਜਵਾਨਾਂ ਨੂੰ ਸਾਹਿਤ ਦੀ ਚੇਟਕ ਲਾਉਣ, ਨੈਤਿਕ ਗੁਣਾਂ ਦੇ ਧਾਰਨੀ ਬਣਾਉਣ ਸਮੇਤ ਪਿੰਡ ਦੇ ਲੋਕਾਂ ਨੂੰ ਦੁਨੀਆ ਭਰ ਦੀਆਂ ਕ੍ਰਾਂਤੀਕਾਰੀ ਸ਼ਖ਼ਸੀਅਤਾਂ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ। ਦੇਵਾ ਸਰਾ ਨੇ ਸਾਡਾ ਪ੍ਰੋਗਰਾਮ ਧਿਆਨ ਨਾਲ ਸੁਣਿਆ। ਸਮਾਪਤੀ ਤੋਂ ਬਾਅਦ ਸਾਰੇ ਮਹਿਮਾਨ ਆਪੋ-ਆਪਣੇ ਰਾਹ ਪੈ ਗਏ। ਅਗਲੇ ਦਿਨ ਦੇਵਾ ਸਰਾ ਨੇ ਮੁੰਡਾ ਭੇਜ ਕੇ ਸਾਨੂੰ ਆਪਣੇ ਘਰ ਬੁਲਾਇਆ ਤੇ ਕਹਿਣ ਲੱਗਾ, ‘‘ਸ਼ਾਬਾਸ਼ ਬਈ ਜਵਾਨੋ। ਅਜਿਹਾ ਪ੍ਰੋਗਰਾਮ ਮੈਂ ਪਹਿਲੀ ਵਾਰ ਜ਼ਿੰਦਗੀ ’ਚ ਦੇਖਿਆ। ਮੈਂ ਭਾਵੇਂ ਕੋਰਾ ਅਨਪੜ੍ਹ ਹਾਂ ਪਰ ਤੁਹਾਡੇ ਪ੍ਰੋਗਰਾਮ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ। ਹੁਣ ਜਦੋਂ ਵੀ ਕਿਤੇ ਅਜਿਹਾ ਪ੍ਰੋਗਰਾਮ ਹੋਵੇ ਤਾਂ ਮੈਨੂੰ ਜ਼ਰੂਰ ਦੱਸਣਾ।’’ ਸਾਹਿਤਕ ਪ੍ਰੋਗਰਾਮ ਨੇ ਉਸ ਦੀ ਜ਼ਿੰਦਗੀ ਵਿੱਚ ਨਿਵੇਕਲੇ ਰੰਗ ਭਰ ਦਿੱਤੇ।
Share this content:


Post Comment