Loading Now

ਪੰਜਾਬ ਵਿਧਾਨ ਸਭਾ ’ਚ ਐੱਸ ਆਈ ਆਰ ਖ਼ਿਲਾਫ਼ ਮਤਾ ਪਾਸ

ਪੰਜਾਬ ਵਿਧਾਨ ਸਭਾ ’ਚ ਐੱਸ ਆਈ ਆਰ ਖ਼ਿਲਾਫ਼ ਮਤਾ ਪਾਸ

ਚੰਡੀਗੜ੍ਹ -24 ਅਕਤੂਬਰ ਪੰਜਾਬ ਵਿਧਾਨ ਸਭਾ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਵਿਆਪਕ ਸੁਧਾਈ (ਐੱਸ ਆਈ ਆਰ) ਦੀ ਪ੍ਰਕਿਰਿਆ ’ਤੇ ਸਵਾਲ ਚੁੱਕਦਿਆਂ ਅੱਜ ਸਰਬਸੰਮਤੀ ਨਾਲ ਸਰਕਾਰੀ ਮਤਾ ਪਾਸ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਗਏ ਇਸ ਮਤੇ ’ਤੇ ਲੰਮੀ ਬਹਿਸ ਹੋਈ। ਮਤੇ ਰਾਹੀਂ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੀ ਅਗਵਾਈ ਹੇਠ ਚੋਣ ਪ੍ਰਕਿਰਿਆ ਅਤੇ ਵੋਟਰ ਸੂਚੀਆਂ ਵਿੱਚ ਬੇਨਿਯਮੀਆਂ ਦੀ ਨਿਰਪੱਖ ਜਾਂਚ ਕਰਵਾਉਣ ਅਤੇ ਕਮਿਸ਼ਨਰ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ ਗਈ ਹੈ। ਪੰਜਾਬ ਐੱਸ ਆਈ ਆਰ ਖ਼ਿਲਾਫ਼ ਮਤਾ ਪਾਸ ਕਰਨ ਵਾਲਾ ਮੁਲਕ ਦਾ ਦੂਜਾ ਸੂਬਾ ਬਣ ਗਿਆ ਹੈ। ਇਸ ਤੋਂ ਪਹਿਲਾਂ ਕੇਰਲਮ ਅਜਿਹਾ ਮਤਾ ਪਾਸ ਕਰ ਚੁੱਕਾ ਹੈ। ਮਤੇ ਮਗਰੋਂ ਸਦਨ ਦੀ ਕਾਰਵਾਈ 27 ਅਕਤੂਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

ਅੱਜ ਮਤਾ ਪਾਸ ਕਰਨ ਮੌਕੇ ਭਾਜਪਾ ਅਤੇ ਕਾਂਗਰਸ ਦੇ ਵਿਧਾਇਕ ਸਦਨ ’ਚੋਂ ਗ਼ੈਰ-ਹਾਜ਼ਰ ਰਹੇ, ਜਦਕਿ ਬਸਪਾ ਵਿਧਾਇਕ ਡਾ. ਨਛੱਤਰ ਪਾਲ ਅਤੇ ਅਕਾਲੀ ਦਲ (ਵਾਰਿਸ ਪੰਜਾਬ) ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਮਤੇ ਦੀ ਹਮਾਇਤ ਕੀਤੀ। ਮੁੱਖ ਮੰਤਰੀ ਭਗਵੰਤ ਮਾਨ ਨੇ ਬਹਿਸ ਨੂੰ ਸਿਖਰ ’ਤੇ ਲਿਜਾਂਦਿਆਂ ‘ਵੋਟ ਚੋਰੀ’ ਨੂੰ ਲੋਕਤੰਤਰ ਲਈ ਗੰਭੀਰ ਖ਼ਤਰਾ ਦੱਸਿਆ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਚੋਣ ਕਮਿਸ਼ਨ ਦੀ ਆੜ ਵਿੱਚ ਵੋਟਾਂ ਭੁਗਤਾ ਰਹੀ ਹੈ। ਮਾਨ ਅਨੁਸਾਰ ਲੋਕਤੰਤਰ ਦੇ ਚਾਰੇ ਥੰਮ੍ਹਾਂ ’ਤੇ ਤਾਨਾਸ਼ਾਹੀ ਜਕੜ ਹੈ। ਉਨ੍ਹਾਂ ਕਿਹਾ ਕਿ ਗ਼ੈਰ-ਭਾਜਪਾ ਸੂਬਿਆਂ ਵਿੱਚ ਪਹਿਲਾਂ ਈ ਡੀ ਅਤੇ ਸੀ ਬੀ ਆਈ ਭੇਜੀ ਜਾਂਦੀ ਹੈ ਅਤੇ ਫਿਰ ਚੋਣ ਸੂਚੀਆਂ ਆਪਣੇ ਹਿਸਾਬ ਨਾਲ ਤਿਆਰ ਕਰਵਾਈਆਂ ਜਾਂਦੀਆਂ ਹਨ।

ਮੁੱਖ ਮੰਤਰੀ ਨੇ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਭਾਜਪਾ ਰੱਦ ਹੋਏ ਤਿੰਨ ਖੇਤੀ ਕਾਨੂੰਨ ਅਮਰੀਕਾ ਰਾਹੀਂ ਚੋਰ ਮੋਰੀਓਂ ਮੁੜ ਲਿਆਉਣ ਦੀ ਤਿਆਰੀ ਵਿੱਚ ਹੈ, ਜਿਸ ਲਈ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇਕਜੁੱਟ ਰਹਿਣਾ ਪਵੇਗਾ। ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਨੇ ਸੰਵਿਧਾਨ ਦੀ ਅਣਦੇਖੀ ਕਰ ਕੇ ਨਾਗਰਿਕਾਂ ਨੂੰ ਵੋਟ ਪਾਉਣ ਤੋਂ ਵਾਂਝੇ ਕੀਤਾ ਅਤੇ ਭਾਜਪਾ ਨੇ ਹਰਿਆਣਾ, ਦਿੱਲੀ, ਬਿਹਾਰ, ਮਹਾਰਾਸ਼ਟਰ ਤੋਂ ਇਲਾਵਾ ਪੱਛਮੀ ਬੰਗਾਲ ਚੋਣਾਂ ’ਚ ਜਿੱਤ ਯਕੀਨੀ ਬਣਾਉਣ ਲਈ ‘ਵੋਟ ਚੋਰੀ’ ਦਾ ਸਹਾਰਾ ਲਿਆ। ਪਾਸ ਕੀਤੇ ਮਤੇ ਵਿੱਚ ਕੇਂਦਰ ਅਤੇ ਸੰਵਿਧਾਨਕ ਅਥਾਰਿਟੀਆਂ ਨੂੰ ਚੋਣ ਕਮਿਸ਼ਨ ਦੀ ਨਿਰਪੱਖਤਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ ਹੈ।

ਅਕਾਲੀ ਦਲ (ਵਾਰਿਸ ਪੰਜਾਬ) ਦੇ ਮਨਪ੍ਰੀਤ ਸਿੰਘ ਇਆਲੀ ਨੇ ਦੋਸ਼ ਲਾਇਆ ਕਿ ਚੋਣ ਕਮਿਸ਼ਨ ਨੇ ਉਨ੍ਹਾਂ ਦੀ ਸਿਆਸੀ ਜਥੇਬੰਦੀ ਦੀ ਰਜਿਸਟ੍ਰੇਸ਼ਨ ਇਹ ਕਹਿ ਕੇ ਰੋਕ ਦਿੱਤੀ ਹੈ ਕਿ ਇਸ ਨਾਲ ਦੇਸ਼ ਨੂੰ ਖ਼ਤਰਾ ਹੈ। ਬਸਪਾ ਵਿਧਾਇਕ ਡਾ. ਨਛੱਤਰ ਪਾਲ ਨੇ ਕਿਹਾ ਕਿ ਲੋਕ ਰਾਜ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਹੈ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਸ਼ੈਰੀ ਕਲਸੀ, ਇੰਦਰਜੀਤ ਕੌਰ ਮਾਨ, ਪ੍ਰੋ. ਬਲਜਿੰਦਰ ਕੌਰ, ਅਮੋਲਕ ਸਿੰਘ ਅਤੇ ਹੋਰ ਆਗੂਆਂ ਨੇ ਵੀ ਬਹਿਸ ’ਚ ਹਿੱਸਾ ਲਿਆ।

ਬਦਲੇ-ਬਦਲੇ ਨਜ਼ਰ ਆਏ ਭਗਵੰਤ ਮਾਨ

ਆਮ ਤੌਰ ’ਤੇ ਆਪਣੇ ਭਾਸ਼ਣਾਂ ਵਿੱਚ ਮਜ਼ਾਹੀਆ ਅੰਦਾਜ਼ ਰੱਖਣ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਦਨ ਵਿੱਚ ਸੰਜੀਦਾ ਅਤੇ ਗੰਭੀਰ ਨਜ਼ਰ ਆਏ। ਉਨ੍ਹਾਂ ਦੇਸ਼ ਦੀ ਸਿਆਸਤ ਨੂੰ ਮੁਖ਼ਾਤਬ ਹੁੰਦਿਆਂ ਜਮਹੂਰੀਅਤ ਦੇ ਭਵਿੱਖ ਬਾਰੇ ਫ਼ਿਕਰ ਜ਼ਾਹਰ ਕੀਤੇ। ਉਨ੍ਹਾਂ ਦਾ ਪੂਰਾ ਨਿਸ਼ਾਨਾ ਭਾਜਪਾ ’ਤੇ ਰਿਹਾ ਅਤੇ ਕਾਂਗਰਸ ਖ਼ਿਲਾਫ਼ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਪਾਕਿਸਤਾਨੀ ਸ਼ਾਇਰ ਤਜੱਮੁਲ ਕਲੀਮ ਦੇ ਸ਼ੇਅਰ ਨਾਲ ਭਾਸ਼ਨ ਦਾ ਅੰਤ ਕੀਤਾ।

ਹਵਾਈ ਅੱਡੇ ’ਤੇ ਖੁੰਦਕ ਕੱਢਣ ਲਈ ਰੋਕਿਆ: ਭਗਵੰਤ ਮਾਨ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਧਾਨ ਸਭਾ ਵਿੱਚ ਖੁਲਾਸਾ ਕੀਤਾ ਕਿ ਪੈਰਿਸ ਤੋਂ ਪਰਤਣ ਮੌਕੇ ਉਨ੍ਹਾਂ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਸਿਆਸੀ ਖੁੰਦਕ ਕੱਢਣ ਲਈ ਦੋ ਘੰਟੇ ਰੋਕਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਮੁੱਖ ਚੋਣ ਕਮਿਸ਼ਨਰ ਖ਼ਿਲਾਫ਼ ਲਏ ਸਖ਼ਤ ਸਟੈਂਡ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਹੈ।

ਸਦਨ ਵਿੱਚ ਸਰਕਾਰੀ ਮਤੇ ’ਤੇ ਬਹਿਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਦਿੱਲੀ ਹਵਾਈ ਅੱਡੇ ’ਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਭਰਾ ਮਨੀਸ਼ ਕੁਮਾਰ ਕਸਟਮ ਵਿਭਾਗ ਵਿੱਚ ਸੀਨੀਅਰ ਅਧਿਕਾਰੀ ਹੈ। ਜਦੋਂ ਉਹ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਪੈਰਿਸ ਤੋਂ ਪਰਤੇ ਤਾਂ ਉਨ੍ਹਾਂ ਦੇ ਸਾਮਾਨ ’ਚੋਂ ਕੁਝ ਵੀ ਇਤਰਾਜ਼ਯੋਗ ਨਾ ਮਿਲਣ ਦੇ ਬਾਵਜੂਦ ਉੱਪਰਲੇ ਦਬਾਅ ਹੇਠ ਅਧਿਕਾਰੀਆਂ ਨੇ 50 ਹਜ਼ਾਰ ਰੁਪਏ ਦਾ ਜੁਰਮਾਨਾ ਭਰਵਾਇਆ।

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਵਿੱਚ ਐੱਨ ਡੀ ਏ ਦੀ ਸਰਕਾਰ ਬਣਾਉਣ ਦੇ ਦਾਅਵੇ ਉੱਤੇ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦਾ ਫ਼ੈਸਲਾ ਅਮਿਤ ਸ਼ਾਹ ਨਹੀਂ ਬਲਕਿ ਤਿੰਨ ਕਰੋੜ ਪੰਜਾਬੀ ਕਰਨਗੇ। ਨਸ਼ਿਆਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ ਸਾਲ 2007 ਤੋਂ 2017 ਤੱਕ ਅਕਾਲੀ-ਭਾਜਪਾ ਸਰਕਾਰ ਵੇਲੇ ਹੀ ਨਸ਼ੇ ਦਾ ਪਸਾਰਾ ਹੋਇਆ ਸੀ, ਉਦੋਂ ਭਾਜਪਾ ਕਿਉਂ ਚੁੱਪ ਰਹੀ। ਮਾਨਸਾ ਵਿੱਚ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦੀ ਹੱਤਿਆ ਮਗਰੋਂ ਦੋਵਾਂ ਪਾਰਟੀਆਂ ਵਿੱਚ ਟਕਰਾਅ ਜਾਰੀ ਹੈ। ਕਾਂਗਰਸ ਵੱਲੋਂ ਵਾਕਆਊਟ ਕਰਨ ’ਤੇ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਸੈਸ਼ਨ ਨਾ ਸੱਦਣ ਦਾ ਰੌਲਾ ਪਾਉਂਦੀ ਹੈ ਪਰ ਹੁਣ ਬਹਿਸ ਤੋਂ ਭੱਜ ਰਹੀ ਹੈ।

ਸੁਖਪਾਲ ਖਹਿਰਾ ਬਾਕੀ ਸੈਸ਼ਨ ਲਈ ਮੁਅੱਤਲ

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਅੱਜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਪੇਸ਼ ਕੀਤੇ ਮਤੇ ’ਤੇ ਕਾਰਵਾਈ ਕਰਦਿਆਂ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਇਜਲਾਸ ਦੇ ਬਾਕੀ ਰਹਿੰਦੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਮਤਾ ਵਿਰੋਧੀ ਧਿਰ ਦੀ ਗ਼ੈਰ-ਹਾਜ਼ਰੀ ਵਿੱਚ ਸਰਬਸੰਮਤੀ ਨਾਲ ਪਾਸ ਹੋਇਆ, ਜਿਸ ਮਗਰੋਂ ਖਹਿਰਾ ਮੰਗਲਵਾਰ ਨੂੰ ਆਖ਼ਰੀ ਦਿਨ ਸਦਨ ਵਿੱਚ ਨਹੀਂ ਆ ਸਕਣਗੇ।

ਨਿਯਮ 97 (2) ਤਹਿਤ ਪੇਸ਼ ਮਤੇ ਵਿੱਚ ਦੋਸ਼ ਲਾਇਆ ਗਿਆ ਕਿ ਖਹਿਰਾ ਨੇ ਸਦਨ ਵਿੱਚ ਸਪੀਕਰ ਦੇ ਆਸਨ ਅੱਗੇ ਆ ਕੇ ਚੇਅਰ ਖ਼ਿਲਾਫ਼ ਭੱਦੀ ਸ਼ਬਦਾਵਲੀ ਵਰਤੀ ਅਤੇ ਕਾਰਵਾਈ ਵਿੱਚ ਵਿਘਨ ਪਾਇਆ। ਚੀਮਾ ਨੇ ਕਿਹਾ ਕਿ ਖਹਿਰਾ ਨੇ ਅਨੁਸੂਚਿਤ ਜਾਤੀਆਂ ਦੇ ਸਨਮਾਨ ਨੂੰ ਠੇਸ ਪਹੁੰਚਾਈ ਹੈ। ਸਦਨ ਵਿੱਚ ਕਾਂਗਰਸ ਦੇ ਰਵੱਈਏ ਖ਼ਿਲਾਫ਼ ਨਿੰਦਾ ਮਤਾ ਵੀ ਰੱਖਿਆ ਗਿਆ ਪਰ ਉਸ ਉੱਤੇ ਅੱਗੇ ਕਾਰਵਾਈ ਨਹੀਂ ਹੋਈ। ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਮਤੇ ਦੀ ਹਮਾਇਤ ਕਰਦਿਆਂ ਕਿਹਾ ਕਿ ਅਜਿਹਾ ਕਰਨਾ ਕਾਂਗਰਸ ਪਾਰਟੀ ਦੇ ਤਰੀਕਾਕਾਰ ਦਾ ਹਿੱਸਾ ਹੈ।

Share this content:

Post Comment