Loading Now

ਪੰਜਾਬ ਤੋਂ 13,000 ਕਿਲੋਮੀਟਰ ਦੂਰ ਅਕਾਲ ਰਾਈਡਰਜ਼ ਵੱਲੋਂ ਸਜੇਗਾ 7ਵਾਂ ਪੰਜਾਬੀ ਭਾਸ਼ਾ ਹਫ਼ਤਾ

ਪੰਜਾਬ ਤੋਂ 13,000 ਕਿਲੋਮੀਟਰ ਦੂਰ ਅਕਾਲ ਰਾਈਡਰਜ਼ ਵੱਲੋਂ ਸਜੇਗਾ 7ਵਾਂ ਪੰਜਾਬੀ ਭਾਸ਼ਾ ਹਫ਼ਤਾ

*22 ਨਵੰਬਰ ਹੇਸਟਿੰਗਜ਼ ਵਿਖੇ – ਸਾਡੀ ਬੋਲੀ, ਸਾਡਾ ਮਾਣਭਾਰਤ ਦੇ ਪਹਿਲੇ ਗਵਰਨਰ-ਜਨਰਲ ਵਾਰਨ ਹੇਸਟਿੰਗਜ਼ ਦੇ ਨਾਂ ਨਾਲ ਜੁੜੀ ਇਤਿਹਾਸਕ ਧਰਤੀ ’ਤੇ ਮਾਣ ਨਾਲ ਮਹਿਕੇਗੀ ਮਾਂ-ਬੋਲੀ

ਔਕਲੈਂਡ, 16 ਨਵੰਬਰ 2026 (ਹਰਜਿੰਦਰ ਸਿੰਘ ਬਸਿਆਲਾ) – ਭਾਰਤ ਦੇ ਪੰਜਾਬ ਰਾਜ ਤੋਂ ਲਗਭਗ 13,000 ਕਿਲੋਮੀਟਰ ਦੀ ਲੰਬੀ ਦੂਰੀ ’ਤੇ ਸਥਿਤ ਨਿਊਜ਼ੀਲੈਂਡ ਦੇ ਹਾਕਸ ਬੇ ਇਲਾਕੇ ਦੇ ਪ੍ਰਮੁੱਖ ਸ਼ਹਿਰ ਹੇਸਟਿੰਗਜ਼ ਦਾ ਇਤਿਹਾਸ ਸਿੱਧੇ ਤੌਰ ’ਤੇ ਭਾਰਤ ਅਤੇ ਬਰਤਾਨਵੀ ਰਾਜ ਦੀਆਂ ਇਤਿਹਾਸਕ ਤੰਦਾਂ ਨਾਲ ਜੁੜਿਆ ਹੋਇਆ ਹੈ। ਮਾਓਰੀ ਭਾਸ਼ਾ ਵਿੱਚ ਹੇਰੇਤੌਂਗਾ (Heretaunga) ਵਜੋਂ ਜਾਣੇ ਜਾਂਦੇ ਇਸ ਇਲਾਕੇ ਦਾ ਨਾਂਅ 1873 ਵਿੱਚ ਭਾਰਤ ਦੇ ਪਹਿਲੇ ਗਵਰਨਰ-ਜਨਰਲ ਵਾਰਨ ਹੇਸਟਿੰਗਜ਼ (Mr. Warren Hastings) ਦੇ ਨਾਂਅ ’ਤੇ ਰੱਖਿਆ ਗਿਆ ਸੀ। 1860 ਦੇ ਦਹਾਕੇ ਵਿੱਚ ਉੱਦਮੀ ਥਾਮਸ ਟੈਨਰ (Thomas Tanner) ਨੇ ਇੱਥੋਂ ਦੀ ਉਪਜਾਊ ਜ਼ਮੀਨ ਦੀ ਅਹਿਮੀਅਤ ਨੂੰ ਪਛਾਣਦਿਆਂ ਮਾਓਰੀ ਮਾਲਕਾਂ ਤੋਂ ਜ਼ਮੀਨ ਪੱਟੇ ’ਤੇ ਲਈ ਸੀ। ਬਾਅਦ ਵਿੱਚ ਫਰਾਂਸਿਸ ਹਿਕਸ (Francis Hicks) ਨੇ ਇੱਥੇ ਜ਼ਮੀਨ ਖਰੀਦ ਕੇ ਸ਼ਹਿਰ ਵਸਾਉਣ ਦੀ ਨੀਂਹ ਰੱਖੀ ਅਤੇ ਜਦੋਂ 1873 ਵਿੱਚ ਇੱਥੇ ਰੇਲਵੇ ਲਾਈਨ ਵਿਛਾਈ ਗਈ, ਤਾਂ ਪੁਰਾਣੇ ‘ਕਰਾਮੂ ਜੰਕਸ਼ਨ’ (Karamu Junction) ਦਾ ਨਾਂਅ ਬਦਲ ਕੇ ਵਾਰਨ ਹੇਸਟਿੰਗਜ਼ ਦੀ ਯਾਦ ਵਿੱਚ ਹੇਸਟਿੰਗਜ਼ ਰੱਖ ਦਿੱਤਾ ਗਿਆ।

ਦੂਜੇ ਪਾਸੇ, ਨਿਊਜ਼ੀਲੈਂਡ ਵਿੱਚ ਪੰਜਾਬੀਆਂ ਅਤੇ ਭਾਰਤੀਆਂ ਦਾ ਮੋਢੀ ਸਫ਼ਰ ਵੀ ਬਰਤਾਨਵੀ ਰਾਜ ਵੇਲੇ 1890 ਦੇ ਨੇੜੇ-ਤੇੜੇ ਸ਼ੁਰੂ ਹੋਇਆ ਸੀ, ਜਦੋਂ ਭਾਰਤ ਦੇ ਪੰਜਾਬ ਸੂਬੇ ਦੇ ਜਲੰਧਰ ਅਤੇ ਹੁਸ਼ਿਆਰਪੁਰ ਵਰਗੇ ਇਲਾਕਿਆਂ ਤੋਂ ਮਿਹਨਤਕਸ਼ ਲੋਕ ਰੁਜ਼ਗਾਰ ਅਤੇ ਬਿਹਤਰ ਜੀਵਨ ਦੀ ਭਾਲ ਵਿੱਚ ਨਿਊਜ਼ੀਲੈਂਡ ਪਹੁੰਚੇ ਸਨ। ਬਰਤਾਨਵੀ ਫ਼ੌਜਾਂ, ਸਿੱਖ ਸੈਨਿਕਾਂ ਅਤੇ ਗੁਰਦੁਆਰਾ ਪ੍ਰਣਾਲੀ ਦੀ ਮਜ਼ਬੂਤ ਨੀਂਹ ਨੇ ਇਸ ਦੇਸ਼ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਅਤੇ ਇੱਥੋਂ ਦੇ ਸਮਾਜ ਵਿੱਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ।

7ਵਾਂ ਪੰਜਾਬੀ ਭਾਸ਼ਾ ਹਫ਼ਤਾ: ਇਸੇ ਇਤਿਹਾਸਕ ਕੜੀ ਨੂੰ ਅੱਗੇ ਵਧਾਉਂਦਿਆਂ, ਹੇਸਟਿੰਗਜ਼ ਵਿਖੇ ਅਕਾਲ ਰਾਈਡਰਜ਼ ਨਿਊਜ਼ੀਲੈਂਡ ਅਤੇ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਬਹੁਤ ਹੀ ਉਤਸ਼ਾਹ ਨਾਲ 7ਵਾਂ ਪੰਜਾਬੀ ਭਾਸ਼ਾ ਹਫ਼ਤਾ ਮਨਾਇਆ ਜਾ ਰਿਹਾ ਹੈ। ਬੀਤੇ ਸਾਲਾਂ ਦੀ ਤਰ੍ਹਾਂ ਇਸ ਵਾਰ ਵੀ 22 ਨਵੰਬਰ 2026 ਨੂੰ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਟੋਇਟੋਈ – ਹਾਕਸ ਬੇ ਆਰਟਸ ਐਂਡ ਇਵੈਂਟਸ ਸੈਂਟਰ (Toitoi – Hawke’s Bay Arts and Events Centre) ਵਿਖੇ ਵਿਸ਼ੇਸ਼ ਸਮਾਗਮ ਸਜਾਇਆ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਪੰਜਾਬੀ ਕਵਿਤਾ, ਸ਼ਾਇਰੀ, ਧਾਰਮਿਕ ਸ਼ਬਦ, ਲੋਕ ਗੀਤ, ਲੋਕ ਬੋਲੀਆਂ ਅਤੇ ਪੰਜਾਬੀ ਲੋਕ ਨਾਚਾਂ ਦੇ ਖ਼ੁਸ਼ਬੂਦਾਰ ਰੰਗ ਦੇਖਣ ਨੂੰ ਮਿਲਣਗੇ। ਇਸ ਮੌਕੇ ਹਾਜ਼ਰੀਨ ਲਈ ਗਰਮ ਚਾਹ, ਪਕੌੜੇ ਅਤੇ ਸਨੈਕਸ ਆਦਿ ਦਾ ਖ਼ਾਸ ਪ੍ਰਬੰਧ ਹੋਵੇਗਾ।

ਇਸ ਤੋਂ ਇਲਾਵਾ, ਪਿਛਲੇ ਸਾਲਾਂ ਦੇ ਪ੍ਰੋਗਰਾਮਾਂ ਵਾਂਗ ਹੇਸਟਿੰਗਜ਼ ਅਤੇ ਨੇਪੀਅਰ ਦੀਆਂ ਲਾਇਬ੍ਰੇਰੀਆਂ ਵਿੱਚ ਵੀ ਪੰਜਾਬੀ ਅੱਖਰਾਂ ਦੀ ਪਛਾਣ ਲਈ ਭੁਲਾਵੇਂ ਅੱਖਰ ਅਤੇ ਹੋਰ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਬੱਚਿਆਂ ਅਤੇ ਵੱਡਿਆਂ ਵੱਲੋਂ ਭਾਰੀ ਉਤਸ਼ਾਹ ਨਾਲ ਹਿੱਸਾ ਲਿਆ ਜਾ ਰਿਹਾ ਹੈ। ਇਸ ਮਹਾਨ ਉਪਰਾਲੇ ਨੂੰ ਸਫ਼ਲ ਬਣਾਉਣ ਲਈ ਕ੍ਰੀਏਟਿਵ ਨਿਊਜ਼ੀਲੈਂਡ, ਹੇਸਟਿੰਗਜ਼ ਡਿਸਟ੍ਰਿਕਟ ਕੌਂਸਲ, ਈਸਟਰਨ ਐਂਡ ਸੈਂਟਰਲ ਕਮਿਊਨਿਟੀ ਟਰੱਸਟ ਅਤੇ ਹੋਰ ਸਹਿਯੋਗੀ ਸੰਸਥਾਵਾਂ ਪੂਰਾ ਸਾਥ ਦੇ ਰਹੀਆਂ ਹਨ। ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ਸੁਖਦੀਪ ਸਿੰਘ ਨੂੰ 022 046 7799 ਉੱਤੇ, ਮਨਜੀਤ ਸੰਧੂ ਨੂੰ 027 878 5400 ਉੱਤੇ, ਹਰਵਿੰਦਰ ਵਿਰਕ ਨੂੰ 021 202 3310 ਉੱਤੇ ਜਾਂ ਰੋਹਿਤ ਚੌਹਾਨ ਨੂੰ 020 4149 3153 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

Share this content:

Post Comment