ਇਮਾਨਦਾਰੀ ਦੀ ਮਿਸਾਲ
ਅਧਿਆਪਕ ਸਿਰਫ਼ ਜਮਾਤ ਵਿੱਚ ਪਾਠ ਪੜ੍ਹਾਉਣ ਵਾਲਾ ਵਿਅਕਤੀ ਨਹੀਂ ਹੁੰਦਾ ਸਗੋਂ ਉਹ ਵਿਦਿਆਰਥੀਆਂ ਦੀ ਸੋਚ, ਚਰਿੱਤਰ ਅਤੇ ਭਵਿੱਖ ਨੂੰ ਘੜਨ ਵਾਲਾ ਵਿਅਕਤੀ ਵੀ ਹੁੰਦਾ ਹੈ। ਜਦੋਂ ਕੋਈ ਅਧਿਆਪਕ ਆਪਣੇ ਵਿਸ਼ੇ ਤੇ ਫਰਜ਼ ਪ੍ਰਤੀ ਸਮਰਪਿਤ ਹੋਵੇ ਅਤੇ ਇਮਾਨਦਾਰੀ ਨੂੰ ਆਪਣੀ ਜ਼ਿੰਦਗੀ ਦਾ ਅਸੂਲ ਬਣਾ ਲਵੇ ਤਾਂ ਉਸ ਦਾ ਕੰਮ ਆਪਣੇ ਆਪ ਇੱਕ ਮਿਸਾਲ ਬਣ ਜਾਂਦਾ ਹੈ। ਇਹ ਗੱਲ ਕਾਫ਼ੀ ਸਾਲ ਪੁਰਾਣੀ ਹੈ। ਉਨ੍ਹਾਂ ਦਿਨਾਂ ਵਿੱਚ ਮੈਂ ਜਿਸ ਸਕੂਲ ਵਿੱਚ ਪੜ੍ਹਾਉਂਦਾ ਸੀ, ਉੱਥੇ ਮੇਰੇ ਮਿੱਤਰ ਸ਼ਾਮ ਲਾਲ ਹੋਰੀਂ ਬਾਇਓਲੋਜੀ ਦੇ ਲੈਕਚਰਾਰ ਵਜੋਂ ਸੇਵਾ ਨਿਭਾਅ ਰਹੇ ਸਨ। ਉਹ ਆਪਣੇ ਵਿਸ਼ੇ ਪ੍ਰਤੀ ਬੇਹੱਦ ਸਮਰਪਿਤ ਸਨ ਤੇ ਪ੍ਰੀਖਿਆਵਾਂ ਵਿੱਚ ਨਕਲ ਦੇ ਸਖ਼ਤ ਵਿਰੋਧੀ ਵੀ ਸਨ। ਉਨ੍ਹਾਂ ਦਿਨਾਂ ’ਚ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਉੱਤਰ ਪੱਤਰੀਆਂ ਦੀ ਟੇਬਲ ਮਾਰਕਿੰਗ ਦਾ ਰੁਝਾਨ ਨਹੀਂ ਸੀ ਸਗੋਂ ਮਾਰਕਿੰਗ ਸਕੂਲ ਵਿੱਚ ਜਾਂ ਘਰ ਲਿਆ ਕੇ ਕੀਤੀ ਜਾਂਦੀ ਸੀ ਤੇ ਐਵਾਰਡ ਲਿਸਟਾਂ ਵੀ ਹੱਥ ਨਾਲ ਤਿਆਰ ਹੁੰਦੀਆਂ ਸਨ। ਸ਼ਾਮ ਲਾਲ ਹੋਰੀਂ ਬੋਰਡ ਦੀਆਂ ਕਾਪੀਆਂ ਚੈੱਕ ਕਰ ਰਹੇ ਸਨ। ਇੱਕ ਦਿਨ ਉਨ੍ਹਾਂ ਨੇ ਦੱਸਿਆ ਕਿ ਕੁਝ ਉੱਤਰ ਪੱਤਰੀਆਂ ਵਿੱਚ ਇੱਕੋ ਜਿਹੇ ਉੱਤਰ ਹੀ ਨਹੀਂ ਸਗੋਂ ਇੱਕੋ ਜਿਹੀਆਂ ਗ਼ਲਤੀਆਂ ਵੀ ਵਾਰ-ਵਾਰ ਮਿਲ ਰਹੀਆਂ ਹਨ। ਇਸ ਤੋਂ ਉਨ੍ਹਾਂ ਨੂੰ ਵੱਡੇ ਪੱਧਰ ’ਤੇ ਨਕਲ ਹੋਣ ਦਾ ਸ਼ੱਕ ਹੋਇਆ। ਭਾਵੇਂ ਸਾਡੇ ਲਈ ਕੁਝ ਦਿਨਾਂ ਬਾਅਦ ਇਹ ਗੱਲ ਆਈ-ਗਈ ਹੋ ਗਈ ਸੀ, ਪਰ ਸਾਨੂੰ ਕਿਸੇ ਨੂੰ ਵੀ ਅੰਦਾਜ਼ਾ ਨਹੀਂ ਸੀ ਕਿ ਉਹ ਇਸ ਮਾਮਲੇ ਨੂੰ ਕਿੰਨੀ ਗੰਭੀਰਤਾ ਨਾਲ ਲੈ ਰਹੇ ਸਨ।
ਕੁਝ ਦਿਨਾਂ ਬਾਅਦ ਅਖ਼ਬਾਰ ਦੇ ਮੁੱਖ ਸਫ਼ੇ ’ਤੇ ਖ਼ਬਰ ਛਪੀ ਕਿ ਪੰਜਾਬ ਦੇ ਇੱਕ ਪ੍ਰੀਖਿਆ ਕੇਂਦਰ ਵਿੱਚ ਬਾਇਓਲੋਜੀ ਦਾ ਪੇਪਰ ਨਕਲ ਦੇ ਮਾਮਲੇ ਕਾਰਨ ਰੱਦ ਕਰ ਦਿੱਤਾ ਗਿਆ ਹੈ ਤੇ ਮੁੜ ਪ੍ਰੀਖਿਆ ਕਰਵਾਈ ਜਾਵੇਗੀ। ਅਸੀਂ ਇਹ ਖ਼ਬਰ ਪੜ੍ਹ ਕੇ ਸ਼ਾਮ ਲਾਲ ਹੋਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਪੂਰੀ ਗੱਲ ਦੱਸੀ। ਉਨ੍ਹਾਂ ਨੇ ਦੱਸਿਆ ਕਿ ਉੱਤਰ ਪੱਤਰੀਆਂ ਚੈੱਕ ਕਰਦਿਆਂ ਪੈਦਾ ਹੋਏ ਸ਼ੱਕ ਦੇ ਆਧਾਰ ’ਤੇ ਉਨ੍ਹਾਂ ਨੇ ਐਵਾਰਡ ਲਿਸਟਾਂ ਦੇ ਨਾਲ ਬੋਰਡ ਨੂੰ ਲਿਖਤੀ ਅਰਜ਼ੀ ਭੇਜੀ ਸੀ ਕਿ ਉੱਤਰ ਪੱਤਰੀਆਂ ਵਿੱਚ ਮਿਲ ਰਹੀ ਸਮਾਨਤਾ ਵੱਡੇ ਪੱਧਰ ’ਤੇ ਨਕਲ ਵੱਲ ਇਸ਼ਾਰਾ ਕਰਦੀ ਹੈ। ਬੋਰਡ ਦਫ਼ਤਰ ਤੋਂ ਉਨ੍ਹਾਂ ਨੂੰ ਫੋਨ ਆਇਆ ਅਤੇ ਸਬੂਤ ਵਜੋਂ ਉਨ੍ਹਾਂ ਨੂੰ ਸਬੰਧਿਤ ਉੱਤਰ ਪੱਤਰੀਆਂ ਲੈ ਕੇ ਆਉਣ ਲਈ ਕਿਹਾ ਗਿਆ। ਉਹ ਉੱਤਰ ਪੱਤਰੀਆਂ ਲੈ ਕੇ ਬੋਰਡ ਦਫ਼ਤਰ ਗਏ ਅਤੇ ਮਾਮਲਾ ਸਬੂਤਾਂ ਸਮੇਤ ਅਧਿਕਾਰੀਆਂ ਦੇ ਸਾਹਮਣੇ ਰੱਖਿਆ। ਇਸ ਸਾਰੀ ਕਾਰਵਾਈ ਦੌਰਾਨ ਉਨ੍ਹਾਂ ਨੇ ਨਾ ਕਿਸੇ ਨਾਲ ਚਰਚਾ ਕੀਤੀ ਅਤੇ ਨਾ ਹੀ ਆਪਣੇ ਯਤਨ ਦਾ ਕੋਈ ਪ੍ਰਚਾਰ ਕੀਤਾ। ਉਨ੍ਹਾਂ ਨੇ ਇਹ ਸਭ ਕੁਝ ਆਪਣਾ ਫਰਜ਼ ਸਮਝ ਕੇ ਕੀਤਾ। ਸਾਨੂੰ ਵੀ ਇਸ ਬਾਰੇ ਉਸ ਵੇਲੇ ਪਤਾ ਲੱਗਾ ਜਦੋਂ ਅਖ਼ਬਾਰ ਵਿੱਚ ਪੇਪਰ ਰੱਦ ਹੋਣ ਦੀ ਖ਼ਬਰ ਛਪੀ। ਇਹ ਘਟਨਾ ਸਿਰਫ਼ ਨਕਲ ਦੇ ਵਿਰੋਧ ਦੀ ਕਹਾਣੀ ਨਹੀਂ ਸਗੋਂ ਇੱਕ ਅਧਿਆਪਕ ਦੀ ਜ਼ਿੰਮੇਵਾਰੀ ਅਤੇ ਇਮਾਨਦਾਰੀ ਦੀ ਮਿਸਾਲ ਵੀ ਹੈ। ਸ਼ਾਮ ਲਾਲ ਹੋਰਾਂ ਨੇ ਦਿਖਾਇਆ ਕਿ ਸਿੱਖਿਆ ਦੀ ਪਵਿੱਤਰਤਾ ਬਚਾਉਣ ਲਈ ਕਈ ਵਾਰ ਸਿਰਫ਼ ਇੱਕ ਵਿਅਕਤੀ ਦੀ ਸੱਚੀ ਨੀਅਤ ਅਤੇ ਹਿੰਮਤ ਹੀ ਕਾਫ਼ੀ ਹੁੰਦੀ ਹੈ। ਅੱਜ ਜਦੋਂ ਉਸ ਘਟਨਾ ਨੂੰ ਯਾਦ ਕਰਦੇ ਹਾਂ ਤਾਂ ਇਹ ਗੱਲ ਹੋਰ ਵੀ ਸਪੱਸ਼ਟ ਹੁੰਦੀ ਹੈ ਕਿ ਇਮਾਨਦਾਰੀ ਨੂੰ ਰੌਲੇ ਦੀ ਨਹੀਂ, ਅਸੂਲਾਂ ’ਤੇ ਡਟੇ ਰਹਿਣ ਦੀ ਲੋੜ ਹੁੰਦੀ ਹੈ। ਕੁਝ ਲੋਕ ਆਪਣੇ ਚੰਗੇ ਕੰਮ ਦੀ ਚਰਚਾ ਕਰਦੇ ਹਨ, ਪਰ ਕੁਝ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦਾ ਕੰਮ ਹੀ ਉਨ੍ਹਾਂ ਦੀ ਪਛਾਣ ਬਣ ਜਾਂਦਾ ਹੈ।
Share this content:


Post Comment