Loading Now

ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਪੋਸ਼ਣ ਅਤੇ ਮਾਨਸਿਕ ਸਿਹਤ ‘ਤੇ ਸੈਮੀਨਾਰ

ਯੂਨੀਵਰਸਿਟੀ ਕਾਲਜ ਜੰਡਿਆਲਾ ਵਿਖੇ ਪੋਸ਼ਣ ਅਤੇ ਮਾਨਸਿਕ ਸਿਹਤ ‘ਤੇ ਸੈਮੀਨਾਰ

ਜੰਡਿਆਲਾ (ਜਲੰਧਰ), 26 ਮਾਰਚ 2026 – ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ, ਜੰਡਿਆਲਾ ਵਿਖੇ ਮਾਣਯੋਗ ਵਾਈਸ ਚਾਂਸਲਰ ਪ੍ਰੋਫੈਸਰ (ਡਾ਼) ਕਰਮਜੀਤ ਸਿੰਘ ਜੀ ਦੀ ਯੋਗ ਅਗਵਾਈ ਅਧੀਨ ਅਤੇ ਡੀਨ ਕਾਲਜ ਵਿਕਾਸ ਕੌਂਸਲ ਪ੍ਰੋਫੈਸਰ ( ਡਾ਼) ਸਰੋਜ ਅਰੋੜਾ ਜੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਪੋਸ਼ਣ ਅਤੇ ਮਾਨਸਿਕ ਸਿਹਤ ਵਿਸ਼ੇ ‘ਤੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਆਯੋਜਨ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਦੀ ਰਹਿਨੁਮਾਈ ਹੇਠ ਕੀਤਾ ਗਿਆ।

ਸੈਮੀਨਾਰ ਵਿੱਚ ਮੁੱਖ ਰਿਸੋਰਸ ਪਰਸਨ ਵਜੋਂ ਸ਼੍ਰੀਮਤੀ ਨੂਪੁਰ ਚੋਪੜਾ, ਰਿਟਾਇਰਡ ਐਸੋਸੀਏਟ ਪ੍ਰੋਫੈਸਰ ਬੀ.ਡੀ.ਆਰ.ਕਾਲਜ ਜਲੰਧਰ ਅਤੇ ਮਿਸ ਆਤਮਾ ਸਿੰਘ, ਮੁੱਖੀ ਹੋਮ ਸਾਇੰਸ, ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਜਲੰਧਰ ਨੇ ਸ਼ਿਰਕਤ ਕੀਤੀ। ਦੋਵਾਂ ਮਾਹਿਰਾਂ ਵੱਲੋਂ ਵਿਦਿਆਰਥੀਆਂ ਨੂੰ ਸੰਤੁਲਿਤ ਖੁਰਾਕ ਅਤੇ ਮਾਨਸਿਕ ਤੰਦਰੁਸਤੀ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸਹੀ ਖਾਣ-ਪੀਣ ਦੀਆਂ ਆਦਤਾਂ ਨਾ ਸਿਰਫ਼ ਸਰੀਰਕ ਸਿਹਤ ਨੂੰ ਤੰਦਰੁਸਤ ਰੱਖਦੀਆਂ ਹਨ, ਸਗੋਂ ਤਣਾਅ, ਚਿੰਤਾ ਅਤੇ ਹੋਰ ਮਾਨਸਿਕ ਸਮੱਸਿਆਵਾਂ ਨਾਲ ਨਜਿੱਠਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।ਮਿਸ ਆਤਮਾ ਸਿੰਘ ਜੀ ਨੇ ਵਿਦਿਆਰਥੀਆਂ ਨੂੰ ਨਿਊਰੋਟਰਾਂਸਮੀਟਰ, ਸੈਰੋਟੋਨਿਨ, ਕੋਰਟੀਸੋਲ ਅਤੇ ਗਾਬਾ ਆਦਿ ਦੇ ਸਾਡੀ ਮਾਨਸਿਕ ਸਿਹਤ ਤੇ ਪੈਂਦੇ ਪ੍ਰਭਾਵਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਨਾਲ ਹੀ ਉਨ੍ਹਾਂ ਨੇ ਚੰਗੀ ਮਾਨਸਿਕ ਸਿਹਤ ਨੂੰ ਬਣਾਈ ਰੱਖਣ ਲਈ ਪੌਸ਼ਟਿਕ ਆਹਾਰ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਆਧੁਨਿਕ ਸਮੇਂ ਵਿੱਚ ਸਾਡੇ ਖਾਣ ਪੀਣ ਦੀਆਂ ਆਦਤਾਂ ਅਤੇ ਵਾਤਾਵਰਨ ਸਾਡੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਅੱਜ ਦੇ ਸਮੇਂ ਸਰੀਰਕ ਤੰਦਰੁਸਤੀ ਦੇ ਨਾਲ ਨਾਲ ਮਾਨਸਿਕ ਤੰਦਰੁਸਤੀ ਵੀ ਬੇਹੱਦ ਜ਼ਰੂਰੀ ਹੈ।

ਇਸ ਮੌਕੇ ਕਾਲਜ ਇੰਚਾਰਜ ਜਸ਼ਨਜੋਤ ਸਿੰਘ ਜੌਹਲ ਨੇ ਰਿਸੋਰਸ ਪਰਸਨਾਂ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ । ਉਹਨਾਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਨੂੰ ਜੀਵਨ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਲਈ ਪ੍ਰੇਰਿਤ ਕਰਦੇ ਹਨ। ਸੈਮੀਨਾਰ ਦੌਰਾਨ ਕਾਲਜ ਸਟਾਫ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ। ਇਸ ਸੈਮੀਨਾਰ ਦਾ ਪ੍ਰਬੰਧ ਕੋ-ਕਨਵੀਨਰ ਸ਼੍ਰੀਮਤੀ ਦੀਪਿਕਾ ਧਵਨ ਦੁਆਰਾ ਕੀਤਾ ਗਿਆ। ਮੰਚ ਸੰਚਾਲਨ ਮਿਸ ਅੰਜਲੀ ਯਾਦਵ ਦੁਆਰਾ ਬਾਖ਼ੂਬੀ ਕੀਤਾ ਗਿਆ।

Share this content:

Post Comment