ਮੁਹਾਲੀ ’ਚ ਫੇਜ਼-11 ਦੇ ਨਿਵਾਸੀ ਨੂੰ ਆਇਆ 8.88 ਲੱਖ ਦਾ ਬਿੱਲ
ਮੁਹਾਲੀ, 10 ਅਪ੍ਰੈਲ – ਮੁਹਾਲੀ ਦੇ ਫੇਜ਼-11 ਅਤੇ ਹੋਰ ਇਲਾਕਿਆਂ ਵਿੱਚ ਰਿਹਾਇਸ਼ੀ ਮਕਾਨਾਂ ਨੂੰ ਲੱਖਾਂ ਰੁਪਏ ਦੇ ਬਿਜਲੀ ਬਿੱਲ ਭੇਜੇ ਜਾਣ ਤੋਂ ਬਾਅਦ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਅਧਿਕਾਰੀ ਸਵਾਲਾਂ ਦੇ ਘੇਰੇ ਵਿੱਚ ਹਨ। ਕਾਂਗਰਸੀ ਆਗੂ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਇਸ ਨੂੰ ਮਹਿਕਮੇ ਦੀ ਘੋਰ ਲਾਪਰਵਾਹੀ ਕਰਾਰ ਦਿੱਤਾ। ਉਨ੍ਹਾਂ ਮੀਡੀਆ ਨੂੰ 8,88,330 ਰੁਪਏ ਤੋਂ ਲੈ ਕੇ 9 ਲੱਖ ਰੁਪਏ ਤੱਕ ਦੇ ਬਿਜਲੀ ਬਿੱਲ ਦਿਖਾਉਂਦੇ ਹੋਏ ਕਿਹਾ ਕਿ ਇੰਨੀ ਵੱਡੀ ਰਕਮ ਭਰਨਾ ਕਿਸੇ ਵੀ ਆਮ ਪਰਿਵਾਰ ਲਈ ਨਾ ਸਿਰਫ਼ ਮੁਸ਼ਕਲ ਸਗੋਂ ਅਸੰਭਵ ਹੈ।
ਸਿੱਧੂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਨੀਅਤ ਵਿੱਚ ਖੋਟ ਹੈ, ਕਿਉਂਕਿ 4-5 ਮਹੀਨੇ ਜਾਣਬੁੱਝ ਕੇ ਬਿੱਲ ਨਹੀਂ ਭੇਜੇ ਗਏ ਤਾਂ ਜੋ ਬਾਅਦ ਵਿੱਚ ‘ਜ਼ੀਰੋ ਬਿੱਲ’ ਦੀ ਸਹੂਲਤ ਨੂੰ ਬਾਈਪਾਸ ਕਰਕੇ ਇਕੱਠੇ ਮੋਟੇ ਬਿੱਲ ਭੇਜੇ ਜਾ ਸਕਣ। ਸਾਬਕਾ ਮੰਤਰੀ ਨੇ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ਇਹ ‘ਜ਼ੀਰੋ ਬਿੱਲ’ ਸਕੀਮ ਨਹੀਂ, ਸਗੋਂ ‘ਹੀਰੋ ਤੋਂ ਜ਼ੀਰੋ’ ਵਾਲੀ ਨੀਤੀ ਹੈ ਜਿਸ ਨੇ ਲੋਕਾਂ ’ਤੇ ਰਾਹਤ ਦੀ ਬਜਾਏ ਬੋਝ ਪਾਇਆ ਹੈ। ਉਨ੍ਹਾਂ ਇਹ ਵੀ ਇਲਜ਼ਾਮ ਲਾਇਆ ਕਿ ਪੀਐਸਪੀਸੀਐਲ ਦੇ ਦਫ਼ਤਰਾਂ ਵਿੱਚ ਜਨਤਾ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਲੋਕ ਸ਼ਿਕਾਇਤਾਂ ਲੈ ਕੇ ਚੱਕਰ ਕੱਟਣ ਲਈ ਮਜਬੂਰ ਹਨ। ਕਈ ਮਾਮਲਿਆਂ ਵਿੱਚ ਤਾਂ ਬਿਨਾਂ ਕਿਸੇ ਠੋਸ ਕਾਰਨ ਦੇ ਬਿਜਲੀ ਮੀਟਰ ਵੀ ਪੁੱਟੇ ਜਾ ਰਹੇ ਹਨ।
Share this content:


Post Comment