Loading Now

21 ਮਈ ਲਈ ਵਿਸ਼ੇਸ ਬਰਸੀ ਦੇ ਮੌਕੇ ; ਪੰਜਾਬ ਦੀ ਸਿਆਸਤ, ਕਿਸਾਨੀ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਝਲਕ

21 ਮਈ ਲਈ ਵਿਸ਼ੇਸ ਬਰਸੀ ਦੇ ਮੌਕੇ ; ਪੰਜਾਬ ਦੀ ਸਿਆਸਤ, ਕਿਸਾਨੀ ਅਤੇ ਸਿੱਖਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਯੋਗਦਾਨ ਦੀ ਝਲਕ

*ਜੱਥੇਦਾਰ ਤੋਤਾ ਸਿੰਘ: ਪੰਜਾਬ ਦੀ ਮਿੱਟੀ ਨਾਲ ਜੁੜਿਆ ਇੱਕ ਸਿਆਸੀ ਸੇਵਾਦਾਰ
ਪੰਜਾਬ ਦੀ ਸਿਆਸਤ ਵਿੱਚ ਕੁਝ ਅਜਿਹੇ ਨਾਮ  ਹਨ ਜੋ ਚਮਕ-ਦਮਕ ਤੋਂ ਦੂਰ ਰਹਿ ਕੇ ਵੀ ਜ਼ਮੀਨੀ ਪੱਧਰ ‘ਤੇ ਲੋਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲੈਂਦੇ ਹਨ। ਅਜਿਹਾ ਹੀ ਇੱਕ ਨਾਮ ਹੈ *ਜੱਥੇਦਾਰ ਤੋਤਾ ਸਿੰਘ*। 2 ਮਾਰਚ 1941 ਨੂੰ ਪੈਦਾ ਹੋਏ ਅਤੇ 21 ਮਈ 2022 ਨੂੰ ਅਕਾਲ ਚਲਾਣਾ ਕਰ ਗਏ ਜੱਥੇਦਾਰ ਤੋਤਾ ਸਿੰਘ ਨੇ ਲਗਭਗ ਪੰਜ ਦਹਾਕੇ ਪੰਜਾਬ ਦੀ ਸਿਆਸਤ, ਕਿਸਾਨੀ, ਸਿੱਖਿਆ ਅਤੇ ਪੇਂਡੂ ਵਿਕਾਸ ਲਈ ਸਮਰਪਿਤ ਕਰ ਦਿੱਤੇ। ਉਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ, ਕੋਰ ਕਮੇਟੀ ਮੈਂਬਰ, ਸਾਬਕਾ ਸਿੱਖਿਆ ਮੰਤਰੀ, ਸਾਬਕਾ ਖੇਤੀਬਾੜੀ ਮੰਤਰੀ ਅਤੇ ਤਿੰਨ ਵਾਰ ਵਿਧਾਇਕ ਰਹੇ।
ਜੱਥੇਦਾਰ ਤੋਤਾ ਸਿੰਘ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਦਿਦਾਰ ਸਿੰਘ ਵਾਲਾ ਵਿੱਚ ਸ ਬਾਬੂ ਸਿੰਘ ਬਰਾੜ  ਦੇ ਘਰ ਮਾਤਾ ਬਸੰਤ ਕੌਰ ਦੀ ਕੁੱਖੋ ਜਨਮ ਲਿਆ। ਪਿੰਡ ਦੇ ਮਾਹੌਲ ਵਿੱਚ ਮੁੱਢਲਾ ਜੀਵਨ ਬਤੀਤ ਹੋਣ ਕਰਕੇ ਉਨ੍ਹਾਂ ਦਾ ਲਗਾਓ ਸ਼ੁਰੂ ਤੋਂ ਹੀ ਕਿਸਾਨੀ ਅਤੇ ਪੇਂਡੂ ਮਸਲਿਆਂ ਨਾਲ ਜੁੜਿਆ ਰਿਹਾ। ਮੁੱਢਲੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੋਂ ਕਰਨ ਤੋਂ ਬਾਅਦ ਉਨ੍ਹਾਂ ਨੇ ਡੀ ਐਮ ਕਾਲਜ ਮੋਗਾ ਤੋਂ ਉਚੇਰੀ ਸਿੱਖਿਆ ਹਾਸਲ ਕੀਤੀ।
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਪਿੰਡ ਦਿਦਾਰ ਸਿੰਘ ਵਾਲਾ ਦੇ ਸਰਪੰਚ ਵਜੋਂ ਸੇਵਾ ਕੀਤੀ। ਸਰਪੰਚੀ ਦੇ ਤਜੱਰਬੇ ਨੇ ਹੀ ਉਨ੍ਹਾਂ ਨੂੰ ਪੇਂਡੂ ਬੁਨਿਆਦੀ ਢਾਂਚੇ, ਪਾਣੀ, ਸੜਕਾਂ ਅਤੇ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਸਮਝਣ ਦਾ ਮੌਕਾ ਦਿੱਤਾ।
 ਜੱਥੇਦਾਰ ਤੋਤਾ ਸਿੰਘ 1979 ਵਿਚ ਪਹਿਲੀ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ। ਜੱਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ  ਵਲੋੰ ਸ੍ਰੋਮਣੀ ਗੁਰਦਵਾਰਾ  ਪਰਬੰਧਕ ਕਮੇਟੀ  ਵਿੱਚ ਜੱਥੇਦਾਰ ਤੋਤਾ ਸਿੰਘ  ਨੂੰ ਸਿੱਖਿਆ ਕਮੇਟੀ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਉਹ ਲਗਭਗ 17 ਸਾਲ ਇਸ ਕਮੇਟੀ ਦੇ ਪ੍ਰਧਾਨ ਰਹੇ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਅਧੀਨ ਚਲਦੀਆਂ ਸਿੱਖ ਸੰਸਥਾਵਾਂ ਦੇ ਸਕੂਲਾਂ-ਕਾਲਜਾਂ ਦੇ ਪ੍ਰਬੰਧ ਨੂੰ ਮਜ਼ਬੂਤ ਕਰਨ, ਅਧਿਆਪਕਾਂ ਦੀ ਭਰਤੀ ਅਤੇ ਵਿੱਦਿਆਰਥੀਆਂ ਲਈ ਵਜ਼ੀਫਿਆਂ ਦੇ ਪ੍ਰਬੰਧ ਵੱਲ ਵਿਸ਼ੇਸ਼ ਧਿਆਨ ਦਿੱਤਾ।
ਸ੍ਰੋਮਣੀ ਗੁਰਦਵਾਰਾ  ਪ੍ਰਬੰਧਕ ਕਮੇਟੀ  ਵਿੱਚ ਉਨ੍ਹਾਂ ਦੀ ਵਧੀਆ  ਕਾਰਗੁਜ਼ਾਰੀ ਕਰਕੇ ਹੀ ਉਨ੍ਹਾਂ ਨੂੰ “ਜੱਥੇਦਾਰ” ਦਾ ਖਿਤਾਬ ਮਿਲਿਆ ਸੀ। ਸ਼੍ਰੋਮਣੀ ਅਕਾਲੀ ਦਲ ਵਿੱਚ ਵੀ ਉਹ ਸੀਨੀਅਰ ਮੀਤ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਦੇ ਅਹੁੱਦੇ ‘ਤੇ ਰਹੇ। ਸੰਤ ਫਤਿਹ ਸਿੰਘ ਤੋਂ ਲੈ ਕੇ ਸੰਤ ਹਰਚੰਦ ਸਿੰਘ ਲੌਂਗੋਵਾਲ, ਸੁਰਜੀਤ ਸਿੰਘ ਬਰਨਾਲਾ, ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੱਕ ਪਾਰਟੀ ਦੇ ਲੱਗਭਗ ਹਰ ਪ੍ਰਧਾਨ ਨਾਲ ਉਨ੍ਹਾਂ ਨੇ ਕੰਮ ਕੀਤਾ।
1985 ਵਿੱਚ ਜਦੋਂ ਸ ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ ਤਾਂ ਉਹਨਾਂ  ਜੱਥੇਦਾਰ ਤੋਤਾ ਸਿੰਘ ਨੂੰ ਪੰਜਾਬ ਮੰਡੀ ਬੋਰਡ ਦਾ ਚੇਅਰਮੈਨ ਨਿਯੁਕਤ ਕਰ ਦਿੱਤਾ। 1985 ਤੋਂ 1987 ਤੱਕ ਦੇ ਇਸ ਕਾਰਜਕਾਲ ਦੌਰਾਨ ਉਨ੍ਹਾਂ ਨੇ ਪੇਂਡੂ ਖੇਤਰਾਂ ਲਈ  ਅਹਿਮ ਕੰਮ ਦੀ ਸ਼ੁਰੂਆਤ ਕੀਤੀ। ਪਿੰਡਾਂ ਨੂੰ ਮੰਡੀਆਂ ਨਾਲ ਜੋੜਨ ਵਾਲੀਆਂ ਲਿੰਕ ਸੜਕਾਂ ਦਾ ਨਿਰਮਾਣ *ਪ੍ਰੀਮਿਕਸ ਤਕਨੀਕ* ਨਾਲ ਕਰਵਾਉਣਾ ਅਰੰਭ  ਕੀਤਾ।
ਉਸ ਸਮੇਂ ਪੰਜਾਬ ਵਿੱਚ ਬਰਸਾਤਾਂ ਵਿੱਚ ਕੱਚੀਆਂ ਸੜਕਾਂ ਖ਼ਰਾਬ ਹੋ ਜਾਂਦੀਆਂ ਸਨ, ਜਿਸ ਕਾਰਨ ਕਿਸਾਨ ਆਪਣੀ ਫ਼ਸਲ ਮੰਡੀ ਤੱਕ ਨਹੀਂ ਪਹੁੰਚਾ ਪਾਉਂਦੇ ਸਨ। ਜੱਥੇਦਾਰ ਤੋਤਾ ਸਿੰਘ ਨੇ ਇਸ ਸਮੱਸਿਆ ਨੂੰ ਸਮਝਦਿਆਂ ਹਰ ਪਿੰਡ ਲਈ ਲਿੰਕ ਸੜਕ  ਬਣਾਉਣ ਦੀ ਨੀਤੀ ਬਣਾਈ। ਬਾਅਦ ਵਿੱਚ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਇਸੇ ਮਾਡਲ ਨੂੰ ਵੱਡੇ ਪੱਧਰ ‘ਤੇ ਅਪਣਾਇਆ।
1989 ਵਿੱਚ ਜਦੋਂ ਸ ਸੁਰਜੀਤ ਸਿੰਘ ਬਰਨਾਲਾ ਨੂੰ ਤਾਮਿਲਨਾਡੂ ਦਾ ਗਵਰਨਰ ਨਿਯੁਕਤ ਕਰ ਦਿੱਤਾ ਗਿਆ ਤਾਂ ਪਾਰਟੀ ਦੀ ਕਮਾਨ ਜੱਥੇਦਾਰ ਤੋਤਾ ਸਿੰਘ ਨੂੰ ਸੌਂਪੀ ਗਈ। ਦੋ ਸਾਲ ਤੋਂ ਵੱਧ ਸਮੇਂ ਤੱਕ ਉਨ੍ਹਾਂ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਵਜੋਂ ਪਾਰਟੀ ਨੂੰ ਇਕਜੁੱਟ ਰੱਖਣ ਦਾ ਕੰਮ ਕੀਤਾ।
ਉਸ ਸਮੇੰ ਪੰਜਾਬ ਵਿੱਚ ਅੱਤਵਾਦ ਦਾ ਦੌਰ ਸੀ ਅਤੇ ਅਕਾਲੀ ਦਲ ਦੇ ਵੱਖ-ਵੱਖ ਧੜੇ ਬਣ ਚੁੱਕੇ ਸਨ। ਜੱਥੇਦਾਰ ਤੋਤਾ ਸਿੰਘ ਨੇ  ਸੁਰਜੀਤ ਸਿੰਘ ਬਰਨਾਲਾ, ਸਿਮਰਨਜੀਤ ਸਿੰਘ ਮਾਨ ਅਤੇ ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂਆਂ ਨੂੰ ਇੱਕ ਮੰਚ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ। 1992 ਵਿੱਚ ਜਦੋਂ  ਸ੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਚੋਣਾਂ ਦਾ ਬਾਈਕਾਟ ਕੀਤਾ ਤਾਂ ਜੱਥੇਦਾਰ ਤੋਤਾ ਸਿੰਘ ਉਨ੍ਹਾਂ ਆਗੂਆਂ ਵਿੱਚ ਸਨ ਜਿਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਇਸ ਫੈਸਲੇ ਲਈ ਮਨਾਇਆ।
1997 ਵਿੱਚ ਜੱਥੇਦਾਰ ਤੋਤਾ ਸਿੰਘ ਪਹਿਲੀ ਵਾਰ ਮੋਗਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਚੁਣੇ ਗਏ ਅਤੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਵਿੱਚ *ਸਿੱਖਿਆ ਮੰਤਰੀ* ਬਣਾਏ ਗਏ। 2002 ਤੱਕ ਦੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਸਰਕਾਰੀ ਸਕੂਲਾਂ ਵਿੱਚ *ਪਹਿਲੀ ਜਮਾਤ ਤੋਂ ਅੰਗਰੇਜ਼ੀ ਲਾਜ਼ਮੀ* ਕਰਨ ਦਾ ਫੈਸਲਾ ਲਿਆ। ਉਨ੍ਹਾਂ ਦਾ ਕਹਿਣਾ ਸੀ ਕਿ ਪੇਂਡੂ ਪਿਛੋਕੜ ਦੇ ਬੱਚੇ ਜੇਕਰ ਸ਼ੁਰੂ ਤੋਂ ਹੀ ਅੰਗਰੇਜ਼ੀ ਪੜ੍ਹਨਗੇ ਤਾਂ ਮੁਕਾਬਲੇ ਦੇ ਯੁੱਗ ਵਿੱਚ ਪਿੱਛੇ ਨਹੀਂ ਰਹਿਣਗੇ।
 ਜੱਥੇਦਾਰ ਤੋਤਾ ਸਿੰਘ 2012 ਵਿਚ  ਧਰਮਕੋਟ ਹਲਕੇ ਤੋਂ ਵਿਧਾਇਕ ਚੁਣੇ ਗਏ ਅਤੇ ਬਾਦਲ ਸਰਕਾਰ ਵਿੱਚ *ਖੇਤੀਬਾੜੀ ਅਤੇ NRI ਮਾਮਲਿਆਂ ਦੇ ਮੰਤਰੀ* ਬਣੇ। ਇਸ ਸਮੇਂ ਦੌਰਾਨ ਉਨ੍ਹਾਂ ਦਾ ਧਿਆਨ ਕਿਸਾਨਾਂ ਦੀ ਕਰਜ਼ਾ ਮੁਕਤੀ, ਫ਼ਸਲਾਂ ਦੇ ਢੁੱਕਵੇ ਮੁਆਵਜ਼ੇ ਅਤੇ ਨਹਿਰੀ ਪਾਣੀ ਦੀ ਵੰਡ ‘ਤੇ ਰਿਹਾ। ਜੱਥੇਦਾਰ ਨੇ ਪਹਿਲੀਵਾਰ ਖੇਤੀਬਾੜੀ  ਉਤਪਾਦਨ ਕਰਨ ਵਾਲਿਆਂ ਨੂੰ ਲਾਹੇਵੰਦ ਭਾਅ ਯਕੀਨੀ ਬਣਾਉਣ ਲਈ ਆਪਣੀ ਮੰਡੀ ਦੀ ਸੁਰੂਆਤ ਕੀਤੀ ਜਿਥੇ ਉਤਪਾਦਕ ਖੁਦ ਆਪਣੀ ਫਸਲ ਵੇਚਦੇ ਸਨ।
            ਐਨ ਆਰ ਆਈ (NRI) ਮਾਮਲਿਆਂ ਦੇ ਮੰਤਰੀ ਵਜੋਂ ਉਨ੍ਹਾਂ ਨੇ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਪਰਿਵਾਰਕ ਝਗੜਿਆਂ ਦੇ ਨਿਪਟਾਰੇ ਲਈ ਵਿਸ਼ੇਸ਼ ਸੈੱਲ ਬਣਾਏ।
ਜੱਥੇਦਾਰ ਤੋਤਾ ਸਿੰਘ ਜ਼ਿਲ੍ਹਾ ਯੋਜਨਾ ਬੋਰਡ ਬਠਿੰਡਾ ਦੇ ਇੰਚਾਰਜ ਵੀ ਰਹੇ। ਇਸ ਅਹੁਦੇ ‘ਤੇ ਰਹਿੰਦਿਆਂ ਉਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਪੇਂਡੂ ਵਿਕਾਸ, ਸੜਕਾਂ, ਪਾਣੀ ਅਤੇ ਸਿੱਖਿਆ ਦੇ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ। ਉਨ੍ਹਾਂ ਦੀ ਪਹੁੰਚ ਹਮੇਸ਼ਾ ਇਹ ਰਹੀ ਕਿ ਪੈਸਾ ਸਿੱਧਾ ਪਿੰਡਾਂ ਤੱਕ ਪਹੁੰਚੇ ਅਤੇ ਲੋਕਾਂ ਨੂੰ ਇਸਦਾ ਫਾਇਦਾ ਮਿਲੇ।
ਪੰਜਾਬ ਦੇ ਹੱਕਾਂ ਲਈ ਚੱਲੇ ਅਕਾਲੀ  ਮੋਰਚਿਆਂ ਵਿੱਚ ਉਹ ਅਗਲੀ ਕਤਾਰ ਵਿੱਚ ਖੜ੍ਹੇ ਰਹੇ। ਚਾਹੇ ਉਹ ਪਾਣੀਆਂ ਦਾ ਮਸਲਾ ਹੋਵੇ, ਕਿਸਾਨਾਂ ਦਾ ਅੰਦੋਲਨ ਹੋਵੇ ਜਾਂ ਸਿੱਖ ਮਸਲੇ। ਜੱਥੇਦਾਰ ਤੋਤਾ ਸਿੰਘ ਨੇ ਜੇਲ੍ਹ ਯਾਤਰਾ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ।
ਜੱਥੇਦਾਰ ਤੋਤਾ ਸਿੰਘ ਦੀ ਸ਼ਖਸੀਅਤ ਦੀ ਸਭ ਤੋਂ ਵੱਡੀ ਪਛਾਣ ਉਨ੍ਹਾਂ ਦੀ ਸਾਦਗੀ ਅਤੇ ਜ਼ਮੀਨੀ ਪੱਧਰ ਦੇ ਲੋਕਾਂ ਨਾਲ ਸੰਪਰਕ ਸੀ। ਉਹ ਮਹਿੰਗੀਆਂ ਗੱਡੀਆਂ ਅਤੇ ਸੁਰੱਖਿਆ ਦੇ ਘੇਰੇ ਤੋਂ ਦੂਰ ਰਹਿ ਕੇ ਲੋਕਾਂ ਵਿੱਚ ਰਹਿਣਾ ਪਸੰਦ ਕਰਦੇ ਸਨ। ਪਾਰਟੀ ਵਿੱਚ ਉਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਦਾ “ਸੱਜਾ ਹੱਥ” ਕਿਹਾ ਜਾਂਦਾ ਸੀ।
ਜੱਥੇਦਾਰ ਤੋਤਾ ਸਿੰਘ ਨੇ ਪਾਰਟੀ ਦੇ ਹੇਠਲੇ ਪਿੰਡ ਪੱਧਰ ਤੋਂ ਲੈ ਕੇ ਕੇਂਦਰੀ ਕਮੇਟੀ ਤੱਕ ਹਰ ਅਹੁੱਦੇ ਤੱਕ   ਹਰ ਥਾਂ ਇਮਾਨਦਾਰੀ ਨਾਲ ਕੰਮ ਕੀਤਾ।
 ਲੰਬੇ ਸਮੇ ਦੀ ਬੀਮਾਰੀ ਪਿਛੋਂ  ਜੱਥੇਦਾਰ  ਤੋਤਾ ਸਿੰਘ ਨੇ 21 ਮਈ 2022 ਨੂੰ ਮੋਗਾ ਵਿਖੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ‘ਤੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਸੀ।  ਉਹਨਾਂ  ਦੇ ਪਿਛੇ ਪਤਨੀ ਸ੍ਰੀਮਤੀ ਮੁਖਤਿਆਰ ਕੌਰ ਤੋ ਇਲਾਵਾ ਤਿੰਨ ਪੁੱਤਰ ਬਲਵਿੰਦਰ ਸਿੰਘ ਬਰਾੜ  ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਿੱਚੋ ਡਿਪਟੀ ਸੈਕਟਰੀ (ਸੇਵਾਮੁਕਤ), ਬਰਜਿੰਦਰ ਸਿੰਘ ਮੱਖਣ ਬਰਾੜ ਸਿਆਸਤ ਵਿਚ ਸਰਗਰਮ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹਨ ਅਤੇ ਮੋਗਾ ਤੋਂ ਇਕ ਵਾਰ ਚੋਣ ਲੜ ਚੁੱਕੇ ਹਨ ਤੀਸਰਾ ਪੁੱਤਰ ਡਾ. ਜਸਵਿੰਦਰ ਸਿੰਘ ਬਰਾੜ  ਕੈਲਗਰੀ (ਕੈਨੇਡਾ) ਵਿੱਚ ਡੈਂਟਿਸਟ ਅਤੇ ਧੀ ਡਾ. ਪਰਮਜੀਤ ਕੌਰ ਢਿੱਲੋਂ  ਯੂ.ਕੇ. ਵਿੱਚ ਮੈਡੀਕਲ ਪ੍ਰੈਕਟੀਸ਼ਨਰ ਹਨ।
ਅੱਜ ਜਦੋਂ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਬਣੀਆਂ ਪੱਕੀਆਂ ਸੜਕਾਂ ‘ਤੇ ਚੱਲਦੇ ਹਾਂ, ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਪੜ੍ਹਦੇ ਬੱਚਿਆਂ ਨੂੰ ਵੇਖਦੇ ਹਾਂ, ਤਾਂ ਅਸਿੱਧੇ ਤੌਰ ‘ਤੇ ਜੱਥੇਦਾਰ ਤੋਤਾ ਸਿੰਘ ਵਰਗੇ ਆਗੂਆਂ ਦੇ ਫੈਸਲਿਆਂ ਦਾ ਅਸਰ ਮਹਿਸੂਸ ਹੁੰਦਾ ਹੈ।
ਜੱਥੇਦਾਰ ਤੋਤਾ ਸਿੰਘ ਦੀ ਜ਼ਿੰਦਗੀ ਸਾਨੂੰ ਇਹ ਸਬਕ ਦਿੰਦੀ ਹੈ ਕਿ ਸਿਆਸਤ ਵਿੱਚ ਲੰਬੇ ਸਮੇਂ ਤੱਕ ਟਿਕਣ ਲਈ ਚਮਕ-ਦਮਕ ਜ਼ਰੂਰੀ ਨਹੀਂ, ਲੋਕਾਂ ਨਾਲ ਜੁੜੇ ਰਹਿਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਨੇ ਆਪਣੇ 81 ਸਾਲ ਦੇ ਜੀਵਨ ਵਿੱਚੋਂ 50 ਸਾਲ ਤੋਂ ਵੱਧ ਸਮਾਂ ਪੰਜਾਬ ਅਤੇ ਪੰਜਾਬੀਅਤ ਲਈ ਸਮਰਪਿਤ ਕੀਤਾ।
ਅੱਜ ਜਦੋਂ ਪੰਜਾਬ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈਵ ਤਾਂ ਜੱਥੇਦਾਰ ਤੋਤਾ ਸਿੰਘ ਵਰਗੇ ਆਗੂਆਂ ਦੇ ਤਜਰਬੇ ਅਤੇ ਨੀਤੀਆਂ ਤੋਂ ਸਿੱਖਣ ਦੀ ਲੋੜ ਹੈ। ਉਨ੍ਹਾਂ ਦੀ ਯਾਦ ਧਰਮਕੋਟ ਵਿਖੇ ਚੌਥਾ ਸ਼ਰਧਾਂਜਲੀ ਸਮਾਰੋਹ ਹੋ ਰਿਹਾ ਹੈ। ਸਾਨੂੰ ਉਨ੍ਹਾਂ ਦੇ ਜੀਵਨ ਤੋ ਪ੍ਰੇਰਨਾ ਲੈਕੇ ਉਨਾਂ  ਵਲੋੰ ਕੀਤੇ ਕੰਮਾਂ ਨੂੰ ਅੱਗੇ ਵਧਾਉਣਾ ਹੀ ਸੱਚੀ ਸ਼ਰਧਾਂਜਲੀ ਹੋਵੇਗੀ।

Share this content:

Post Comment