Loading Now

ਲੋਕ ਸੰਗਰਾਮ ਮੋਰਚੇ ਨੇ ਨਕਸਲੀ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ

ਲੋਕ ਸੰਗਰਾਮ ਮੋਰਚੇ ਨੇ ਨਕਸਲੀ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ

ਮੋਗਾ, 29 ਜੁਲਾਈ – ਲੋਕ ਸੰਗਰਾਮ ਮੋਰਚੇ ਪੰਜਾਬ ਦੇ ਪ੍ਰੈਸ ਸਕੱਤਰ ਲੋਕਰਾਜ ਮਹਿਰਾਜ ਨੇ ਪ੍ਰੈਸ ਨੂੰ ਜਾਣਕਾਰੀ ਦਿੱਤੀ ਕਿ ਅੱਜ ਨਕਸਲੀ ਸ਼ਹੀਦ ਕਾਮਰੇਡ ਚਾਰੂ ਮਜੂਮਦਾਰ, ਕਾਮਰੇਡ ਕਨਈ ਚੈਟਰਜੀ, ਕਾਮਰੇਡ ਬਾਬਾ ਬੂਝਾ ਸਿੰਘ , ਸ਼ਹੀਦ ਪ੍ਰਿਥੀਪਾਲ ਸਿੰਘ ਰੰਧਾਵਾ, ਸ਼ਹੀਦ ਅਵਤਾਰ ਢੁਡੀਕੇ, ਸ਼ਹੀਦ  ਲਾਲ ਇੰਦਰ ਕੁਮਾਰ ਲਾਲੀ ਅਤੇ ਕੌਮੀ ਸ਼ਹੀਦ ਉਧਮ ਸਿੰਘ ਨੂੰ ਸ਼ਰਧਾਂਜਲੀਆਂ ਦੇਣ ਲਈ ਕਾਮਰੇਡ ਨਛੱਤਰ ਸਿੰਘ ਯਾਦਗਰ ਹਾਲ ਮੋਗਾ ਵਿਖੇ ਸ਼ਰਧਾਂਜਲੀ ਕਾਨਫਰੰਸ ਕੀਤੀ ਗਈ। ਕ੍ਰਾਂਤੀਕਾਰੀ ਪੇਂਡੂ ਮਜਦੂਰ ਯੂਨੀਅਨ ਪੰਜਾਬ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਆਗੂਆਂ ਅਤੇ ਵਰਕਰਾਂ ਨੇ ਵੀ ਵੱਡੀ ਗਿਣਤੀ ਵਿੱਚ ਕਾਨਫਰਸ ਵਿੱਚ ਸ਼ਮੂਲੀਅਤ ਕੀਤੀ। ਕਾਨਫਰੰਸ ਦੀ ਸ਼ੁਰੂਆਤ ਖੜੇ ਹੋ ਕੇ, ਦੋ ਮਿੰਟ ਦਾ ਮੋਨ ਧਾਰ ਕੇ, ਜਥੇਬੰਦੀਆਂ ਦੇ ਆਗੂਆਂ- ਮਾਸਟਰ ਦਰਸ਼ਨ ਤੂਰ, ਦਰਸ਼ਨ ਘੋਲੀਆ ਅਤੇ ਗੁਰਦੀਪ ਵੈਰੋਕੇ ਨੇ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਨੀਵੇਂ ਕਰਕੇ, ਸ਼ਰਧਾਂਜਲੀ ਦਿੱਤੀ।  ਸਰਧਾਂਜਲੀ ਦੌਰਾਨ ਕ੍ਰਾਂਤੀਕਾਰੀ ਗੀਤਕਾਰ ਜਗਸੀਰ ਮਹਿਰਾਜ ਨੇ ਸ਼ਹੀਦਾਂ ਦਾ ਗੀਤ ਗਾਇਆ।”ਸ਼ਹੀਦ ਸਾਥੀਆਂ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ!” “ਸ਼ਹੀਦੋ ਥੋਡੀ  ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ!!” ਆਦਿ ਨਾਹਰੇ ਲਾ ਕੇ ਸਰਧਾਂਜਲੀ ਸਮਾਪਤ ਹੋਈ।
ਸ਼ਹੀਦ ਅਵਤਾਰ ਢੁਡੀਕੇ ਦੀ ਜੀਵਨ ਸਾਥਣ ਸੁਰਿੰਦਰ ਕੌਰ ਢੁਡੀਕੇ, ਸ਼ਹੀਦ ਲਾਲਇੰਦਰ ਕੁਮਾਰ ਲਾਲੀ ਦੇ ਭਤੀਜੇ ਕ੍ਰਿਸ਼ਨ ਪ੍ਰਤਾਪ ਤੋਂ ਇਲਾਵਾ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦਾਂ ਦੀਆਂ ਫੋਟੋਆਂ ‘ਤੇ ਫੁੱਲ ਭੇਂਟ ਕੀਤੇ। ਕਾਨਫਰੰਸ ਨੂੰ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਸੁਖਮੰਦਰ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਰਾਜੇਸ਼ ਮਲਹੋਤਰਾ, ਕ੍ਰਾਂਤੀਕਾਰੀ  ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਕਨਵੀਨਰ ਲਖਬੀਰ ਸਿੰਘ ਲੱਖਾ ਅਤੇ ਸੰਦੀਪ ਪੰਡੋਰੀ , ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਅਤੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਕੰਗ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਨਕਸਲਵਾੜੀ ਲਹਿਰ ਦੇ ਇਤਿਹਾਸ, ਨਕਸਲੀ ਲਹਿਰ ਉਤੇ ਬ੍ਰਾਹਮਣੀ, ਹਿੰਦੁਤਵ ਫਾਸ਼ੀਵਾਦੀ ਹਮਲੇ ਅਤੇ ਉਸ ਦੇ ਟਾਕਰੇ  ਬਾਰੇ, ਦੇਸ਼ ਦੁਨੀਆ ਦੇ ਹਾਲਾਤਾਂ ਬਾਰੇ, ਭਾਰਤ ਅਮਰੀਕਾ ਟ੍ਰੇਡ ਸਮਝੌਤਾ ਅਤੇ ਸਮੁੱਚੇ ਲੋਕਾਂ ‘ਤੇ ਪੈਣ ਵਾਲੇ ਅਸਰ ਬਾਰੇ, ਪੰਜਾਬ ਅਤੇ ਕੇਂਦਰ ਵਿੱਚ ਸੰਘਰਸ਼ਾਂ ਨੂੰ ਦਬਾਉਣ ਦੇ ਲਈ ਪੁਲਸੀ ਡੰਡੇ ਦੀ ਬੇਲੋੜੀ ਕੀਤੀ ਵਰਤੋ ਬਾਰੇ,ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਲੋਕ ਵਿਰੋਧੀ ਨੀਤੀਆਂ ਅਤੇ ਉਹਨਾਂ ਦਾ ਮਜ਼ਦੂਰਾਂ ਅਤੇ ਕਿਸਾਨਾਂ ਉਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਸਥਾਰ ਦੇ ਵਿੱਚ ਚਾਨਣਾ ਪਾਇਆ ਗਿਆ।
1001420122 ਲੋਕ ਸੰਗਰਾਮ ਮੋਰਚੇ ਨੇ ਨਕਸਲੀ ਸ਼ਹੀਦਾਂ ਨੂੰ ਦਿੱਤੀਆਂ ਸ਼ਰਧਾਂਜਲੀਆਂ
ਸੰਘਰਸ਼ਸ਼ੀਲ ਲੋਕਾਂ ਦੇ ਇਹ ਸੋਚਣ ਦਾ ਮਾਮਲਾ ਹੈ ਕਿ ਇਕੱਲੇ ਇਕੱਲੇ ਵਰਗ ਨੂੰ ਲਾਠੀ ਗੋਲੀ ਦੇ ਨਾਲ ਕੇਂਦਰ ਤੇ ਪੰਜਾਬ ਸਰਕਾਰ ਦਬਾਅ ਰਹੀ ਹੈ, ਸੰਘਰਸ਼ਸ਼ੀਲ ਤਾਕਤਾਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ ਹੈ ‌। ਖਾਸ ਕਰਕੇ ਨੌਜਵਾਨਾਂ ਨੂੰ ਇਹਨਾਂ ਲਹਿਰਾਂ ਦਾ ਹਿੱਸਾ ਬਣਾਉਣ ਦੇ ਲਈ, ਵੱਧ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਕ੍ਰਾਂਤੀਕਾਰੀ ਗੀਤਕਾਰ ਜਗਸੀਰ ਮਹਿਰਾਜ ਦੀ ਟੀਮ ਨੇ ਇਨਕਲਾਬੀ ਗੀਤਾਂ ਨਾਲ ਮਹੌਲ ਨੂੰ ਗਰਮਾਈ ਰੱਖਿਆ। ਅਖੀਰ ਦੇ ਉੱਤੇ ਇਕੱਠ ਵਿੱਚ ਸ਼ਾਮਿਲ ਹੋਏ ਕਿਸਾਨਾਂ, ਮਜ਼ਦੂਰਾਂ ਅਤੇ ਭੈਣਾਂ ਭਰਾਵਾਂ ਦਾ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਤਾਰਾ ਸਿੰਘ ਮੋਗਾ ਨੇ ਧੰਨਵਾਦ ਕੀਤਾ। ਕਾ. ਅਵਤਾਰ ਸਿੰਘ ਢੁੱਡੀਕੇ ਦੇ ਪੋਤਰੇ ਹਰਮਨਜੋਤ ਸਿੰਘ ਲਵਲੀ (ਕਨੇਡਾ) ਨੇ ਆਪਣੀ ਦਾਦੀ ਅਤੇ ਕਾਮਰੇਡ ਅਵਤਾਰ ਢੁਡੀਕੇ ਦੀ ਜੀਵਨ ਸਾਥਣ ਸੁਰਿੰਦਰ ਕੌਰ ਢੁਡੀਕੇ ਰਾਹੀ ਪੰਜਾਹ ਹਜ਼ਾਰ ਰੁਪਏ ਸਟੇਜ ਨੂੰ ਸਹਾਇਤਾ ਭੇਜੀ। ਸਮੁੱਚੇ ਪਰਿਵਾਰ ਦਾ ਸਟੇਜ ਵੱਲੋਂ ਧੰਨਵਾਦ ਕੀਤਾ ਗਿਆ। ਜੋਰਦਾਰ ਨਾਹਰੇਬਾਜੀ ਕਰਕੇ  ਸਮਾਗਮ ਦੀ ਸਮਾਪਤੀ ਹੋਈ।

Share this content:

Post Comment