Loading Now

ਬੁੱਧ ਬਾਣ/ਆਖ਼ਿਰ ਨੂੰ ਭਾਣਾ ਵਰਤ ਗਿਆ/ਬੁੱਧ ਸਿੰਘ ਨੀਲੋਂ

ਬੁੱਧ ਬਾਣ/ਆਖ਼ਿਰ ਨੂੰ ਭਾਣਾ ਵਰਤ ਗਿਆ/ਬੁੱਧ ਸਿੰਘ ਨੀਲੋਂ

ਇਹ ਤਾਂ ਪੰਜਾਬ ਦੇ ਸੁਚੇਤ ਲੋਕਾਂ ਨੂੰ ਪਤਾ ਸੀ, ਚੋਣਾਂ ਵੇਲੇ ਅਕਾਲੀ ਭਾਜਪਾ ਦਾ ਗੱਠਜੋੜ ਹੋਵੇਗਾ। ਕਿਉਂਕਿ ਉਹਨਾਂ ਨੇ ਸਮਾਜਿਕ ਦੂਰੀਆਂ ਬਣਾਈਆਂ ਹੋਈਆਂ ਸਨ ਪਰ ਉਂਝ ਉਹਨਾਂ ਦੀ ਆਪਸ ਵਿੱਚ ਸਾਂਝ ਸੀ। ਲੋਕਾਂ ਨੂੰ ਮੂਰਖ ਬਣਾਉਣ ਲਈ ਉਹ ਇੱਕ ਦੂਜੇ ਦੇ ਖਿਲਾਫ਼ ਬਿਆਨਬਾਜ਼ੀ ਕਰਕੇ ਲੋਕਾਂ ਦੇ ਅੱਖੀਂ ਘੱਟਾ ਪਾਉਂਦੇ ਸਨ। ਪਰ ਹੁਣ ਲੋਕ ਪਹਿਲਾਂ ਵਰਗੇ ਨਹੀਂ। ਲੋਕਾਂ ਨੂੰ ਭਰਮਾਉਣਾ ਹੁਣ ਸੌਖਾ ਨਹੀਂ ਹੈ। ਸਿਆਣੇ ਆਖਦੇ ਹਨ ਕਿ ਪਿਆਰ, ਜੰਗ ਤੇ ਸਿਆਸਤ ਵਿੱਚ ਕੋਈ ਦੀਨ-ਈਮਾਨ ਨਹੀਂ ਹੁੰਦਾ। ਇੱਥੇ ਨਾ ਦੁਸ਼ਮਣੀ ਸਦੀਵੀ ਹੁੰਦੀ ਹੈ ਤੇ ਨਾ ਹੀ ਮੁਹੱਬਤ। ਹਰ ਕੋਈ ਆਪਣੇ ਮੌਕੇ, ਲੋੜ ਤੇ ਸਵਾਰਥ ਅਨੁਸਾਰ ਪੈਂਤੜਾ ਬਦਲਦਾ ਹੈ। ਪਿਆਰ-ਮੁਹੱਬਤ ਵੀ ਕਈ ਵਾਰ ਉਦੋਂ ਤੱਕ ਹੀ ਨਿਭਦੀ ਹੈ, ਜਦੋਂ ਤੱਕ ਕੋਈ ਹੋਰ ਬਦਲ ਸਾਹਮਣੇ ਨਹੀਂ ਆ ਜਾਂਦਾ। ਬਦਲ ਮਿਲਦਿਆਂ ਹੀ ਵਾਅਦੇ, ਕਸਮਾਂ, ਸਹੁੰਆਂ ਤੇ ਸਾਂਝੇ ਸੁਪਨੇ ਹਵਾ ਹੋ ਜਾਂਦੇ ਹਨ। ਜਿਹੜੇ ਕੱਲ੍ਹ ਤੱਕ ਇਕੱਠੇ ਜੀਣ-ਮਰਨ ਦੀਆਂ ਗੱਲਾਂ ਕਰਦੇ ਸਨ, ਉਹ ਅੱਜ ਇੱਕ ਦੂਜੇ ਨੂੰ ਪਛਾਣਨ ਤੋਂ ਵੀ ਇਨਕਾਰ ਕਰ ਦਿੰਦੇ ਹਨ।

ਸਿਆਸਤ ਤਾਂ ਇਸ ਮਾਮਲੇ ਵਿੱਚ ਹੋਰ ਵੀ ਨਿਰਦਈ ਹੈ। ਇੱਥੇ ਸਿਧਾਂਤਾਂ ਦੀਆਂ ਗੱਲਾਂ ਅਕਸਰ ਸੱਤਾ ਦੀਆਂ ਪੌੜੀਆਂ ਚੜ੍ਹਨ ਲਈ ਕੀਤੀਆਂ ਜਾਂਦੀਆਂ ਹਨ। ਜਿਹੜੇ ਕੱਲ੍ਹ ਆਪਣੇ ਵਿਰੋਧੀਆਂ ਨੂੰ ਛੱਜ ਵਿੱਚ ਪਾ ਕੇ ਛੱਟਦੇ ਸਨ, ਅੱਜ ਉਨ੍ਹਾਂ ਦੀ ਸਿਫ਼ਤ ਕਰਦਿਆਂ ਮੂੰਹ ਨਹੀਂ ਸੁੱਕਦਾ। ਜਿਹੜੇ ਕੱਲ੍ਹ ਇੱਕ ਦੂਜੇ ਨੂੰ ਪੰਜਾਬ ਤੇ ਪੰਜਾਬੀਆਂ ਦੇ ਦੁਸ਼ਮਣ ਦੱਸਦੇ ਸਨ, ਅੱਜ ਇੱਕ ਦੂਜੇ ਦੇ ਗੁਣ ਗਾਉਂਦੇ ਫਿਰਦੇ ਹਨ। ਸਿਆਸਤ ਵਿੱਚ ਨਾ ਕੋਈ ਪੱਕਾ ਮਿੱਤਰ ਹੁੰਦਾ ਹੈ ਤੇ ਨਾ ਪੱਕਾ ਦੁਸ਼ਮਣ; ਪੱਕਾ ਹੁੰਦਾ ਹੈ ਤਾਂ ਸਿਰਫ਼ ਸੱਤਾ ਦਾ ਲਾਲਚ ਅਤੇ ਆਪਣਾ ਹਿੱਤ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੇ ਪਿਛਲੇ ਬਿਆਨ, ਵੀਡੀਓਜ਼ ਤੇ ਅਖ਼ਬਾਰਾਂ ਦੀਆਂ ਸੁਰਖ਼ੀਆਂ ਦੇਖ ਲਓ। ਸੁਖਬੀਰ ਸਿੰਘ ਬਾਦਲ ਕਈ ਵਾਰ ਆਖਦਾ ਰਿਹਾ ਕਿ ਭਾਜਪਾ ਅਤੇ ਆਰਐੱਸਐੱਸ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਸਾਜ਼ਿਸ਼ਾਂ ਕਰ ਰਹੀਆਂ ਹਨ। ਉਸ ਦਾ ਦੋਸ਼ ਸੀ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਕਮਜ਼ੋਰ ਕਰਨ ਅਤੇ ਉਸ ਦੇ ਅੰਦਰ ਫੁੱਟ ਪਾਉਣ ਲਈ ਸੁਰਜੀਤ ਅਕਾਲੀ ਦਲ ਵਰਗੀਆਂ ਧਿਰਾਂ ਬਣਾਈਆਂ ਗਈਆਂ। ਭਾਜਪਾ ਪੰਜਾਬ ਦੀ ਖੇਤਰੀ ਸਿਆਸਤ ਨੂੰ ਖ਼ਤਮ ਕਰਨਾ ਚਾਹੁੰਦੀ ਹੈ। ਉਦੋਂ ਇਹ ਬਿਆਨ ਸਿਆਸੀ ਮੰਚਾਂ ਤੋਂ ਗੂੰਜਦੇ ਸਨ, ਮੀਡੀਆ ਵਿੱਚ ਛਪਦੇ ਸਨ ਅਤੇ ਪੰਜਾਬ ਦੇ ਲੋਕਾਂ ਨੂੰ ਸੁਣਾਏ ਜਾਂਦੇ ਸਨ।

ਜਦੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਅਤੇ ਮਜ਼ਦੂਰਾਂ ਦਾ ਇਤਿਹਾਸਕ ਅੰਦੋਲਨ ਚੱਲ ਰਿਹਾ ਸੀ, ਉਦੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਭਾਜਪਾ ਨਾਲੋਂ ਨਾਤਾ ਤੋੜਨ ਦਾ ਐਲਾਨ ਕੀਤਾ ਸੀ। ਇਹ ਫ਼ੈਸਲਾ ਕਿਸਾਨੀ ਰੋਹ, ਪੰਜਾਬ ਦੇ ਲੋਕਾਂ ਦੀ ਨਾਰਾਜ਼ਗੀ ਅਤੇ ਸਿਆਸੀ ਦਬਾਅ ਦੇ ਮਾਹੌਲ ਵਿੱਚ ਲਿਆ ਗਿਆ ਸੀ। ਉਸ ਵੇਲੇ ਅਕਾਲੀ ਦਲ ਨੇ ਆਪਣੇ ਆਪ ਨੂੰ ਕਿਸਾਨਾਂ ਦੇ ਹੱਕਾਂ ਨਾਲ ਖੜ੍ਹੀ ਧਿਰ ਵਜੋਂ ਪੇਸ਼ ਕੀਤਾ। ਪਰ ਸਿਆਸਤ ਦੇ ਪੈਂਤੜੇ ਕਿੰਨੇ ਕੁ ਪੱਕੇ ਹੁੰਦੇ ਹਨ, ਇਹ ਸਮਾਂ ਵਾਰ-ਵਾਰ ਸਾਬਤ ਕਰਦਾ ਹੈ। ਹੁਣ ਸੰਯੁਕਤ ਕਿਸਾਨ ਮੋਰਚੇ ਦੀਆਂ ਦੋ ਭਾਈਵਾਲ ਜਥੇਬੰਦੀਆਂ ਵੱਲੋਂ ਕੁਝ ਦਿਨ ਪਹਿਲਾਂ ਅਕਾਲੀ ਦਲ ਬਾਦਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ। ਇਹ ਉਹੀ ਕਿਸਾਨੀ ਸੰਘਰਸ਼ ਦੀਆਂ ਧਿਰਾਂ ਹਨ, ਜਿਨ੍ਹਾਂ ਦੇ ਆਗੂ ਕਦੇ ਸਿਆਸੀ ਪਾਰਟੀਆਂ ਤੋਂ ਦੂਰੀ ਬਣਾਈ ਰੱਖਣ ਅਤੇ ਕਿਸਾਨੀ ਹੱਕਾਂ ਲਈ ਲੜਨ ਦੀਆਂ ਗੱਲਾਂ ਕਰਦੇ ਸਨ। ਹੁਣ ਸਿਆਸੀ ਹਮਾਇਤ ਦੇ ਐਲਾਨਾਂ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ।
ਜਿਹੜੀਆਂ ਧਿਰਾਂ ਕੱਲ੍ਹ ਤੱਕ ਸਿਆਸੀ ਪਾਰਟੀਆਂ ਦੇ ਮੰਚਾਂ ਤੋਂ ਦੂਰੀ ਬਣਾਉਣ ਦੀਆਂ ਗੱਲਾਂ ਕਰਦੀਆਂ ਸਨ, ਅੱਜ ਉਹੀ ਪਾਰਟੀਆਂ ਦੇ ਹੱਕ ਵਿੱਚ ਖੜ੍ਹੀਆਂ ਦਿਖਾਈ ਦੇ ਰਹੀਆਂ ਹਨ। ਸੱਤ ਸੌ ਦੇ ਕਰੀਬ ਕਿਸਾਨਾਂ ਦੀਆਂ ਸ਼ਹਾਦਤਾਂ, ਲੰਮਾ ਸੰਘਰਸ਼, ਹੰਝੂ, ਲਾਠੀਆਂ, ਜੇਲ੍ਹਾਂ, ਪਰਿਵਾਰਾਂ ਦੀਆਂ ਕੁਰਬਾਨੀਆਂ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਨਜ਼ਰਅੰਦਾਜ਼ ਕੀਤਾ ਹੈ। ਕੀ ਇਹ ਸਭ ਸਿਰਫ਼ ਚੋਣਾਂ ਦੇ ਮੌਸਮ ਵਿੱਚ ਯਾਦ ਕਰਨ ਵਾਲੀਆਂ ਚੀਜ਼ਾਂ ਰਹਿ ਗਈਆਂ ਹਨ?

ਕਿਸਾਨਾਂ ਦੀਆਂ ਸ਼ਹਾਦਤਾਂ ਕਿਸੇ ਇੱਕ ਪਾਰਟੀ ਦੀ ਜਾਇਦਾਦ ਨਹੀਂ ਸਨ। ਉਹ ਪੰਜਾਬ ਦੇ ਲੋਕਾਂ ਦੀ ਸਾਂਝੀ ਯਾਦ, ਸਾਂਝੇ ਸੰਘਰਸ਼ ਅਤੇ ਹੱਕਾਂ ਦੀ ਲੜਾਈ ਦਾ ਇਤਿਹਾਸ ਸਨ। ਜੇ ਅੱਜ ਉਨ੍ਹਾਂ ਸ਼ਹਾਦਤਾਂ ਨੂੰ ਸਿਆਸੀ ਲਾਭ ਲਈ ਪਿੱਛੇ ਧੱਕਿਆ ਜਾ ਰਿਹਾ ਹੈ, ਤਾਂ ਇਹ ਸਿਰਫ਼ ਪੈਂਤੜਾ ਬਦਲਣਾ ਨਹੀਂ, ਲੋਕਾਂ ਦੇ ਭਰੋਸੇ ਨਾਲ ਕੀਤਾ ਜਾ ਰਿਹਾ ਖਿਲਵਾੜ ਵੀ ਹੈ। ਸਿਆਸੀ ਧਿਰਾਂ ਨੇ ਤਾਂ ਹਲਵੇ-ਮੰਡੇ ਛਕਣੇ ਹੀ ਹਨ। ਉਨ੍ਹਾਂ ਨੂੰ ਕੁਰਸੀਆਂ ਦੀ ਭੁੱਖ ਹੈ, ਕੁਰਸੀਆਂ ਲਈ ਉਹ ਕਿਸੇ ਵੀ ਦਰਵਾਜ਼ੇ ’ਤੇ ਦਸਤਕ ਦੇ ਸਕਦੀਆਂ ਹਨ। ਪਰ ਸਵਾਲ ਉਨ੍ਹਾਂ ਲੋਕਾਂ ਦਾ ਹੈ, ਜਿਹੜੇ ਆਪਣੇ ਹੱਕਾਂ ਲਈ ਸੜਕਾਂ ’ਤੇ ਆਏ, ਜਿਨ੍ਹਾਂ ਨੇ ਆਪਣਾ ਸਮਾਂ, ਮਿਹਨਤ, ਜਵਾਨੀ ਅਤੇ ਜਾਨਾਂ ਗਵਾਈਆਂ। ਸਵਾਲ ਉਨ੍ਹਾਂ ਕਿਸਾਨਾਂ, ਮਜ਼ਦੂਰਾਂ ਅਤੇ ਆਮ ਲੋਕਾਂ ਦਾ ਹੈ, ਜਿਹੜੇ ਹਰ ਵਾਰ ਕਿਸੇ ਨਵੇਂ ਨਾਅਰੇ, ਨਵੇਂ ਚਿਹਰੇ ਅਤੇ ਨਵੇਂ ਸਿਆਸੀ ਭਰੋਸੇ ਦੇ ਪਿੱਛੇ ਲੱਗ ਜਾਂਦੇ ਹਨ। ਪੰਜਾਬ ਦੇ ਲੋਕਾਂ ਨੂੰ ਹੁਣ ਆਪਣੀ ਹੋਂਦ ਬਚਾਉਣ ਲਈ ਸਿਆਸੀ ਕੈਦਖਾਨਿਆਂ ਵਿੱਚੋਂ ਬਾਹਰ ਆਉਣਾ ਪਵੇਗਾ। ਪਾਰਟੀਆਂ ਦੇ ਝੰਡਿਆਂ, ਆਗੂਆਂ ਦੇ ਭਾਸ਼ਣਾਂ ਅਤੇ ਚੋਣਾਂ ਦੇ ਲਾਲਚਾਂ ਤੋਂ ਉੱਪਰ ਉੱਠ ਕੇ ਆਪਣੀ ਸੋਚ ਨੂੰ ਆਜ਼ਾਦ ਕਰਨਾ ਪਵੇਗਾ। ਲੋਕਾਂ ਨੂੰ ਆਪਣੇ ਘੁਰਨਿਆਂ ਵਿੱਚੋਂ ਬਾਹਰ ਆਉਣਾ ਪਵੇਗਾ। ਚੁੱਪ ਰਹਿਣ ਨਾਲ ਨਾ ਹੱਕ ਬਚਦੇ ਹਨ, ਨਾ ਪੰਜਾਬ, ਨਾ ਪੰਜਾਬੀ ਅਤੇ ਨਾ ਹੀ ਪੰਜਾਬੀਅਤ।  ਸਿਆਸਤਦਾਨ ਆਪਣੀਆਂ ਕੁਰਸੀਆਂ ਬਚਾਉਣ ਲਈ ਪੈਂਤੜੇ ਬਦਲਦੇ ਰਹਿਣਗੇ; ਪਰ ਜੇ ਲੋਕ ਆਪਣੀ ਸੋਚ ਨਾ ਬਦਲਣ, ਤਾਂ ਪੰਜਾਬ ਦਾ ਭਵਿੱਖ ਹਰ ਵਾਰ ਉਹੀ ਪੁਰਾਣੇ ਹੱਥਾਂ ਵਿੱਚ ਗਿਰਵੀ ਰਹੇਗਾ। ਆਖ਼ਿਰ ਨੂੰ ਭਾਣਾ ਵਰਤ ਗਿਆ ਪਰ ਇਹ ਭਾਣਾ ਕੁਦਰਤ ਦਾ ਸੀ ਜਾਂ ਸਿਆਸੀ ਸਵਾਰਥਾਂ ਦਾ, ਇਸ ਦਾ ਜਵਾਬ ਪੰਜਾਬ ਦੇ ਲੋਕਾਂ ਨੇ ਆਪਣੀ ਜ਼ਮੀਰ ਦੀ ਅਦਾਲਤ ਵਿੱਚ ਦੇਣਾ ਹੈ।

ਪੰਜਾਬੀ ਗਾਇਕ ਦੇ ਗਾਏ ਗੀਤ ਦੇ ਬੋਲ ਚੇਤੇ ਆਉਂਦੇ ਹਨ ਕਿ
“ਆਖ਼ਿਰ ਨੂੰ ਭਾਣਾ ਵਰਤ ਗਿਆ ਨੀਂ ਤੈਨੂੰ ਦੇਖਣ ਆਏ ਲੈ ਗਏ।”

ਸੁਖਬੀਰ ਬਾਦਲ ਕਹਿੰਦਾ ਕਿ ਉਹਨਾਂ ਇਹ ਗੱਠਜੋੜ ਸਿਆਸੀ ਨਹੀਂ, ਭਾਵਨਾਤਮਕ ਹੈ। ਇਹ ਕਿਹੋ ਜਿਹੀਆਂ ਭਾਵਨਾਵਾਂ ਹਨ, ਜੀਹਨਾਂ ਨੂੰ ਸਿਰਫ਼ ਸੱਤਾ ਦੀਆਂ ਪੌੜੀਆਂ ਚੜ੍ਹਨ ਲਈ ਰਾਹ ਨਜ਼ਰ ਆਉਂਦਾ ਹੈ। ਬਾਕੀ ਉਹਨਾਂ ਨੂੰ ਕੁੱਝ ਵੀ ਨਜ਼ਰ ਨਹੀਂ ਆਉਂਦਾ। ਇਸ ਸਮੇਂ ਪੰਜਾਬ ਹਰ ਪੱਧਰ ਤੇ ਨਿਘਾਰ ਵੱਲ ਵੱਧਦਾ ਜਾ ਰਿਹਾ ਹੈ। ਪੰਜਾਬ ਸਰਕਾਰ ਇਸ਼ਤਿਹਾਰਬਾਜ਼ੀ ਰਾਹੀਂ ਵਿਕਾਸ ਦੇ ਦਾਅਵੇ ਕਰਨ ਵਿੱਚ ਮਸ਼ਰੂਫ ਹੈ। ਸੀਬੀਆਈ, ਈਡੀ ਤੇ ਮਾਣਯੋਗ ਹਾਈਕੋਰਟ ਨੇ ਪੰਜਾਬ ਸਰਕਾਰ ਦੇ ਵਿਧਾਇਕਾਂ ਤੇ ਲਾਲ ਫੀਤਾਸ਼ਾਹੀ ਨੂੰ ਪੜ੍ਹਨੇ ਪਾਇਆ ਹੋਇਆ ਹੈ। ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ ਹਰ ਦਿਨ ਬੇਜ਼ਤੀ ਕਰਵਾਉਣੀ ਪੈ ਰਹੀ ਹੈ। ਉਸ ਨੇ ਬੇਸ਼ਰਮੀ ਦੇ ਲੋਦੇ ਕਿਹੜੇ ਹਸਪਤਾਲ ਤੋਂ ਲਗਾਏ ਹੋਏ ਹਨ ਕਿ ਉਸਨੂੰ ਭੋਰਾ ਭਰ ਵੀ ਸ਼ਰਮ ਮਹਿਸੂਸ ਨਹੀਂ ਹੁੰਦੀ। ਇਹੋ ਜਿਹਾ ਹਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਬਣ ਗਿਆ ਹੈ। ਉਹ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਬਿਨਾਂ ਕੁੱਝ ਨਜ਼ਰ ਨਹੀਂ ਆਉਂਦਾ।
ਹੁਣ ਪੰਜਾਬ ਦੇ ਲੋਕਾਂ ਨੇ ਆਪਣੀ ਹੋਂਦ ਨੂੰ ਬਚਾਉਣ ਲਈ ਹੀ ਕੋਈ ਇਹਨਾਂ ਸਮੁੱਚੀਆਂ ਸਿਆਸੀ ਪਾਰਟੀਆਂ ਦਾ ਕੋਈ ਬਦਲ ਲੱਭਣਾ ਪਵੇਗਾ। ਪੰਜਾਬ ਦੇ ਜਿਹੜੇ ਲੋਕ ਚਾਹੁੰਦੇ ਹਨ ਕਿ ਪੰਜਾਬ ਵਿੱਚ ਇਮਾਨਦਾਰਾਂ ਦੀ ਸਰਕਾਰ ਬਣੇ, ਉਹਨਾਂ ਨੂੰ ਹੁਣ ਨੰਗੇ ਧੜ ਸਾਹਮਣੇ ਆਉਣਾ ਪਵੇਗਾ, ਨਹੀਂ ਤਾਂ…. ਪੰਜਾਬ ਦਾ ਭਵਿੱਖ ਸਭ ਦੇ ਸਾਹਮਣੇ ਹੀ ਹੈ। ਹੁਣ ਪੰਜਾਬ ਦੇ ਲੋਕਾਂ ਦਾ ਕੀ ਬਣੇਗਾ??
Budh-singh-nelon-244x300 ਬੁੱਧ ਬਾਣ/ਆਖ਼ਿਰ ਨੂੰ ਭਾਣਾ ਵਰਤ ਗਿਆ/ਬੁੱਧ ਸਿੰਘ ਨੀਲੋਂ
ਬੁੱਧ ਸਿੰਘ ਨੀਲੋਂ
9464370823

Share this content:

Post Comment