ਪੰਥਕ ਸਿਧਾਂਤਾਂ ਦੇ ਪਹਿਰੇਦਾਰ ਸ਼ਹੀਦ ਤੇਜਾ ਸਿੰਘ ਸਮੁੰਦਰੀ
ਸਿੱਖ ਇਤਿਹਾਸ ’ਚ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਸਥਾਨ ਉਨ੍ਹਾਂ ਮਹਾਨ ਆਗੂਆਂ ’ਚ ਆਉਂਦਾ ਹੈ ਜਿਨ੍ਹਾਂ ਨੇ ਆਪਣੇ ਲਈ ਨਹੀਂ, ਸਗੋਂ ਪੰਥ, ਸੰਸਥਾਵਾਂ ਅਤੇ ਸਿਧਾਂਤਾਂ ਲਈ ਜੀਵਨ ਸਮਰਪਿਤ ਕੀਤਾ। 17 ਜੁਲਾਈ 2026 ਨੂੰ ਉਨ੍ਹਾਂ ਦੀ ਸ਼ਹੀਦੀ ਦੇ 100 ਸਾਲ ਪੂਰੇ ਹੋ ਰਹੇ ਹਨ। ਇਹ ਸਿਰਫ਼ ਇਤਿਹਾਸਕ ਵਰ੍ਹੇਗੰਢ ਨਹੀਂ, ਸਗੋਂ ਇਹ ਸੋਚਣ ਦਾ ਵੇਲਾ ਵੀ ਹੈ ਕਿ ਕੀ ਅਸੀਂ ਉਨ੍ਹਾਂ ਦੇ ਜੀਵਨ ਤੋਂ ਮਿਲਦੇ ਸਬਕ ਨੂੰ ਅਪਣਾਇਆ ਹੈ? ਅੱਜ ‘ਤੇਜਾ ਸਿੰਘ ਸਮੁੰਦਰੀ ਹਾਲ’ ਸਿਰਫ਼ ਇਮਾਰਤ ਨਹੀਂ, ਉਸ ਆਗੂ ਦੀ ਵਿਰਾਸਤ ਦਾ ਪ੍ਰਤੀਕ ਹੈ ਜਿਸ ਨੇ ਸਾਬਤ ਕੀਤਾ ਕਿ ਸੰਸਥਾਵਾਂ ਵਿਅਕਤੀਆਂ ਨਾਲੋਂ ਵੱਡੀਆਂ ਹੁੰਦੀਆਂ ਹਨ। ਜੇ ਬਾਬਾ ਖੜਕ ਸਿੰਘ ਗੁਰਦੁਆਰਾ ਸੁਧਾਰ ਲਹਿਰ ਦੀ ਆਵਾਜ਼ ਸਨ ਤਾਂ ਸਰਦਾਰ ਤੇਜਾ ਸਿੰਘ ਸਮੁੰਦਰੀ ਉਸ ਲਹਿਰ ਦੇ ਨੈਤਿਕ ਥੰਮ੍ਹ ਅਤੇ ਅਨੁਸ਼ਾਸਿਤ ਰਣਨੀਤੀਕਾਰ ਸਨ। 20 ਫਰਵਰੀ 1882 ਨੂੰ ਬੁਰਜ ਰਾਇ ਕਾ (ਤਰਨ ਤਾਰਨ) ਵਿੱਚ ਜਨਮੇ ਤੇਜਾ ਸਿੰਘ ਸਮੁੰਦਰੀ ਨੇ ਬਰਤਾਨਵੀ ਫੌਜ ’ਚੋਂ ਪ੍ਰਾਪਤ ਅਨੁਸ਼ਾਸਨ ਅਤੇ ਸੰਗਠਨ ਕੌਸ਼ਲ ਨੂੰ ਪੰਥ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਮੰਨਣਾ ਸੀ ਕਿ ਕੋਈ ਵੀ ਅੰਦੋਲਨ ਉਦੋਂ ਹੀ ਸਫ਼ਲ ਹੁੰਦਾ ਹੈ ਜਦੋਂ ਉਹ ਨੈਤਿਕਤਾ, ਅਨੁਸ਼ਾਸਨ ਅਤੇ ਗੁਰਮਤਿ ਦੇ ਸਿਧਾਂਤਾਂ ’ਤੇ ਆਧਾਰਿਤ ਹੋਵੇ।
ਗੁਰਦੁਆਰਾ ਸੁਧਾਰ ਲਹਿਰ ਦੇ ਹਰ ਮਹੱਤਵਪੂਰਨ ਪੜਾਅ- ਰਕਾਬ ਗੰਜ, ਚਾਬੀਆਂ ਦਾ ਮੋਰਚਾ, ਗੁਰੂ ਕਾ ਬਾਗ਼, ਜੈਤੋ ਅਤੇ ਨਾਭਾ ਅੰਦੋਲਨ ’ਚ ਉਨ੍ਹਾਂ ਦੀ ਦੂਰਅੰਦੇਸ਼ੀ ਸਪੱਸ਼ਟ ਦਿਖਾਈ ਦਿੰਦੀ ਹੈ। ਰਕਾਬ ਗੰਜ ਦੇ ਮਾਮਲੇ ਨੂੰ ਉਨ੍ਹਾਂ ਨੇ ਸਿੱਖ ਸਵੈ-ਮਾਣ ਅਤੇ ਧਾਰਮਿਕ ਅਧਿਕਾਰਾਂ ਦਾ ਪ੍ਰਸ਼ਨ ਬਣਾਇਆ ਜਦਕਿ 1921 ਦੇ ਚਾਬੀਆਂ ਦੇ ਮੋਰਚੇ ਵਿੱਚ ਉਨ੍ਹਾਂ ਦੀ ਸ਼ਾਂਤਮਈ ਅਤੇ ਅਨੁਸ਼ਾਸਿਤ ਅਗਵਾਈ ਨੇ ਸਰਕਾਰ ਨੂੰ ਚਾਬੀਆਂ ਵਾਪਸ ਕਰਨ ਲਈ ਮਜਬੂਰ ਕੀਤਾ। ਮਹਾਤਮਾ ਗਾਂਧੀ ਨੇ ਇਸ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੀ ਪਹਿਲੀ ਮਹੱਤਵਪੂਰਨ ਨੈਤਿਕ ਜਿੱਤ ਕਰਾਰ ਦਿੱਤਾ ਸੀ। ਗੁਰੂ ਕਾ ਬਾਗ਼ ਮੋਰਚੇ ਦੌਰਾਨ ਉਨ੍ਹਾਂ ਨੇ ਹਜ਼ਾਰਾਂ ਅਕਾਲੀਆਂ ਨੂੰ ਬ੍ਰਿਟਿਸ਼ ਹਕੂਮਤ ਦੇ ਬੇਤਹਾਸ਼ਾ ਜ਼ੁਲਮ ਦੇ ਬਾਵਜੂਦ ਅਹਿੰਸਕ ਅਤੇ ਅਨੁਸ਼ਾਸਿਤ ਬਣਾਈ ਰੱਖਿਆ। ਜੈਤੋ ਅਤੇ ਨਾਭਾ ਅੰਦੋਲਨਾਂ ’ਚ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਿਧਾਂਤਾਂ ਨਾਲ ਸਮਝੌਤਾ ਕਰਕੇ ਮਿਲੀ ਜਿੱਤ ਅਸਲ ਜਿੱਤ ਨਹੀਂ ਹੁੰਦੀ। 17 ਜੁਲਾਈ 1926 ਨੂੰ ਲਾਹੌਰ ਜੇਲ੍ਹ ’ਚ ਉਨ੍ਹਾਂ ਦੀ ਮੌਤ ਨੂੰ ਸਿੱਖ ਕੌਮ ਨੇ ਸ਼ਹਾਦਤ ਵਜੋਂ ਸਵੀਕਾਰਿਆ ਕਿਉਂਕਿ ਉਨ੍ਹਾਂ ਨੇ ਸਰਕਾਰ ਵੱਲੋਂ ਅਕਾਲੀ ਆਗੂਆਂ ਨੂੰ ਜ਼ਲੀਲ ਕਰਨ ਦੀ ਮਨਸ਼ਾ ਤਹਿਤ ਉਨ੍ਹਾਂ ਦੀ ਰਿਹਾਈ ਤੋਂ ਪਹਿਲਾਂ ਗੁਰਦੁਆਰਾ ਐਕਟ ਨੂੰ ਲਿਖਤੀ ਰੂਪ ’ਚ ਪ੍ਰਵਾਨ ਕਰਨ ਦਾ ਵਾਅਦਾ ਕਰਨ ਤੋਂ ਇਨਕਾਰ ਕਰਕੇ ਜੇਲ੍ਹ ਵਿੱਚ ਰਹਿਣਾ ਬਿਹਤਰ ਸਮਝਿਆ ਸੀ ਅਤੇ ਉੱਥੇ ਹੀ ਸ਼ਹੀਦੀ ਪ੍ਰਾਪਤ ਕੀਤੀ।
ਇਸ ਤਰ੍ਹਾਂ ਉਹ ਜ਼ਿੰਦਗੀ ਦੇ ਅੰਤਿਮ ਸੁਆਸ ਤੱਕ ਪੰਥ ਅਤੇ ਸੱਚ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਸਿੱਖਿਆ ਨੂੰ ਸਮਾਜਿਕ ਪਰਿਵਰਤਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਮੰਨਿਆ। ਖ਼ਾਲਸਾ ਸਕੂਲਾਂ ਦੇ ਵਿਕਾਸ, ਗਿਆਨ ਦੇ ਪ੍ਰਸਾਰ ਅਤੇ ਔਰਤਾਂ ਦੀ ਸਿੱਖਿਆ ਲਈ ਉਨ੍ਹਾਂ ਦੀ ਵਚਨਬੱਧਤਾ ਦਰਸਾਉਂਦੀ ਹੈ ਕਿ ਉਹ ਸਿੱਖਿਆ ਨੂੰ ਕੌਮ ਦੀ ਲੰਮੇ ਸਮੇਂ ਦੀ ਤਾਕਤ ਸਮਝਦੇ ਸਨ। ਉਨ੍ਹਾਂ ਦੀ ਨਿਸ਼ਕਾਮ ਸੇਵਾ ਦਾ ਸਭ ਤੋਂ ਉੱਚਾ ਉਦਾਹਰਣ ਉਹ ਸੀ ਜਦੋਂ ਗੁਰਦੁਆਰਾ ਸੁਧਾਰ ਲਹਿਰ ਦੀ ਕਾਨੂੰਨੀ ਲੜਾਈ ਲਈ ਉਨ੍ਹਾਂ ਨੇ ਆਪਣੀ ਜ਼ਮੀਨ ਗਿਰਵੀ ਰੱਖ ਕੇ ਆਰਥਿਕ ਸਹਾਇਤਾ ਦਿੱਤੀ ਅਤੇ ਬਾਅਦ ਵਿੱਚ ਉਹ ਰਕਮ ਵਾਪਸ ਲੈਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਨਾਲ ਉਨ੍ਹਾਂ ਨੇ ਸਾਬਤ ਕੀਤਾ ਕਿ ਸੱਚੀ ਸੇਵਾ ਦਾ ਆਧਾਰ ਤਿਆਗ ਹੁੰਦਾ ਹੈ, ਨਾ ਕਿ ਪ੍ਰਸਿੱਧੀ। 1923 ਵਿੱਚ ਸ੍ਰੀ ਹਰਿਮੰਦਰ ਸਾਹਿਬ ਦੀ ਕਾਰ ਸੇਵਾ ਲਈ ਉਨ੍ਹਾਂ ਨੂੰ ਪੰਜ ਪਿਆਰਿਆਂ ’ਚ ਸ਼ਾਮਲ ਕੀਤਾ ਜਾਣਾ ਉਨ੍ਹਾਂ ਦੇ ਚਰਿੱਤਰ ਪ੍ਰਤੀ ਪੰਥ ਦੇ ਵਿਸ਼ਵਾਸ ਦੀ ਮੋਹਰ ਸੀ।
ਇਤਿਹਾਸ ਕੁਝ ਵਿਅਕਤੀਆਂ ਨੂੰ ਉਨ੍ਹਾਂ ਦੇ ਅਹੁਦਿਆਂ ਜਾਂ ਉਪਲਬਧੀਆਂ ਕਰਕੇ ਨਹੀਂ, ਸਗੋਂ ਉਨ੍ਹਾਂ ਦੇ ਚਰਿੱਤਰ ਅਤੇ ਆਦਰਸ਼ਾਂ ਕਰਕੇ ਯਾਦ ਰੱਖਦਾ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਅਜਿਹੇ ਹੀ ਇੱਕ ਮਹਾਨ ਆਗੂ ਸਨ, ਜਿਨ੍ਹਾਂ ਦਾ ਜੀਵਨ ਇੱਕ ਸਦੀ ਬਾਅਦ ਵੀ ਪੰਜਾਬ ਅਤੇ ਸਿੱਖ ਕੌਮ ਲਈ ਪ੍ਰੇਰਣਾ ਦਾ ਸਰੋਤ ਬਣਿਆ ਹੋਇਆ ਹੈ। ਗੁਰਦੁਆਰਾ ਸੁਧਾਰ ਲਹਿਰ ਸਿਰਫ਼ ਧਾਰਮਿਕ ਪ੍ਰਬੰਧ ਦੇ ਸੁਧਾਰ ਦੀ ਲਹਿਰ ਨਹੀਂ ਸੀ, ਇਹ ਲੋਕ ਭਾਗੀਦਾਰੀ, ਸਿਧਾਂਤਕ ਅਗਵਾਈ, ਸੰਸਥਾ ਨਿਰਮਾਣ ਅਤੇ ਪੰਥਕ ਅਧਿਕਾਰਾਂ ਦੀ ਲੜਾਈ ਸੀ। ਇਸ ਲਹਿਰ ਵਿੱਚ ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਜੋ ਭੂਮਿਕਾ ਨਿਭਾਈ, ਉਸ ਦੀ ਵਿਸ਼ੇਸ਼ਤਾ ਇਹ ਸੀ ਕਿ ਉਨ੍ਹਾਂ ਨੇ ਕਦੇ ਵੀ ਆਪਣੇ ਆਪ ਨੂੰ ਕੇਂਦਰ ਵਿੱਚ ਨਹੀਂ ਰੱਖਿਆ। ਉਨ੍ਹਾਂ ਲਈ ਵਿਅਕਤੀ ਨਹੀਂ, ਸੰਸਥਾ ਮਹੱਤਵਪੂਰਨ ਸੀ; ਅਹੁਦਾ ਨਹੀਂ, ਸਿਧਾਂਤ ਵੱਡੇ ਸਨ ਅਤੇ ਨਿੱਜੀ ਪ੍ਰਸਿੱਧੀ ਨਹੀਂ, ਪੰਥ ਅਤੇ ਸਮਾਜ ਦਾ ਹਿੱਤ ਪਹਿਲਾਂ ਸੀ। ਉਹ ਮੰਨਦੇ ਸਨ ਕਿ ਕੌਮਾਂ ਦੀ ਸਥਾਈ ਤਾਕਤ ਮਜ਼ਬੂਤ ਸੰਸਥਾਵਾਂ ’ਚ ਹੁੰਦੀ ਹੈ। ਇਸੇ ਲਈ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਅੱਜ ਪੰਜਾਬ ਦੀ ਸਭ ਤੋਂ ਵੱਡੀ ਲੋੜ ਵੀ ਇਹੀ ਹੈ। ਸਾਡੀਆਂ ਬਹੁਤ ਸਾਰੀਆਂ ਜਨਤਕ ਸੰਸਥਾਵਾਂ ਵਿਅਕਤੀ ਕੇਂਦਰਿਤ ਹੋ ਰਹੀਆਂ ਹਨ। ਜਦੋਂ ਸੰਸਥਾਵਾਂ ਦੀ ਪਛਾਣ ਕਿਸੇ ਇੱਕ ਚਿਹਰੇ ਨਾਲ ਜੁੜ ਜਾਂਦੀ ਹੈ ਤਾਂ ਉਨ੍ਹਾਂ ਦੀ ਸੁਤੰਤਰਤਾ ਅਤੇ ਭਰੋਸੇਯੋਗਤਾ ਕਮਜ਼ੋਰ ਹੋਣ ਲੱਗਦੀ ਹੈ। ਤੇਜਾ ਸਿੰਘ ਸਮੁੰਦਰੀ ਦਾ ਜੀਵਨ ਸਾਨੂੰ ਸਿਖਾਉਂਦਾ ਹੈ ਕਿ ਮਜ਼ਬੂਤ ਸਮਾਜ ਉਹ ਨਹੀਂ ਹੁੰਦਾ ਜਿੱਥੇ ਮਹਾਨ ਵਿਅਕਤੀ ਹੋਣ, ਸਗੋਂ ਉਹ ਹੁੰਦਾ ਹੈ ਜਿੱਥੇ ਮਜ਼ਬੂਤ ਸੰਸਥਾਵਾਂ ਹੋਣ। ਵਿਅਕਤੀ ਬਦਲਦੇ ਹਨ, ਪਰ ਸੰਸਥਾਵਾਂ ਹੀ ਸਮਾਜ ਦੀ ਨਿਰੰਤਰਤਾ ਨੂੰ ਯਕੀਨੀ ਬਣਾਉਂਦੀਆਂ ਹਨ। ਉਨ੍ਹਾਂ ਦੇ ਜੀਵਨ ਦਾ ਦੂਜਾ ਮਹੱਤਵਪੂਰਨ ਸੰਦੇਸ਼ ਨੈਤਿਕ ਰਹਿਬਰੀ ਜਾਂ ਮੁੱਲ ਆਧਾਰਿਤ ਅਗਵਾਈ ਨਾਲ ਸੰਬੰਧਿਤ ਹੈ। ਅੱਜ ਅਗਵਾਈ ਕਰਨ ਵਾਲੇ ਆਗੂ ਦੀ ਸਫ਼ਲਤਾ ਨੂੰ ਅਕਸਰ ਸੱਤਾ ਪ੍ਰਾਪਤੀ, ਪ੍ਰਚਾਰ ਅਤੇ ਪ੍ਰਭਾਵ ਨਾਲ ਮਾਪਿਆ ਜਾਂਦਾ ਹੈ। ਪਰ ਇਤਿਹਾਸ ਦੱਸਦਾ ਹੈ ਕਿ ਟਿਕਾਊ ਤੇ ਮਿਸਾਲੀ ਰਹਿਬਰੀ ਦੀ ਨੀਂਹ ਚਰਿੱਤਰ, ਸੱਚਾਈ ਅਤੇ ਲੋਕ ਭਰੋਸੇ ’ਤੇ ਟਿਕੀ ਹੁੰਦੀ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਲੋਕਾਂ ਦੇ ਦਿਲਾਂ ਵਿੱਚ ਇਸ ਲਈ ਵਸੇ ਕਿਉਂਕਿ ਉਨ੍ਹਾਂ ਨੇ ਓਹੀ ਜੀਵਨ ਜੀਵਿਆ ਜਿਸ ਦੀ ਉਹ ਗੱਲ ਕਰਦੇ ਸਨ। ਉਨ੍ਹਾਂ ਨੇ ਖ਼ਾਲਸਾ ਸਕੂਲਾਂ ਦੇ ਵਿਕਾਸ, ਔਰਤਾਂ ਦੀ ਸਿੱਖਿਆ ਅਤੇ ਗਿਆਨ ਦੇ ਪ੍ਰਸਾਰ ਨੂੰ ਪੰਥਕ ਸੇਵਾ ਦਾ ਅਟੁੱਟ ਹਿੱਸਾ ਮੰਨਿਆ। ਅੱਜ ਜਦੋਂ ਪੰਜਾਬ ਸਿੱਖਿਆ, ਹੁਨਰ ਅਤੇ ਨੌਜਵਾਨਾਂ ਦੇ ਭਵਿੱਖ ਵਰਗੀਆਂ ਚੁਣੌਤੀਆਂ ਨਾਲ ਜੂਝ ਰਿਹਾ ਹੈ, ਤੇਜਾ ਸਿੰਘ ਸਮੁੰਦਰੀ ਦਾ ਇਹ ਸੰਦੇਸ਼ ਹੋਰ ਵੀ ਅਹਿਮ ਬਣ ਜਾਂਦਾ ਹੈ ਕਿ ਸਿੱਖਿਆ ਹੀ ਸਮਾਜ ਦੀ ਸਭ ਤੋਂ ਵੱਡੀ ਪੂੰਜੀ ਹੈ।
ਉਨ੍ਹਾਂ ਦੇ ਜੀਵਨ ਦਾ ਇੱਕ ਹੋਰ ਪੱਖ ਸਮਾਜਿਕ ਨਿਆਂ ਹੈ। ਦਲਿਤਾਂ ਅਤੇ ਵੰਚਿਤ ਵਰਗਾਂ ਲਈ ਉਨ੍ਹਾਂ ਦੀ ਵਚਨਬੱਧਤਾ ਸਿਰਫ਼ ਸਮਾਜਿਕ ਸੁਧਾਰ ਨਹੀਂ ਸੀ; ਸਗੋਂ ਇਹ ਗੁਰਮਤਿ ਦੇ ‘ਸਰਬੱਤ ਦੇ ਭਲੇ’ ਦੇ ਸਿਧਾਂਤ ਦਾ ਵਿਹਾਰਕ ਰੂਪ ਸੀ। ਉਹ ਜਾਣਦੇ ਸਨ ਕਿ ਕਿਸੇ ਵੀ ਸਮਾਜ ਦੀ ਤਰੱਕੀ ਦਾ ਮਾਪਦੰਡ ਉਸ ਦੇ ਸਭ ਤੋਂ ਕਮਜ਼ੋਰ ਵਰਗ ਦੀ ਸਥਿਤੀ ਹੁੰਦੀ ਹੈ। ਅੱਜ ਜਦੋਂ ਬਰਾਬਰੀ, ਸਮਾਜਿਕ ਨਿਆਂ ਅਤੇ ਸਮਾਵੇਸ਼ੀ ਵਿਕਾਸ ਦੀ ਗੱਲ ਹੁੰਦੀ ਹੈ, ਤਾਂ ਉਨ੍ਹਾਂ ਦਾ ਜੀਵਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਵਿਕਾਸ ਦਾ ਸਫ਼ਰ ਸਭ ਤੋਂ ਪਿੱਛੇ ਖੜ੍ਹੇ ਵਿਅਕਤੀ ਤੋਂ ਸ਼ੁਰੂ ਹੋਣਾ ਚਾਹੀਦਾ ਹੈ। ਸੇਵਾ ਬਾਰੇ ਉਨ੍ਹਾਂ ਦੀ ਸੋਚ ਵੀ ਵਿਲੱਖਣ ਸੀ ਪਰ ਅੱਜ ਸੇਵਾ ਵਰਗੇ ਪਵਿੱਤਰ ਆਦਰਸ਼ ਨੂੰ ਵੀ ਪ੍ਰਚਾਰ ਅਤੇ ਅਕਸ ਉਸਾਰੀ ਦੇ ਸਾਧਨ ਵਜੋਂ ਵਰਤਣ ਤੋਂ ਗੁਰੇਜ਼ ਨਹੀਂ ਕੀਤਾ ਜਾਂਦਾ, ਉਸ ਸਮੇਂ ਉਨ੍ਹਾਂ ਦਾ ਜੀਵਨ ਯਾਦ ਦਿਵਾਉਂਦਾ ਹੈ ਕਿ ਸੱਚੀ ਸੇਵਾ ਇਸ਼ਤਿਹਾਰਬਾਜ਼ੀ ਤੋਂ ਕੋਹਾਂ ਦੂਰ ਰਹਿੰਦੀ ਹੈ। ਸੇਵਾ ਦਾ ਸਭ ਤੋਂ ਵੱਡਾ ਆਦਰਸ਼ ਲੋਕਾਂ ਦਾ ਵਿਸ਼ਵਾਸ ਅਤੇ ਸਮਾਜ ਦਾ ਭਲਾ ਹੁੰਦਾ ਹੈ। ਸਰਦਾਰ ਤੇਜਾ ਸਿੰਘ ਸਮੁੰਦਰੀ ਨੇ ਕਦੇ ਨਿੱਜੀ ਲਾਭ ਲਈ ਆਪਣੇ ਆਦਰਸ਼ਾਂ ਨਾਲ ਸਮਝੌਤਾ ਨਹੀਂ ਕੀਤਾ।
ਇਹੀ ਕਾਰਨ ਹੈ ਕਿ ਉਨ੍ਹਾਂ ਦੀ ਮੌਤ ਨੂੰ ਅੱਜ ਵੀ ਸ਼ਹਾਦਤ ਵਜੋਂ ਯਾਦ ਕੀਤਾ ਜਾਂਦਾ ਹੈ। ਇਤਿਹਾਸ ਵਿੱਚ ਉਹ ਵਿਅਕਤੀ ਹੀ ਆਪਣੀ ਸਦੀਵੀ ਪਛਾਣ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ ਜੋ ਸੱਚ ਅਤੇ ਸਿਧਾਂਤਾਂ ਲਈ ਹਰ ਕੀਮਤ ਚੁਕਾਉਣ ਨੂੰ ਤਿਆਰ ਰਹਿੰਦੇ ਹਨ। ਮਹਾਤਮਾ ਗਾਂਧੀ ਨੇ ਚਾਬੀਆਂ ਦੇ ਮੋਰਚੇ ਦੀ ਜਿੱਤ ਨੂੰ ਭਾਰਤੀ ਆਜ਼ਾਦੀ ਅੰਦੋਲਨ ਦੀ ਪਹਿਲੀ ਮਹੱਤਵਪੂਰਨ ਨੈਤਿਕ ਜਿੱਤ ਦੱਸਿਆ ਸੀ। ਉਨ੍ਹਾਂ ਕਿਹਾ ਸੀ ਕਿ ਇਸ ਨੇ ਸਾਬਤ ਕੀਤਾ ਕਿ ਸੱਚ, ਅਨੁਸ਼ਾਸਨ ਅਤੇ ਲੋਕ ਸ਼ਕਤੀ ਦੇ ਸਾਹਮਣੇ ਸਾਮਰਾਜੀ ਤਾਕਤ ਵੀ ਝੁਕਦੀ ਹੈ। ਮਾਸਟਰ ਤਾਰਾ ਸਿੰਘ ਨੇ ਤੇਜਾ ਸਿੰਘ ਸਮੁੰਦਰੀ ਦੇ ਚਰਿੱਤਰ ਅਤੇ ਅਨੁਸ਼ਾਸਨ ਨੂੰ ਗੁਰਦੁਆਰਾ ਸੁਧਾਰ ਲਹਿਰ ਦੀ ਸਭ ਤੋਂ ਵੱਡੀ ਤਾਕਤ ਕਰਾਰ ਦਿੱਤਾ। ਪ੍ਰੋ. ਗੰਡਾ ਸਿੰਘ, ਡਾ. ਹਰਬੰਸ ਸਿੰਘ ਅਤੇ ਖੁਸ਼ਵੰਤ ਸਿੰਘ ਵਰਗੇ ਇਤਿਹਾਸਕਾਰਾਂ ਨੇ ਵੀ ਉਨ੍ਹਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਅਤੇ ਪੰਥਕ ਸੰਸਥਾਵਾਂ ਦੇ ਮਹੱਤਵਪੂਰਨ ਨਿਰਮਾਤਾਵਾਂ ਵਿੱਚ ਗਿਣਿਆ ਹੈ। ਐੱਸ ਜੀ ਪੀ ਸੀ ਦੇ ਰਿਕਾਰਡ ਅਤੇ ਸਮਕਾਲੀ ਦਸਤਾਵੇਜ਼ ਵੀ ਇਸ ਗੱਲ ਦੀ ਗਵਾਹੀ ਭਰਦੇ ਹਨ ਕਿ ਉਹ ਸਿਰਫ਼ ਸੰਘਰਸ਼ ਦੇ ਆਗੂ ਨਹੀਂ ਸਨ, ਸਗੋਂ ਸੰਸਥਾ ਨਿਰਮਾਣ ਦੇ ਦੂਰਅੰਦੇਸ਼ ਸ਼ਿਲਪਕਾਰ ਵੀ ਸਨ। ਸਵਾਲ ਇਹ ਨਹੀਂ ਕਿ ਅਸੀਂ ਸਰਦਾਰ ਤੇਜਾ ਸਿੰਘ ਸਮੁੰਦਰੀ ਨੂੰ ਕਿਵੇਂ ਯਾਦ ਕਰਦੇ ਹਾਂ। ਅਸਲ ਸਵਾਲ ਇਹ ਹੈ ਕਿ ਕੀ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਆਪਣੇ ਜਨਤਕ ਜੀਵਨ ਵਿੱਚ ਥਾਂ ਦਿੰਦੇ ਹਾਂ? ਕੀ ਸਾਡੀਆਂ ਸੰਸਥਾਵਾਂ ਵਿਅਕਤੀਆਂ ਤੋਂ ਉੱਪਰ ਹਨ? ਕੀ ਸਾਡਾ ਰਾਜਨੀਤਕ ਢਾਂਚਾ ਨੈਤਿਕਤਾ ’ਤੇ ਆਧਾਰਿਤ ਹੈ? ਕੀ ਸਿੱਖਿਆ ਅਤੇ ਸਮਾਜਿਕ ਨਿਆਂ ਸਾਡੀਆਂ ਤਰਜੀਹਾਂ ਹਨ? ਅਤੇ ਕੀ ਸੇਵਾ ਅਜੇ ਵੀ ਨਿਸ਼ਕਾਮ ਭਾਵਨਾ ਨਾਲ ਕੀਤੀ ਜਾਂਦੀ ਹੈ?
ਉਨ੍ਹਾਂ ਦੀ 100ਵੀਂ ਸ਼ਹੀਦੀ ਵਰ੍ਹੇਗੰਢ ’ਤੇ ਸੱਚੀ ਸ਼ਰਧਾਂਜਲੀ ਸਮਾਰਕ ਬਣਾਉਣ ਜਾਂ ਸਮਾਗਮ ਕਰਨ ਨਾਲ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਸੰਦੇਸ਼ ਨੂੰ ਅਮਲ ’ਚ ਲਿਆਉਣ ਨਾਲ ਹੋਵੇਗੀ। ਜੇ ਪੰਜਾਬ ਨੂੰ ਇੱਕ ਮਜ਼ਬੂਤ, ਨਿਆਂਪੂਰਨ ਅਤੇ ਆਤਮ-ਵਿਸ਼ਵਾਸੀ ਸਮਾਜ ਬਣਾਉਣਾ ਹੈ, ਤਾਂ ਸਾਨੂੰ ਸੱਤਾ ਨਾਲੋਂ ਸਿਧਾਂਤਾਂ, ਵਿਅਕਤੀਆਂ ਨਾਲੋਂ ਸੰਸਥਾਵਾਂ, ਪ੍ਰਚਾਰ ਨਾਲੋਂ ਸੇਵਾ ਅਤੇ ਅਹੁਦਿਆਂ ਨਾਲੋਂ ਚਰਿੱਤਰ ਨੂੰ ਵੱਧ ਮਹੱਤਵ ਦੇਣਾ ਹੋਵੇਗਾ। ਇੱਕ ਸਦੀ ਬਾਅਦ ਵੀ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਜੀਵਨ ਸਾਨੂੰ ਇਹੀ ਸਿਖਾਉਂਦਾ ਹੈ ਕਿ ਕੌਮਾਂ ਦੀ ਅਸਲ ਤਾਕਤ ਨਾ ਧਨ ਵਿੱਚ ਹੁੰਦੀ ਹੈ, ਨਾ ਸੱਤਾ ਵਿੱਚ; ਉਹ ਉਨ੍ਹਾਂ ਦੇ ਚਰਿੱਤਰ, ਉਨ੍ਹਾਂ ਦੀਆਂ ਸੰਸਥਾਵਾਂ ਅਤੇ ਉਨ੍ਹਾਂ ਦੇ ਨੈਤਿਕ ਅਗਵਾਈ ਵਿੱਚ ਹੁੰਦੀ ਹੈ।
Share this content:



Post Comment