Loading Now

ਸਰਕਾਰੀ ਜਨਮ ਦਿਨ

ਸਰਕਾਰੀ ਜਨਮ ਦਿਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 76ਵਾਂ ਜਨਮ ਦਿਨ 17 ਸਤੰਬਰ ਨੂੰ ਦੇਸ਼-ਭਰ ਵਿੱਚ ਵੱਡੇ ਪੱਧਰ ‘ਤੇ ਮਨਾਇਆ ਗਿਆ। ਇਸ ਸਾਲ ਜਨਮ ਦਿਨ ਨੂੰ ਪ੍ਰਧਾਨ ਮੰਤਰੀ ਦੇ ਜਨਤਕ ਜੀਵਨ ਦੇ 25 ਸਾਲਾਂ ਨਾਲ ਵੀ ਜੋੜਿਆ ਗਿਆ ਹੈ। ਭਾਜਪਾ ਨੇ 17 ਸਤੰਬਰ ਤੋਂ 17 ਅਕਤੂਬਰ ਤੱਕ ਇੱਕ ਮਹੀਨਾ ਚੱਲਣ ਵਾਲਾ ‘ਸੇਵਾ ਸੰਕਲਪ ਅਭਿਆਨ’ ਚਲਾਉਣ ਦੀ ਯੋਜਨਾ ਬਣਾਈ ਹੈ। ਕਈ ਭਾਜਪਾ ਸ਼ਾਸਤ ਰਾਜਾਂ ਨੇ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਮਨਾਉਣ ਲਈ ਸਰਕਾਰ ਪੱਧਰੀ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ 17 ਸਤੰਬਰ ਤੋਂ 17 ਅਕਤੂਬਰ ਤੱਕ ਖੂਨਦਾਨ ਕੈਂਪ, ਸਿਹਤ ਕੈਂਪ, ਮਜ਼ਦੂਰ ਰਜਿਸਟ੍ਰੇਸ਼ਨ, ਸਫਾਈ ਅਤੇ ਰੁੱਖ ਲਗਾਉਣ ਵਰਗੇ ਪ੍ਰੋਗਰਾਮ ਉਲੀਕੇ ਹਨ। ਇਸ ਸਮੇਂ ਦੌਰਾਨ ਲੱਗਭੱਗ 13,820 ਕਰੋੜ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਜਾਂ ਨੀਂਹ ਪੱਥਰ ਵੀ ਰੱਖਿਆ ਜਾਵੇਗਾ। ਮੋਦੀ ਦੇ ਜਨਤਕ ਜੀਵਨ ਦੇ ਸਾਲਾਂ ਨੂੰ ਸਰਕਾਰੀ ਪ੍ਰਚਾਰ ਮੁਹਿੰਮ ਨਾਲ ਜੋੜਨ ਦਾ ਇਹ ਪਹਿਲਾ ਮਾਮਲਾ ਨਹੀਂ। ਗੁਜਰਾਤ ਸਰਕਾਰ ਨੇ 2024 ਵਿੱਚ ਮੋਦੀ ਦੇ ਜਨਤਕ ਜੀਵਨ ਦੇ 23 ਸਾਲਾਂ ਨੂੰ ਮਨਾਉਣ ਦੀ ਮੁਹਿੰਮ ਤਹਿਤ ਪ੍ਰਿੰਟ, ਇਲੈਕਟ੍ਰਾਨਿਕ, ਡਿਜੀਟਲ ਅਤੇ ਸੋਸ਼ਲ ਮੀਡੀਆ ‘ਤੇ ਇਸ਼ਤਿਹਾਰ ਦੇ ਕੇ 8.81 ਕਰੋੜ ਖਰਚ ਕੀਤੇ ਸਨ। ਹਰਿਆਣਾ ਦੇ ਰੋਹਤਕ ਵਿੱਚ ਸਰਕਾਰੀ ਪੀ ਜੀ ਆਈ ਐੱਮ ਐੱਸ ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਲੱਗਭੱਗ 10,000 ਦੀਵੇ ਜਗਾਉਣ ਦੀ ਤਿਆਰੀ ਕਰ ਰਿਹਾ ਸੀ। ਸਰਕਾਰੀ ਸੰਸਥਾਵਾਂ ਅਤੇ ਸਰਕਾਰੀ ਕਰਮਚਾਰੀ ਵੀ ਪ੍ਰਧਾਨ ਮੰਤਰੀ ਦੇ ਜਨਮ ਦਿਨ ਨਾਲ ਸੰਬੰਧਤ ਸਮਾਗਮਾਂ ਵਿੱਚ ਹਿੱਸਾ ਲੈਂਦੇ ਦਿਖਾਈ ਦੇ ਰਹੇ ਹਨ।

ਆਰ ਜੇ ਡੀ ਨੇਤਾ ਤੇਜਸਵੀ ਯਾਦਵ ਦੇ ਇਸ ਦੋਸ਼ ਵਿੱਚ ਦਮ ਹੈ ਕਿ ਸਰਕਾਰ ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਦੀਵੇ ਜਗਾਉਣ ‘ਤੇ ਪੈਸੇ ਖਰਚ ਕਰ ਰਹੀ ਹੈ, ਪਰ ਬਿਹਾਰ ਦੇ 15 ਜ਼ਿਲ੍ਹਿਆਂ ਵਿੱਚ ਹੜ੍ਹਾਂ ਤੋਂ ਪ੍ਰਭਾਵਤ ਲੱਗਭੱਗ 50 ਲੱਖ ਲੋਕਾਂ ਲਈ ਪੈਸੇ ਨਹੀਂ ਹਨ। ਸਰਕਾਰ ਅਤੇ ਭਾਜਪਾ ਇਨ੍ਹਾਂ ਸਮਾਗਮਾਂ ਨੂੰ ਪ੍ਰਧਾਨ ਮੰਤਰੀ ਦੇ ਨਿੱਜੀ ਜਨਮ ਦਿਨ ਦੀ ਬਜਾਏ ‘ਸੇਵਾ’ ਅਤੇ ਲੋਕ ਭਲਾਈ ਦੀ ਮੁਹਿੰਮ ਵਜੋਂ ਪੇਸ਼ ਕਰ ਰਹੇ ਹਨ। ਭਾਜਪਾ ਮੁਤਾਬਕ ‘ਸੇਵਾ ਪਖਵਾੜਾ’ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਅਤੇ ਇਸ ਵਿੱਚ ਸਫਾਈ ਮੁਹਿੰਮਾਂ, ਸਿਹਤ ਅਤੇ ਭਲਾਈ ਯੋਜਨਾਵਾਂ ਅਤੇ ਜਨ ਸੰਪਰਕ ਪ੍ਰੋਗਰਾਮ ਸ਼ਾਮਲ ਹਨ। ਇਹ 2026 ਵਿੱਚ ਮੋਦੀ ਦੇ 25 ਸਾਲਾਂ ਦੇ ਜਨਤਕ ਜੀਵਨ ਨਾਲ ਵੀ ਜੁੜਿਆ ਹੋਇਆ ਹੈ।

ਭਾਜਪਾ ਦੀ ਯੋਜਨਾ ਵਿੱਚ ਦੇਸ਼-ਭਰ ਵਿੱਚ ਸੇਵਾ ਗਤੀਵਿਧੀਆਂ, ਜਨ ਸੰਪਰਕ, ਦੀਵੇ ਜਗਾਉਣ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਸਮਾਗਮ ਸ਼ਾਮਲ ਹਨ। ਸਰਕਾਰ ਦਾ ਪੱਖ ਹੈ ਕਿ ਜਨਮ ਦਿਨ ਸਿਰਫ ਇੱਕ ਨਿੱਜੀ ਜਸ਼ਨ ਨਹੀਂ, ਸਗੋਂ ‘ਸੇਵਾ’ ਨੂੰ ਸਮਰਪਤ ਮੁਹਿੰਮ ਦਾ ਮੌਕਾ ਹੈ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ : ਪ੍ਰਧਾਨ ਮੰਤਰੀ ਦੇ ਜਨਮ ਦਿਨ ‘ਤੇ ਇੱਕ ਸਰਕਾਰੀ ਸਮਾਗਮ ਕਿਵੇਂ ਆਯੋਜਿਤ ਕੀਤਾ ਜਾ ਸਕਦਾ ਹੈ? ਪਹਿਲੇ ਪ੍ਰਧਾਨ ਮੰਤਰੀ ਨਹਿਰੂ ਤੋਂ ਲੈ ਕੇ ਲਾਲ ਬਹਾਦੁਰ ਸ਼ਾਸਤਰੀ, ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਡਾ. ਮਨਮੋਹਨ ਸਿੰਘ ਤੱਕ ਦੇ ਜਨਮ ਦਿਨ ਕਦੇ ਵੀ ਸਰਕਾਰੀ ਤੌਰ ‘ਤੇ ਨਹੀਂ ਮਨਾਏ ਗਏ। ਮੋਦੀ ਪਹਿਲੇ ਪ੍ਰਧਾਨ ਮੰਤਰੀ ਹਨ, ਜਿਨ੍ਹਾ ਦਾ ਜਨਮ ਦਿਨ ਇਸ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਭਾਜਪਾ ਸ਼ਾਸਤ ਰਾਜਾਂ ਜਿਵੇਂ ਕਿ ਦਿੱਲੀ, ਗੁਜਰਾਤ, ਹਰਿਆਣਾ, ਉਤਰਾਖੰਡ, ਯੂ ਪੀ, ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਮੁੱਖ ਮੰਤਰੀ ਜਨਤਕ ਤੌਰ ‘ਤੇ ਅਜਿਹੇ ਪ੍ਰੋਗਰਾਮਾਂ ਦਾ ਰਾਸ਼ਟਰੀਕਰਨ ਕਰ ਰਹੇ ਹਨ।

Share this content:

Previous post

ਅਗਲੇ ਮਹੀਨੇ ਤੋਂ ਸ਼ੁਰੂ ਹੋਣ ਵਾਲਾ ਭਾਰਤੀ ਟੀਮ ਦਾ ਦੌਰਾ ਨਿਊਜ਼ੀਲੈਂਡ ਲਈ ਵਿੱਤੀ ਸੰਕਟ ’ਚੋਂ ਨਿਕਲਣ ਦੀ ਵੱਡੀ ਉਮੀਦ

Next post

ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਵੱਲੋਂ ਗੁਰਦੁਆਰਾ ਸ਼੍ਰੀ ਸੁਖਚੈਨਆਣਾ ਸਾਹਿਬ ਵਿਖੇ ਕਰਵਾਇਆ ਵਾਤਾਵਰਣ ਸੁਰੱਖਿਆ ਸਮਾਗਮ

Post Comment