ਮਾਈਗ੍ਰੇਨ ਦੇ ਦਰਦ ਨੂੰ ਕੰਟਰੋਲ ਕਰਨ ‘ਚ ਮਦਦ ਕਰਨਗੇ ਇਹ 7 ਸੌਖੇ ਤਰੀਕੇ
ਨਵੀਂ ਦਿੱਲੀ, 13 ਜੂਨ – ਮਾਈਗ੍ਰੇਨ ਸਿਰਫ਼ ਇੱਕ ਸਿਰ ਦਰਦ ਦੀ ਸਮੱਸਿਆ ਨਹੀਂ ਹੈ, ਇਹ ਇੱਕ ਨਿਊਰੋਲੌਜੀਕਲ ਕੰਡੀਸ਼ਨ (Neurological Condition) ਹੈ। ਅਜਿਹਾ ਇਸ ਲਈ ਕਿਉਂਕਿ ਮਾਈਗ੍ਰੇਨ ਵਿੱਚ ਸਿਰ ਦਰਦ ਦੇ ਨਾਲ-ਨਾਲ ਹੋਰ ਵੀ ਕਈ ਲੱਛਣ ਦਿਖਾਈ ਦਿੰਦੇ ਹਨ, ਜਿਨ੍ਹਾਂ ਨਾਲ ਰੋਜ਼ਾਨਾ ਦੀ ਜ਼ਿੰਦਗੀ ‘ਤੇ ਅਸਰ ਪੈ ਸਕਦਾ ਹੈ। ਇਨ੍ਹਾਂ ਲੱਛਣਾਂ ਵਿੱਚ ਜੀਅ ਕੱਚਾ ਹੋਣਾ (ਉਲਟੀ ਆਉਣ ਵਰਗਾ ਮਹਿਸੂਸ ਹੋਣਾ), ਅੱਖਾਂ ਵਿੱਚ ਥਕਾਵਟ, ਸਿਰ ਦਰਦ ਦਾ ਲੰਬੇ ਸਮੇਂ ਤੱਕ ਬਣੇ ਰਹਿਣਾ ਤੇ ਮਾਸਪੇਸ਼ੀਆਂ ਵਿੱਚ ਖਿੱਚ (ਤਣਾਅ) ਸ਼ਾਮਲ ਹੈ। ਜੇਕਰ ਤੁਸੀਂ ਮਾਈਗ੍ਰੇਨ ਤੋਂ ਪਰੇਸ਼ਾਨ ਹੋ ਅਤੇ ਘਰ ਵਿੱਚ ਹੀ ਬਿਨਾਂ ਕਿਸੇ ਦਵਾਈ ਦੇ ਇਸਨੂੰ ਕੁਦਰਤੀ ਤਰੀਕੇ ਨਾਲ ਠੀਕ ਕਰਨ ਦੀ ਕੋਸ਼ਿਸ਼ ਵਿੱਚ ਹੋ, ਤਾਂ ਅੱਜ ਦੀ ਜਾਣਕਾਰੀ ਤੁਹਾਡੇ ਕੰਮ ਆ ਸਕਦੀ ਹੈ। ਇੱਥੇ ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਕੁਝ ਘਰੇਲੂ ਤਰੀਕੇ ਦੱਸੇ ਜਾ ਰਹੇ ਹਨ।
ਸ਼ਾਂਤ ਵਾਤਾਵਰਨ ਲੱਭੋ
ਜਦੋਂ ਅਜਿਹਾ ਲੱਗੇ ਕਿ ਮਾਈਗ੍ਰੇਨ ਸ਼ੁਰੂ ਹੋਣ ਵਾਲਾ ਹੈ, ਤਾਂ ਬਿਨਾਂ ਕਿਸੇ ਦੇਰੀ ਦੇ ਤੁਰੰਤ ਬ੍ਰੇਕ ਲਓ। ਤੇਜ਼ ਰੋਸ਼ਨੀ ਅਤੇ ਸ਼ੋਰ-ਸ਼ਰਾਬਾ ਮਾਈਗ੍ਰੇਨ ਨੂੰ ਹੋਰ ਵੀ ਖ਼ਰਾਬ ਸਥਿਤੀ ਵਿੱਚ ਲਿਆ ਸਕਦੇ ਹਨ, ਅਜਿਹੇ ਵਿੱਚ ਕੋਸ਼ਿਸ਼ ਕਰੋ ਕਿ ਆਸ-ਪਾਸ ਦਾ ਵਾਤਾਵਰਨ ਸ਼ਾਂਤ ਹੋਵੇ। ਆਰਾਮ ਕਰਨ ਲਈ ਜੇਕਰ ਕੋਈ ਹਨੇਰਾ ਕਮਰਾ ਹੋਵੇ ਤਾਂ ਹੋਰ ਵੀ ਵਧੀਆ ਹੈ।
ਕੋਲਡ ਜਾਂ ਹਾਟ ਥੈਰੇਪੀ
ਜੇਕਰ ਮਾਈਗ੍ਰੇਨ ਦੇ ਨਾਲ-ਨਾਲ ਮਾਸਪੇਸ਼ੀਆਂ ਵਿੱਚ ਖਿੱਚ ਮਹਿਸੂਸ ਕਰ ਰਹੇ ਹੋ, ਤਾਂ ਹਾਟ ਥੈਰੇਪੀ ਫਾਇਦੇਮੰਦ ਹੈ। ਹਲਕੇ ਗਰਮ ਪਾਣੀ ਨਾਲ ਨਹਾਉਣ ਬਾਰੇ ਜ਼ਰੂਰ ਸੋਚੋ। ਦੂਜੇ ਪਾਸੇ, ਸਿਰ ਦਰਦ ਦੀ ਸਥਿਤੀ ਵਿੱਚ ਕੋਲਡ ਪੈਕਸ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਕੈਫੀਨ ਤੋਂ ਪਰਹੇਜ਼
ਕੈਫੀਨ (ਚਾਹ/ਕਾਫ਼ੀ) ਥੋੜ੍ਹੇ ਸਮੇਂ ਲਈ ਰਾਹਤ ਜ਼ਰੂਰ ਦੇ ਸਕਦੀ ਹੈ, ਪਰ ਇਸਦਾ ਜ਼ਿਆਦਾ ਸੇਵਨ ਜਾਂ ਦੇਰ ਰਾਤ ਕੈਫੀਨ ਲੈਣ ਨਾਲ ਨੀਂਦ ਖ਼ਰਾਬ ਹੋ ਸਕਦੀ ਹੈ। ਇਹ ਮਾਈਗ੍ਰੇਨ ਦੀ ਸਮੱਸਿਆ ਨੂੰ ਹੋਰ ਵੀ ਵਧਾ ਸਕਦੀ ਹੈ।
ਨੀਂਦ ਬਾਰੇ ਸਾਵਧਾਨ ਰਹੋ
ਸੌਣ ਦੇ ਸਮੇਂ ਅਤੇ ਜਾਗਣ ਦੇ ਸਮੇਂ ਨੂੰ ਇਕਸਾਰ ਰੱਖਣ ਨਾਲ ਤੁਹਾਡੇ ਸਰੀਰ ਦੀ ਘੜੀ ਸਹੀ ਢੰਗ ਨਾਲ ਕੰਮ ਕਰਨ ਵਿੱਚ ਮਦਦ ਮਿਲਦੀ ਹੈ। ਸੌਣ ਤੋਂ ਪਹਿਲਾਂ ਸਕ੍ਰੀਨਾਂ ਵੱਲ ਦੇਖਣ ਤੋਂ ਬਚੋ। ਗਰਮ ਇਸ਼ਨਾਨ ਕਰਨ ਅਤੇ ਕਿਤਾਬ ਪੜ੍ਹਨ ਵਰਗੇ ਅਭਿਆਸ ਤੁਹਾਡੇ ਦਿਮਾਗ ਨੂੰ ਆਰਾਮ ਦੇ ਸਕਦੇ ਹਨ।
ਸਰੀਰ ਨੂੰ ਹਾਈਡ੍ਰੇਟ ਰੱਖੋ
ਮਾਈਗ੍ਰੇਨ ਟ੍ਰਿਗਰ ਹੋਣ ਦਾ ਇੱਕ ਵੱਡਾ ਕਾਰਨ ਸਰੀਰ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਨਾ ਮਿਲਣਾ ਵੀ ਹੈ। ਪਾਣੀ ਪੀਣ ਦੀ ਆਦਤ ਪਾਓ ਅਤੇ ਦਿਨ ਭਰ ਦੀ ਖ਼ੁਰਾਕ ਵਿੱਚ ਹੋਰ ਤਰ੍ਹਾਂ ਦੇ ਹੈਲਦੀ ਡ੍ਰਿੰਕਸ ਵੀ ਸ਼ਾਮਲ ਕਰੋ।
ਰੋਜ਼ਾਨਾ ਕਸਰਤ ਕਰੋ
ਰੋਜ਼ਾਨਾ ਕਸਰਤ ਦੇ ਅਣਗਿਣਤ ਫਾਇਦੇ ਹਨ, ਅਤੇ ਉਨ੍ਹਾਂ ਵਿੱਚੋਂ ਇੱਕ ਮਾਈਗ੍ਰੇਨ ਤੋਂ ਰਾਹਤ ਹੈ। ਮੇਓ ਕਲੀਨਿਕ ਦੇ ਅਨੁਸਾਰ, ਜਦੋਂ ਅਸੀਂ ਕਸਰਤ ਕਰਦੇ ਹਾਂ, ਤਾਂ ਸਰੀਰ ਅਜਿਹੇ ਰਸਾਇਣ ਛੱਡਦਾ ਹੈ ਜੋ ਦਿਮਾਗ ਤੱਕ ਪਹੁੰਚਣ ਤੋਂ ਪਹਿਲਾਂ ਦਰਦ ਦੇ ਸੰਕੇਤਾਂ ਨੂੰ ਰੋਕਦੇ ਹਨ। ਇਹ ਰਸਾਇਣ ਚਿੰਤਾ ਅਤੇ ਡਿਪਰੈਸ਼ਨ ਨੂੰ ਘਟਾਉਣ ਵਿੱਚ ਵੀ ਮਦਦਗਾਰ ਹੁੰਦੇ ਹਨ।
Share this content:



Post Comment