ਪੰਜਾਬ ਦੇ ਨੌਜਵਾਨ ਦੀ ਅਣਪਛਾਤਿਆਂ ਵਲੋਂ ਕੈਲੀਫੋਰਨੀਆ ਵਿੱਚ ਗੋਲੀਆਂ ਮਾਰ ਕੇ ਹੱਤਿਆ, ਪਿੰਡ ‘ਚ ਛਾਈ ਸੋਗ ਦੀ ਲਹਿਰ
ਪਟਿਆਲਾ, 7 ਅਗਸਤ – ਅਮਰੀਕਾ ਵਿਚ ਕਮਾਈ ਕਰਨ ਗਏ ਨੇੜਲੇ ਪਿੰਡ ਅਤਾਲਾਂ ਦੇ ਨੌਜਵਾਨ ਖੁਸ਼ਕਰਨਦੀਪ ਸਿੰਘ ਦਾ ਅਣਪਛਾਤਿਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ। ਇਸ ਘਟਨਾਕ੍ਰਮ ਮਗਰੋਂ ਮ੍ਰਿਤਕ ਦੀ ਲਾਸ਼ ਵੀ ਕਈ ਦਿਨਾਂ ਬਾਅਦ ਹੀ ਲੱਭੀ ਜਾ ਸਕੀ। ਹਾਲੇ ਤਾਂਈ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਕੁਝ ਸੁਰਾਗ ਸਾਹਮਣੇ ਆ ਸਕਦੇ ਹਨ। ਮੰਦਭਾਗੀ ਖ਼ਬਰ ਆਉਣ ’ਤੇ ਪਿੰਡ ’ਚ ਸੋਗ ਦੀ ਲਹਿਰ ਹੈ।
ਦੱਸਣਯੋਗ ਹੈ ਕਿ ਨੌਜਵਾਨ ਖੁਸ਼ਕਰਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ (ਉਮਰ 24 ਸਾਲ) ਕਰੀਬ ਪੰਜ ਸਾਲ ਪਹਿਲਾਂ ਚੰਗੀ ਜ਼ਿੰਦਗੀ ਦੇ ਸੁਫਨੇ ਲੈ ਕੇ ਅਮਰੀਕਾ ਪਹੁੰਚਿਆ ਸੀ। ਖੁਸ਼ਕਰਨਦੀਪ ਅਮਰੀਕਾ ਦੇ ਕੈਲੀਫੋਰਨੀਆਂ ਵਿਚ ਟਰਾਲਾ ਚਲਾਉਂਦਾ ਸੀ। ਉਹ ਜਦੋਂ ਅਪਣੀ ਕਾਰ ’ਚ ਜਾ ਰਿਹਾ ਸੀ ਤਾਂ ਰਸਤੇ ਵਿਚ ਅਣਪਛਾਤਿਆਂ ਨੇ ਉਸ ’ਤੇ ਗੋਲੀਆਂ ਚਲਾ ਦਿਤੀਆਂ। ਕੁਝ ਦਿਨ ਪਹਿਲਾਂ 30 ਜੁਲਾਈ ਤੋਂ ਜਦੋਂ ਉਸ ਦਾ ਫੋਨ ਸਵਿਚ ਆਫ ਆਉਣ ਲੱਗਿਆ ਤਾਂ ਪਰਿਵਾਰ ਦੀ ਫਿਕਰਮੰਦੀ ਵਧੀ। ਪਰਿਵਾਰ ਦੇ ਉਥੇ ਰਹਿੰਦੇ ਰਿਸ਼ਤੇਦਾਰਾਂ ਵਲੋਂ ਅਮਰੀਕੀ ਥਾਣੇ ’ਚ ਇਤਲਾਹ ਦੇਣ ਮਗਰੋਂ ਪੁਲਿਸ ਵਲੋਂ ਕੀਤੀ ਜਾਂਚ ਮਗਰੋਂ ਲੰਘੇ ਕੱਲ੍ਹ ਜੰਗਲ ’ਚੋਂ ਉਸ ਦੀ ਲਾਸ਼ ਬਰਾਮਦ ਹੋਈ ਦੱਸੀ ਜਾ ਰਹੀ ਹੈ। ਪੁਲਿਸ ਘਟਲਾ ਦੀ ਜਾਂਚ ਕਰ ਰਹੀ ਹੈ।
Share this content:



Post Comment