Loading Now

ਸਾਡੀ ਬੋਲੀ, ਸਾਡਾ ਮਾਣ ਪੰਜਾਬ ਡੇਅ 2026 ਪੰਜਾਬੀਅਤ ਦੇ ਰੰਗ ਵਿਚ ਰੰਗਿਆ ਗਿਆ

ਸਾਡੀ ਬੋਲੀ, ਸਾਡਾ ਮਾਣ ਪੰਜਾਬ ਡੇਅ 2026 ਪੰਜਾਬੀਅਤ ਦੇ ਰੰਗ ਵਿਚ ਰੰਗਿਆ ਗਿਆ

*ਅੰਤਰਰਾਸ਼ਟਰੀ ਸ਼ਾਇਰ, ਗਾਇਕ ਤੇ ਗੀਤਕਾਰ ਦੇਬੀ ਮਖਸੂਸਪੁਰੀ ਦੀ ਗਾਇਕੀ ਨੇ ਕੀਤਾ ਖੂਬ ਮਨੋਰੰਜਨ
*ਸਥਾਨਕ ਕਲਾਕਾਰਾਂ ਨੇ ਸਟੇਜ ਨੂੰ ਲਾਏ ਪੁੰਨਿਆ ਵਰਗੇ ਚਿੱਟੇ ਚੰਦ

ਔਕਲੈਂਡ, 16 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਨਿਊਜ਼ੀਲੈਂਡ ਵਿੱਚ ਪੰਜਾਬੀ ਸੱਭਿਆਚਾਰ, ਵਿਰਾਸਤ ਅਤੇ ਭਾਈਚਾਰਕ ਸਾਂਝ ਨੂੰ ਸਮਰਪਿਤ ਪੰਜਾਬ ਡੇਅ 2026 ਬੀਤੇ ਕੱਲ੍ਹ ਮੈਨੂਕਾਊ ਸਕੁਏਅਰ ਵਿਖੇ ਬੇਹੱਦ ਸ਼ਾਨਦਾਰ ਅਤੇ ਸਫ਼ਲਤਾਪੂਰਵਕ ਸੰਪੰਨ ਹੋਇਆ। ਰੇਡੀਓ ਸਪਾਈਸ, ਹੋਰ ਮੀਡੀਆ ਕਰਮੀਆਂ ਅਤੇ ਨਾਦ ਚੈਰੀਟੇਬਲ ਟਰੱਸਟ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਗਏ ਇਸ ਵਿਸ਼ਾਲ ਸਮਾਗਮ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਸ਼ਿਰਕਤ ਕੀਤੀ।

ਸਮਾਗਮ ਦੌਰਾਨ ਵੱਖ-ਵੱਖ ਸੱਭਿਆਚਾਰਕ ਅਕੈਡਮੀਆਂ ਅਤੇ ਸੰਸਥਾਵਾਂ ਦੇ ਕਲਾਕਾਰਾਂ ਨੇ ਭੰਗੜੇ, ਗਿੱਧੇ ਅਤੇ ਹੋਰ ਲੋਕ ਨਾਚਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਖੂਬਸੂਰਤ ਝਲਕ ਪੇਸ਼ ਕੀਤੀ। ਸੰਗੀਤਕ ਪੇਸ਼ਕਾਰੀਆਂ ਵਿੱਚ ਨੀਤ ਚਾਹਲ, ਨੌਜਵਾਨ ਗਾਇਕ ਹਰਜਸ਼ਨ ਸਵੈਚ ਅਤੇ ਨਿਊਜ਼ੀਲੈਂਡ ਦੀ ਸਤਿਕਾਰਯੋਗ ਸੰਗੀਤ ਅਧਿਆਪਕਾ ਅਤੇ ਗਾਇਕਾ ਦਲਜੀਤ ਕੌਰ ਨੇ ਆਪਣੀਆਂ ਸ਼ਾਨਦਾਰ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਸਥਾਨਕ ਅਤੇ ਭਾਰਤ ਤੋਂ ਆਏ ਸੰਗੀਤਕਾਰਾਂ ਦੀ ਸਾਂਝ ਨੇ ਸਮਾਗਮ ਨੂੰ ਹੋਰ ਵੀ ਖਾਸ ਬਣਾਇਆ।

ਇਸ ਮੌਕੇ ਕਰਵਾਇਆ ਗਿਆ ਪੰਜਾਬੀ ਫੁਲਕਾਰੀ ਫੈਸ਼ਨ ਸ਼ੋਅ ਵੀ ਦਰਸ਼ਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ। ਇਸ ਵਿੱਚ ਭਾਗ ਲੈਣ ਵਾਲੀਆਂ ਪੰਜਾਬੀ ਮੁਟਿਆਰਾਂ ਨੇ ਰਵਾਇਤੀ ਪੰਜਾਬੀ ਪਹਿਰਾਵੇ, ਫੁਲਕਾਰੀ ਅਤੇ ਗਹਿਣਿਆਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਸੁੰਦਰਤਾ ਅਤੇ ਵਿਰਾਸਤ ਨੂੰ ਪੇਸ਼ ਕੀਤਾ। ਇਸ ਦੇ ਨਾਲ ਹੀ ਪੰਜਾਬੀ ਇਤਿਹਾਸ, ਸੰਗੀਤ, ਸਾਹਿਤ ਅਤੇ ਭਾਸ਼ਾ ਨਾਲ ਸਬੰਧਤ ਵਿਸ਼ੇਸ਼ ਪ੍ਰਦਰਸ਼ਨੀਆਂ, ਦਸਤਾਰ ਬੰਦੀ ਦੇ ਪ੍ਰਦਰਸ਼ਨ, ਕਿਤਾਬਾਂ ਦੇ ਸਟਾਲ ਅਤੇ ਵੱਖ-ਵੱਖ ਪੰਜਾਬੀ ਪਕਵਾਨਾਂ ਤੇ ਖਾਣ-ਪੀਣ ਦੇ ਸਟਾਲ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ। ਇਨ੍ਹਾਂ ਸਾਰੀਆਂ ਗਤੀਵਿਧੀਆਂ ਨੇ ਸਮਾਗਮ ਨੂੰ ਪੰਜਾਬੀ ਸੱਭਿਆਚਾਰ, ਵਿਰਾਸਤ ਅਤੇ ਰਵਾਇਤਾਂ ਦਾ ਇੱਕ ਸੰਪੂਰਨ ਰੂਪ ਪ੍ਰਦਾਨ ਕੀਤਾ।

ਸਮਾਗਮ ਦਾ ਸਭ ਤੋਂ ਵੱਡਾ ਆਕਰਸ਼ਣ ਪੰਜਾਬ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਪ੍ਰਸਿੱਧ ਗਾਇਕ ਦੇਬੀ ਮਖਸੂਸਪੁਰੀ ਦੀ ਲਾਈਵ ਪੇਸ਼ਕਾਰੀ ਰਹੀ। ਉਨ੍ਹਾਂ ਦੇ ਮਕਬੂਲ ਗੀਤਾਂ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਅਤੇ ਲੋਕ ਦੇਰ ਰਾਤ ਤੱਕ ਉਨ੍ਹਾਂ ਦੀ ਗਾਇਕੀ ਦਾ ਆਨੰਦ ਮਾਣਦੇ ਰਹੇ। ਉਨ੍ਹਾਂ ਦੀ ਪੇਸ਼ਕਾਰੀ ਨੇ ਸਮਾਗਮ ਵਿੱਚ ਅਜਿਹਾ ਰੰਗ ਬੰਨ੍ਹਿਆ ਕਿ ਇਹ ਸ਼ਾਮ ਦਰਸ਼ਕਾਂ ਲਈ ਯਾਦਗਾਰੀ ਬਣ ਗਈ।

NZ-16-Nov-1B ਸਾਡੀ ਬੋਲੀ, ਸਾਡਾ ਮਾਣ ਪੰਜਾਬ ਡੇਅ 2026 ਪੰਜਾਬੀਅਤ ਦੇ ਰੰਗ ਵਿਚ ਰੰਗਿਆ ਗਿਆ

ਇਸ ਮੌਕੇ ਭਾਰਤ ਦੇ ਕੌਂਸਲ ਜਨਰਲ ਮਦਨ ਮੋਹਨ ਸੇਠੀ, ਸਥਾਨਕ ਸੰਸਦ ਮੈਂਬਰ ਰੀਮਾ ਨਖਲੇ, ਸੰਸਦ ਮੈਂਬਰ ਪਰਮਜੀਤ ਪਰਮਾਰ, ਖੜਗ ਸਿੰਘ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਹੋਰ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਦੀ ਡਿਪਟੀ ਚੇਅਰ ਹੋਜ਼ੀਆ, ਲੋਕਲ ਬੋਰਡ ਮੈਂਬਰ ਪਰਮਜੀਤ ਸਿੰਘ ਅਤੇ ਸੰਦੀਪ ਸੈਣੀ ਸਮੇਤ ਕਈ ਹੋਰ ਪਤਵੰਤੇ ਸੱਜਣਾਂ ਨੇ ਵੀ ਆਪਣੀ ਹਾਜ਼ਰੀ ਲਗਵਾਈ। ਆਯੋਜਕਾਂ ਵੱਲੋਂ ਸਮਾਗਮ ਵਿੱਚ ਪਹੁੰਚੇ ਸਾਰੇ ਪਤਵੰਤੇ ਸੱਜਣਾਂ ਅਤੇ ਭਾਈਚਾਰੇ ਦੀਆਂ ਵੱਖ-ਵੱਖ ਸ਼ਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

ਪੰਜਾਬ ਡੇਅ 2026 ਦੀ ਸਫ਼ਲਤਾ ਵਿੱਚ ਵੱਖ-ਵੱਖ ਕਾਰੋਬਾਰੀ ਸੰਸਥਾਵਾਂ, ਸਪਾਂਸਰਾਂ ਅਤੇ ਸਹਿਯੋਗੀਆਂ ਦਾ ਅਹਿਮ ਯੋਗਦਾਨ ਰਿਹਾ। ਆਯੋਜਕਾਂ ਵੱਲੋਂ ਸਾਰੇ ਪਲੈਟੀਨਮ, ਗੋਲਡ ਅਤੇ ਸਿਲਵਰ ਸਪਾਂਸਰਾਂ, ਸਟਾਲ ਹੋਲਡਰਾਂ ਅਤੇ ਵਪਾਰਕ ਭਾਈਵਾਲਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਇਸ ਵਿਸ਼ਾਲ ਸਮਾਗਮ ਨੂੰ ਸਫ਼ਲ ਬਣਾਉਣਾ ਸੰਭਵ ਹੋ ਸਕਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਓਟਾਰਾ-ਪਾਪਾਟੋਏਟੋਏ ਲੋਕਲ ਬੋਰਡ ਅਤੇ ਔਕਲੈਂਡ ਅਰਬਨ ਡਿਵੈਲਪਮੈਂਟ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਸਮਾਗਮ ਨੂੰ ਆਯੋਜਿਤ ਕਰਨ ਲਈ ਆਪਣਾ ਵਡਮੁੱਲਾ ਸਹਿਯੋਗ ਦਿੱਤਾ। ਮੀਡੀਆ ਸਹਿਯੋਗ ਲਈ ਰੇਡੀਓ ਸਪਾਈਸ, ਪੰਜਾਬੀ ਹੈਰਲਡ, ਡੇਲੀ ਖਬਰੀ, ਕੁੱਕ ਪੰਜਾਬੀ ਨਿਊਜ਼ਪੇਪਰ, ਐਨ. ਜ਼ੈੱਡ. ਤਸਵੀਰ, ਐਨ. ਜ਼ੈੱਡ. ਨਿਊਜ਼ ਸਮੇਤ ਸਾਰੇ ਮੀਡੀਆ ਅਦਾਰਿਆਂ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਸਮਾਗਮ ਦੀ ਜਾਣਕਾਰੀ ਅਤੇ ਪ੍ਰਚਾਰ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ।

ਦੇਬੀ ਮਖਸੂਸਪੁਰੀ ਨੂੰ ਨਿਊਜ਼ੀਲੈਂਡ ਲਿਆਉਣ ਵਿੱਚ ਸਹਿਯੋਗ ਦੇਣ ਵਾਲੇ ਜੈਨਿਥ ਇਮੀਗ੍ਰੇਸ਼ਨ, ਅਮਨ ਕਲੋਟੀ ਅਤੇ ਜਗਦੀਪ ਰਾਏ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਇਸ ਤੋਂ ਇਲਾਵਾ ਬੂਮ ਰਾਈਡਰਜ਼ ਦੀ ਟੀਮ ਦਾ ਵੀ ਉਨ੍ਹਾਂ ਦੇ ਸਹਿਯੋਗ ਅਤੇ ਸਮਾਗਮ ਦੇ ਪ੍ਰਬੰਧਾਂ ਵਿੱਚ ਯੋਗਦਾਨ ਲਈ ਧੰਨਵਾਦ ਕੀਤਾ ਗਿਆ। ਸਮਾਗਮ ਦੀ ਫੋਟੋਗ੍ਰਾਫੀ ਅਤੇ ਵੀਡੀਓ ਕਵਰੇਜ ਕਰਨ ਵਾਲੀ ਜੇ. ਆਰ. ਫਿਲਮਜ਼ ਦੀ ਟੀਮ ਅਤੇ ਪੂਰੇ ਸਮਾਗਮ ਦੇ ਪ੍ਰਬੰਧਨ ਅਤੇ ਪ੍ਰੋਡਕਸ਼ਨ ਦੀ ਜ਼ਿੰਮੇਵਾਰੀ ਨਿਭਾਉਣ ਵਾਲੀ ਵਿਸ਼ਨ ਪ੍ਰੋਡਕਸ਼ਨ ਦੀ ਟੀਮ ਦੀ ਵੀ ਵਿਸ਼ੇਸ਼ ਸ਼ਲਾਘਾ ਕੀਤੀ ਗਈ। ਆਯੋਜਕਾਂ ਨੇ ਦੱਸਿਆ ਕਿ ਸਮਾਗਮ ਦੀਆਂ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਜਲਦ ਹੀ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ।

ਪੰਜਾਬ ਡੇਅ 2026 ਦੀ ਸਫ਼ਲਤਾ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਨਿਊਜ਼ੀਲੈਂਡ ਵਿੱਚ ਵੱਸਦਾ ਪੰਜਾਬੀ ਭਾਈਚਾਰਾ ਆਪਣੀ ਮਾਂ-ਬੋਲੀ, ਸੱਭਿਆਚਾਰ ਅਤੇ ਵਿਰਾਸਤ ਨਾਲ ਡੂੰਘਾ ਮੋਹ ਰੱਖਦਾ ਹੈ। ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦੇ ਨਾਲ-ਨਾਲ ਨਿਊਜ਼ੀਲੈਂਡ ਦੇ ਬਹੁ-ਸੱਭਿਆਚਾਰਕ ਸਮਾਜ ਵਿੱਚ ਪੰਜਾਬੀ ਵਿਰਾਸਤ ਦੀ ਪਛਾਣ ਨੂੰ ਵੀ ਮਜ਼ਬੂਤ ਕਰਦੇ ਹਨ। ਨਾਦ ਚੈਰੀਟੇਬਲ ਟਰੱਸਟ ਅਤੇ ਰੇਡੀਓ ਸਪਾਈਸ ਵੱਲੋਂ ਇਸ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਪਾਉਣ ਵਾਲੇ ਸਾਰੇ ਕਲਾਕਾਰਾਂ, ਸਪਾਂਸਰਾਂ, ਸਟਾਲ ਹੋਲਡਰਾਂ, ਸੰਸਥਾਵਾਂ, ਵਲੰਟੀਅਰਾਂ, ਮੀਡੀਆ ਅਦਾਰਿਆਂ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।

Share this content:

Post Comment