ਸ਼ਹੀਦੀ ਦਿਹਾੜੇ ’ਤੇ ਵਿਸ਼ੇਸ਼ : ਸੂਰਬੀਰ ਜਰਨੈਲ ਸ. ਹਰੀ ਸਿੰਘ ਨਲੂਆ
ਸਿੱਖ ਇਤਿਹਾਸ ਦੇ ਕੁਰਬਾਨੀ ਅਤੇ ਵੀਰਤਾ ਦੇ ਸੁਨਹਿਰੀ ਪੰਨਿਆਂ ਉੱਪਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੇ ਸੂਰਬੀਰ ਜਰਨੈਲ ਸ. ਹਰੀ ਸਿੰਘ ਨਲੂਆ ਦੀ ਅਦੁੱਤੀ ਬਹਾਦਰੀ ਦਾ ਜ਼ਿਕਰ ਬੜੇ ਸਤਿਕਾਰ ਨਾਲ ਦਰਜ ਹੈ। ਇਸ ਮਹਾਨ ਜਰਨੈਲ ਦਾ ਜਨਮ 1791 ਈ. ਵਿਚ ਗੁਜਰਾਂਵਾਲਾ ਨਿਵਾਸੀ ਸ. ਗੁਰਦਿਆਲ ਸਿੰਘ ਦੇ ਗ੍ਰਹਿ ਵਿਖੇ ਬੀਬੀ ਧਰਮ ਕੌਰ ਦੀ ਕੁੱਖ ਤੋਂ ਹੋਇਆ। ਉਨ੍ਹਾਂ ਦੇ ਦਾਦਾ ਸ. ਹਰਦਾਸ ਸਿੰਘ 1762 ਈ. ਵਿਚ ਅਹਿਮਦ ਸ਼ਾਹ ਦੁਰਾਨੀ ਦੀ ਫ਼ੌਜ ਨਾਲ ਹੋਈ ਗਹਿਗੱਚ ਲੜਾਈ ਵਿਚ ਸ਼ਹੀਦੀ ਜਾਮ ਪੀ ਗਏ ਸਨ।
ਸੱਤ ਸਾਲ ਦੀ ਬਾਲੜੀ ਉਮਰ ਵਿਚ ਹੀ ਉਨ੍ਹਾਂ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ। ਨਾਨਕੇ ਪਰਿਵਾਰ ਵਿਚ ਆਪਣੇ ਮਾਮੇ ਕੋਲ ਰਹਿ ਕੇ ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖੇ। ਉਨ੍ਹਾਂ ਨੂੰ ਘੁੜਸਵਾਰੀ ਅਤੇ ਸ਼ਸਤਰ ਵਿੱਦਿਆ ਹਾਸਲ ਕਰਨ ਦੀ ਤਮੰਨਾ ਬਚਪਨ ਤੋਂ ਹੀ ਸੀ। ਉਨ੍ਹਾਂ ਨੇ ਜਵਾਨੀ ਵਿਚ ਪੈਰ ਧਰਨ ਤੋਂ ਪਹਿਲਾਂ ਹੀ 15 ਸਾਲ ਦੀ ਉਮਰ ਵਿਚ ਬਿਨਾਂ ਕਿਸੇ ਚੰਗੀ ਸਿਖਲਾਈ ਤੋਂ ਯੁੱਧ ਨੀਤੀ ਵਿਚ ਨਿਪੁੰਨਤਾ ਹਾਸਲ ਕਰ ਲਈ ।
ਸਿੱਖ ਇਤਿਹਾਸ ਦੇ ਪੰਨੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਖ਼ਾਲਸਾ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਬਸੰਤ ਪੰਚਮੀ ਵਾਲੇ ਦਿਨ ਵਿਸ਼ੇਸ਼ ਦਰਬਾਰ ਲਾ ਕੇ ਹੋਣਹਾਰ ਨੌਜਵਾਨਾਂ ਦੀ ਸਰੀਰਕ ਤਾਕਤ ਨੂੰ ਪਰਖਣ ਲਈ ਬਹਾਦਰੀ, ਸ਼ਸਤਰ ਵਿੱਦਿਆ ਅਤੇ ਘੁੜਸਵਾਰੀ ਵਿਚ ਸਖ਼ਤ ਮਿਹਨਤ ਕਰਨ ਵਾਲੇ ਨੌਜਵਾਨਾਂ ਦੇ ਮੁਕਾਬਲੇ ਕਰਵਾਇਆ ਕਰਦੇ ਸਨ। ਸੰਨ 1805 ਵਿਚ ਲਾਹੌਰ ਦੀ ਧਰਤੀ ’ਤੇ ਹੋਏ ਇਕ ਬਸੰਤ ਦਰਬਾਰ ਵਿਚ ਸ. ਹਰੀ ਸਿੰਘ ਨੂੰ ਵੀ ਆਪਣੀ ਤਾਕਤ ਅਤੇ ਹਥਿਆਰ ਚਲਾਉਣ ਦੀ ਕਲਾ ਦੇ ਕਰਤੱਬ ਦਿਖਾਉਣ ਦਾ ਮੌਕਾ ਮਿਲ ਗਿਆ।
ਇਥੇ ਹੀ ਬਹਾਦਰੀ ਤੇ ਕਲਾ ਦੇ ਜੌਹਰ ਦਿਖਾਉਂਦਿਆਂ ਉਨ੍ਹਾਂ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਛਾਤੀ ਨਾਲ ਲਾ ਕੇ ਬੱਚਿਆਂ ਵਾਂਗ ਪਿਆਰ ਦਿੱਤਾ ਅਤੇ ਬੇਸ਼ਕੀਮਤੀ ਕੈਂਠਾ ਪਹਿਨਾਇਆ। ਨਾਲ ਹੀ 15 ਕੁ ਸਾਲ ਦੀ ਉਮਰ ਵਿਚ ਹੀ ਆਪਣੀ ਨਿੱਜੀ ਫ਼ੌਜ ਵਿਚ ਸ਼ਾਮਲ ਕਰ ਲਿਆ। ਇਕ ਵਾਰ ਸ. ਹਰੀ ਸਿੰਘ ਮਹਾਰਾਜੇ ਨਾਲ ਸ਼ੇਰ ਦਾ ਸ਼ਿਕਾਰ ਕਰਨ ਗਏ। ਉਨ੍ਹਾਂ ਨੇ ਸ਼ੇਰ ਦਾ ਸ਼ਿਕਾਰ ਕਰਨ ਸਮੇਂ ਬੜੀ ਫੁਰਤੀ ਨਾਲ ਸ਼ੇਰ ਨੂੰ ਮਾਰ ਮੁਕਾਇਆ। ਮਹਾਰਾਜੇ ਨੇ ਉਨ੍ਹਾਂ ਦੀ ਬਹਾਦਰੀ ਅਤੇ ਸੂਰਬੀਰਤਾ ਨੂੰ ਦੇਖ ਕੇ ਉਸ ਨੂੰ ਨਲ ਦਾ ਖ਼ਿਤਾਬ ਦਿੱਤਾ। ਕਿਉਂਕਿ ਹਿੰਦੁਸਤਾਨ ਦੇ ਇਤਿਹਾਸ ਵਿਚ ਰਾਜਾ ਨਲ ਜਿਸ ਨਿੱਡਰਤਾ ਨਾਲ ਸ਼ੇਰ ਦਾ ਸ਼ਿਕਾਰ ਕਰਦਾ ਸੀ, ਉਹੋ ਜਿਹੀ ਨਿਡਰਤਾ ਤੇ ਸੂਰਬੀਰਤਾ ਸ. ਹਰੀ ਸਿੰਘ ਨੇ ਦਿਖਾਈ ਸੀ।
ਇਸ ਘਟਨਾ ਤੋਂ ਪਿੱਛੋਂ ਨਲ ਜਾਂ ਨਲਵਾ ਸ਼ਬਦ ਪੱਕੇ ਤੌਰ ’ਤੇ ਇਸ ਮਹਾਨ ਜਰਨੈਲ ਨਾਲ ਜੁੜ ਗਿਆ। ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨਾਲ ਅਨੇਕਾਂ ਯੁੱਧਾਂ ਵਿਚ ਸ. ਹਰੀ ਸਿੰਘ ਨੇ ਆਪਣੀ ਬਹਾਦਰੀ ਦੇ ਜੌਹਰ ਦਿਖਾਏ। ਸੰਨ 1807 ਕਸੂਰ ਦੀ ਲੜਾਈ ਅਤੇ 1810 ਈ. ਵਿਚ ਸਿਆਲਕੋਟ ਦੀ ਲੜਾਈ ਵਿਚ ਆਪਣੀ ਯੁੱਧ ਕਲਾ ਵਾਲੀ ਪ੍ਰਪੱਕਤਾ ਦਾ ਸਬੂਤ ਸ. ਹਰੀ ਸਿੰਘ ਨੇ ਪ੍ਰਤੱਖ ਰੂਪ ਵਿੱਚ ਦਿੱਤਾ। ਇਸੇ ਸਾਲ ਮੁਲਤਾਨ ਨੂੰ ਫ਼ਤਹਿ ਕਰਨ ਸਮੇਂ ਉਸ ਨੂੰ ਗਹਿਰੇ ਜ਼ਖ਼ਮ ਵੀ ਲੱਗੇ। ਸੰਨ 1813 ਈ. ਵਿਚ ਹਜ਼ਾਰਾ ਵਿਚ ਪਠਾਣਾਂ ਨਾਲ ਯੁੱਧ ਹੋਇਆ। ਸੰਨ 1815 ਈ. ਵਿਚ ਪਹਾੜੀ ਇਲਾਕਿਆਂ ਨੂੰ ਫ਼ਤਹਿ ਕਰਨ ਤੋਂ ਪਿੱਛੋਂ ਕਸ਼ਮੀਰ ਵਿਚ ਜਿੱਤ ਦਾ ਪਰਚਮ ਲਹਿਰਾਇਆ। ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਨ੍ਹਾਂ ਨੂੰ ਇਥੋਂ ਦਾ ਗਵਰਨਰ ਨਿਯੁਕਤ ਕੀਤਾ।
ਇਸ ਤੋਂ ਬਾਅਦ 1821 ਈ. ਵਿਚ ਹਜ਼ਾਰਾ ਇਲਾਕੇ ਦੇ ਖੂੰਖਾਰ ਅਫ਼ਗਾਨਾਂ ਨੂੰ ਪੱਕੇ ਤੌਰ ’ਤੇ ਨੇਸਤੋ-ਨਾਬੂਦ ਕਰ ਕੇ ਗਵਰਨਰ ਬਣੇ। ਇਸ ਤੋਂ ਬਾਅਦ ਆਪਣੇ ਨਾਂਅ ’ਤੇ ਹਰੀ ਨਗਰ ਵੀ ਵਸਾਇਆ। ਫਿਰ ਅਟਕ ਦਰਿਆ ਦੇ ਪਾਰਲੇ ਇਲਾਕੇ ਨੂੰ ਫ਼ਤਹਿ ਕੀਤਾ। ਸੰਨ 1834 ਈ. ਵਿਚ ਪਿਸ਼ਾਵਰ ਨੂੰ ਜਿੱਤ ਕੇ ਇਥੇ ਵੀ ਸਥਾਈ ਤੌਰ ’ਤੇ ਸਿੱਖ ਰਾਜ ਕਾਇਮ ਕੀਤਾ। ਇਥੇ ਵੀ ਗਵਰਨਰ ਦੀ ਡਿਊਟੀ ਸ. ਨਲੂਆ ਨੇ ਹੀ ਨਿਭਾਈ। ਉਨ੍ਹਾਂ ਨੇ ਪਿਸ਼ਾਵਰ ਦੇ ਇਰਦ-ਗਿਰਦ ਕੱਟੜ ਸ਼ਰਈ ਪਠਾਣਾਂ ਨੂੰ ਸੋਧ ਕੇ ਈਨ ਮੰਨਣ ਲਈ ਮਜਬੂਰ ਕੀਤਾ। ਸੰਨ 1837 ਵਿਚ ਮੁਹੰਮਦ ਖ਼ਾਨ ਨੇ ਸਿੱਖਾਂ ਵਿਰੁੱਧ ਜਹਾਦ ਛੇੜਿਆ ਅਤੇ ਜਮਰੌਦ ਦੇ ਕਿਲ੍ਹੇ ਉੱਤੇ ਹਮਲਾ ਕਰ ਦਿੱਤਾ। ਇਸ ਹਮਲੇ ਦੀ ਅਗਵਾਈ ਇਸ ਦਾ ਪੁੱਤਰ ਅਕਬਰ ਖ਼ਾਨ ਕਰ ਰਿਹਾ ਸੀ। ਸਿੱਖ ਫ਼ੌਜਾਂ ਦੇ ਜਰਨੈਲ ਸ. ਹਰੀ ਸਿੰਘ ਸਨ। ਇੱਥੇ ਵੀ ਉਨ੍ਹਾਂ ਨੇ ਅਫ਼ਗਾਨਾਂ ਨੂੰ ਬੁਰੀ ਤਰ੍ਹਾਂ ਸ਼ਿਕਸਤ ਦਿੱਤੀ। ਉਨ੍ਹਾਂ ਦਾ ਪਿੱਛਾ ਕਰਦਿਆਂ ਇਕ ਪਹਾੜੀ ਗੁਫ਼ਾ ਵਿਚ ਲੁਕੇ ਪਠਾਣਾਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲੀ ਸ. ਹਰੀ ਸਿੰਘ ਨਲੂਆ ਦੀ ਛਾਤੀ ਵਿਚ ਤੇ ਦੂਜੀ ਵੱਖੀ ਵਿਚ ਲੱਗੀ। ਉਹ ਆਪਣੇ ਆਪ ਨੂੰ ਜ਼ਖ਼ਮੀ ਹਾਲਤ ਵਿਚ ਸੰਭਾਲ ਕੇ ਘੋੜਾ ਜਮਰੌਦ ਦੇ ਕਿਲ੍ਹੇ ਵਿਚ ਲੈ ਗਏ।
Share this content:



Post Comment