ਬੀਬੀ ਵਿਨੈਪਾਲ ਕੌਰ ਬਣੇ ਮੋਗਾ ਦੇ ਪੰਜਵੇਂ ਮੇਅਰ
ਮੋਗਾ, 11 ਜੂਨ – ਮੋਗਾ ਦੇ ਵਾਰਡ ਨੰਬਰ ਅੱਠ ਤੋਂ ਕੌਂਸਲਰ ਬੀਬੀ ਵਿਨੈਪਾਲ ਕੌਰ ਨੂੰ ਅੱਜ ਸਰਬਸੰਮਤੀ ਨਾਲ ਮੋਗਾ ਦਾ ਨਵਾਂ ਮੇਅਰ ਚੁਣ ਲਿਆ ਗਿਆ। ਉਹ ਮੋਗਾ ਦੇ ਦੂਜੇ ਮਹਿਲਾ ਅਤੇ ਪੰਜਵੇਂ ਮੇਅਰ ਬਣੇ ਹਨ। ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਵਿਖੇ ਪਹਿਲਾਂ ਨਵੇਂ ਚੁਣੇ ਗਏ ਕੌਂਸਲਰਾਂ ਦਾ ਸੁੰਹ ਚੁਕ ਸਮਾਰੋਹ ਹੋਇਆ। ਇਸ ਮੌਕੇ ਤੇ ਪੰਜਾਬ ਸਰਕਾਰ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। 7ਇਸ ਤੋਂ ਇਲਾਵਾ ਜ਼ਿਲ੍ਹੇ ਨਾਲ ਸਬੰਧਤ ਪਾਰਟੀ ਦੇ ਸਾਰੇ ਵਿਧਾਇਕਾਂ ਤੋਂ ਸਮੇਤ ਸੀਨੀਅਰ ‘ਆਪ’ ਆਗੂ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਸੌਂਹ ਚੁਕ ਸਮਾਗਮ ਤੋਂ ਬਾਅਦ ਮੀਟਿੰਗ ਹਾਲ ਵਿਚ ਮੇਅਰ ਚੁਣਨ ਦੀ ਪ੍ਰਕਿਰਿਆ ਸ਼ੁਰੂ ਹੋਈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਹਾਜ਼ਰ 42 ਕੌਂਸਲਰਾਂ ਨੇ ਸਰਬਸੰਮਤੀ ਨਾਲ ਬੀਬੀ ਵਿਨੈਪਾਲ ਕੌਰ ਨੂੰ ਮੇਅਰ ਚੁਣ ਲਿਆ। ਮੋਗਾ ਵਾਰਡ ਨੰਬਰ 8 ਪੱਛੜੇ ਵਰਗ ਲਈ ਰਾਖਵਾਂ ਵਾਰਡ ਸੀ ਅਤੇ ਮੇਅਰ ਦਾ ਅਹੁਦਾ ਰਾਖਵਾਂ ਹੋਣ ਕਾਰਨ ਉਨ੍ਹਾਂ ਦੇ ਨਾਮ ਉਪਰ ਆਮ ਆਦਮੀ ਪਾਰਟੀ ਨੇ ਮੋਹਰ ਲਗਾ ਦਿੱਤੀ। ਬੀਬੀ ਵਿਨੈਪਾਲ ਕੌਰ ਬੇਹੱਦ ਸੂਝਵਾਨ ਅਤੇ ਪੜ੍ਹੇ ਲਿਖੇ ਹਨ ਅਤੇ ਸਾਧਾਰਨ ਪਰਿਵਾਰ ਨਾਲ ਸਬੰਧਤ ਹਨ।
ਉਹ ਪਹਿਲੀ ਵਾਰ ਕੌਂਸਲਰ ਬਣੇ ਹਨ ਅਤੇ ਉਨ੍ਹਾਂ ਨੇ ਸਾਬਕਾ ਮੇਅਰ ਬਲਜੀਤ ਸਿੰਘ ਚਾਨੀ ਨੂੰ ਹਰਾਕੇ ਚੋਣ ਜਿੱਤੀ ਹੈ। ਬੀਬੀ ਵਿਨੈਪਾਲ ਕੌਰ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਦੇ ਵੀ ਕਰੀਬੀ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਪਾਰਟੀ ਦੇ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਸੂਬੇ ਅੰਦਰ ਬੂਰ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਜਿਸ ਉੱਤੇ ਲੰਬੇ ਸਮੇਂ ਤੋਂ ਭਾਈ ਭਤੀਜਾਵਾਦ ਅਤੇ ਸਰਮਾਏਦਾਰੀ ਨਿਜ਼ਾਮ ਭਾਰੂ ਸੀ ਹੁਣ ਆਮ ਘਰਾਂ ਦੇ ਨੌਜਵਾਨਾਂ ਦੇ ਹੱਥਾਂ ਵਿੱਚ ਹੈ। ਉਨ੍ਹਾਂ ਦਾਅਵਾ ਕਰਦੇ ਹੋਏ ਕਿਹਾ ਕਿ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਫਿਰ ਤੋਂ ਸੂਬੇ ਦੀ ਵਾਗਡੋਰ ਸੰਭਾਲਕੇ ਸ਼ੁਰੂ ਕੀਤੀ ਲੋਕ ਸੇਵਾ ਅਤੇ ਵਿਕਾਸ ਦਾ ਮਿਸ਼ਨ ਅੱਗੇ ਵਧਾਏਗੀ। ਇਸ ਮੌਕੇ ਉੱਤੇ ਵਿਧਾਇਕਾ ਡਾਕਟਰ ਅਮਨਦੀਪ ਕੌਰ ਅਰੋੜਾ ਨੇ ਵੀ ਇਸ ਚੋਣ ਲਈ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਅਗਲੇ ਹਫਤੇ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਅਹੁਦਿਆਂ ਦੀ ਵੀ ਚੋਣ ਕਰ ਦਿੱਤੀ ਜਾਵੇਗੀ। ਅਰੋੜਾ ਨੇ ਦੱਸਿਆ ਕਿ ਮੋਗਾ ਨਿਗਮ ਦੇ 50 ਵਾਰਡਾਂ ਵਿੱਚੋਂ 27 ਵਾਰਡਾਂ ਉੱਤੇ ਮਹਿਲਾ ਕੌਂਸਲਰ ਚੁਣੇ ਗਏ ਹਨ। ਜੋ ਕਿ ਨਾਰੀ ਸ਼ਕਤੀ ਦੇ ਵਾਧੇ ਦਾ ਸੰਕੇਤ ਹੈ। ਨਵੇਂ ਚੁਣੇ ਗਏ ਮੇਅਰ ਬੀਬੀ ਵਿਨੈਪਾਲ ਕੌਰ ਨੇ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਅਤੇ ਸੁੰਦਰੀਕਰਨ ਲਈ ਸਮੂਹ ਕੌਂਸਲਰਾਂ ਤੇ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਲੈਕੇ ਕੰਮ ਕਰਨਗੇ।
Share this content:



Post Comment