ਅੰਮ੍ਰਿਤਸਰ-ਜਾਮਨਗਰ ਐਕਸਪ੍ਰੈੱਸਵੇਅ ’ਤੇ ਪਹਿਲੀ ਵਾਰ ਉਤਰੇ ਭਾਰਤੀ ਫ਼ੌਜ ਦੇ ਜਹਾਜ਼
ਜਾਮਨਗਰ, 26 ਨਵੰਬਰ – ਸਿਵਲ ਅਤੇ ਫ਼ੌਜੀ ਤਾਲਮੇਲ ਦੀ ਸ਼ਾਨਦਾਰ ਮਿਸਾਲ ਪੇਸ਼ ਕਰਦਿਆਂ ਭਾਰਤੀ ਫ਼ੌਜ ਦੇ ਚਾਰ ਛੋਟੇ ਜਹਾਜ਼ਾਂ ਨੇ ਗੁਜਰਾਤ ਵਿੱਚ ਅੰਮ੍ਰਿਤਸਰ-ਜਾਮਨਗਰ ਆਰਥਿਕ ਗਲਿਆਰੇ (NH-754A) ’ਤੇ ਪਹਿਲੀ ਵਾਰ ਸਫਲਤਾਪੂਰਵਕ ਲੈਂਡਿੰਗ ਅਤੇ ਟੇਕ-ਆਫ ਕੀਤਾ। ਫ਼ੌਜ ਦੀ ਪ੍ਰਸਿੱਧ ਏਅਰੋ-ਐਡਵੈਂਚਰ ਟੀਮ ‘ਟੀਮ ਮਾਊਂਟੇਨ ਈਗਲਜ਼’ ਨੇ ‘ਵਿੰਗਜ਼ ਆਫ਼ ਵੈਲਰ ਐਂਡ ਯੂਨਿਟੀ ਐਕਸਪੀਡੀਸ਼ਨ’ ਤਹਿਤ ਹਾਈਵੇਅ ਦੇ ਕਿਲੋਮੀਟਰ 946 ਤੋਂ 949 ਵਿਚਕਾਰ ਇਸ ਵਿਸ਼ੇਸ਼ ਅਭਿਆਸ ਨੂੰ ਅੰਜਾਮ ਦਿੱਤਾ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਸ ਅਭਿਆਸ ਦੀ ਵੀਡੀਓ ਸਾਂਝੀ ਕਰਦਿਆਂ ਇਸ ਨੂੰ ਭਾਰਤੀ ਫ਼ੌਜ ਅਤੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਦੇ ਤਾਲਮੇਲ ਦਾ ਇਤਿਹਾਸਕ ਪ੍ਰਦਰਸ਼ਨ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਦੇ ਕੌਮੀ ਮਾਰਗ ਹੁਣ ਸਿਰਫ਼ ਆਵਾਜਾਈ ਅਤੇ ਆਰਥਿਕ ਵਿਕਾਸ ਤੱਕ ਸੀਮਤ ਨਹੀਂ ਰਹੇ, ਸਗੋਂ ਇਹ ਹਥਿਆਰਬੰਦ ਬਲਾਂ ਦੀਆਂ ਰਣਨੀਤਕ, ਐਮਰਜੈਂਸੀ ਲੋੜਾਂ ਅਤੇ ਏਅਰੋ-ਐਡਵੈਂਚਰ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਵੀ ਪੂਰੀ ਤਰ੍ਹਾਂ ਸਮਰੱਥ ਹਨ।
ਕਿਹੜੇ ਜਹਾਜ਼ ਹੋਏ ਸ਼ਾਮਲ ਇਸ ਅਭਿਆਸ ਵਿੱਚ ਕੁੱਲ ਚਾਰ ਜਹਾਜ਼ ਸ਼ਾਮਲ ਸਨ, ਜਿਨ੍ਹਾਂ ਵਿੱਚ ਦੋ ਫਿਕਸਡ-ਵਿੰਗ ਮਾਈਕ੍ਰੋਲਾਈਟ (ਐਕਸ-ਏਅਰ ‘ਹਨੂੰਮਾਨ’ ਅਤੇ ਸਵਾਨਾ MXP 740) ਅਤੇ ਦੋ ਫਲੈਕਸੀਬਲ-ਵਿੰਗ ਪਾਵਰਡ ਹੈਂਗ ਗਲਾਈਡਰ (ਤਨਾਰਗ ਬਾਇਓਨਿਕਸ ਅਤੇ ਨੂਵਿਕਸ ਸਕਾਈਪਰ) ਸਨ। ਇਨ੍ਹਾਂ ਜਹਾਜ਼ਾਂ ਨੇ ਹਾਈਵੇਅ ’ਤੇ ਸਟੀਕ ਲੈਂਡਿੰਗ ਕੀਤੀ, ਜਿੱਥੇ ਫ਼ੌਜ ਦੀਆਂ ਗਰਾਊਂਡ ਸਪੋਰਟ ਯੂਨਿਟਾਂ ਨੇ ਤੇਜ਼ੀ ਨਾਲ ਮੋਬਾਈਲ ਰਿਫਿਊਲਿੰਗ ਕੀਤੀ ਅਤੇ ਜਹਾਜ਼ ਮੁੜ ਉਡਾਣ ਭਰ ਗਏ। NHAI ਅਤੇ ਪ੍ਰਸ਼ਾਸਨ ਦੇ ਪੁਖ਼ਤਾ ਪ੍ਰਬੰਧ NHAI ਦੀਆਂ ਤਕਨੀਕੀ ਟੀਮਾਂ ਨੇ ਸੂਬਾ ਪੁਲੀਸ ਅਤੇ ਸਥਾਨਕ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਹਾਈਵੇਅ ਦੀ ਸਤ੍ਵਾ ਅਤੇ ਸੁਰੱਖਿਆ ਮਿਆਰਾਂ ਨੂੰ ਯਕੀਨੀ ਬਣਾਇਆ। ਅਭਿਆਸ ਦੌਰਾਨ ਆਵਾਜਾਈ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਅਤੇ ਪ੍ਰਕਿਰਿਆ ਪੂਰੀ ਹੁੰਦੇ ਹੀ ਆਮ ਵਾਹਨਾਂ ਲਈ ਸੜਕ ਤੁਰੰਤ ਖੋਲ੍ਹ ਦਿੱਤੀ ਗਈ, ਤਾਂ ਜੋ ਯਾਤਰੀਆਂ ਨੂੰ ਕੋਈ ਪਰੇਸ਼ਾਨੀ ਨਾ ਆਵੇ। ਜ਼ਿਕਰਯੋਗ ਹੈ ਕਿ ਆਰਮੀ ਐਡਵੈਂਚਰ ਵਿੰਗ ਦੀ ਸਰਪ੍ਰਸਤੀ ਹੇਠ ਮਹੂ (ਮੱਧ ਪ੍ਰਦੇਸ਼) ਤੋਂ 14 ਨਵੰਬਰ ਨੂੰ ਸ਼ੁਰੂ ਹੋਈ ਇਹ ਕੌਮੀ ਉਡਾਣ ਮੁਹਿੰਮ ਮੱਧ ਪ੍ਰਦੇਸ਼, ਗੁਜਰਾਤ ਅਤੇ ਰਾਜਸਥਾਨ ਵਿੱਚੋਂ ਗੁਜ਼ਰਦੀ ਹੋਈ 28 ਨਵੰਬਰ ਨੂੰ ਮਹੂ ਵਿਖੇ ਹੀ ਸਮਾਪਤ ਹੋਵੇਗੀ।
Share this content:


Post Comment