ਹਰ ਸਾਲ ਅਗਸਤ ਦੇ ਮਹੀਨੇ ਦੀ ਪੁੰਨਿਆ ਵਾਲੇ ਦਿਨ ਰੱਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਜੋ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਬਣ ਚੁੱਕਿਆ ਹੈ।ਸਮਾਜ ਵਿੱਚ ਮੇਲ ਮਿਲਾਪ ਵਧਾਉਣ ਤੇ ਮੋਹ ਪਿਆਰ ਦੇ ਰਿਸ਼ਤਿਆਂ ਨੂੰ ਹੋਰ ਗੂਹੜਾ ਕਰਨ ਲਈ ਅਜਿਹੇ ਬਹੁਤ ਸਾਰੇ ਤਿਉਹਾਰ ਸਾਡੇ ਦੇਸ਼ ਵਿੱਚ ਪ੍ਰਚੱਲਿਤ ਹਨ।ਮਨੁੱਖ ਸਮਾਜਿਕ ਪ੍ਰਾਣੀ ਹੈ।ਸਮਾਜ ਵਿੱਚ ਰਹਿੰਦੇ ਹੋਏ ਦੁੱਖ ਵੰਡਾਉਣ ਤੇ ਸੁੱਖ ਸਾਂਝਾ ਕਰਨ ਲਈ ਹਰ ਸਮਾਜ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਜਿਹੇ ਤਿਉਹਾਰ ਜ਼ਰੂਰ ਮਨਾਏ ਜਾਂਦੇ ਹਨ।ਕਈ ਤਿਉਹਾਰ ਤਾਂ ਸਮਾਜ ਦੇ ਛੋਟੇ ਜਿਹੇ ਹਿੱਸੇ ਤੱਕ ਹੀ ਸੀਮਤ ਰਹਿੰਦੇ ਹਨ ਤੇ ਕਈ ਏਨੇ ਜ਼ਿਆਦਾ ਹਰਮਨ ਪਿਆਰੇ ਹੋ ਜਾਂਦੇ ਹਨ ਕਿ ਉਹ ਵਿਸ਼ਵ ਪੱਧਰ ਤੱਕ ਫੈਲ ਜਾਂਦੇ ਹਨ।ਕ੍ਰਿਸਮਸ ਦਾ ਤਿਉਹਾਰ ਇਸ ਕਦਰ ਫੈਲਿਆ ਹੈ ਕਿ ਉਹ ਵਿਸ਼ਵ ਪੱਧਰ ਤੇ ਮਨਾਇਆ ਜਾਣ ਲੱਗ ਪਿਆ ਹੈ।ਉਂਜ ਤਾਂ ਵਿਸ਼ਵ ਹੀ ਅੱਜਕੱਲ੍ਹ ਦੀਆਂ ਤਕਨੀਕੀ ਤੇ ਆਵਾਜਾਈ ਦੀਆਂ ਸਹੂਲਤਾਂ ਨਾਲ ਬਹੁਤ ਨੇੜੇ ਜਾਪਣ ਲੱਗ ਪਿਆ ਹੈ ਤੇ ਇੱਕ ਗਲੋਬਲ ਪਿੰਡ ਬਣ ਗਿਆ ਹੈ।ਸਾਰੇ ਦੇਸ਼ਾਂ ਦੇ ਵਸਨੀਕ ਇਕ ਦੂਜੇ ਦੇਸ਼ਾਂ ਵਿੱਚ ਪ੍ਰਵਾਸ ਕਰ ਗਏ ਹਨ ਤੇ ਲਗਭਗ ਸਾਰੇ ਦੇਸ਼ਾਂ ਦੇ ਤਿਉਹਾਰਾਂ ਤੋਂ ਵੀ ਕਾਫ਼ੀ ਹੱਦ ਤੱਕ ਜਾਣੂ ਹੋ ਗਏ ਹਨ।ਪੰਜਾਬੀ ਤੇ ਸਿੱਖ ਦੁਨੀਆ ਦੇ ਹਰ ਕੋਨੇ ਵਿੱਚ ਮਿਲ ਜਾਂਦੇ ਹਨ।ਇੰਜ ਉੱਥੇ ਪੰਜਾਬੀ ਜਾਂ ਭਾਰਤੀ ਤਿਉਹਾਰਾਂ ਦੀ ਮਹਿਕ ਪਹੁੰਚਣੀ ਵੀ ਕੁਦਰਤੀ ਬਣ ਗਈ ਹੈ।
ਸਾਡੇ ਸਮਾਜਿਕ ਤਿਉਹਾਰ ਸਾਡੇ ਸਿਨੇਮਾ ਜਗਤ ਨੇ ਬਹੁਤ ਪਾਪੂਲਰ ਕੀਤੇ ਹਨ।ਲਗਭਗ ਸਾਰੇ ਹੀ ਤਿਉਹਾਰਾਂ ਤੇ ਫ਼ਿਲਮਾਂ ਬਣ ਚੁੱਕੀਆਂ ਹਨ।ਫ਼ਿਲਮ ਇੱਕ ਅਜਿਹਾ ਸਾਧਨ ਹੈ ਜੋ ਵੇਖਣ ਵਾਲਿਆਂ ਦੇ ਮਨ ਤੇ ਗਹਿਰੀ ਛਾਪ ਛੱਡ ਜਾਂਦਾ ਹੈ।ਜਿਹੜੇ ਦ੍ਰਿਸ਼ ਮਨੁੱਖ ਇੱਕ ਵਾਰ ਵੇਖ ਲੈਂਦਾ ਹੈ ਉਹ ਉਸ ਦੀ ਯਾਦ-ਸ਼ਕਤੀ ਦਾ ਹਿੱਸਾ ਬਣ ਜਾਂਦੇ ਹਨ।ਸਾਡੇ ਦੇਸ਼ ਦਾ ਮੁੱਖ ਕਿੱਤਾ ਖੇਤੀਬਾੜੀ ਹੋਣ ਕਾਰਨ ਬਹੁਤੇ ਤਿਉਹਾਰਾਂ ਦਾ ਸਮਾਂ ਖੇਤੀ ਖੇਤਰ ਵਿੱਚ ਵਿਹਲ ਦੇ ਸਮੇਂ ਨਾਲ ਜੁੜਿਆ ਹੁੰਦਾ ਹੈ।ਜਿਵੇਂ ਵਿਸਾਖੀ ਦਾ ਮੁੱਖ ਤਿਉਹਾਰ ਹੁਣ ਹਾੜੀ ਦੀ ਰੁੱਤ ਦੀਆਂ ਫ਼ਸਲਾਂ ਦੇ ਪੱਕਣ ਤੋਂ ਪਹਿਲਾਂ ਮਨਾਇਆ ਜਾਂਦਾ ਹੈ।ਪਹਿਲਾਂ ਜਦੋਂ ਫ਼ਸਲਾਂ ਮਾਰੂ ਹੁੰਦੀਆਂ ਸਨ ਉਦੋਂ ਕਿਸਾਨ ਕਣਕ ਦੀ ਫ਼ਸਲ ਸਾਂਭ ਕੇ ਵਿਸਾਖੀ ਦਾ ਤਿਉਹਾਰ ਮਨਾਉਂਦੇ ਸਨ।ਇੰਜ ਹੀ ਲੋਹੜੀ ਦਾ ਤਿਉਹਾਰ ਜਨਵਰੀ ਦੇ ਮਹੀਨੇ ਆਉਂਦਾ ਹੈ।ਉਦੋਂ ਵੀ ਕਿਸਾਨ ਕੋਲ ਕਾਫ਼ੀ ਵਿਹਲਾ ਸਮਾਂ ਹੁੰਦਾ ਹੈ।ਦੇਸੀ ਮਹੀਨਿਆਂ ਦੀ ਗੱਲ ਕਰੀਏ ਤਾਂ ਸਾਵਣ ਤੇ ਭਾਦੋਂ ਦੋ ਮਹੀਨੇ ਔਰਤਾਂ ਦੇ ਤਿਉਹਾਰਾਂ ਵਾਲੇ ਹੁੰਦੇ ਨੇ।ਸਾਵਣ ਮਹੀਨੇ ਦੀਆਂ ਤੀਆਂ ਔਰਤਾਂ ਤੇ ਸੱਜ ਵਿਆਹੀਆਂ ਮੁਟਿਆਰਾਂ ਲਈ ਖ਼ੁਸ਼ੀਆਂ ਖੇੜਿਆਂ ਨਾਲ ਭਰਪੂਰ ਹੁੰਦੀਆਂ ਹਨ।ਨਵੀਂਆਂ ਵਿਆਹੀਆਂ ਮੁਟਿਆਰਾਂ ਪਹਿਲਾ ਸਾਵਣ ਆਪਣੇ ਪੇਕੇ ਪਿੰਡ ਆ ਕੇ ਮਨਾਉਂਦੀਆਂ ਹਨ।ਇਸ ਮਹੀਨੇ ਸੱਸ ਨਾਲ ਮਿਲਣਾ ਨਵੀਂ ਵਹੁਟੀ ਲਈ ਅਪਸ਼ਗਨ ਸਮਝਣ ਦੀ ਮਿੱਥ ਪਾਲੀ ਜਾ ਚੁੱਕੀ ਹੈ।
ਕੁੜੀਆਂ ਖ਼ੂਬ ਨੱਚ-ਟੱਪ ਤੇ ਬੋਲੀਆਂ ਪਾ ਕੇ ਆਪਣੇ ਮਨ ਖ਼ੁਸ਼ ਕਰਦੀਆਂ ਨੇ।ਘਰਾਂ ਵਿੱਚ ਖ਼ੂਬ ਸੁਆਦਲੇ ਪਕਵਾਨ ਖੀਰਾਂ ਤੇ ਪੂੜੇ ਪੱਕਦੇ ਨੇ। ਭਾਦੋਂ ਦੇ ਮਹੀਨੇ ਰੱਖੜੀ ਦਾ ਤਿਉਹਾਰ ਆ ਜਾਂਦਾ ਹੈ।ਇਸ ਤਿਉਹਾਰ ਨੂੰ ਸਾਡੇ ਸਮਾਜ ਨੇ ਭੈਣ-ਭਰਾ ਦੇ ਪਿਆਰ ਦੇ ਪ੍ਰਤੀਕ ਵਜੋਂ ਮਾਨਤਾ ਦੇ ਦਿੱਤੀ ਹੈ। ਇਸ ਤਿਉਹਾਰ ਦੀ ਸ਼ੁਰੂਆਤ ਸਬੰਧੀ ਕੋਈ ਤਿੱਥ ਤਾਂ ਨਹੀਂ ਮਿਲਦੀ ਪਰ ਕਿਹਾ ਜਾਂਦਾ ਹੈ ਕਿ ਦਰਬਾਸ਼ਾ ਰਿਸ਼ੀ ਨਦੀ ਵਿੱਚ ਇਸ਼ਨਾਨ ਕਰਦੇ ਸਨ। ਉਹਨਾਂ ਦੇ ਵਸਤਰ ਰੁੜ੍ਹ ਗਏ ਬਾਹਰ ਆਉਣ ਲਈ ਸਰੀਰ ਤੇ ਕੱਪੜਾ ਚਾਹੀਦਾ ਸੀ।ਕਿਨਾਰੇ ਤੇ ਖੜੀ ਦਰੋਪਦੀ ਨੇ ਆਪਣੀ ਸਾੜੀ ਦਾ ਪੱਲਾ ਪਾੜ ਕੇ ਰਿਸ਼ੀ ਜੀ ਵੱਲ ਸੁਟਿਆ।ਬਾਹਰ ਆ ਕੇ ਉਹਨਾਂ ਨੇ ਦਰੋਪਦੀ ਨੂੰ ਵਰ ਦਿੱਤਾ ਕਿ ਉਸ ਨੇ ਉਹਨਾਂ ਦਾ ਨੰਗੇਜ ਢੱਕ ਕੇ ਰੱਖਿਆ ਕੀਤੀ ਹੈ ਬਦਲੇ ਵਿੱਚ ਉਹ ਵੀ ਲੋੜ ਵੇਲੇ ਸਹਾਇਤਾ ਕਰਨਗੇ।ਕਿਹਾ ਜਾਂਦਾ ਹੈ ਕਿ ਕੌਰਵਾਂ ਦੁਆਰਾ ਉਸ ਦਾ ਚੀਰ ਹਰਨ ਕਰਨ ਦੀ ਕੋਸ਼ਿਸ਼ ਵੇਲੇ ਰਿਸ਼ੀ ਜੀ ਨੇ ਦਰੋਪਦੀ ਦੀ ਰੱਖਿਆ ਕੀਤੀ ਸੀ। ਕੁਝ ਲੋਕ ਇਸ ਨੂੰ ਭਗਵਾਨ ਕ੍ਰਿਸ਼ਨ ਨਾਲ ਜੋੜਦੇ ਹਨ।ਕੁਝ ਵੀ ਹੋਵੇ ਗੱਲ ਰੱਖਿਆ ਪ੍ਰਦਾਨ ਕਰਨ ਦੀ ਹੈ।ਸਮਾਜ ਨੂੰ ਤਿਉਹਾਰ ਦਾ ਕੋਈ ਅਧਾਰ ਜਾਂ ਬਹਾਨਾ ਮਿਲਣਾ ਚਾਹੀਦਾ ਹੈ ਤੇ ਫਿਰ ਅਗਲਾ ਰਾਹ ਲੋਕ ਖ਼ੁਦ ਬਣਾ ਲੈਂਦੇ ਹਨ।ਸਾਰੇ ਉੱਤਰੀ ਭਾਰਤ ਵਿੱਚ ਇਹ ਤਿਉਹਾਰ ਭੈਣਾਂ ਬੜੀਆਂ ਰੀਝਾਂ ਨਾਲ ਮਨਾਉਂਦੀਆਂ ਹਨ।ਪਵਿੱਤਰ ਪਿਆਰ ਦੇ ਬੰਧਨ ਨੂੰ ਕੱਚੇ ਧਾਗੇ ਤੇ ਮੋਹ ਦੀਆਂ ਤੰਦਾਂ ਕਰਕੇ ਵੀ ਜਾਣਿਆ ਜਾਂਦਾ ਹੈ।”ਕੱਚੇ ਧਾਗੇ”ਫ਼ਿਲਮ ਨੇ ਵੀ ਇਸ ਤਿਉਹਾਰ ਦੀ ਮਹਾਨਤਾ ਨੂੰ ਟੁੰਬਿਆ ਸੀ।
ਪੁਰਾਤਨ ਸਮੇਂ ਵਿੱਚ ਭੈਣਾਂ ਮੌਲੀ ਦੇ ਧਾਗੇ ਦੀਆਂ ਤੰਦਾਂ ਆਪਣੇ ਭਰਾ ਦੇ ਗੁੱਟ ਤੇ ਸਜਾਇਆ ਕਰਦੀਆਂ ਸਨ।ਮੌਲੀ ਦਾ ਧਾਗਾ ਵਿਆਹ ਸ਼ਾਦੀ ਦੀਆਂ ਰਸਮਾਂ ਨਿਭਾਉਣ ਲਈ ਵੀ ਬੜਾ ਪਵਿੱਤਰ ਮੰਨਿਆ ਜਾਂਦਾ ਹੈ।ਇਸ ਦੇ ਨਾਲ ਹੀ ਭਰਾ ਦਾ ਮੂੰਹ ਮਿੱਠਾ ਕਰਵਾਉਣ ਲਈ ਵਧੀਆ ਮਠਿਆਈ ਜਾਂ ਮਿੱਠੇ ਪਕਵਾਨ ਖੁਆ ਕੇ ਭੈਣਾਂ ਸ਼ਗਨ ਮਨਾਉਂਦੀਆਂ ਸਨ।ਪਹਿਲਾਂ ਪਹਿਲ ਤਾਂ ਗੁੜ ਹੀ ਮਿੱਠੇ ਤੇ ਸ਼ਗਨ ਵਜੋਂ ਵਰਤਿਆ ਜਾਂਦਾ ਸੀ।ਸਮੇਂ ਦੇ ਬਦਲਣ ਨਾਲ ਇਸ ਦੀ ਥਾਂ ਵੰਨ ਸੁਵੰਨੀਆਂ ਮਠਿਆਈਆਂ ਨੇ ਲੈ ਲਈ ਹੈ।ਰੱਖੜੀ ਭਰਾ ਵੱਲੋਂ ਭੈਣ ਦੀ ਹਰ ਦੁੱਖ ਸੁੱਖ ਵਿੱਚ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਦਾ ਪ੍ਰਤੀਕ ਬਣ ਗਈ ਹੈ।ਇਸ ਅਹਿਸਾਸ ਨੂੰ ਕਾਇਮ ਰੱਖਣ ਲਈ ਭਰਾ ਵੀ ਸ਼ਗਨ ਤੇ ਤੋਹਫ਼ੇ ਵਜੋਂ ਆਪਣੀਆਂ ਭੈਣਾਂ ਨੂੰ ਰੁਪਏ ਪੈਸੇ ਤੇ ਤੋਹਫ਼ੇ ਦੇ ਕੇ ਵਿਦਾ ਕਰਦੇ ਸਨ।ਸਮੇਂ ਸਮੇਂ ਤੇ ਮਹਿੰਗਾਈ ਦੇ ਹਿਸਾਬ ਨਾਲ ਇਹਨਾਂ ਤੋਹਫ਼ਿਆਂ ਤੇ ਰੱਖੜੀਆਂ ਦੀਆਂ ਵੰਨਗੀਆਂ ਵੀ ਬਦਲਦੀਆਂ ਜਾ ਰਹੀਆਂ ਹਨ। ਉਹ ਵੀ ਸਮਾਂ ਸੀ ਜਦੋਂ ਰੱਖੜੀ ਦਾ ਸ਼ਗਨ ਸਵਾ ਰੁਪਈਆ ਵੀ ਬਹੁਤ ਮਾਅਨੇ ਰੱਖਦਾ ਸੀ।ਕਈ ਭਰਾ ਦਸ ਰੁਪਏ ਤੱਕ ਮਨੀਆਰਡਰ ਰਾਹੀਂ ਵੀ ਭੇਜਦੇ ਹੁੰਦੇ ਸਨ।ਗੱਲ ਰੁਪਈਆਂ ਦੀ ਨਹੀਂ ਸੀ ਹੁੰਦੀ ਪਿਆਰ ਮੁਹੱਬਤ ਦੀ ਸ਼ਰਧਾ ਦਾ ਅਦਾਨ ਪ੍ਰਦਾਨ ਹੁੰਦਾ ਸੀ।ਮਹਿੰਗਾਈ ਵਧਣ ਨਾਲ ਹੁਣ ਤਾਂ ਹਜ਼ਾਰਾਂ ਰੁਪਏ ਵੀ ਉਹ ਭਾਵਨਾ ਪੂਰੀ ਨਹੀਂ ਕਰਦੇ ਜਿਹੜਾ ਮੌਲੀ ਦੇ ਧਾਗੇ ਦੇ ਪਿਆਰ ਲਈ ਸਵਾ ਰੁਪਿਆ ਜ਼ਾਹਰ ਕਰਦਾ ਸੀ।ਅੱਜਕੱਲ੍ਹ ਮੌਲੀ ਦੇ ਧਾਗੇ ਤਾਂ ਉਂਜ ਹੀ ਅਲੋਪ ਹੋ ਗਏ ਨੇ।ਮੌਜੂਦਾ ਨੌਜਵਾਨ ਵਰਗ ਇਸ ਨੂੰ ਪਸੰਦ ਹੀ ਨਹੀਂ ਕਰਦਾ।
ਹੁਣ ਤਾਂ ਅਮੀਰੀ ਤੇ ਫ਼ਕੀਰੀ ਦਾ ਫ਼ਰਕ ਆਮ ਨਜ਼ਰ ਆਉਣ ਲੱਗ ਪਿਆ ਹੈ।ਉਂਜ ਪਿਆਰ ਦੇ ਪਰਵਾਨੇ ਤਾਂ ਅੱਜਕੱਲ੍ਹ ਵੀ ਪ੍ਰਚੱਲਿਤ ਧਾਗਿਆਂ ਨੂੰ ਜ਼ਿਆਦਾ ਤਰਜੀਹ ਦੇਂਦੇ ਹਨ,ਜਦੋਂਕਿ ਅਮੀਰ ਲੋਕ ਤਾਂ ਚਾਂਦੀ ਦੀਆਂ ਰੱਖੜੀਆਂ ਨੂੰ ਤਰਜੀਹ ਦੇਣ ਲੱਗ ਪਏ ਹਨ।ਪਦਾਰਥਿਕ ਦੇ ਦੌਰ ਵਿੱਚ ਤਿਉਹਾਰ ਵੀ ਵਿਖਾਵੇ ਦਾ ਸਾਧਨ ਬਣ ਗਏ ਹਨ।ਜੇ ਆਪਾਂ ਅਜੋਕੇ ਤਿਉਹਾਰਾਂ ਨੂੰ ਦਿਖਾਵੇ ਦੇ ਪ੍ਰਤੀਕ ਕਹਿ ਲਈਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ?ਤਿਉਹਾਰ ਤਾਂ ਕੇਵਲ ਇੱਕ ਰਸਮ ਬਣ ਕੇ ਰਹਿ ਗਏ ਹਨ।ਪਦਾਰਥਵਾਦੀ ਦੌਰ ਨੇ ਸਭ ਕਾਸੇ ਨੂੰ ਵਪਾਰ ਬਣਾ ਕੇ ਰੱਖ ਦਿੱਤਾ ਹੈ।ਜਿੱਥੇ ਵਪਾਰਕ ਕਦਰਾਂ ਕੀਮਤਾਂ ਹਾਵੀ ਹੋ ਜਾਣ ਉੱਥੋਂ ਪਿਆਰ ਮਨਫ਼ੀ ਹੋਣ ਲੱਗ ਪੈਂਦਾ ਏ।ਤੇ ਇਹ ਹੋ ਵੀ ਰਿਹਾ ਏ।ਲੋਕਾਂ ਦੀ ਲਾਲਸਾ ਵੱਧ ਦੀ ਜਾ ਰਹੀ ਹੈ ਤੇ ਮੇਲ ਮਿਲਾਪ ਤੇ ਪਿਆਰ ਫਿੱਕਾ ਪੈਣ ਲੱਗ ਪਿਆ ਹੈ। ਮਨੁੱਖੀ ਮਨਾਂ ਉੱਪਰ ਲਾਲਚ ਤੇ ਲਾਲਸਾ ਭਾਰੂ ਹੋਣ ਲੱਗ ਪਈ ਹੈ।ਅਮੀਰ ਵਰਗ ਦੇ ਲੋਕਾਂ ਵੱਲੋਂ ਇਹਨਾਂ ਤਿਉਹਾਰਾਂ ਤੇ ਖੁੱਲ੍ਹੇ ਦਿਲ ਨਾਲ ਕੀਤੇ ਖਰਚੇ,ਸ਼ਗਨਾਂ ਦੇ ਇਵਜ਼ ਵਿੱਚ ਮਹਿੰਗੇ ਤੋੁਹਫਿਆਂ ਦਾ ਅਦਾਨ ਪ੍ਰਦਾਨ ਹੇਠਲੇ ਪੱਧਰ ਦੇ ਲੋਕਾਂ ਦੇ ਮਨਾਂ ਵਿੱਚ ਨਫਰਤ,ਸਾੜਾ ਤੇ ਈਰਖਾ ਪੈਦਾ ਕਰ ਦੇਂਦਾ ਹੈ।ਅਜਿਹੇ ਲੋਕ ਆਪਣਾ ਮਾਲੀ ਪੱਧਰ ਸਾਧਾਰਨ ਲਈ ਗ਼ਲਤ ਹੱਥਕੰਡੇ ਵੀ ਅਪਣਾਉਣ ਲੱਗ ਪੈਂਦੇ ਹਨ।ਇੰਜ ਸਮਾਜ ਵਿੱਚ ਨਿਘਾਰ ਤਾਂ ਆਉਂਦਾ ਹੀ ਹੈ ਬਦ-ਅਮਨੀ ਵੀ ਫੈਲਦੀ ਹੈ।ਹਾਲਾਂਕਿ ਕੋਈ ਵੀ ਤਿਉਹਾਰ ਕੋਈ ਗ਼ਲਤ ਕੰਮ ਕਰਨ ਦੀ ਨਾ ਤਾਂ ਪ੍ਰੇਰਨਾ ਦਿੰਦਾ ਹੈ ਤੇ ਨਾ ਹੀ ਹਾਮੀ ਭਰਦਾ ਹੈ,ਸਭ ਮਨੁੱਖੀ ਮਨ ਦੇ ਵਲਵਲੇ ਹਨ।”ਮਨ ਹਰਾਮੀ ਹੁੱਜਤਾਂ ਢੇਰ”!ਕਈ ਭੈਣਾਂ ਇਸ ਤਿਉਹਾਰ ਤੇ ਆਪਣੇ ਸਹੁਰੇ ਘਰ ਦੀ ਵਿੱਤ ਤੋਂ ਵੱਧ ਕੇ,ਮਹਿੰਗੀਆਂ ਰੱਖੜੀਆਂ ਤੇ ਮਠਿਆਈ ਦੇ ਡੱਬੇ ਲੈ ਕੇ ਵਡਿਆਈ ਪ੍ਰਾਪਤ ਕਰਨਾ ਚਾਹੁੰਦੀਆਂ ਹਨ ਪਰ ਜੇ ਉਹਨਾਂ ਦਾ ਕੰਜੂਸ ਭਰਾ ਸ਼ਗਨ ਵਿੱਚ ਰੱਖੜੀ ਤੇ ਕੀਤਾ ਗਿਆ ਖਰਚਾ ਵੀ ਨਾ ਮੋੜੇ,ਤਾਂ ਭੈਣ ਦਾ ਮੂਡ ਖ਼ਰਾਬ ਹੋਣ ਦੇ ਨਾਲ ਨਾਲ ਸਹੁਰੇ ਘਰ ਨਿਰਾਦਰ ਵੀ ਹੋ ਜਾਂਦਾ ਹੈ।
ਇੰਜ ਪਿਆਰ ਦੀ ਭਾਵਨਾ ਨੂੰ ਠੇਸ ਪਹੁੰਚਦੀ ਹੈ।ਦੁਨੀਆ ਵਿੱਚ ਕੰਜੂਸ ਤੇ ਖੁੱਲ੍ਹਦਿਲੇ ਹਰ ਤਰ੍ਹਾਂ ਦੇ ਲੋਕ ਹੁੰਦੇ ਹਨ।ਕਈ ਅਮੀਰ ਵੀ ਅਜਿਹੇ ਤਿਉਹਾਰਾਂ ਤੇ ਫ਼ਜ਼ੂਲ ਖ਼ਰਚੀ ਤੋਂ ਟਾਲ਼ਾ ਵੱਟ ਕੇ ਕੇਵਲ ਸ਼ਗਨ ਮਨਾਉਣ ਨੂੰ ਹੀ ਤਰਜੀਹ ਦੇਂਦੇ ਹਨ ਜਦੋਂ ਕਿ ਆਕੜ,ਰੀਸ ਤੇ ਲਾਲਸਾ ਹੇਠਲੇ ਪੱਧਰ ਦੇ ਲੋਕ ਜ਼ਿਆਦਾ ਦਿਖਾਉਂਦੇ ਹਨ ਤੇ ਉਹ ਹੀ ਮੁਸ਼ਕਲਾਂ ਦਾ ਸਾਹਮਣਾ ਕਰਨ ਨੂੰ ਮਜਬੂਰ ਵੀ ਹੁੰਦੇ ਹਨ। ਕਿੰਨਾ ਚੰਗਾ ਹੋਵੇ ਜੇ ਇਹਨਾਂ ਤਿਉਹਾਰਾਂ ਨੂੰ ਮਹਿਜ਼ ਪ੍ਰੇਮ ਪਿਆਰ ਦੇ ਪ੍ਰਤੀਕ ਵਜੋਂ ਹੀ ਮਨਾਇਆ ਜਾਵੇ ਤੇ ਇਸ ਨੂੰ ਲੋਕ ਦਿਖਾਵੇ ਦੀ ਭੇਡ-ਚਾਲ ਤੋਂ ਬਚਾਇਆ ਜਾਵੇ।ਤਿਉਹਾਰਾਂ ਨੂੰ ਵਪਾਰ ਦੀ ਵੰਨਗੀ ਬਣਾਉਣ ਵਾਲੇ ਮੁਨਿਆਰੀ ਦੀਆਂ ਦੁਕਾਨਾਂ ਵਾਲਿਆਂ ਤੇ ਹਲਵਾਈਆਂ ਨੇ ਇਹਨਾਂ ਤਿਉਹਾਰਾਂ ਦੀ ਆਮਦ ਤੇ ਆਪਣੇ ਬਜਟ ਤਹਿ ਕੀਤੇ ਹੁੰਦੇ ਹਨ। ਵੱਖ ਵੱਖ ਤਿਉਹਾਰਾਂ ਦੀ ਆਮਦ ਉਹਨਾਂ ਦਾ ਸਾਲ ਭਰ ਦਾ ਖਰਚਾ ਕੱਢ ਦੇਂਦੀ ਹੈ।ਮੁਨਿਆਰੀ ਵਾਲੇ ਤਾਂ ਵੰਨ ਸੁਵੰਨੀਆਂ ਰੱਖੜੀਆਂ ਤੇ ਤੋਹਫ਼ੇ ਹੀ ਸਪਲਾਈ ਕਰਦੇ ਹਨ ਜੋ ਹਰ ਕੋਈ ਆਪਣੀ ਪਹੁੰਚ ਅਨੁਸਾਰ ਹੀ ਖ਼ਰੀਦ ਕੇ ਰੀਝ ਪੂਰੀ ਕਰ ਲੈਂਦਾ ਹੈ।ਇਸ ਨਾਲ ਕਿਸੇ ਦੀ ਵੀ ਸਿਹਤ ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।ਪਰ ਮਠਿਆਈ ਦੀਆਂ ਦੁਕਾਨਾਂ ਵਾਲੇ ਹਲਵਾਈ ਇਹਨਾਂ ਤਿਉਹਾਰਾਂ ਦੀ ਆੜ ਵਿੱਚ ਏਨੀ ਜ਼ਿਆਦਾ ਘਟੀਆ ਤੇ ਮਿਲਾਵਟੀ ਮਠਿਆਈ ਬਜ਼ਾਰ ਵਿੱਚ ਵੇਚਦੇ ਹਨ ਜਿਸ ਨਾਲ ਲੋਕਾਂ ਦੇ ਮਾਲੀ ਨੁਕਸਾਨ ਦੇ ਨਾਲ ਨਾਲ ਸਿਹਤ ਪੱਖੋਂ ਸਰੀਰਕ ਨੁਕਸਾਨ ਜ਼ਿਆਦਾ ਹੁੰਦਾ ਹੈ।ਸਾਡਾ ਦੇਸ਼ ਅਬਾਦੀ ਪੱਖੋਂ ਤਾਂ ਵਿਸ਼ਵ ਦਾ ਨੰਬਰ ਇੱਕ ਦੇਸ਼ ਬਣ ਗਿਆ ਹੈ।
ਹਰ ਸਾਲ ਸਾਡਾ ਦੇਸ਼ ਆਸਟ੍ਰੇਲੀਆ ਮਹਾਂਦੀਪ ਜਿੱਡਾ ਇੱਕ ਨਵਾਂ ਦੇਸ਼ ਖੜ੍ਹਾ ਕਰ ਦੇਂਦਾ ਹੈ।ਤੇ ਸਹੂਲਤਾਂ ਪੱਖੋਂ ਮੀਂਹ ਅਜੇ ਅੰਬਾਲੇ ਹੁੰਦਾ ਹੈ ਤੇ ਜਲੰਧਰ ਦੇ ਚੌਂਕਾਂ ਵਿੱਚ ਗੋਡੇ ਗੋਡੇ ਚਿੱਕੜ ਵਾਲਾ ਪਾਣੀ ਜਮ੍ਹਾਂ ਹੋ ਜਾਂਦਾ ਹੈ। ਪਿਛਲੇ ਦਿਨੀਂ ਸੋਸ਼ਲ ਮੀਡੀਆ ਤੇ ਵਿਸ਼ਵ ਸਿਹਤ ਸੰਸਥਾ ਦੀ ਭਾਰਤ ਨੂੰ ਚਿਤਾਵਨੀ ਦਰਸਾਉਂਦੀ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ।ਜਿਸ ਅਨੁਸਾਰ ਭਾਰਤ ਵਿੱਚ ਪੈਦਾ ਹੋਣ ਵਾਲੇ ਦੁੱਧ ਨਾਲੋਂ ਚਾਰ ਗੁਣਾਂ ਤੋਂ ਵੀ ਵੱਧ ਡੁਪਲੀਕੇਟ ਦੁੱਧ ਦੀ ਵਰਤੋਂ ਹੋ ਰਹੀ ਹੈ।ਰਸਾਇਣਾਂ ਨਾਲ ਬਣਾਇਆ ਗਿਆ ਅਜਿਹਾ ਦੁੱਧ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਹੀ ਸੱਦਾ ਦੇਵੇਗਾ ।ਤਿਉਹਾਰਾਂ ਦੇ ਬਹਾਨੇ ਲੋਕ ਮਠਿਆਈਆਂ ਦੇ ਰੂਪ ਵਿੱਚ ਪਰੋਸਿਆ ਮਿੱਠਾ ਜ਼ਹਿਰ ਬੜੇ ਚਾਅ ਨਾਲ ਖਾ ਜਾਂਦੇ ਹਨ।ਬੜੀ ਤੇਜ਼ੀ ਨਾਲ ਤਰੱਕੀ ਤੇ ਖ਼ੁਸ਼ਹਾਲੀ ਦੀਆਂ ਮੰਜ਼ਿਲਾਂ ਵੱਲ ਵੱਧ ਰਹੇ ਭਾਰਤ ਦੀ ਇਸ ਤਸਵੀਰ ਤੋਂ ਸਭ ਅੱਖਾਂ ਮੀਟੀ ਬੈਠੇ ਹਨ।ਸਰਦੀ ਜਨੀ ਤਿਉਹਾਰਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ।ਖੰਡ ਦੀ ਕੀਮਤ ਅਚਾਨਕ ਵੱਡੀ ਛਲਾਂਗ ਮਾਰ ਚੁੱਕੀ ਹੈ।ਅੱਗੇ ਔਰਤਾਂ ਦਾ ਕਰਵਾ ਚੌਥ,ਫਿਰ ਦੁਸ਼ਿਹਰਾ ਤੇ ਦੀਵਾਲੀ ਵਰਗੇ ਮੁੱਖ ਤਿਉਹਾਰ ਆਉਣ ਵਾਲੇ ਹਨ।ਦੁੱਧ ਦੀ ਸਪਲਾਈ ਪੂਰੀ ਕਰਨਾ ਤੇ ਡੁਪਲੀਕੇਟ ਦੁੱਧ ਦੀ ਸਪਲਾਈ ਰੋਕਣਾ ਜ਼ਿੰਮੇਵਾਰੀ ਤਾਂ ਸਰਕਾਰ ਦੀ ਹੀ ਬਣਦੀ ਹੈ।ਇਹਨਾਂ ਤਿਉਹਾਰਾਂ ਦੀ ਆੜ ਵਿੱਚ ਮਨੁੱਖਤਾ ਨਾਲ ਹੁੰਦੇ ਖਿਲਵਾੜ ਨੂੰ ਰੋਕਣਾ ਹੀ ਤਿਉਹਾਰਾਂ ਦੀ ਅਸਲ ਪਵਿੱਤਰਤਾ ਦੀ ਸਫਲਤਾ ਹੋਵੇਗੀ?ਕਾਸ਼ ਅਜਿਹੇ ਤਿਉਹਾਰ ਬਿਮਾਰੀਆਂ ਦੇ ਡਰ ਤੋਂ ਰਹਿਤ ਤੇ ਨਿਰੋਲ ਪਿਆਰ ਦੇ ਪ੍ਰਤੀਕ ਬਣ ਕੇ ਵਿਚਰਨ ਤਾਂ ਮਨੁੱਖਤਾ ਦਾ ਜੀਵਨ ਸਫਲ ਹੋ ਜਾਏ! ਪੰਜਾਬ ਵਿੱਚ ਰੱਖੜੀ ਦਾ ਤਿਉਹਾਰ ਵਿਸ਼ੇਸ਼ ਮੇਲੇ ਦੇ ਰੂਪ ਵਿੱਚ ਬਾਬਾ ਬਕਾਲਾ ਵਿਖੇ ਮਨਾਇਆ ਜਾਂਦਾ ਹੈ।
ਅੱਠਵੇਂ ਪਾਤਸ਼ਾਹ ਗੁਰੂ ਹਰ‌ਿ ਕ੍ਰਿਸ਼ਨ ਜੀ ਛੋਟੀ ਉਮਰ ਵਿੱਚ ਹੀ ਦਿੱਲੀ ਵਿਖੇ ਜੋਤੀ ਜੋਤਿ ਸਮਾ ਗਏ ਸਨ।ਅਗਲਾ ਗੁਰੂ ,”ਬਾਬੇ ਬਕਾਲੇ” ਉਹਨਾਂ ਦਾ ਵਚਨ ਸੀ।ਗੁਰੂ ਤੇਗ਼ ਬਹਾਦਰ ਜੀ ਲੰਬੇ ਸਮੇਂ ਤੋਂ ਬਾਬਾ ਬਕਾਲਾ ਵਿਖੇ ਪ੍ਰਭੂ ਭਗਤੀ ਵਿੱਚ ਲੀਨ ਸਨ।ਇਹ ਸਮਾਂ 26 ਸਾਲ 9 ਮਹੀਨੇ ਤੇ ਤੇਰਾਂ ਦਿਨ ਦਾ ਦੱਸਿਆ ਜਾਂਦਾ ਹੈ।ਲੋਭੀ ਲਾਲਚੀ 22 ਢੌਂਗੀ ਗੁਰੂ ਬਣ ਕੇ ਉੱਥੇ ਡੇਰਾ ਜਮਾ ਕੇ ਬੈਠ ਗਏ ਸਨ।ਲੋਕ ਭੰਬਲਭੂਸੇ ਵਿੱਚ ਸਨ ਕਿ ਨੌਵਾਂ ਗੁਰੂ ਕਿਹੜਾ ਹੈ?ਅਚਾਨਕ ਬਾਬਾ ਮੱਖਣ ਸ਼ਾਹ ਲੁਬਾਣਾ ਇੱਕ ਵਪਾਰੀ,ਜਿਸ ਨੇ ਗੁਰੂ ਮੂਹਰੇ ਪੰਜ ਸੌ ਮੋਹਰਾਂ ਚੜ੍ਹਾਉਣ ਦੀ ਸੁੱਖਣਾ ਸੁੱਖੀ ਸੀ,ਸੁੱਖਣਾ ਚੜ੍ਹਾਉਣ ਲਈ ਬਾਬਾ ਬਕਾਲਾ ਪਹੁੰਚ ਗਿਆ।ਉੱਥੇ 22 ਮੰਜੀਆਂ ਵੇਖ ਕੇ ਉਹ ਸ਼ਸ਼ੋਪੰਜ ਵਿੱਚ ਪੈ ਗਿਆ,” ਸੱਚਾ ਗੁਰੂ ਕਿਹੜਾ ਹੈ”? ਅਖੀਰ ਉਸ ਨੇ 5-5 ਮੋਹਰਾਂ ਰੱਖ ਕੇ ਹਰੇਕ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ।ਸਭ ਬਾਗੋ ਬਾਗ਼ ਹੋ ਗਏ।ਕਿਸੇ ਨੇ ਵੀ 500 ਦੀ ਗੱਲ ਨਾ ਕੀਤੀ।ਅਖੀਰ ਇੱਕ ਭੋਰੇ ਵਿੱਚ ਵੀ ਬਾਬੇ ਬਾਰੇ ਪਤਾ ਲੱਗਣ ਤੇ ਉਸ ਨੇ ਉੱਥੇ ਵੀ ਪੰਜ ਮੋਹਰਾਂ ਰੱਖ ਕੇ ਮੱਥਾ ਟੇਕ ਦਿੱਤਾ।ਕਹਿੰਦੇ ਨੇ ਕਿ ਗੁਰੂ ਜੀ ਝੱਟ ਬੋਲ ਪਏ,”ਪੰਜ ਸੌ ਸੁੱਖ ਕੇ ਪੰਜ ਦੇ ਰਿਹਾ ਏਂ “? ਮੱਖਣ ਸ਼ਾਹ ਖ਼ੁਸ਼ ਹੋ ਗਿਆ।ਉਸ ਨੇ ਕੋਠੇ ਚੜ੍ਹ ਕੇ ਰੌਲਾ ਪਾ ਦਿੱਤਾ,” ਗੁਰੂ ਲਾਧੋ ਰੇ,ਗੁਰੂ ਲਾਧੋ ਰੇ”। ਨਕਲੀ ਗੁਰੂ ਮੰਜੀਆਂ ਚੁੱਕ ਕੇ ਦੌੜ ਗਏ।ਤੇ ਗੁਰੂ ਤੇਗ਼ ਬਹਾਦਰ ਜੀ ਪ੍ਰਗਟ ਹੋ ਗਏ।ਇਹ ਘਟਨਾ ਉਸ ਸਮੇਂ ਸਾਵਣ ਮਹੀਨੇ ਦੀ ਪੁੰਨਿਆਂ ਨੂੰ ਵਾਪਰੀ ਸੀ।ਇੰਜ ਬਾਬਾ ਬਕਾਲਾ ਵਿਖੇ ਰੱਖੜੀ ਦਾ ਮੇਲਾ ਪ੍ਰਸਿੱਧ ਹੋ ਗਿਆ।ਲਗਾਤਾਰ ਇਹ ਮੇਲਾ ਇਲਾਕੇ ਦਾ ਪ੍ਰਸਿੱਧ ਤਿਉਹਾਰ ਬਣਿਆ ਹੋਇਆ ਹੈ।ਹੁਣ ਰਾਜਨੀਤਕ ਪਾਰਟੀਆਂ ਵਾਲੇ ਨੇਤਾ ਵੀ ਇੱਥੇ ਆਪਣੀਆਂ ਸਟੇਜਾਂ ਲਗਾ ਕੇ ਭਾਰੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਸੰਗਤਾਂ ਦਾ ਲਾਹਾ ਲੈਂਦੇ ਹਨ।ਹਰ ਸਾਲ ਮੌਕੇ ਦਾ ਮੁੱਖ ਮੰਤਰੀ ਏਥੇ ਆਪਣੀ ਹਾਜ਼ਰੀ ਸੁਨਿਸ਼ਚਿਤ ਕਰਵਾਉਂਦਾ ਹੈ ਤੇ ਲਾਭ ਲੈਣ ਦੀ ਕੋਸ਼ਿਸ਼ ਕਰਦਾ ਹੈ।
Dr.-darshan-singh-aasht-240x300 ਮੋਹ ਦੀ ਤੰਦ-ਰੱਖੜੀ/ਐਡਵੋਕੇਟ ਦਰਸ਼ਨ ਸਿੰਘ ਰਿਆੜ
ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੋ: 9316311677