Loading Now

ਸਰਸਾ ਨਦੀ ਦੇ ਪ੍ਰਦੂਸ਼ਣ ਨਾਲ ਰੂਪਨਗਰ ਰਾਮਸਰ ਵੈੱਟਲੈਂਡ ’ਤੇ ਮੰਡਰਾਇਆ ਖ਼ਤਰਾ

ਸਰਸਾ ਨਦੀ ਦੇ ਪ੍ਰਦੂਸ਼ਣ ਨਾਲ ਰੂਪਨਗਰ ਰਾਮਸਰ ਵੈੱਟਲੈਂਡ ’ਤੇ ਮੰਡਰਾਇਆ ਖ਼ਤਰਾ

ਚੰਡੀਗੜ੍ਹ, 28 ਅਗਸਤ – ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸੋਲਨ ਅਧੀਨ ਆਉਂਦੇ ਬੱਡੀ ਸਨਅਤੀ ਖੇਤਰ ਦੇ ਤੇਜ਼ੀ ਨਾਲ ਹੋਏ ਵਿਕਾਸ ਨੇ ਨੇੜਲੇ ਪਿੰਡਾਂ ਲਈ ਗੰਭੀਰ ਵਾਤਾਵਰਣਕ ਅਤੇ ਜਲ ਸੰਕਟ ਪੈਦਾ ਕਰ ਦਿੱਤਾ ਹੈ। 3,256 ਹੈਕਟੇਅਰ ਖੇਤਰ ਵਿੱਚ ਕੀਤੇ ਗਏ ਇੱਕ ਨਵੇਂ ਵਾਟਰਸ਼ੈੱਡ ਅਧਿਐਨ ਤੋਂ ਖੁਲਾਸਾ ਹੋਇਆ ਹੈ ਕਿ ਬੱਡੀ ਦੇ ਉਦਯੋਗਾਂ ਵੱਲੋਂ ਧਰਤੀ ਹੇਠਲੇ ਪਾਣੀ ਦੀ ਅੰਨ੍ਹੇਵਾਹ ਵਰਤੋਂ ਨਾਲ ਨੇੜਲੇ 21 ਪਿੰਡਾਂ ਦਾ ਪਾਣੀ ਸੁੱਕ ਰਿਹਾ ਹੈ ਅਤੇ ਇੱਥੋਂ ਨਿਕਲਦਾ ਜ਼ਹਿਰੀਲਾ ਉਦਯੋਗਿਕ ਕੂੜਾ ਸਰਸਾ ਨਦੀ ਰਾਹੀਂ ਪੰਜਾਬ ਦੇ ਇਤਿਹਾਸਕ ਰੂਪਨਗਰ (ਰੋਪੜ) ਰਾਮਸਰ ਵੈੱਟਲੈਂਡ ਨੂੰ ਲਗਾਤਾਰ ਪ੍ਰਦੂਸ਼ਿਤ ਕਰ ਰਹਾ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਦੇ ਖੇਤਰੀ ਖੋਜ ਕੇਂਦਰ ਦੇ ਸਾਬਕਾ ਡਾਇਰੈਕਟਰ ਡਾ. ਐੱਸ. ਐੱਸ. ਗਰੇਵਾਲ ਵੱਲੋਂ ਕੀਤੇ ਗਏ ਇਸ ਅਧਿਐਨ ਅਨੁਸਾਰ, ਉਦਯੋਗਾਂ ਵੱਲੋਂ ਲਗਾਏ ਗਏ ਡੂੰਘੇ ਬੋਰਵੈੱਲਾਂ ਕਾਰਨ ਪਿਛਲੇ 15 ਸਾਲਾਂ ਦੌਰਾਨ ਕਿਸਾਨਾਂ ਦੇ ਖੇਤੀਬਾੜੀ ਵਾਲੇ ਟਿਊਬਵੈੱਲਾਂ ਦਾ ਪਾਣੀ 8 ਤੋਂ 25 ਮੀਟਰ ਤੱਕ ਹੇਠਾਂ ਡਿੱਗ ਗਿਆ ਹੈ। ਸਾਲਾਨਾ ਵਾਟਰ-ਬੈਲੇਂਸ ਦੀ ਗਣਨਾ ਅਨੁਸਾਰ, ਖੇਤਰ ਵਿੱਚ 1,014 ਹੈਕਟੇਅਰ-ਮੀਟਰ ਪਾਣੀ ਦੀ ਰੀਚਾਰਜਿੰਗ ਦੇ ਮੁਕਾਬਲੇ 1,278 ਹੈਕਟੇਅਰ-ਮੀਟਰ ਪਾਣੀ ਕੱਢਿਆ ਜਾ ਰਿਹਾ ਹੈ, ਜਿਸ ਨਾਲ ਹਰ ਸਾਲ 264 ਹੈਕਟੇਅਰ-ਮੀਟਰ ਪਾਣੀ ਦਾ ਵੱਡਾ ਘਾਟਾ ਪੈ ਰਿਹਾ ਹੈ। ਦਸੌਰਾ, ਕੋਟਲਾ ਅਤੇ ਝਾੜਮਾਜਰੀ ਵਰਗੇ ਪਿੰਡਾਂ ਵਿੱਚ ਕਿਸਾਨਾਂ ਦੇ ਬੋਰਵੈੱਲ ਸੁੱਕ ਚੁੱਕੇ ਹਨ।

ਪ੍ਰਦੂਸ਼ਣ ਦੇ ਮਾਮਲੇ ’ਚ ਰਿਪੋਰਟ ਦੱਸਦੀ ਹੈ ਕਿ ਕੋਟਲਾ ਚੋਅ ਅਤੇ ਬਾਲਦ ਨਦੀ ਰਾਹੀਂ ਆਰਸੈਨਿਕ, ਲੀਡ, ਕੈਡਮੀਅਮ, ਨਿਕਲ ਅਤੇ ਬੇਰੀਅਮ ਵਰਗੀਆਂ ਭਾਰੀ ਧਾਤਾਂ ਵਾਲਾ ਕਾਲਾ ਤੇ ਬਦਬੂਦਾਰ ਪਾਣੀ ਸਰਸਾ ਨਦੀ ਵਿੱਚ ਡਿੱਗ ਰਿਹਾ ਹੈ। ਅੰਦਾਜ਼ੇ ਮੁਤਾਬਕ ਉਦਯੋਗਿਕ ਕੂੜੇ ਦਾ ਮਹਿਜ਼ 10 ਫੀਸਦੀ ਹਿੱਸਾ ਹੀ ਸੋਧਿਆ ਜਾਂਦਾ ਹੈ। ਇਹ ਪ੍ਰਦੂਸ਼ਣ ਸਿੱਧਾ ਸਤਲੁਜ ਨਦੀ ਅਤੇ ਰੂਪਨਗਰ ਰਾਮਸਰ ਵੈੱਟਲੈਂਡ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਵੱਡੀ ਗਿਣਤੀ ’ਚ ਮੱਛੀਆਂ ਅਤੇ ਪਰਵਾਸੀ ਪੰਛੀ ਮਾਰੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ (PPCB) ਨੇ ਹਿਮਾਚਲ ਅਤੇ ਹਰਿਆਣਾ ਦੇ ਬੋਰਡਾਂ ਨੂੰ ਪੱਤਰ ਲਿਖ ਕੇ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸ ਸਨਅਤੀ ਵਿਕਾਸ ਨੇ ਸਥਾਨਕ ਅਰਥਚਾਰੇ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ। ਦਾਲਾਂ, ਤੇਲਬੀਜ ਅਤੇ ਮੱਕੀ-ਕਣਕ ਦੀ ਖੇਤੀ ਲਗਭਗ ਖ਼ਤਮ ਹੋ ਗਈ ਹੈ। ਸਥਾਨਕ ਲੋਕਾਂ ਨੂੰ ਫੈਕਟਰੀਆਂ ਵਿੱਚ ਰੁਜ਼ਗਾਰ ਘੱਟ ਮਿਲਣ ਕਾਰਨ ਲੋਕ ਜ਼ਮੀਨਾਂ ਵੇਚ ਕੇ ਕਿਰਾਏ ਦੇ ਮਕਾਨ ਜਾਂ ਵਾਟਰ ਟੈਂਕਰਾਂ ਦੇ ਕਾਰੋਬਾਰ ਵੱਲ ਮੁੜ ਰਹੇ ਹਨ।

Share this content:

Post Comment