Loading Now

ਵੰਨ-ਸੁਵੰਨੀਆਂ ਸੱਤ ਕਹਾਣੀਆਂ ਵਾਲਾ ਕਹਾਣੀ-ਸੰਗ੍ਰਹਿ ‘ਸਤਨਾਜਾ’/ ਚਰਨਜੀਤ ਸਿੰਘ ਪਨੂੰ

ਵੰਨ-ਸੁਵੰਨੀਆਂ ਸੱਤ ਕਹਾਣੀਆਂ ਵਾਲਾ ਕਹਾਣੀ-ਸੰਗ੍ਰਹਿ ‘ਸਤਨਾਜਾ’/ ਚਰਨਜੀਤ ਸਿੰਘ ਪਨੂੰ

charanjit-singh-panuu ਵੰਨ-ਸੁਵੰਨੀਆਂ ਸੱਤ ਕਹਾਣੀਆਂ ਵਾਲਾ ਕਹਾਣੀ-ਸੰਗ੍ਰਹਿ ‘ਸਤਨਾਜਾ’/ ਚਰਨਜੀਤ ਸਿੰਘ ਪਨੂੰ
ਸ. ਚਰਨਜੀਤ ਸਿੰਘ ਪਨੂੰ

ਵੰਨ-ਸੁਵੰਨੀਆਂ ਸੱਤ ਕਹਾਣੀਆਂ ਵਾਲਾ ਕਹਾਣੀ-ਸੰਗ੍ਰਹਿ ‘ਸਤਨਾਜਾ’ ਪੰਜਾਬੀ ਵਿੱਚ ਪ੍ਰਕਾਸ਼ਿਤ ਹੋਣ ਵਾਲਾ ਮੇਰਾ ਨੌਵਾਂ ਕਹਾਣੀ-ਪਰਾਗਾ ਹੈ। ਇਸ ਦੀ ਪ੍ਰਕਾਸ਼ਨਾ ਦੇ ਨਾਲ ਹੀ ਪਾਕਿਸਤਾਨ ਦੇ ਪਾਠਕਾਂ ਵੱਲੋਂ ਮਿਲੇ ਉਤਸ਼ਾਹਜਨਕ ਹੁੰਗਾਰੇ ਨੇ ਮੈਨੂੰ ਅੰਦਰ ਤੱਕ ਪ੍ਰੇਰਿਤ ਕੀਤਾ। ਡਾ. ਕਲਿਆਣ ਸਿੰਘ, ਡਾ. ਜੁਬੈਰ ਅਹਿਮਦ, ਇਲਿਆਸ ਘੁੰਮਣ, ਖ਼ਾਲਿਦ ਹੁਸੈਨ ਅਤੇ ਮੁਹੰਮਦ ਆਰਿਫ਼ ਵਰਗੇ ਸੂਝਵਾਨ ਸਾਹਿਤਕਾਰਾਂ ਨੇ ਇਸ ਦਾ ਸ਼ਾਹਮੁਖੀ ਤਰਜਮਾ ‘ਵਸੀਅਤਨਾਮਾ’ ਨਾਮ ਹੇਠ ਪ੍ਰਕਾਸ਼ਿਤ ਕਰਵਾ ਕੇ ਇਸ ਨੂੰ ਮੇਰੀ ਦਸਵੀਂ ਕਹਾਣੀ-ਕ੍ਰਿਤੀ ਦਾ ਮਾਣ ਬਖ਼ਸ਼ਿਆ। ਇਹ ਮੇਰੇ ਲਈ ਕੇਵਲ ਅਨੁਵਾਦ ਨਹੀਂ, ਸਗੋਂ ਪੰਜਾਬੀ ਭਾਸ਼ਾ ਦੀ ਦੋਹਾਂ ਲਿਪੀਆਂ ਵਿੱਚ ਵਸਦੀ ਸਾਂਝੀ ਰੂਹ ਦਾ ਸਨਮਾਨ ਸੀ।

‘ਸਤਨਾਜਾ’ ਨੂੰ ਪਾਠਕਾਂ, ਆਲੋਚਕਾਂ, ਖੋਜੀ ਵਿਦਵਾਨਾਂ ਅਤੇ ਸਾਹਿਤ-ਪ੍ਰੇਮੀਆਂ ਵੱਲੋਂ ਵਿਸ਼ੇਸ਼ ਪਿਆਰ ਅਤੇ ਗੰਭੀਰ ਪੜਚੋਲ ਪ੍ਰਾਪਤ ਹੋਈ। ਕਹਾਣੀ ਧਾਰਾ, ਸ਼ਬਦ , ਸਿਰਜਣਾ, ਆਬਰੂ, ਅਜੀਤ, ਜੱਗ ਬਾਣੀ, ਪੰਜਾਬੀ ਜਾਗਰਣ, ਪੰਜਾਬੀ ਟ੍ਰਿਬਿਊਨ ਸਮੇਤ ਅਨੇਕ ਪ੍ਰਮੁੱਖ ਪੱਤਰ-ਪਤ੍ਰਿਕਾਵਾਂ ਵਿੱਚ ਇਸ ਸੰਗ੍ਰਹਿ ਉੱਤੇ ਵਿਸਥਾਰ ਨਾਲ ਚਰਚਾ ਹੋਈ। ਨਿਰੰਜਨ ਬੋਹਾ, ਜੇ. ਬੀ. ਸੇਖੋਂ, ਭਗਵੰਤ ਰਸੂਲਪੁਰੀ, ਜਿੰਦਰ, ਬਲਜੀਤ ਰੈਣਾ, ਪ੍ਰਿੰਸੀਪਲ ਗੁਰਮੀਤ ਪਲਾਹੀ, ਡਾ. ਰਜਿੰਦਰ ਸਿੰਘ, ਡਾ. ਜੀਤ ਸਿੰਘ ਜੋਸ਼ੀ, ਡਾ. ਮੋਹਣ ਤਿਆਗੀ, ਡਾ. ਭੀਮਿੰਦਰ ਸਿੰਘ, ਡਾ. ਸੁਖਵਿੰਦਰ ਕੰਬੋਜ਼, ਡਾ. ਗੁਰਬੀਰ ਬਰਾੜ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ ਰੰਧਾਵਾ, ਡਾ. ਰਮਨ ਰੰਧਾਵਾ, ਡਾ. ਬਲਬੀਰ ਕੌਰ ਰੀਹਲ, ਡਾ. ਮਨਵੀਰ ਕੌਰ, ਡਾ. ਸੰਦੀਪ ਰਾਣਾ, ਡਾ. ਕੁਲਵਿੰਦਰ ਬਾਠ, ਡਾ. ਗੁਰਦੀਪ ਸਿੰਘ ਭੁੱਲਰ ਅਤੇ ਹੋਰ ਅਨੇਕ ਵਿਦਵਾਨਾਂ ਦੀਆਂ ਉਤਸ਼ਾਹਭਰੀਆਂ ਖੋਜਪੂਰਨ ਟਿੱਪਣੀਆਂ ਨੇ ਮੈਨੂੰ ਹੋਰ ਜ਼ਿੰਮੇਵਾਰ ਬਣਾਇਆ। ਕੁਝ ਐੱਮ.ਏ. ਆਨਰਜ਼ ਅਤੇ ਖੋਜੀ ਵਿਦਿਆਰਥੀਆਂ ਵੱਲੋਂ ਇਸ ਨੂੰ ਆਪਣੇ ਥੀਸਿਸ ਲਈ ਚੁਣਨਾ ਵੀ ਮੇਰੇ ਲਈ ਵਿਸ਼ੇਸ਼ ਸੰਤੋਖ ਦੀ ਗੱਲ ਰਹੀ।

ਮੈਂ ਸਾਹਿਤ ਨੂੰ ਕਦੇ ਮੁਕਾਬਲੇ ਜਾਂ ਪ੍ਰਤਿਸਪਰਧਾ ਦਾ ਮੈਦਾਨ ਨਹੀਂ ਮੰਨਿਆ। ਕਿਸੇ ਨਾਲ ਰੀਸ ਈਰਖਾ ਜਾਂ ਕਿਸੇ ਮਾਣ-ਸਨਮਾਨ ਦੀ ਲਾਲਸਾ ਨਹੀਂ ਰੱਖੀ। ਮੇਰੇ ਲਈ ਸਭ ਤੋਂ ਵੱਡਾ ਇਨਾਮ ਪਾਠਕਾਂ ਦਾ ਸੱਚਾ ਪਿਆਰ ਅਤੇ ਉਨ੍ਹਾਂ ਦੀ ਪ੍ਰਤੀਕਿਰਿਆ ਹੈ। ਪਾਠਕ ਮੇਰੀਆਂ ਰਚਨਾਵਾਂ ਪੜ੍ਹਦੇ ਹਨ, ਪ੍ਰਸ਼ੰਸਾ ਵੀ ਕਰਦੇ ਹਨ ਅਤੇ ਜਿੱਥੇ ਲੋੜ ਹੋਵੇ ਉੱਥੇ ਸੁਹਿਰਦ ਸੁਝਾਅ ਵੀ ਦਿੰਦੇ ਹਨ, ਜਿਨ੍ਹਾਂ ਨੂੰ ਮੈਂ ਸਦਾ ਖਿੜੇ ਮੱਥੇ ਸਵੀਕਾਰ ਕੀਤਾ ਹੈ। ‘ਸਤਨਾਜਾ’ ਦਾ ਪਹਿਲਾ ਸੰਸਕਰਨ ਪਾਠਕਾਂ ਦੇ ਹੱਥੋਂ ਹੱਥ ਲਿਆ ਗਿਆ ਅਤੇ ਹੁਣ ਇਸ ਦਾ ਦੂਜਾ ਸੰਸਕਰਨ ਤਿਆਰੀ ਅਧੀਨ ਹੈ।

ਸਾਹਿਤਕ ਯਾਤਰਾ ਵਿੱਚ ਹਰ ਕਿਸਮ ਦੇ ਅਨੁਭਵ ਆਉਂਦੇ ਹਨ। ਕਈ ਵਾਰ ਰਸ ਭਰੀ ਖੀਰ ਵਿੱਚ ਕੋਈ ਕੋੜਕੂ ਪੈ ਜਾਂਦਾ ਹੈ ਜਾਂ ਸੁਹਣੇ ਚਿਹਰੇ ਉੱਤੇ ਨਜ਼ਰ ਤੋਂ ਬਚਾਉਣ ਲਈ ਕਾਲੀ ਬਿੰਦੀ ਵੀ ਲਗਾਉਣੀ ਪੈਂਦੀ ਹੈ। ਇਉਂ ਹੀ ਇੱਕ ਭੱਦਰ ਪੁਰਖ ਨੇ ‘ਸਤਨਾਜਾ’ ਨੂੰ ਅਸ਼ਲੀਲ ਕਹਿ ਕੇ ਭੰਡਣ ਦੀ ਕੋਸ਼ਿਸ਼ ਵੀ ਕੀਤੀ। ਪਰ ਮੈਂ ਮੰਨਦਾ ਹਾਂ ਕਿ ਸਾਹਿਤ ਦਾ ਨਿਰਣਾ ਪੜ੍ਹੇ ਲਿਖੇ ਸੂਝਵਾਨ ਅਤੇ ਨਿਰਪੱਖ ਸਾਹਿਤਕਾਰ ਹੀ ਕਰ ਸਕਦੇ ਹਨ। ਜੇ ਕੋਈ ਪੂਰਵਾਗ੍ਰਹਿ, ਈਰਖਾ ਜਾਂ ਸੰਕੀਰਨ ਟੀਰੀ ਸੋਚ ਨਾਲ ਕਿਸੇ ਰਚਨਾ ਨੂੰ ਵੇਖੇ, ਤਾਂ ਉਹ ਚੰਗੀ ਭਲੀ ਕਿਰਤ ਨੂੰ ਵੀ ਕਬਾੜ ਅਸ਼ਲੀਲ ਸਮਝਣ ਲੱਗ ਪੈਂਦਾ ਹੈ।

ਅੱਜ ਦਾ ਸਾਹਿਤਕ ਮਾਹੌਲ ਵੀ ਕਈ ਤਰ੍ਹਾਂ ਦੀਆਂ ਵਿਸੰਗਤੀਆਂ ਨਾਲ ਘਿਰਿਆ ਹੋਇਆ ਹੈ। ਕਈ ਨਾਨ-ਪ੍ਰੋਫਿਟ ਸੰਸਥਾਵਾਂ, ਅਕੈਡਮੀਆਂ ਅਤੇ ਸੰਗਠਨ ਸਾਹਿਤ ਦੀ ਸੇਵਾ ਦਾ ਦਾਅਵਾ ਤਾਂ ਕਰਦੇ ਹਨ, ਪਰ ਉੱਥੇ ਵੀ ਗਰੁੱਪਬੰਦੀ, ਸਿਫ਼ਾਰਸ਼, ਪਾਸਕੂ ਪ੍ਰਚਾਰ ਅਤੇ ਆਰਥਿਕ ਪ੍ਰਭਾਵ ਅਕਸਰ ਨਜ਼ਰ ਆਉਂਦੇ ਹਨ। ਕਈ ਵਾਰ ਯੋਗਤਾ ਨਾਲੋਂ ਵਧ ਕੇ ਸੰਪਰਕ, ਪੈਸਾ ਜਾਂ ਲਾਬੀ ਪ੍ਰਮੁੱਖ ਹੋ ਜਾਂਦੀ ਹੈ। ਇਨਾਮਾਂ ਸਨਮਾਨਾਂ ਦੀ ਦੁਨੀਆ ਵਿੱਚ ਵੀ ਇਹ ਹਕੀਕਤ ਲੁਕਾਈ ਨਹੀਂ ਜਾ ਸਕਦੀ ਕਿ ਕਈ ਹੱਕਦਾਰ ਪਿੱਛੇ ਰਹਿ ਜਾਂਦੇ ਹਨ ਅਤੇ ਕਈ ਫਾਡੀ ਵੱਖ-ਵੱਖ ਢੰਗਾਂ ਨਾਲ ਅੱਗੇ ਆ ਜਾਂਦੇ ਹਨ।

ਮੇਰਾ ਵਿਸ਼ਵਾਸ ਹਮੇਸ਼ਾ ਰਚਨਾ ਦੀ ਮਿਆਰੀ ਤਾਕਤ ਉੱਤੇ ਰਿਹਾ ਹੈ। ਕਿਤਾਬਾਂ ਆਪ ਬੋਲਦੀਆਂ ਹਨ—ਜੇ ਉਹਨਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਵੇ। ਦੁੱਖ ਤਦ ਹੁੰਦਾ ਹੈ ਜਦੋਂ ਸਾਹਿਤਕ ਮੰਚਾਂ ਉੱਤੇ ਵੀ ਨਿਰਪੱਖਤਾ ਦੀ ਥਾਂ ਪੱਖਪਾਤ ਹਾਵੀ ਹੋ ਜਾਂਦਾ ਹੈ। ਲੇਖਕ ਦੀ ਰਚਨਾ ਨੂੰ ਉਸ ਦੀ ਕਦਰ ਤੋਂ ਵੱਧ ਜਾਂ ਘੱਟ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਸਮਾਂ ਸਭ ਤੋਂ ਵੱਡਾ ਨਿਰਣੇਕ ਹੈ। ਅੰਤ ਵਿੱਚ ਉਹੀ ਰਚਨਾ ਟਿਕਦੀ ਹੈ ਜਿਸ ਵਿੱਚ ਸੱਚਾਈ ਅਤੇ ਮਨੁੱਖੀ ਅਨੁਭਵ ਦੀ ਗਹਿਰਾਈ ਹੁੰਦੀ ਹੈ।

ਮੈਂ ਆਪਣੀ ਲਿਖਤ ਦਾ ਕਦੇ ਵਪਾਰਕ ਪ੍ਰਚਾਰ ਨਹੀਂ ਕੀਤਾ। 1969 ਤੋਂ ਸ਼ੁਰੂ ਹੋਈ ਸਾਹਿਤਕ ਯਾਤਰਾ—‘ਨਿਰੰਕਾਰੀ ਰਿਸ਼ਮਾਂ’, ‘ਭਟਕਦੀ ਰਾਤ’, ‘ਪੀੜ੍ਹੀਆਂ ਦੇ ਫਾਸਲੇ’ ਤੋਂ ਲੈ ਕੇ 2025 ਤੱਕ ਦੇ ਦਸ ਕਹਾਣੀ-ਸੰਗ੍ਰਹਿ, ਪੰਜ ਕਾਵਿ-ਸੰਗ੍ਰਹਿ, ਸੱਤ ਰੇਡੀਓ-ਨਾਟਕ ਅਤੇ ਵਾਈਟ ਹਾਊਸ, ਅਲਾਸਕਾ, ਕੀਨੀਆ, ਤਨਜ਼ਾਨੀਆ, ਮਿੱਟੀ ਦੀ ਮਹਿਕ, ਨਾਰਥ ਪੋਲ ਆਦਿ ਸਫ਼ਰਨਾਮਿਆਂ ਸਮੇਤ ਲਗਭਗ ਢਾਈ ਦਰਜਨ ਪੁਸਤਕਾਂ ਤੱਕ ਪਹੁੰਚੀ ਹੈ। ਪਰ ਮੈਂ ਨਾ ਕਦੇ ਆਪਣੀ ਵਡਿਆਈ ਲਈ ਧਿਰਾਂ ਬਣਾਈਆਂ, ਨਾ ਹੀ ਆਪਣੀ ਪਿੱਠ ਥਾਪੜਵਾਉਣ ਦੀ ਦੌੜ ਵਿੱਚ ਸ਼ਾਮਲ ਹੋਇਆ। ਮੈਂ ਲਿਖਿਆ, ਪਾਠਕਾਂ ਤੱਕ ਪਹੁੰਚਾਇਆ ਅਤੇ ਫਿਰ ਅਗਲੀ ਰਚਨਾ ਵੱਲ ਵਧ ਗਿਆ।

ਕੁਝ ਮਹੀਨੇ ਪਹਿਲਾਂ ਮੈਂ ਖੁੱਲ੍ਹਾ ਸੱਦਾ ਦਿੱਤਾ ਸੀ ਕਿ ਜਿਹੜਾ ਵੀ ਸਾਹਿਤ-ਪ੍ਰੇਮੀ, ਵਿਦਵਾਨ ਜਾਂ ਖੋਜੀ ਮੇਰੀ ਕਿਸੇ ਵੀ ਪੁਸਤਕ ਨੂੰ ਪੜ੍ਹਨਾ ਜਾਂ ਸਮੀਖਿਆ ਕਰਨਾ ਚਾਹੇ, ਮੈਂ ਖੁਸ਼ੀ ਨਾਲ ਉਪਲਬਧ ਕਰਵਾਵਾਂਗਾ। ਮੇਰੇ ਲਈ ਨਿਰਪੱਖ ਆਲੋਚਨਾ ਸਦਾ ਸਵਾਗਤਯੋਗ ਰਹੀ ਹੈ। ਖੁਸ਼ੀ ਦੀ ਗੱਲ ਹੈ ਕਿ ਇੱਕ ਵਿਦਵਾਨ ਡਾਕਟਰ ਸਾਹਿਬ ਨੇ ਮੇਰੇ ਸਾਹਿਤ ਉੱਤੇ ਸੰਪਾਦਿਤ ਖੋਜ-ਕਾਰਜ ਦਾ ਜ਼ਿੰਮਾ ਲਿਆ। ਹਾਰਡ ਕਾਪੀਆਂ ਦੀ ਘਾਟ ਕਰਕੇ ਕਈ ਵਿਦਵਾਨਾਂ ਨੂੰ ਪੀ.ਡੀ.ਐੱਫ. ਭੇਜਣੇ ਪਏ, ਪਰ ਬਹੁਤ ਹੀ ਉਤਸ਼ਾਹਜਨਕ ਹੁੰਗਾਰਾ ਮਿਲਿਆ। ਥੋੜ੍ਹੇ ਸਮੇਂ ਵਿੱਚ ਹੀ ਮੇਰੀਆਂ ਪੁਸਤਕਾਂ ਉੱਤੇ ਦੋ ਦਰਜਨਾਂ ਤੋਂ ਵੱਧ ਖੋਜ-ਪੱਤਰ ਪ੍ਰਾਪਤ ਹੋਏ ਅਤੇ ਹੋਰ ਵੀ ਆਉਣ ਦੀ ਉਮੀਦ ਹੈ।

ਜਲਦੀ ਹੀ ਇੱਕ ਮੇਰੀ ਕਹਾਣੀ-ਸਿਰਜਣਾ ਅਤੇ ਇੱਕ ਸਮੁੱਚੇ ਸਾਹਿਤ ਬਾਰੇ – ਦੋ ਸੰਪਾਦਿਤ ਪੁਸਤਕਾਂ ਸਾਹਿਤ-ਪ੍ਰੇਮੀਆਂ ਦੇ ਹੱਥਾਂ ਵਿੱਚ ਹੋਣਗੀਆਂ। ਮੈਂ ਆਪਣੇ ਸਾਰੇ ਪਾਠਕਾਂ, ਵਿਦਵਾਨਾਂ ਅਤੇ ਕਦਰਦਾਨਾਂ ਦੀਆਂ ਸੱਚੀਆਂ, ਨਿਰਪੱਖ ਅਤੇ ਮੁੱਲਵਾਨ ਸਿਫ਼ਾਰਸ਼ਾਂ ਅਤੇ ਟਿੱਪਣੀਆਂ ਦਾ ਹਮੇਸ਼ਾ ਦੀ ਤਰ੍ਹਾਂ ਸਵਾਗਤ ਕਰਾਂਗਾ।

Share this content:

Previous post

ਜੇਕਰ ਅਸੀਂ ਕੁਦਰਤੀ ਸਰੋਤਾਂ ਨੂੰ ਨਾ ਬਚਾਇਆ ਤਾਂ ਆਉਣ ਵਾਲੀਆਂ ਨਸਲਾਂ ਦਾ ਜੀਵਨ ਖ਼ਤਰੇ ‘ਚ ਪੈ ਜਾਵੇਗਾ-ਸੰਤ ਸੀਚੇਵਾਲ

Next post

21 ਮਈ ਲਈ ਵਿਸ਼ੇਸ ਬਰਸੀ ਦੇ ਮੌਕੇ ; ਪੰਜਾਬ ਦੀ ਸਿਆਸਤ, ਕਿਸਾਨੀ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਝਲਕ

Post Comment