Loading Now

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦੇ ਹਿੱਤ ਪੂਰ ਰਹੀ : ਬਰਾੜ

ਮੋਦੀ ਸਰਕਾਰ ਲੋਕਾਂ ਦੀ ਥਾਂ ਕਾਰਪੋਰੇਟਰਾਂ ਦੇ ਹਿੱਤ ਪੂਰ ਰਹੀ : ਬਰਾੜ

ਚੰਡੀਗੜ੍ਹ, 23 ਮਾਰਚ – ਸੀ ਪੀ ਆਈ ਚੰਡੀਗੜ੍ਹ ਅਤੇ ਮੁਹਾਲੀ ਦੀਆਂ ਜ਼ਿਲ੍ਹਾ ਕੌਂਸਲਾਂ ਵੱਲੋਂ ਅਜੇ ਭਵਨ ਚੰਡੀਗੜ੍ਹ ਵਿਖੇ ਸਮਾਗਮ ਕਰਕੇ ਸ਼ਹੀਦ-ਏ-ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਰੋਹ ਦੇ ਪ੍ਰਧਾਨਗੀ ਮੰਡਲ ਵਿੱਚ ਸੂਬਾ ਸਕੱਤਰ ਸਾਥੀ ਬੰਤ ਬਰਾੜ, ਰਾਜ ਕੁਮਾਰ ਅਤੇ ਜਸਪਾਲ ਸਿੰਘ ਦੱਪਰ ਸਕੱਤਰ ਸੀ ਪੀ ਆਈ ਚੰਡੀਗੜ੍ਹ ਅਤੇ ਮੋਹਾਲੀ, ਜੋਗਿੰਦਰ ਸ਼ਰਮਾ ਅਤੇ ਕਰਮ ਸਿੰਘ ਵਕੀਲ ਸ਼ਾਮਲ ਹੋਏ। ਸਮਾਗਮ ਦੇ ਸ਼ੁਰੂ ਵਿਚ ਦੇਵੀ ਦਿਆਲ ਸ਼ਰਮਾ ਨੇ ਸਵਾਗਤੀ ਸ਼ਬਦ ਪੇਸ਼ ਕੀਤੇ। ਉਨ੍ਹਾ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸੰਘਰਸ਼ਮਈ ਜੀਵਨ ਅਤੇ ਵਿਚਾਰਧਾਰਾ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ।ਸਾਥੀ ਬੰਤ ਬਰਾੜ ਨੇ ਕਿਹਾ ਕਿ ਅਸੀਂ ਮੋਦੀ ਸਰਕਾਰ ਅਤੇ ਉਸ ਦੇ ਭਾਈਵਾਲ ਆਰ ਐੱਸ ਐੱਸ ਦੇ ਵੰਡ-ਪਾਊ ਮਨਸੂਬਿਆਂ ਅਤੇ ਲੋਕ-ਮਾਰੂ ਨੀਤੀਆਂ ਨੂੰ ਮੁੱਢੋਂ ਨਕਾਰਦੇ ਹਾਂ।

ਉਨ੍ਹਾ ਕਿਹਾ ਕਿ ਅੱਜ ਡੋਨਾਲਡ ਟਰੰਪ, ਨੇਤਨਯਾਹੂ ਅਤੇ ਨਰਿੰਦਰ ਮੋਦੀ ਸਾਮਰਾਜੀ ਸ਼ਕਤੀਆਂ ਅਤੇ ਪੂੰਜੀਪਤੀਆਂ ਦੇ ਫਾਇਦੇ ਲਈ ਮਨੁੱਖਤਾ ਦਾ ਘਾਣ ਕਰਦੇ ਇਕੋ ਰਸਤੇ ਚੱਲ ਰਹੇ ਹਨ। ਅਮਰੀਕਾ ਦੇ ਰਾਸ਼ਟਰਪਤੀ ਤਾਕਤ ਵਿੱਚ ਆਉਣ ਤੋਂ ਬਾਅਦ ਹਮੇਸ਼ਾ ਜੰਗ ਛੇੜ ਕੇ ਹਥਿਆਰਾਂ ਦੀ ਮੰਡੀ ਨੂੰ ਲਾਭ ਪਹੁੰਚਾਉਂਦੇ ਰਹੇ ਹਨ। ਮਾਨਵਤਾ ਲਈ ਜ਼ਰੂਰੀ ਵਸਤਾਂ, ਖਾਦ ਸਮੱਗਰੀ ਅਤੇ ਦਵਾਈਆਂ ਦੀਆਂ ਕੀਮਤਾਂ ਵਿੱਚ ਚੋਖਾ ਵਾਧਾ ਕਰਦੇ ਹਨ। ਹਮੇਸ਼ਾ ਸਾਮਰਾਜੀ ਜੁੰਡਲੀ ਅਮਰੀਕਾ ਦੇ ਝੰਡੇ ਹੇਠ ਇਕੱਠੀ ਹੋਈ ਹੈ ਅਤੇ ਦੁਨੀਆ ਦੇ ਛੋਟੇ ਅਤੇ ਕਮਜ਼ੋਰ ਦੇਸ਼ਾਂ ਦੇ ਕੁਦਰਤੀ ਵਸੀਲਿਆਂ ਪੈਟਰੋਲ, ਗੈਸ ਅਤੇ ਵਡਮੁੱਲੇ ਖਣਿਜ ਪਦਾਰਥਾਂ ਨੂੰ ਡਰਾ-ਧਮਕਾ ਕੇ ਜਾਂ ਜੰਗ ਛੇੜ ਕੇ ਜਬਰੀ ਹਥਿਆਉਂਦੀ ਰਹੀ ਹੈ। ਕਿਊਬਾ, ਈਰਾਨ, ਇਰਾਕ, ਲਿਬਨਾਨ, ਵੀਅਤਨਾਮ, ਅਫ਼ਗ਼ਾਨਿਸਤਾਨ, ਵੈਨਜੁਏਲਾ ਸਮੇਤ ਅਨੇਕਾਂ ਦੇਸ਼ਾਂ ਨੇ ਇਕਤਰਫ਼ਾ ਜੰਗ ਦਾ ਸੰਤਾਪ ਹੰਢਾਇਆ ਹੈ।

ਇਜ਼ਰਾਇਲ ਨੇ ਨਿਰਦੋਸ਼ੇ 70 ਹਜ਼ਾਰ ਫ਼ਲਸਤੀਨੀ ਔਰਤਾਂ ਅਤੇ ਬੱਚਿਆਂ ਦਾ ਨਰਸੰਘਾਰ ਕੀਤਾ ਹੈ। ਮੋਦੀ ਸਰਕਾਰ ਦੇਸ਼ ਵਿੱਚ ਮੁਸਲਮਾਨ ਭਰਾਵਾਂ ਪ੍ਰਤੀ ਨਫ਼ਰਤ ਫੈਲਾਉਣ ਅਤੇ ਉਜਾੜਨ ਵਾਲਾ ਵਤੀਰਾ ਰੱਖਦੀ ਹੈ, ਪਰ ਖਾੜੀ ਵਿਚ ਜਾ ਕੇ ਉਨ੍ਹਾਂ ਨਾਲ ਪਿਆਰ ਜਤਾਉਂਦੀ ਹੈ। ਮੰਦਭਾਗੀ ਗੱਲ ਇਹ ਹੈ ਕਿ ਸਰਕਾਰ ਲੋਕ ਹਿੱਤਾਂ ਦੀ ਥਾਂ ਕਾਰਪੋਰੇਟਰਾਂ ਦੇ ਹਿੱਤ ਪੂਰਦੀ ਹੈ ਅਤੇ ਉਨ੍ਹਾਂ ਦੇ ਹੀ ਹਿੱਤਾਂ ਦੀ ਰਾਖੀ ਵਿੱਚ ਸਰਗਰਮ ਹੈ। ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਹੀਦਾਂ ਨੇ ਫਿਰੰਗੀਆਂ ਤੋਂ ਦੇਸ਼ ਆਜ਼ਾਦ ਕਰਵਾਇਆ ਸੀ। ਅਸੀਂ ਉਨ੍ਹਾਂ ਅੱਗੇ ਨਤਮਸਤਕ ਹਾਂ, ਪਰ ਅਜੋਕੇ ਸਮੇਂ ਵਿੱਚ ਮੋਦੀ ਸਰਕਾਰ ਲੋਕ ਪੱਖੀ ਕਾਨੂੰਨ ਬਿਨਾਂ ਸੰਬੰਧਤ ਧਿਰਾਂ ਨਾਲ ਸਲਾਹ ਕੀਤੇ ਹੀ ਬਦਲ ਕੇ ਲੋਕ-ਮਾਰੂ ਕਾਨੂੰਨ ਲਿਆ ਰਹੀ ਹੈ। ਸਰਕਾਰ ਦੀ ਸ਼ਹਿ ਉੱਤੇ ਹੀ ਕਾਰਪੋਰੇਟ ਆਮ ਲੋਕਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ, ਜਿਸ ਦਾ ਵਿਰੋਧ ਅਜੋਕੇ ਸਮੇਂ ਦੀ ਸਖ਼ਤ ਲੋੜ ਹੈ। ਮੀਟਿੰਗ ਨੂੰ ਜਸਪਾਲ ਸਿੰਘ ਦੱਪਰ, ਜੋਗਿੰਦਰ ਸ਼ਰਮਾ, ਕਰਮ ਸਿੰਘ ਵਕੀਲ ਅਤੇ ਪ੍ਰੀਤਮ ਸਿੰਘ ਹੁੰਦਲ ਨੇ ਵੀ ਸੰਬੋਧਨ ਕੀਤਾ। ਸਾਥੀ ਰਾਜ ਕੁਮਾਰ ਨੇ ਹਾਜ਼ਰ ਸਾਥੀਆਂ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਅਜੋਕੇ ਸਮੇਂ ਵਿਚ ਵਧੀਕੀਆਂ ਖਿਲਾਫ ਲੜਨਾ ਹਰ ਸੰਘਰਸ਼ਸ਼ੀਲ ਸਾਥੀ ਦਾ ਪਹਿਲਾ ਫਰਜ਼ ਹੈ।

Share this content:

Post Comment