ਸ਼੍ਰੀ ਰਾਮ ਦੇ ਜੀਵਨ ਨਾਲ ਜੁੜੇ ਭਾਵਪੂਰਨ ਪ੍ਰਸੰਗਾਂ ਨੇ ਭਗਤੀ, ਵਿਸ਼ਵਾਸ ਅਤੇ ਧਰਮ ਦੇ ਮਾਰਗ ’ਤੇ ਚੱਲਣ ਦਾ ਦਿੱਤਾ ਸੰਦੇਸ਼
ਹਾਲੀ, 19 ਅਕਤੂਬਰ (ਗਿਆਨ ਸਿੰਘ/ਏ.ਡੀ.ਪੀ ਨਿਊਜ਼) – ਸ਼ਬਰੀ ਦੀ ਨਿਸ਼ਕਾਮ ਭਗਤੀ, ਭਗਵਾਨ ਸ਼੍ਰੀ ਰਾਮ ਅਤੇ ਹਨੂਮਾਨ ਜੀ ਦੀ ਪਹਿਲੀ ਮੁਲਾਕਾਤ ਅਤੇ ਬਾਲੀ ਵਧ ਦੇ ਪ੍ਰਸੰਗਾਂ ਨੇ ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ। ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਵੱਲੋਂ ਕਰਵਾਈ ਜਾ ਰਹੀ ਰਾਮਲੀਲਾ ਦੀ ਸੱਤਵੀਂ ਰਾਤ ਦੌਰਾਨ ਰਾਮਾਇਣ ਦੇ ਇਨ੍ਹਾਂ ਮਹੱਤਵਪੂਰਨ ਪ੍ਰਸੰਗਾਂ ਦਾ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੇ ਪ੍ਰਭਾਵਸ਼ਾਲੀ ਅਭਿਨੈ ਰਾਹੀਂ ਜਿੱਥੇ ਭਗਤੀ ਅਤੇ ਸਮਰਪਣ ਦੀ ਭਾਵਨਾ ਨੂੰ ਉਜਾਗਰ ਕੀਤਾ, ਉੱਥੇ ਹੀ ਅਨਿਆਂ ਵਿਰੁੱਧ ਸੰਘਰਸ਼ ਕਰਨ ਦਾ ਸੰਦੇਸ਼ ਵੀ ਦਿੱਤਾ।

ਇਸ ਮੌਕੇ ਮੋਹਾਲੀ ਭਾਜਪਾ ਦੇ ਪ੍ਰਧਾਨ ਸ਼੍ਰੀ ਸੰਜੀਵ ਵਸ਼ਿਸ਼ਟ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸੱਤਵੀਂ ਰਾਤ ਦੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਰਾਮਾਇਣ ਤੋਂ ਸਾਨੂੰ ਆਦਰਸ਼ ਪਰਿਵਾਰ ਦੇ ਗੁਣ ਸਿੱਖਣੇ ਚਾਹੀਦੇ ਹਨ। ਭਰਾਵਾਂ ਵਿਚਕਾਰ ਪਿਆਰ ਦੇ ਨਾਲ-ਨਾਲ ਇੱਕ-ਦੂਜੇ ਲਈ ਤਿਆਗ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ। ਰਾਮਲੀਲਾ ਦੇ ਇਨ੍ਹਾਂ ਪ੍ਰਸੰਗਾਂ ਰਾਹੀਂ ਦਰਸ਼ਕਾਂ ਨੂੰ ਭਗਤੀ, ਮਿੱਤਰਤਾ, ਵਿਸ਼ਵਾਸ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਣਾ ਮਿਲਦੀ ਹੈ।
ਮੰਚਨ ਦੌਰਾਨ ਮਾਤਾ ਸ਼ਬਰੀ ਦੀ ਭਗਵਾਨ ਸ਼੍ਰੀ ਰਾਮ ਪ੍ਰਤੀ ਅਟੁੱਟ ਸ਼ਰਧਾ ਅਤੇ ਪ੍ਰੇਮ ਦੇ ਪ੍ਰਸੰਗ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਸਾਲਾਂ ਤੋਂ ਪ੍ਰਭੂ ਦੇ ਆਗਮਨ ਦੀ ਉਡੀਕ ਕਰ ਰਹੀ ਸ਼ਬਰੀ ਅਤੇ ਸ਼੍ਰੀ ਰਾਮ-ਲਕਸ਼ਮਣ ਦੇ ਮਿਲਾਪ ਦੇ ਦ੍ਰਿਸ਼ ਨੇ ਇਹ ਸੰਦੇਸ਼ ਦਿੱਤਾ ਕਿ ਸੱਚੀ ਸ਼ਰਧਾ, ਪ੍ਰੇਮ ਅਤੇ ਸਮਰਪਣ ਅੱਗੇ ਕਿਸੇ ਵੀ ਤਰ੍ਹਾਂ ਦਾ ਭੇਦਭਾਵ ਮਾਇਨੇ ਨਹੀਂ ਰੱਖਦਾ। ਇਸ ਤੋਂ ਬਾਅਦ ਹਨੂਮਾਨ ਜੀ ਅਤੇ ਭਗਵਾਨ ਸ਼੍ਰੀ ਰਾਮ ਦੀ ਪਹਿਲੀ ਮੁਲਾਕਾਤ ਦਾ ਮੰਚਨ ਕੀਤਾ ਗਿਆ। ਰਾਮਾਇਣ ਦੀ ਕਥਾ ਵਿੱਚ ਅਹਿਮ ਮੋੜ ਸਾਬਤ ਹੋਣ ਵਾਲੇ ਇਸ ਮਿਲਾਪ ਨਾਲ ਮਾਤਾ ਸੀਤਾ ਦੀ ਭਾਲ ਵਿੱਚ ਸ਼੍ਰੀ ਰਾਮ ਦੀ ਯਾਤਰਾ ਨੂੰ ਨਵੀਂ ਦਿਸ਼ਾ ਮਿਲਦੀ ਹੈ।

ਇਸ ਤੋਂ ਬਾਅਦ ਬਾਲੀ ਵਧ ਦਾ ਮੰਚਨ ਕੀਤਾ ਗਿਆ, ਜਿਸ ਵਿੱਚ ਭਗਵਾਨ ਸ਼੍ਰੀ ਰਾਮ, ਲਕਸ਼ਮਣ, ਹਨੂਮਾਨ, ਬਾਲੀ, ਸੁਗ੍ਰੀਵ ਅਤੇ ਅੰਗਦ ਦੇ ਪਾਤਰਾਂ ਰਾਹੀਂ ਰਾਮਾਇਣ ਦੀ ਕਥਾ ਨੂੰ ਅੱਗੇ ਵਧਾਇਆ ਗਿਆ। ਭਗਵਾਨ ਸ਼੍ਰੀ ਰਾਮ ਦੇ ਰੂਪ ਵਿੱਚ ਪ੍ਰਤੀਕ ਅਤੇ ਲਕਸ਼ਮਣ ਦੇ ਰੂਪ ਵਿੱਚ ਸੰਦੀਪ ਰਾਣਾ ਨੇ ਆਪਣੇ ਅਭਿਨੈ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਬਾਲੀ ਦੀ ਭੂਮਿਕਾ ਯਤਿਨ, ਸੁਗ੍ਰੀਵ ਦੀ ਭੂਮਿਕਾ ਰਮਨ ਬਾਲੀ, ਹਨੂਮਾਨ ਜੀ ਦੀ ਭੂਮਿਕਾ ਗੌਰਵ, ਅੰਗਦ ਦੀ ਭੂਮਿਕਾ ਆਰਿਆਨ ਭਾਟੀਆ ਅਤੇ ਜਾਮਵੰਤ ਦੀ ਭੂਮਿਕਾ ਆਨੰਦ ਨੇ ਨਿਭਾਈ। ਮਾਤਾ ਸ਼ਬਰੀ ਦੀ ਭੂਮਿਕਾ ਸਾਧਵੀ ਨੇ ਨਿਭਾਈ, ਜਦਕਿ ਤਾਰਾ ਦੀ ਭੂਮਿਕਾ ਮੋਨਿਕਾ/ਰਚਨਾ ਨੇ ਅਦਾ ਕੀਤੀ। ਹੋਰ ਕਲਾਕਾਰਾਂ ਨੇ ਵੀ ਵੱਖ-ਵੱਖ ਪਾਤਰਾਂ ਰਾਹੀਂ ਮੰਚਨ ਨੂੰ ਪ੍ਰਭਾਵਸ਼ਾਲੀ ਬਣਾਇਆ।

ਸ਼੍ਰੀ ਰਾਮਲੀਲਾ ਅਤੇ ਦੁਸਹਿਰਾ ਕਮੇਟੀ ਦੇ ਪ੍ਰਧਾਨ ਆਸ਼ੂ ਸੂਦ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਰਾਮਲੀਲਾ ਦਾ ਮੰਚਨ 19 ਅਕਤੂਬਰ ਤੱਕ ਜਾਰੀ ਰਹੇਗਾ, ਜਦਕਿ 20 ਅਕਤੂਬਰ ਨੂੰ ਵਿਜੈਦਸ਼ਮੀ ਦਾ ਤਿਉਹਾਰ ਮਨਾਇਆ ਜਾਵੇਗਾ। ਕਮੇਟੀ ਨੇ ਸ਼ਹਿਰ ਵਾਸੀਆਂ ਨੂੰ ਪਰਿਵਾਰ ਸਮੇਤ ਪਹੁੰਚ ਕੇ ਰਾਮਲੀਲਾ ਦੇਖਣ ਅਤੇ ਭਾਰਤੀ ਧਾਰਮਿਕ ਤੇ ਸੱਭਿਆਚਾਰਕ ਪਰੰਪਰਾਵਾਂ ਨਾਲ ਜੁੜਨ ਦੀ ਅਪੀਲ ਕੀਤੀ ਹੈ। ਇਸ ਮੌਕੇ ਰਮਨ ਸ਼ਾਲੀ, ਅਭਿਸ਼ੇਕ ਠਾਕੁਰ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਵੀ ਮੌਜੂਦ ਸਨ।
Share this content:



Post Comment