Loading Now

ਕਾਂਗਰਸ ਨੇ 1984 ਦੇ ਦੰਗਿਆਂ ਲਈ ਮੁਆਫ਼ੀ ਨਹੀਂ ਮੰਗੀ: ਨਾਇਬ ਸੈਣੀ

ਕਾਂਗਰਸ ਨੇ 1984 ਦੇ ਦੰਗਿਆਂ ਲਈ ਮੁਆਫ਼ੀ ਨਹੀਂ ਮੰਗੀ: ਨਾਇਬ ਸੈਣੀ

ਹਰਿਆਣਾ, 28 ਅਗਸਤ – ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਸਾਲ 1984 ਦੇ ਦੰਗਿਆਂ ਲਈ ਕਾਂਗਰਸ ਨੇ ਹਾਲੇ ਤੱਕ ਮੁਆਫ਼ ਨਹੀਂ ਮੰਗੀ। ਉਨ੍ਹਾਂ ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਸੂਬੇ ਵਿੱਚ ਵਿਧਾਇਕ ਅਦਿਤਿਆ ਦੇਵੀ ਲਾਲ ਅਤੇ ਅਰਜੁਨ ਚੌਟਾਲਾ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ’ਤੇ ਲਿਆਂਦੇ ਧਿਆਨ ਦਿਵਾਉ ਮਤੇ ’ਤੇ ਵਿਚਾਰ ਰੱਖਦਿਆਂ ਕੀਤਾ। ਉਨ੍ਹਾਂ ਕਿਹਾ ਕਿ 1984 ਦੇ ਦੰਗਿਆ ਨੂੰ ਯਾਦ ਕਰਦਿਆਂ ਅੱਜ ਵੀ ਰੂਹ ਕੰਬ ਜਾਂਦੀ ਹੈ। ਉਸ ਸਮੇਂ ਲੋਕਾਂ ਨਾਲ ਕਿਵੇੇਂ ਧੱਕੇਸ਼ਾਹੀ ਕੀਤੀ ਗਈ। ਲੋਕਾਂ ਦੇ ਗਲ ਵਿੱਚ ਟਾਇਰ ਪਾ ਕੇ ਸਾੜਿਆ ਗਿਆ, ਜਿਸ ਕਰਕੇ ਵੱਡੀ ਗਿਣਤੀ ਲੋਕਾਂ ਦੀ ਜਾਨ ਚਲੀ ਗਈ। ਕਾਂਗਰਸ ਨੇ 1984 ਦੇ ਦੰਗਿਆਂ ਲਈ ਹਾਲੇ ਤੱਕ ਮੁਆਫ਼ ਨਹੀਂ ਮੰਗੀ, ਜਦੋਂ ਕਿ ਕਾਂਗਰਸ ਦੇ ਆਗੂਆਂ ਵੱਲੋਂ ਦੰਗਿਆਂ ਨਾਲ ਜੁੜੇ ਵਿਅਕਤੀਆਂ ਨੂੰ ਰੋਲ ਮਾਡਲ ਦੱਸਿਆ ਜਾ ਰਿਹਾ। ਇਹ 1984 ਦੇ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਵਾਂਗ ਹੈ। ਕਾਂਗਰਸੀ ਆਗੂ ਜਿਸ ਨੂੰ ਰੋਲ ਮਾਡਲ ਦੱਸ ਰਹੇ ਹਨ। ਰਾਹੁਲ ਗਾਂਧੀ ਅਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੂੰ ਉਸ ਦੀ ਤਸਵੀਰ ਆਪਣੇ ਘਰ ਦੇ ਅੰਦਰ ਤੇ ਬਾਹਰ ਲਾਉਣੀ ਚਾਹੀਦੀ ਹੈ।

ਇਸ ਤੋਂ ਪਹਿਲਾਂ ਹਰਿਆਣਾ ਵਿਧਾਨ ਸਭਾ ਦਾ ਇਜਲਾਸ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਵਿਧਾਇਕਾਂ ਨੇ ਹੰਗਾਮਾ ਕੀਤਾ। ਕਾਂਗਰਸੀ ਵਿਧਾਇਕਾਂ ਦੇ ਹੰਗਾਮੇ ਕਰਕੇ ਵਿਧਾਨ ਸਭਾ ਦਾ ਪ੍ਰਸ਼ਨ ਕਾਲ ਤੇ ਸਿਫ਼ਰ ਕਾਲ ਵੀ ਹੰਗਾਮੇ ਦੀ ਭੇਟ ਚੜ੍ਹ ਗਿਆ। ਅੱਜ ਕਾਂਗਰਸ ਦੇ ਵਿਧਾਇਕ ਕਾਲੇ ਕੱਪੜੇ ਪਾ ਕੇ ਵਿਧਾਨ ਸਭਾ ਪਹੁੰਚੇ, ਜਿਨ੍ਹਾਂ ਨੇ ਵਿਧਾਨ ਸਭਾ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਤਖ਼ਤੀਆਂ ਲੈ ਕੇ ਵਿਧਾਨ ਸਭਾ ਵਿੱਚ ਦਾਖਲ ਹੋ ਕੇ ਕਾਂਗਰਸੀ ਵਿਧਾਇਕਾਂ ਨੂੰ ਸੁਰੱਖਿਆ ਕਰਮੀਆਂ ਨੇ ਰੋਕਿਆਂ ਤਾਂ ਕਾਂਗਰਸੀ ਵਿਧਾਇਕ ਅਤੇ ਸੁਰੱਖਿਆ ਕਰਮੀਆਂ ਵਿਚਕਾਰ ਖਿੱਚ-ਧੂਹ ਹੋਈ। ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਤੇ ਹੋਰਨਾਂ ਕਾਂਗਰਸੀ ਵਿਧਾਇਕਾਂ ਨੇ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਵਿਧਾਨ ਸਭਾ ਵਿੱਚ ਦਾਖਲ ਹੋਣ ਸਮੇਂ ਸੁਰੱਖਿਆ ਕਰਮੀਆਂ ’ਤੇ ਕਾਂਗਰਸੀ ਵਿਧਾਇਕਾਂ ਨੂੰ ਧੱਕੇ ਮਾਰਨ ਦੇ ਦੋਸ਼ ਲਗਾਏ। ਕਾਂਗਰਸੀ ਵਿਧਾਇਕਾਂ ਨੇ ਧੱਕੇ ਮਾਰਨ ਦੇ ਮੁੱਦੇ ਨੂੰ ਲੈ ਕੇ ਇਨਸਾਫ਼ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ।

ਸਪੀਕਰ ਨੇ 8 ਕਾਂਗਰਸੀ ਵਿਧਾਇਕਾਂ ਨੂੰ ਮੁਅੱਤਲ ਕੀਤਾ

ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਵਿਧਾਨ ਸਭਾ ਸਪੀਕਰ ਹਰਵਿੰਦਰ ਸਿੰਘ ਕਲਿਆਣ ਨੇ 8 ਕਾਂਗਰਸੀ ਵਿਧਾਇਕਾਂ ਨੂੰ ਇਕ ਦਿਨ ਦੀ ਕਾਰਵਾਈ ਤੋਂ ਮੁਅੱਤਲ ਕਰ ਦਿੱਤਾ। ਇਸ ਵਿੱਚ ਕਾਂਗਰਸੀ ਵਿਧਾਇਕ ਇੰਦੂਰਾਜ ਨਰਵਾਲ, ਸ਼ਕੂੰਤਲਾ ਖਟਕ, ਵਿਕਾਸ ਸਾਰੰਗ, ਦੇਵੇਂਦਰ ਹੰਸ, ਬਲਵਾਨ ਡਾਂਗੀ, ਗੋਕੁੱਲ ਸੇਤੀਆ, ਜੱਸੀ ਪਟਵਾਲ ਦੇ ਨਾਮ ਸ਼ਾਮਲ ਹਨ। ਸਪੀਕਰ ਨੇ ਕਿਹਾ ਕਿ ਇਨ੍ਹਾਂ ਵਿਧਾਇਕਾਂ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਧਰ ਕਾਂਗਰਸੀ ਵਿਧਾਇਕਾਂ ਦੇ ਬਾਹਰ ਨਾ ਜਾਣ ’ਤੇ ਮਾਰਸ਼ਲਾਂ ਵੱਲੋਂ ਜਬਰੀ ਉਨ੍ਹਾਂ ਨੂੰ ਵਿਧਾਨ ਸਭਾ ਤੋਂ ਬਾਹਰ ਭੇਜਿਆ ਗਿਆ।

ਹਰਿਆਣਾ ਵਿਧਾਨ ਸਭਾ ਦੇ ਬਾਹਰ ਕਾਂਗਰਸ ਦਾ ਪ੍ਰਦਰਸ਼ਨ

ਹਰਿਆਣਾ ਵਿਧਾਨ ਸਭਾ ਦੇ ਮੌਨਸੂਨ ਇਜਲਾਸ ਦੇ ਪਹਿਲੇ ਦਿਨ ਹਰਿਆਣਾ ਕਾਂਗਰਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਦੇ ਬਾਹਰ ਚੰਦਾ ਚੋਰੀ, ਜੰਤਰ-ਮੰਤਰ ’ਤੇ ਹੋਏ ਲਾਠੀਚਾਰਜ ਅਤੇ ਹੋਰਨਾਂ ਮੁੱਦਿਆਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸੀ ਵਿਧਾਇਕ ਕਾਲੇ ਕੱਪੜੇ ਪਾ ਕੇ ਹਾਈ ਕੋਰਟ ਵਾਲੇ ਚੌਕ ਤੋਂ ਪੈਦਲ ਮਾਰਚ ਕਰਦੇ ਹੋਏ ਵਿਧਾਨ ਸਭਾ ਪੁੱਜੇ। ਕਾਂਗਰਸੀ ਵਿਧਾਇਕਾਂ ਨੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਅਤੇ ਹਰਿਆਣਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਸੁਰੱਖਿਆ ਕਰਮੀਆਂ ਨੇ ਕਾਂਗਰਸੀ ਵਿਧਾਇਕਾਂ ਨੂੰ ਬੈਰੀਕੇਡ ਲਗਾ ਕੇ ਤਖ਼ਤੀਆਂ ਨਾਲ ਅੰਦਰ ਜਾਉਣ ਤੋਂ ਰੋਕ ਦਿੱਤਾ, ਜਿਸ ਦਾ ਕਾਂਗਰਸੀ ਵਿਧਾਇਕਾਂ ਨੇ ਵਿਰੋਧ ਕੀਤਾ ਤਾਂ ਹਾਲਾਤ ਟਕਰਾਅ ਵਾਲੇ ਬਣ ਗਏ। ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਆਗੂ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਦਿੱਲੀ ਜੰਤਰ-ਮੰਤਰ ’ਤੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ ਕੀਤਾ ਗਿਆ। ਅੱਜ ਵਿਧਾਨ ਸਭਾ ਦੇ ਬਾਹਰ ਕਾਂਗਰਸੀ ਵਿਧਾਇਕਾਂ ਨੂੰ ਧੱਕੇ ਮਾਰੇ ਗਏ।

Share this content:

Post Comment