ਭਾਜਪਾ ਹੁਣ ਜੈੱਨ ਜ਼ੀ ’ਤੇ ਪਾਵੇਗੀ ਡੋਰੇ…
ਚੰਡੀਗੜ੍ਹ, 24 ਅਗਸਤ – ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਇੱਕ ਮਹੀਨੇ ਲਈ ‘ਸੇਵਾ ਸੰਕਲਪ ਅਭਿਆਨ’ ਸ਼ੁਰੂ ਕੀਤਾ ਜਾਵੇਗਾ ਜੋ ਨਰਿੰਦਰ ਮੋਦੀ ਦੇ ਸਿਆਸਤ ’ਚ ਜਨਤਕ ਅਹੁਦੇ ਦੇ 25 ਸਾਲ ਮੁਕੰਮਲ ਹੋਣ ਨੂੰ ਸਮਰਪਿਤ ਹੋਵੇਗਾ। ਦਿੱਲੀ ਵਿੱਚ ਅੱਜ ਭਾਜਪਾ ਦੀ ਦੂਜੇ ਗੇੜ ਦੀ ਮੀਟਿੰਗ ਚੱਲ ਰਹੀ ਹੈ। ਇਸ ਵਿੱਚ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਸ਼ਾਮਲ ਹਨ। ਪੰਜਾਬ ਸਣੇ ਜਿਨ੍ਹਾਂ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਨਜ਼ਦੀਕ ਹਨ, ਉਨ੍ਹਾਂ ਸੂਬਿਆਂ ’ਤੇ ਇਨ੍ਹਾਂ ਪ੍ਰੋਗਰਾਮਾਂ ਦੌਰਾਨ ਧਿਆਨ ਕੇਂਦਰਿਤ ਰਹੇਗਾ। ਦੱਸਣਯੋਗ ਹੈ ਕਿ ਜੰਤਰ ਮੰਤਰ ’ਤੇ ਜੈੱਨ ਜ਼ੀ ਦੇ ਵਿਰੋਧ ਪ੍ਰਦਰਸ਼ਨ ਮਗਰੋਂ ਭਾਜਪਾ ਦੇ ਤੰਤਰ ਨੂੰ ਝਟਕਾ ਲੱਗਿਆ ਹੈ। ਇਸ ਦੀ ਭਰਪਾਈ ਵਜੋਂ ਹੁਣ ਜੈੱਨ ਜ਼ੀ ਤੱਕ ਭਾਜਪਾ ਦਾ ਸੁਨੇਹਾ ਪਹੁੰਚਾਉਣ ਲਈ ਵਿਸ਼ੇਸ਼ ਮੁਹਿੰਮ ਚੱਲੇਗੀ। ਭਾਜਪਾ ਵੱਲੋਂ ‘ਯੂਥ ਕਨੈੱਕਟ’ ਤਹਿਤ ਨੌਜਵਾਨਾਂ ਨੂੰ ਸਮਾਜ ਸੇਵਾ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾਵੇਗਾ।
ਇਸ ਵਿੱਚ ਉਹ ਆਪਣੇ ਸੇਵਾ ਕਾਰਜਾਂ ਦੀਆਂ ਵੀਡੀਓਜ਼/ ਰੀਲਾਂ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰ ਸਕਣਗੇ। ਪੰਜਾਬ ਦੇ ਜੈੱਨ ਜ਼ੀ ’ਤੇ ਵਿਸ਼ੇਸ਼ ਤੌਰ ’ਤੇ ਭਾਜਪਾ ਦਾ ਫੋਕਸ ਰਹੇਗਾ। ਜਦੋਂ ਸਾਲ 2022 ਦੀਆਂ ਚੋਣਾਂ ’ਚ ‘ਆਪ’ ਦੀ ਹੂੰਝਾ ਫੇਰ ਜਿੱਤ ਹੋਈ ਸੀ ਤਾਂ ਉਸ ਵੇਲੇ ਵੀ ਜੈੱਨ ਜ਼ੀ ਦੀ ਵੱਡੀ ਭੂਮਿਕਾ ਰਹੀ ਸੀ। ਪੰਜਾਬ ਦਾ ਜੈੱਨ ਜ਼ੀ ਵੱਖਰੀ ਤਾਸੀਰ ਦਾ ਹੈ ਜੋ ਜ਼ਿਆਦਾ ਦਮਖਮ ਰੱਖਦਾ ਹੈ। ਸੋਸ਼ਲ ਮੀਡੀਆ ਮੰਚਾਂ ’ਤੇ ਭਾਜਪਾ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਸਮੁੱਚੀ ਭਾਜਪਾ ਦੇ ਸੀਨੀਅਰ ਆਗੂ ਹੁਣ ਸੋਸ਼ਲ ਮੀਡੀਆ ਖਾਤਿਆਂ ’ਤੇ ਨਜ਼ਰ ਆਉਣਗੇ। ਭਾਜਪਾ ਦੀ ਕੌਮੀ ਪੱਧਰ ਦੀ ਕੱਲ੍ਹ ਦਿੱਲੀ ’ਚ ਹੋਈ ਮੀਟਿੰਗ ’ਚ ਰਣਨੀਤੀ ਤਿਆਰ ਕੀਤੀ ਗਈ ਹੈ। ਇਸ ਤਹਿਤ ‘ਸੇਵਾ ਸੰਕਲਪ ਅਭਿਆਨ’ 17 ਸਤੰਬਰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗਾ।
ਦੇਸ਼ ਭਰ ’ਚ ਲੱਗਣਗੇ 15 ਰੋਜ਼ਾ ਵਿਸ਼ੇਸ਼ ਕੈਂਪ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ 17 ਸਤੰਬਰ ਨੂੰ ਹੈ ਅਤੇ ਇਸ ਮੌਕੇ ਇਨ੍ਹਾਂ ਪ੍ਰੋਗਰਾਮਾਂ ਦੀ ਸ਼ੁਰੂਆਤ ਹੋਵੇਗੀ। 7 ਅਕਤੂਬਰ 2001 ਨੂੰ ਨਰਿੰਦਰ ਮੋਦੀ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਸਹੁੰ ਚੁੱਕੀ ਗਈ ਸੀ ਜਿਸ ਨੂੰ ਹੁਣ 25 ਸਾਲ ਹੋ ਜਾਣਗੇ। ਭਾਜਪਾ ਵੱਲੋਂ ਇਸ ਦੌਰਾਨ ਦੇਸ਼ ਭਰ ਵਿੱਚ ਬਲਾਕ ਪੱਧਰ ’ਤੇ 15 ਦਿਨਾਂ ਦੇ ਵਿਸ਼ੇਸ਼ ਕੈਂਪ ਲਾਏ ਜਾਣਗੇ। ਇਨ੍ਹਾਂ ਕੈਂਪਾਂ ’ਚ ਆਯੂਸ਼ਮਾਨ ਭਾਰਤ ਤੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਵਰਗੀਆਂ ਯੋਜਨਾਵਾਂ ਤੋਂ ਵਾਂਝੇ ਰਹਿ ਗਏ ਯੋਗ ਲਾਭਪਾਤਰੀਆਂ ਨੂੰ ਸਰਕਾਰੀ ਸੁਵਿਧਾਵਾਂ ਨਾਲ ਜੋੜਿਆ ਜਾਵੇਗਾ। ਇਸੇ ਤਰ੍ਹਾਂ ਦੇਸ਼ ਭਰ ਵਿੱਚ ਸਫ਼ਾਈ ਅਭਿਆਨ, ਖ਼ੂਨ ਦਾਨ ਕੈਂਪ, ਪੌਦੇ ਲਗਾਉਣ ਦੀ ਮੁਹਿੰਮ ਅਤੇ ਮੁਫ਼ਤ ਮੈਡੀਕਲ/ਸਿਹਤ ਜਾਂਚ ਕੈਂਪ ਲਾਏ ਜਾਣਗੇ।
Share this content:



Post Comment