ਭਾਰਤੀ ਸ਼ੇਅਰ ਬਾਜ਼ਾਰ ਮੂਧੇ ਮੂੰਹ ਡਿੱਗਿਆ
ਨਵੀਂ ਦਿੱਲੀ, 2 ਸਤੰਬਰ – ਬੁੱਧਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। ਪੱਛਮੀ ਏਸ਼ੀਆ ਵਿੱਚ ਵਧ ਰਹੇ ਤਣਾਅ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ ਉਤਾਰ-ਚੜ੍ਹਾਅ ਦਾ ਅਸਰ ਘਰੇਲੂ ਸਟਾਕ ਮਾਰਕੀਟ ’ਤੇ ਸਾਫ਼ ਨਜ਼ਰ ਆਇਆ। ਬਾਜ਼ਾਰ ਖੁੱਲ੍ਹਦੇ ਹੀ ਸੈਂਸੈਕਸ 700 ਤੋਂ ਵੱਧ ਅੰਕ ਹੇਠਾਂ ਡਿੱਗ ਗਿਆ, ਜਦਕਿ ਨਿਫਟੀ ਵੀ ਲਾਲ ਨਿਸ਼ਾਨ ਵਿੱਚ ਕਾਰੋਬਾਰ ਕਰਦਾ ਦਿਖਾਈ ਦਿੱਤਾ। 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ ਸਵੇਰੇ 9:38 ਵਜੇ ਤੱਕ 629.18 ਅੰਕ ਜਾਂ 0.82 ਫੀਸਦੀ ਦੀ ਗਿਰਾਵਟ ਨਾਲ 76,315.10 ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੌਰਾਨ ਸੈਂਸੈਕਸ ਦਾ ਉੱਚ ਪੱਧਰ 76,521.67 ਅਤੇ ਹੇਠਲਾ ਪੱਧਰ 76,135.72 ਰਿਹਾ।
ਇਸੇ ਤਰ੍ਹਾਂ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 217.80 ਅੰਕ ਜਾਂ 0.91 ਫੀਸਦੀ ਡਿੱਗ ਕੇ 23,838.00 ਦੇ ਪੱਧਰ ’ਤੇ ਪਹੁੰਚ ਗਿਆ। ਨਿਫਟੀ ਨੇ ਕਾਰੋਬਾਰ ਦੌਰਾਨ 23,882.95 ਦਾ ਉੱਚ ਪੱਧਰ ਅਤੇ 23,786.80 ਦਾ ਹੇਠਲਾ ਪੱਧਰ ਛੂਹਿਆ। ਬਾਜ਼ਾਰ ਵਿੱਚ ਆਈ ਇਸ ਗਿਰਾਵਟ ਦਾ ਸਿੱਧਾ ਅਸਰ ਨਿਵੇਸ਼ਕਾਂ ਦੀ ਦੌਲਤ ’ਤੇ ਪਿਆ। ਬੀਐਸਈ ’ਤੇ ਸੂਚੀਬੱਧ ਕੰਪਨੀਆਂ ਦਾ ਕੁੱਲ ਮਾਰਕੀਟ ਕੈਪ ਲਗਭਗ ₹5.60 ਲੱਖ ਕਰੋੜ ਘਟ ਗਿਆ। ਇਸ ਤਰ੍ਹਾਂ ਬਾਜ਼ਾਰ ਖੁੱਲ੍ਹਦੇ ਹੀ ਨਿਵੇਸ਼ਕਾਂ ਨੂੰ ਕਰੀਬ ₹5.60 ਲੱਖ ਕਰੋੜ ਦਾ ਨੁਕਸਾਨ ਹੋਇਆ। ਸੈਂਸੈਕਸ ਦੇ ਸਾਰੇ 30 ਸ਼ੇਅਰ ਸ਼ੁਰੂਆਤੀ ਕਾਰੋਬਾਰ ਵਿੱਚ ਲਾਲ ਨਿਸ਼ਾਨ ਵਿੱਚ ਰਹੇ। ਇੰਡੀਗੋ ਵਿੱਚ ਸਭ ਤੋਂ ਵੱਧ 2.38 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।
ਇਸ ਤੋਂ ਬਾਅਦ ਇਨਫੋਸਿਸ 2.04 ਫੀਸਦੀ, ਟੀਸੀਐਸ 1.73 ਫੀਸਦੀ ਅਤੇ ਮਹਿੰਦਰਾ ਐਂਡ ਮਹਿੰਦਰਾ 1.59 ਫੀਸਦੀ ਡਿੱਗੇ। ਐਨਟੀਪੀਸੀ, ਐਚਡੀਐਫਸੀ ਬੈਂਕ ਅਤੇ ਬਜਾਜ ਫਿਨਸਰਵ ਦੇ ਸ਼ੇਅਰਾਂ ਵਿੱਚ ਵੀ ਗਿਰਾਵਟ ਦੇਖਣ ਨੂੰ ਮਿਲੀ। ਮਾਰਕੀਟ ਮਾਹਿਰਾਂ ਮੁਤਾਬਕ ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਈਰਾਨ ਵਿਚਕਾਰ ਵਧਦਾ ਤਣਾਅ ਬਾਜ਼ਾਰ ’ਤੇ ਦਬਾਅ ਪਾ ਰਿਹਾ ਹੈ। ਇਸ ਦੇ ਨਾਲ ਹੀ ਹੋਰਮੁਜ਼ ਜਲਡਮਰੂ ਨੂੰ ਲੈ ਕੇ ਵਧੀ ਚਿੰਤਾ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਹੈ। ਰਿਪੋਰਟਾਂ ਮੁਤਾਬਕ ਕੱਚੇ ਤੇਲ ਦੀ ਕੀਮਤ 95 ਡਾਲਰ ਪ੍ਰਤੀ ਬੈਰਲ ਤੋਂ ਉੱਪਰ ਪਹੁੰਚ ਗਈ ਹੈ। ਤੇਲ ਦੀਆਂ ਵਧਦੀਆਂ ਕੀਮਤਾਂ ਭਾਰਤ ਵਰਗੇ ਵੱਡੇ ਤੇਲ ਆਯਾਤਕ ਦੇਸ਼ ਲਈ ਚਿੰਤਾ ਦਾ ਕਾਰਨ ਹਨ, ਜਿਸ ਦਾ ਅਸਰ ਸ਼ੇਅਰ ਬਾਜ਼ਾਰ ’ਤੇ ਵੀ ਪੈ ਰਿਹਾ ਹੈ।
Share this content:



Post Comment