ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ; ਕਵਿਤਾ/”ਚਾਚਾ”/ਦਲਜੀਤ ਸਿੰਘ ਕਾਹਲੋਂ
ਲਿਖ ਲਿਖ ਪੇਪਰ ਭਰਦਾ ਜਾਵੇ ।
ਦਿਲ ਦੀਆਂ ਗੱਲਾਂ ਕਰਦਾ ਜਾਵੇ ॥
ਜੁੜ ਗਿਆ ਵਤਨ ਦੀ ਮਿੱਟੀ ਨਾਲ ।
ਕਲਮ ਚੱਲੀ ਬਈ ਵਾਹ ਕਮਾਲ ॥
ਦੇਸ਼ ਪੁਰਾਣਾ ਯਾਦ ਆ ਗਿਆ ।
ਅੱਖਾਂ ਅੱਗੇ ਹਨੇਰ ਛਾ ਗਿਆ ॥
ਲਿਖਦਿਆਂ ਪੈੱਨ ਸੀ ਐਸਾ ਅੜਿੱਆ।
ਉਹੀ ਪੁਰਾਣੇ “ਪੰਜਾਬ“ ਜਾ ਵੜਿਆ॥
ਮਹਾਰਾਜੇ ਦੀ ਯਾਦ ਕੀ ਆਈ ।
ਪਲਾਂ ਦੇ ਵਿੱਚ ਤਹਿਰੀਖ ਦੁਹਰਾਈ ॥
ਮਹਾਰਾਜਾ ਰਣਜੀਤ ਸੀ ਕਹਿੰਦੇ ।
ਸੁਣ ਕਿੱਸੇ ਉਹਦੇ ਹਾਉਕੇ ਲੈਂਦੇ ॥
ਚਾਚਾ ਉਹਨੂੰ ਮਿੱਸ ਪਿਆ ਕਰਦਾ ।
ਠੰਡੀਆਂ ਠੰਡੀਆਂ ਆਹਾਂ ਭਰਦਾ ॥
ਉਹ ਸੱਭਨਾਂ ਦੇ ਸਿਰ ਦਾ ਤਾਜ ।
ਕਿੰਨਾ ਚੰਗਾ ਸੀ ਉਸਦਾ ਰਾਜ ॥
ਲੋਕ ਹਿੱਤਾਂ ਦੇ ਉਹਦੇ ਕਾਜ ।
ਪਬਲਿਕ ਕਰਦੀ ਹੁਣ ਤੱਕ ਯਾਦ ॥
ਪਰਜਾ ਕਹਿੰਦੇ ਸੁਖੀ ਸੀ ਬਾਹਲੀ ।
ਧੀਮੀ ਜਿੰਦਗੀ ਕੋਈ ਨਾ ਕਾਹਲੀ ॥
ਸੁਨਿਹਰੀ ਅੱਖਰਾਂ ਚਿ ਅੱਜ ਤੱਕ ਪੜ੍ਹਦੇ।
“ਸਿੱਖ ਸਾਮਰਾਜ“ ਦੇ ਝੰਡੇ ਚੜ੍ਹਦੇ ॥
ਮਨਹੂਸ ਘੜੀ ਅੰਤ ਐਸੀ ਆਈ ।
ਸਾਰੀ ਖਲਕਤ ਸੋਚੀਂ ਪਾਈ ॥
ਗੋਰਿਆਂ ਦਾ ਝੁੰਡ ਐਸਾ ਆਇਆ ।
ਦੇਸ਼ ਮੇਰੇ ਨੂੰ ਲਾਂਬੂ ਲਾਇਆ ॥
ਐਸੇ ਪਹੁੰਚੇ ਵਿੱਚ ਮੁਕਾਮ ।
ਰਾਜ ਕਰੇਂਦੇ ਹੋਏ ਗੁਲਾਮ ॥
ਗੁਲਾਮੀ ਦੀਆਂ ਆਖਿਰ ਜੰਜੀਰਾਂ ਵੱਢੀਆਂ।
ਗੋਰੇ–ਗੋਰੀਆਂ ਦੇਸ਼ੋਂ ਕੱਢੀਆਂ ॥
ਜਾਂਦੇ ਜਾਂਦੇ ਐਸਾ ਭੜਥੂ ਪਾ ਗਏ ।
ਦੋ ਹਿਸਿਆਂ ਵਿੱਚ ਦੇਸ਼ ਵੰਡਾ ਗਏ ॥
ਮਨਹੂਸ ਸੰਨ ਸੰਤਾਲੀ ਆਇਆ ।
ਪੰਜਾਬ ਮੇਰੇ ਨੂੰ ਲਾਂਬੂ ਲਾਇਆ ॥
ਲੋਕਾਂ ਭਾਣੇ ਅਜ਼ਾਦੀ ਆਈ ।
ਸਾਡੇ ਹਿੱਸੇ ਬਰਬਾਦੀ ਆਈ ॥
ਵੰਡਿਆ ਗਿਆ ਸਾਡਾ ਦੇਸ਼ ਪੰਜਾਬ ।
ਭਾਰਤ ਦਾ ਕੁੱਝ ਨਾ ਹੋਇਆ ਖਰਾਬ॥
ਭਾਰਤ ਦਾ ਕੁੱਝ ਨਾ ਹੋਇਆ ਖਰਾਬ॥

Share this content:



Post Comment