Loading Now

ਭਾਰਤ ਸਮਿਟ ਦੇ ਬਹਾਨੇ

ਭਾਰਤ ਸਮਿਟ ਦੇ ਬਹਾਨੇ

ਕਾਂਗਰਸ ਵੱਲੋਂ ਆਪਣੀ ਤੇਲੰਗਾਨਾ ਸਰਕਾਰ ਦੇ ਸਹਿਯੋਗ ਨਾਲ ਹੈਦਰਾਬਾਦ ’ਚ ਕਰਵਾਏ ਗਏ ਦੋ ਰੋਜ਼ਾ ‘ਭਾਰਤ ਸਮਿਟ’ ਦਾ ਟੀਚਾ ਭਾਵੇਂ ਦੁਨੀਆ ਦੀਆਂ ਅਗਾਂਹਵਧੂ ਤਾਕਤਾਂ ਨੂੰ ਇਕ ਮੰਚ ’ਤੇ ਇਕੱਠਾ ਕਰਨਾ ਦੱਸਿਆ ਗਿਆ ਹੋਵੇ ਪਰ ਇਹ ਸਮਾਗਮ ਮੋਦੀ ਸਰਕਾਰ ਦੇ ਵਿਰੋਧ ਵਾਲੇ ਪ੍ਰੋਗਰਾਮ ਵਜੋਂ ਹੀ ਵਧੇਰੇ ਚਰਚਾ ’ਚ ਰਿਹਾ। ਇਸ ਸੰਮੇਲਨ ਦੀ ਅਜਿਹੀ ਸਾਖ਼ ਬਣਨ ਲਈ ਕਾਂਗਰਸ ਆਪਣੇ ਤੋਂ ਇਲਾਵਾ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾ ਸਕਦੀ। ਇਹ ਸੰਮੇਲਨ ਭਾਰਤ ਦੀ ਆਜ਼ਾਦੀ ਦੇ 80ਵੇਂ ਵਰ੍ਹੇ ਅਤੇ ਨਹਿਰੂ ਜੀ ਦੀ 137ਵੀਂ ਜਨਮ ਵਰ੍ਹੇਗੰਢ ਦੇ ਮੌਕੇ ’ਤੇ ਕਰਵਾਇਆ ਗਿਆ ਪਰ ਇਸ ’ਚ ਵਿਦੇਸ਼ਾਂ ਤੋਂ ਵਿਸ਼ੇਸ਼ ਤੌਰ ’ਤੇ ਅਜਿਹੇ ਬੁਲਾਰਿਆਂ ਨੂੰ ਸੱਦਾ ਦਿੱਤਾ ਗਿਆ, ਜੋ ਮੋਦੀ ਸਰਕਾਰ ਦੇ ਕੱਟੜ ਵਿਰੋਧੀਆਂ ਵਜੋਂ ਜਾਣੇ ਜਾਂਦੇ ਹਨ। ਇਸੇ ਕਾਰਨ ਸਰਕਾਰ ਨੇ ਕਈ ਵਿਅਕਤੀਆਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ ਇਸ ਸੰਮੇਲਨ ’ਚ ਮਨਸੂਈ ਬੁੱਧੀ (ਏਆਈ), ਆਰਥਿਕ ਨਿਆਂ ਅਤੇ ਜਲਵਾਯੂ ਤਬਦੀਲੀ ਵਰਗੇ ਵਿਸ਼ਿਆਂ ’ਤੇ ਵੀ ਚਰਚਾ ਹੋਈ ਪਰ ਇਹ ਵਿਵਾਦ ਦੇ ਕੇਂਦਰ ’ਚ ਇਸ ਲਈ ਆ ਗਿਆ ਕਿਉਂਕਿ ਇਟਲੀ ਦੇ ਇਕ ਸਮਾਜਵਾਦੀ ਆਗੂ ਜਿਆਕੋਮੋ ਫਿਲਿਬੇਕ ਨੇ ਰਾਹੁਲ ਗਾਂਧੀ ਦੀ ਮੌਜੂਦਗੀ ’ਚ ਭਾਰਤੀ ਚੋਣ ਪ੍ਰਣਾਲੀ ਅਤੇ ਲੋਕਤੰਤਰ ’ਤੇ ਸਵਾਲ ਉਠਾਉਂਦਿਆਂ ਹਿੰਦੀ ’ਚ ‘ਵੋਟ ਚੋਰ-ਗੱਦੀ ਛੋੜ’ ਦਾ ਨਾਅਰਾ ਵੀ ਲਾਇਆ।

ਸਪੱਸ਼ਟ ਹੈ ਕਿ ਉਨ੍ਹਾਂ ਨੂੰ ਇਹ ਨਾਅਰਾ ਸਿਖਾਇਆ ਤੇ ਰਟਾਇਆ ਗਿਆ ਹੋਵੇਗਾ। ਇਸ ਦੀ ਪੁਸ਼ਟੀ ਉਨ੍ਹਾਂ ਦੇ ਇਸ ਬਿਆਨ ਤੋਂ ਵੀ ਹੁੰਦੀ ਹੈ, ‘ਕੁਝ ਦਿਨ ਪਹਿਲਾਂ ਪਾਰਦਰਸ਼ੀ ਵੋਟਰ ਸੂਚੀ ਲਈ ਰਾਹੁਲ ਗਾਂਧੀ ਦੀ ਮੁਹਿੰਮ ਦੌਰਾਨ ਰਾਮਲੀਲਾ ਮੈਦਾਨ ਤੱਕ ਮਾਰਚ ਕਰਨ ਵਾਲੇ ਲੋਕ ਸਾਨੂੰ ਇਹ ਯਾਦ ਦਿਵਾਉਂਦੇ ਹਨ ਕਿ ਲੋਕਤੰਤਰ ਦੀ ਰੱਖਿਆ ਅਜਿਹੇ ਲੋਕ ਹੀ ਕਰਦੇ ਹਨ।’ ਉਨ੍ਹਾਂ ਦਾ ਇਹ ਬਿਆਨ ਰਾਹੁਲ ਗਾਂਧੀ ਦੇ ਉਸੇ ਰਟੇ-ਰਟਾਏ ਦਾਅਵੇ ਦੀ ਯਾਦ ਦਿਵਾਉਂਦਾ ਹੈ ਕਿ ਭਾਰਤ ’ਚ ਲੋਕਤੰਤਰ ਖ਼ਤਮ ਹੋ ਗਿਆ ਹੈ ਅਤੇ ਸੰਵਿਧਾਨ ਵੀ ਖ਼ਤਰੇ ’ਚ ਹੈ। ਉਹ ਦੇਸ਼ ਦੇ ਅੰਦਰ ਹੀ ਨਹੀਂ, ਸਗੋਂ ਵਿਦੇਸ਼ਾਂ ’ਚ ਵੀ ਅਜਿਹੀਆਂ ਗੱਲਾਂ ਕਰਦੇ ਰਹਿੰਦੇ ਹਨ। ਆਪਣੀਆਂ ਵਿਦੇਸ਼ ਯਾਤਰਾਵਾਂ ਦੌਰਾਨ ਉਹ ਵਿਸ਼ੇਸ਼ ਤੌਰ ’ਤੇ ਅਜਿਹੇ ਲੋਕਾਂ ਨਾਲ ਸੰਪਰਕ ਅਤੇ ਵਿਚਾਰ-ਵਟਾਂਦਰਾ ਕਰਦੇ ਹਨ, ਜੋ ਮੋਦੀ ਵਿਰੋਧੀ ਏਜੰਡਾ ਚਲਾਉਂਦੇ ਹਨ। ਬਿਨਾਂ ਸ਼ੱਕ, ਇਹ ਕੋਈ ਅਪਰਾਧ ਨਹੀਂ ਕਿ ਕੋਈ ਵਿਦੇਸ਼ੀ ਵਿਅਕਤੀ ਆਪਣੇ ਦੇਸ਼ ’ਚ ਜਾਂ ਭਾਰਤ ਆ ਕੇ ਭਾਰਤ ਸਰਕਾਰ ਦੀ ਆਰਥਿਕ, ਵਪਾਰਕ ਜਾਂ ਵਿਦੇਸ਼ ਨੀਤੀ ਨਾਲ ਆਪਣੀ ਅਸਹਿਮਤੀ ਪ੍ਰਗਟ ਕਰੇ ਪਰ ਜੇਕਰ ਕੋਈ ‘ਵੋਟ ਚੋਰੀ’ ਵਰਗਾ ਸਸਤਾ ਜੁਮਲਾ ਉਛਾਲਦਾ ਹੈ ਤਾਂ ਇਸ ਨੂੰ ਉਸ ਦੀ ਨੀਵੀਂ ਸੋਚ ਹੀ ਕਿਹਾ ਜਾਵੇਗਾ।

ਇਟਲੀ ਦੇ ਆਗੂ ਨੇ ਵੀ ਅਜਿਹਾ ਹੀ ਕੀਤਾ। ਇਸੇ ਕਾਰਨ ਉਨ੍ਹਾਂ ਦੇ ਆਪਣੇ ਦੇਸ਼ ਦੀ ਇਕ ਆਗੂ ਨੇ ਉਨ੍ਹਾਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਰੋੜਾਂ ਵੋਟਰਾਂ ਵਾਲੇ ਦੇਸ਼ ਨੂੰ ਲੋਕਤੰਤਰ ਦਾ ਪਾਠ ਪੜ੍ਹਾਉਣਾ ਗ਼ਲਤ ਹੈ। ਜੇਕਰ ਕਾਂਗਰਸ ਇਹ ਸਮਝ ਰਹੀ ਹੈ ਕਿ ਬਿਨਾਂ ਪੁਖ਼ਤਾ ਸਬੂਤਾਂ ਵਾਲੇ ਬੇਬੁਨਿਆਦ ਅਤੇ ਬੇਤੁਕੇ ਦੋਸ਼ਾਂ ਦੇ ਸਹਾਰੇ ਉਹ ਆਪਣੀ ਸਾਖ਼ ਸੁਧਾਰਨ ਦੇ ਨਾਲ-ਨਾਲ ਆਪਣਾ ਜਨ-ਆਧਾਰ ਵੀ ਵਧਾ ਲਵੇਗੀ ਤਾਂ ਇਹ ਉਸ ਦੀ ਮਹਿਜ਼ ਭੁੱਲ ਹੈ। ਫਿਲਿਬੇਕ ਵਰਗੇ ਆਗੂ ਵੀ ਇਸ ਭੁਲੇਖੇ ’ਚੋਂ ਬਾਹਰ ਆ ਜਾਣ ਤਾਂ ਚੰਗਾ ਹੋਵੇਗਾ ਕਿ ਭਾਰਤ ਦੇ ਲੋਕ ਉਨ੍ਹਾਂ ਦੀਆਂ ਗੱਲਾਂ ’ਤੇ ਵਿਸ਼ਵਾਸ ਕਰ ਲੈਣਗੇ। ਕਾਂਗਰਸ ਨੇ ਜਿਸ ਤਰ੍ਹਾਂ ਭਾਰਤ ਸਮਿਟ ਨੂੰ ਗੁੱਟ-ਨਿਰਲੇਪ ਅੰਦੋਲਨ ਦੀ ਵਿਰਾਸਤ ਨੂੰ ਮੁੜ ਸੁਰਜੀਤ ਕਰਨ ਦੀ ਕੋਸ਼ਿਸ਼ ਵੀ ਦੱਸਿਆ ਹੈ, ਉਸ ਤੋਂ ਇਹੀ ਜਾਪਦਾ ਹੈ ਕਿ ਉਹ ਇਹ ਬੁਨਿਆਦੀ ਗੱਲ ਭੁੱਲ ਗਈ ਹੈ ਕਿ ਵਿਦੇਸ਼ ਨੀਤੀ ਕਿਸੇ ਵਿਸ਼ੇਸ਼ ਸਿਆਸੀ ਪਾਰਟੀ ਦੀ ਨਹੀਂ, ਸਗੋਂ ਪੂਰੇ ਦੇਸ਼ ਦੀ ਹੁੰਦੀ ਹੈ।

Share this content:

Post Comment