Loading Now

ਪੰਜਾਬ ਦੇ ਆਂਢ-ਗੁਆਂਢ ਪੰਜਾਬੀ ਦਾ ਸਥਾਨ

ਪੰਜਾਬ ਦੇ ਆਂਢ-ਗੁਆਂਢ ਪੰਜਾਬੀ ਦਾ ਸਥਾਨ

ਅਸੀਂ ਇਹ ਦਾਅਵਾ ਕਰ ਸਕਦੇ ਹਾਂ ਕਿ ਮੌਜੂਦਾ ਪੰਜਾਬ ਦੇ ਨਕਸ਼ੇ ’ਤੇ ਉਸ ਦੇ ਚਾਰੇ ਪਾਸੇ ਦੀਆਂ ਸਰਹੱਦਾਂ ਤੋਂ ਪਾਰ ਮੀਲਾਂ ਤੱਕ ਪੰਜਾਬੀ ਬੋਲਦਾ ਇਲਾਕਾ ਹੈ ਤੇ ਉੱਥੇ ਕਿਸੇ ਹੱਦ ਤੱਕ ਪੰਜਾਬੀ ਜ਼ੁਬਾਨ ਦੀ ਮਾਨਤਾ ਵੀ ਕਾਇਮ ਹੈ। ਦੇਸ਼ਵੰਡ ਮਗਰੋਂ ਪੰਜਾਬ ਦਾ ਜੋ ਹਿੱਸਾ ਭਾਰਤ ਵਿੱਚ ਆਇਆ, ਉਸ ਦਾ ਨਾਂ ‘ਪੂਰਬੀ ਪੰਜਾਬ’ ਰੱਖਿਆ ਗਿਆ। ਛੋਟੇ ਹੁੰਦਿਆਂ ਸਕੂਲਾਂ ਵਿੱਚ ਗਾਇਆ ਜਾਂਦਾ ਇੱਕ ਗੀਤ ਅੱਜ ਤੱਕ ਯਾਦ ਹੈ, ‘ਸਾਨੂੰ ਕੋਈ ਮਾਰੇ ਨਾ, ਸਾਨੂੰ ਕੋਈ ਝਿੜਕੇ ਨਾ, ਅਸੀਂ ਹਾਂ ਫੁੱਲ ਗੁਲਾਬ ਦੇ, ਪੂਰਬੀ ਪੰਜਾਬ ਦੇ।’ ਬਾਅਦ ਵਿੱਚ ਜਦੋਂ ਪਾਕਿਸਤਾਨ ਵਿੱਚ ਪੈਂਦੇ ਪੰਜਾਬ ਨਾਲੋਂ ‘ਮਗਰਬੀ’ ਸ਼ਬਦ ਹਟਾ ਦਿੱਤਾ ਗਿਆ ਤਾਂ ਭਾਰਤੀ ਪੰਜਾਬ ਨਾਲੋਂ ਵੀ ‘ਪੂਰਬੀ’ ਸ਼ਬਦ ਵੱਖ ਕਰ ਦਿੱਤਾ ਗਿਆ। ਆਮ ਤੌਰ ’ਤੇ ਪੰਜਾਬ ਦੇ ਭਾਰਤ ਵਾਲੇ ਹਿੱਸੇ ਨੂੰ ‘ਚੜ੍ਹਦਾ ਪੰਜਾਬ’ ਤੇ ਪਾਕਿਸਤਾਨ ਵਾਲੇ ਹਿੱਸੇ ਨੂੰ ‘ਲਹਿੰਦਾ ਪੰਜਾਬ’ ਵੀ ਆਖ ਦਿੱਤਾ ਜਾਂਦਾ ਹੈ। ਲਹਿੰਦਾ ਪੰਜਾਬ ਆਕਾਰ ਵਿੱਚ ਚੜ੍ਹਦੇ ਪੰਜਾਬ ਨਾਲੋਂ ਲਗਪਗ ਚਾਰ ਗੁਣਾ ਵੱਡਾ ਹੈ। ਉੱਥੋਂ ਦੀ ਜ਼ੁਬਾਨ ਪੰਜਾਬੀ ਹੀ ਮੰਨੀ ਜਾਂਦੀ ਹੈ ਭਾਵੇਂ ਸਕੂਲਾਂ ਵਿੱਚ ਪਹਿਲੀ ਜਮਾਤ ਤੋਂ ਉਰਦੂ ਤੇ ਛੇਵੀਂ ਤੋਂ ਪੰਜਾਬੀ ਪੜ੍ਹਾਈ ਜਾਂਦੀ ਹੈ। ਉੱਥੇ ਪੰਜਾਬੀ ਗੁਰਮੁਖੀ ਲਿਪੀ ਵਿੱਚ ਨਹੀਂ ਸਗੋਂ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ। ਲਹਿੰਦੇ ਪੰਜਾਬ ਦੀ ਸਰਕਾਰ ਵੱਲੋਂ ‘ਪੰਜਾਬੀ ਅਦਬੀ ਬੋਰਡ’ ਦੀ ਸਥਾਪਨਾ ਕੀਤੀ ਗਈ ਹੈ, ਜੋ ਕਿਤਾਬਾਂ ਵੀ ਛਾਪਦਾ ਹੈ। ਉੱਥੇ ਪੰਜਾਬੀ ਦੇ ਕਈ ਰਸਾਲੇ ਨਿਕਲਦੇ ਹਨ ਤੇ ਬੱਚਿਆਂ ਵਾਸਤੇ ਕਿਤਾਬਾਂ ਵੀ ਛਪਦੀਆਂ ਹਨ। ਸੱਭਿਆਚਾਰਕ ਇਕੱਠਾਂ ਵਿੱਚ ਪੰਜਾਬੀ ਦੇ ਹੀ ਗੀਤਾਂ ਦੀ ਭਰਮਾਰ ਹੁੰਦੀ ਹੈ ਤੇ ਬੁੱਲੇ ਸ਼ਾਹ ਦੀਆਂ ਕਾਫ਼ੀਆਂ ਅਕਸਰ ਰੰਗ ਬੰਨ੍ਹਦੀਆਂ ਹਨ।

ਲਹਿੰਦੇ ਪੰਜਾਬ ਦੇ ਪੱਛਮ ਵਿੱਚ ਵੱਡਾ ਸੂਬਾ ਖ਼ੈਬਰ ਪਖ਼ਤੂਨਖ਼ਵਾ ਹੈ, ਜਿਸ ਨੂੰ ਪਹਿਲਾਂ ਫਰੰਟੀਅਰ ਸੂਬਾ ਕਹਿੰਦੇ ਸਨ ਜਿਸ ਦੀ ਪ੍ਰਵਾਨਿਤ ਭਾਸ਼ਾ ਪਸ਼ਤੋ ਹੈ, ਜਿਸ ਦੇ ਕਈ ਹਿੱਸਿਆਂ ਵਿੱਚ ਪੰਜਾਬੀ ਲੋਕ ਵੱਸਦੇ ਹਨ। ਪਿਸ਼ਾਵਰ ਤੋਂ ਬਾਅਦ ਇਸ ਦਾ ਵੱਡਾ ਅਹਿਮ ਸ਼ਹਿਰ ਐਬਟਾਬਾਦ ਹੈ, ਜੋ ਪੂਰੀ ਤਰ੍ਹਾਂ ਪੰਜਾਬੀ ਹੈ। ਇੱਥੋਂ ਦਾ ਇੱਕ ਇਲਾਕਾ ‘ਹਜ਼ਾਰਾ’ ਪੰਜਾਬੀ ਪ੍ਰਭਾਵ ਵਾਲਾ ਹੀ ਹੈ। ਇਸੇ ਲਈ ਤਾਂ ਨੂਰ ਜਹਾਂ ਗਾਉਂਦੀ ਹੈ, ‘‘ਇੱਕ ਮੈਂ ਸੋਹਣੀ, ਮੇਰਾ ਮਾਹੀ ਸੋਹਣਾ, ਮੇਰਾ ਸੋਹਣਾ ਦੇਸ ਹਜ਼ਾਰਾ ਨ੍ਹੀਂ ਸਈਓ। ਪਾਕਿਸਤਾਨ ਵਾਲੇ ਪਾਸੇ ਦਾ ਕਸ਼ਮੀਰ ਲਹਿੰਦੇ ਪੰਜਾਬ ਨਾਲ ਲੱਗਦਾ ਹੈ। ਉੱਥੇ ਕਸ਼ਮੀਰੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਦਸ-ਪੰਦਰਾਂ ਫ਼ੀਸਦੀ ਹੀ ਹੈ, ਬਾਕੀ ਸਭ ਪੰਜਾਬੀ ਬੋਲਦਾ ਇਲਾਕਾ ਹੈ। ਉੱਥੋਂ ਦੇ ਵਸਨੀਕ ਆਪਣੀ ਮਾਂ ਬੋਲੀ ਪੰਜਾਬੀ, ਪਹਾੜੀ ਤੇ ਪੋਠੋਹਾਰੀ ਵੀ ਦੱਸਦੇ ਹਨ। ਹਾਲਾਂਕਿ ਸਰਕਾਰੀ ਜ਼ੁਬਾਨ ਉਰਦੂ ਹੈ, ਪਰ ਆਮ ਬੋਲ-ਚਾਲ ਲਈ ਵੱਡੀ ਗਿਣਤੀ ਲੋਕ ਪੰਜਾਬੀ ਭਾਸ਼ਾ ਦੀ ਹੀ ਵਰਤੋਂ ਕਰਦੇ ਹਨ। ਬਾਨੋ ਰਹਿਮਤ ਦਾ ਗਾਇਆ ‘ਮਾਹੀਆ ਕਸ਼ਮੀਰ ਦਿਆ, ਜ਼ਰਾ ਖੜ੍ਹ ਮੇਰੇ ਕੋਲ’ ਉੱਥੋਂ ਦਾ ਹਰਮਨ ਪਿਆਰਾ ਗੀਤ ਹੈ। ਕੁੱਲ ਮਿਲਾ ਕੇ ਅੱਜ ਸੰਸਾਰ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਡਾ ਮੁਲਕ ਪਾਕਿਸਤਾਨ ਹੈ।

ਦੇਸ਼ ਦੀ ਤਕਸੀਮ ਤੋਂ ਬਾਅਦ ਪੂਰਬੀ ਪੰਜਾਬ ਦੀ ਪਹਿਲੀ ਰਾਜਧਾਨੀ ਸ਼ਿਮਲਾ ਬਣੀ। ਇੱਥੇ ਹੀ ਰਾਜਪਾਲ, ਮੁੱਖ ਮੰਤਰੀ ਤੇ ਮੰਤਰੀਆਂ ਨੂੰ ਸਹੁੰ ਚੁਕਾਈ ਗਈ। ਫਿਰ ਪੰਜਾਬ ਯੂਨੀਵਰਸਿਟੀ ਲਾਹੌਰ ਦੇ ਵੀ ਦੋ ਹਿੱਸੇ ਹੋ ਗਏ ਤੇ ਏਧਰ ਇੱਕ ਹੋਰ ਪੰਜਾਬ ਯੂਨੀਵਰਸਿਟੀ, ਸੋਲਨ ਬਣ ਗਈ। ਲੰਮਾ ਸਮਾਂ ਓਧਰ ਦੀ ਯੂਨੀਵਰਸਿਟੀ ਤੋਂ ਰਿਕਾਰਡ ਏਧਰ ਲਿਆਏ ਜਾਂਦੇ ਰਹੇ। ਇੱਥੇ ਸ਼ਿਮਲੇ ਵਿੱਚ ਹੀ ਪੰਜਾਬ ਸਰਕਾਰ ਨੇ ਪਹਿਲੀ ਜਮਾਤ ਤੋਂ ਉਰਦੂ ਦੀ ਪੜ੍ਹਾਈ ਬੰਦ ਕਰ ਕੇ ਪੰਜਾਬੀ ਜਾਂ ਹਿੰਦੀ ਲਾਜ਼ਮੀ ਕੀਤੀ ਤੇ ਚੌਥੀ ਜਮਾਤ ਵਿੱਚ ਇਨ੍ਹਾਂ ਵਿੱਚੋਂ ਦੂਜੀ ਭਾਸ਼ਾ ਸ਼ੁਰੂ ਕੀਤੀ। ਵਰਤਮਾਨ ਹਰਿਆਣਾ ਤੇ ਹਿਮਾਚਲ ਦੇ ਵੱਡੇ ਇਲਾਕੇ ਵਿੱਚ ਦੂਰ-ਦੁਰਾਡੇ ਤੋਂ ਵੀ ਦਸਵੀਂ ਪੜ੍ਹੇ ਲੋਕ ਪੰਜਾਬੀ ਤੇ ਹਿੰਦੀ ਦੇ ਅਧਿਆਪਕ ਲਗਾ ਦਿੱਤੇ ਗਏ ਸਨ, ਸਿਖਲਾਈ ਬਾਅਦ ਵਿੱਚ ਸਹੀ। ਇਸੇ ਤਰ੍ਹਾਂ ਲਾਹੌਲ ਸਪਿਤੀ ਤੱਕ ਅੰਗਰੇਜ਼ੀ ਤੇ ਉਰਦੂ ਦੇ ਨਾਲ ਨਾਲ ਸਰਕਾਰੀ ਦਫ਼ਤਰਾਂ ’ਚ ਹਿੰਦੀ ਤੇ ਪੰਜਾਬੀ ਦੇ ਬੋਰਡ ਲੱਗ ਗਏ। ਮੰਨਣਾ ਪਵੇਗਾ ਕਿ ਪੰਜਾਬ ਦੇ ਪੁਨਰਗਠਨ, ਭਾਵ ਪੰਜਾਬੀ ਸੂਬਾ ਬਣਨ ਨਾਲ ਪੰਜਾਬੀ ਦਾ ਪ੍ਰਭਾਵ ਖੇਤਰ ਬਹੁਤ ਘਟ ਗਿਆ। ਪੰਜਾਬੀ ਨੂੰ ਸਭ ਤੋਂ ਵੱਡਾ ਝਟਕਾ ਹਿਮਾਚਲ ਵਿੱਚ ਲੱਗਿਆ, ਜਿੱਥੇ ਅੱਜ ਇਸ ਭਾਸ਼ਾ ਨੂੰ ਕਿਸੇ ਵੀ ਪੱਧਰ ’ਤੇ ਸਰਕਾਰੀ ਮਾਨਤਾ ਹਾਸਲ ਨਹੀਂ ਹੈ। ਹਾਲਾਂਕਿ ਇੱਕ ਵੱਡੇ ਇਲਾਕੇ ਵਿੱਚ ਇਹ ਲੋਕਾਂ ਦੀ ਆਮ ਬੋਲਚਾਲ ਦੀ ਭਾਸ਼ਾ ਹੈ, ਪਰ ਇਸ ਦਾ ਨਾਂ ਪਹਾੜੀ ਜਾਂ ਕਈ ਥਾਂ ਡੋਗਰੀ ਵੀ ਲਿਆ ਜਾਂਦਾ ਹੈ। ਆਪਣੇ ਲੰਮੇ ਸਾਂਝੇ ਇਤਿਹਾਸ ਦੀ ਬਦੌਲਤ ਅੱਜ ਵੀ ਹਿਮਾਚਲ ਦੇ ਲੋਕ ਗੀਤਾਂ ਅਤੇ ਧਾਰਮਿਕ ਗੀਤਾਂ ਵਿੱਚ ਪੰਜਾਬੀ ਭਾਸ਼ਾ ਦਾ ਰੰਗ ਸਹਿਜੇ ਹੀ ਦੇਖਣ ਨੂੰ ਮਿਲਦਾ ਹੈ।

ਪੰਜਾਬ ਦਾ ਵੱਡਾ ਗੁਆਂਢੀ ਸੂਬਾ ਹਰਿਆਣਾ ਹੈ, ਜੋ 1966 ਤੱਕ ਪੰਜਾਬ ਦਾ ਹਿੱਸਾ ਰਿਹਾ। ਇਹੀ ਕਾਰਨ ਹੈ ਕਿ ਇੱਥੇ ਪੰਜਾਬੀ ਬੋਲਦੇ ਲੋਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਪੰਜਾਬ ਦੇ ਹੋਰਨਾਂ ਗੁਆਂਢੀ ਸੂਬਿਆਂ ਦੇ ਮੁਕਾਬਲੇ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨੂੰ ਬਿਹਤਰ ਸਰਕਾਰੀ ਮਾਨਤਾ ਮਿਲੀ ਹੈ। ਹਰਿਆਣਾ ਅਸੈਂਬਲੀ ਨੇ ਪੰਜਾਬੀ ਨੂੰ ਦੂਜੀ ਰਾਜ ਭਾਸ਼ਾ ਦਾ ਦਰਜਾ ਦਿੱਤਾ ਹੈ ਤੇ ਉੱਥੇ ਬਹੁਤ ਸਾਰੇ ਸਕੂਲਾਂ ਵਿੱਚ ਛੇਵੀਂ ਜਮਾਤ ਤੋਂ ਪੰਜਾਬੀ ਪੜ੍ਹਾਈ ਜਾਂਦੀ ਹੈ। ਇੱਥੇ ਸਰਕਾਰੀ ਤੌਰ ’ਤੇ ਕਾਇਮ ਕੀਤੀ ਹਰਿਆਣਾ ਪੰਜਾਬੀ ਸਾਹਿਤ ਅਕਾਦਮੀ ਹੈ, ਜੋ ਪੰਜਾਬੀ ਦਾ ਰਸਾਲਾ ‘ਸ਼ਬਦ ਬੂੰਦ’ ਕੱਢਦੀ ਹੈ ਤੇ ਪੰਜਾਬੀ ਲੇਖਕਾਂ ਨੂੰ ਸਨਮਾਨਿਤ ਵੀ ਕਰਦੀ ਹੈ। ਫਿਰ ਵੀ ਹਰਿਆਣਾ ਵਿੱਚ ਪੰਜਾਬੀ ਦੇ ਚੰਗੇ ਮੁਕਾਮ ਵਾਸਤੇ ਹੋਰ ਉਪਰਾਲਿਆਂ ਦੀ ਲੋੜ ਹੈ, ਜਿਸ ਵਾਸਤੇ ਉੱਥੋਂ ਦੇ ਪੰਜਾਬੀ ਪ੍ਰੇਮੀ ਆਵਾਜ਼ ਉਠਾਉਂਦੇ ਰਹਿੰਦੇ ਹਨ। ਦਿੱਲੀ ਅੱਜ ਪੰਜਾਬ ਦਾ ਗੁਆਂਢੀ ਨਹੀਂ ਰਿਹਾ ਤੇ ਉੱਥੇ ਪੰਜਾਬੀ ਨੂੰ ਦੂਜੀ ਭਾਸ਼ਾ ਦਾ ਦਰਜਾ ਉਰਦੂ ਨਾਲ ਸਾਂਝਾ ਕਰਨਾ ਪੈ ਰਿਹਾ ਹੈ। ਉੱਥੇ ਵੀ ਸਰਕਾਰੀ ‘ਪੰਜਾਬੀ ਅਕਾਦਮੀ’ ਹੈ। ਰਾਜਸਥਾਨ ਵਿੱਚ ਪੰਜਾਬ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਹੈ। ਉੱਥੇ ਰਾਜਸਥਾਨੀ ਨੂੰ ਦੂਜੀ ਅਤੇ ਪੰਜਾਬੀ, ਉਰਦੂ ਤੇ ਸਿੰਧੀ ਨੂੰ ਤੀਜੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ।

ਵਰਤਮਾਨ ਸਮੇਂ ਵਿੱਚ ਜੰਮੂ ਕਸ਼ਮੀਰ ਦੀ ਸਰਹੱਦ ਪੰਜਾਬ ਨਾਲ ਬੱਸ ਚੁੰਝ ਮਾਤਰ ਹੀ ਲੱਗਦੀ ਹੈ, ਪਰ ਉੱਥੇ ਪੰਜਾਬੀ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਹੈ। ਤੁਸੀਂ ਜੰਮੂ ਤੇ ਕਟੜਾ ਦੇ ਰੇਲਵੇ ਸਟੇਸ਼ਨਾਂ ’ਤੇ ਜਾਓਗੇ ਤਾਂ ਉੱਥੇ ਅੰਗਰੇਜ਼ੀ ਤੇ ਹਿੰਦੀ ਦੇ ਨਾਲ ਨਾਲ ਡੋਗਰੀ ਵਿੱਚ ਵੀ ਸਾਰੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਪੰਜਾਬ ਦੇ ਕਿਸੇ ਵੀ ਯਾਤਰੀ ਨੂੰ ਡੋਗਰੀ ਭਾਸ਼ਾ ਕਿਸੇ ਵੀ ਪੱਖੋਂ ਪੰਜਾਬੀ ਤੋਂ ਵੱਖਰੀ ਨਹੀਂ ਲੱਗਦੀ। ਦੱਸਦੇ ਨੇ ਕਿ ਜਦੋਂ ਕਸ਼ਮੀਰ ਵਿੱਚ ਪਾਕਿਸਤਾਨ ਵਾਲੇ ਪਾਸੇ ਦਾ ਹਿੱਸਾ ਵੀ ਸ਼ਾਮਿਲ ਸੀ ਤਾਂ ਉਸ ਵੇਲੇ ਦੀ ਪਹਿਲੀ ਮਰਦਮਸ਼ੁਮਾਰੀ ਵਿੱਚ ਸਭ ਤੋਂ ਵੱਡੀ ਗਿਣਤੀ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਸੀ। ਫਿਰ ਜਦੋਂ ਡੋਗਰੀ, ਪਹਾੜੀ ਤੇ ਗੋਜਰੀ ਨੂੰ ਪੂਰਨ ਭਾਸ਼ਾਵਾਂ ਦਾ ਦਰਜਾ ਮਿਲ ਗਿਆ ਤਾਂ ਅੰਕੜਿਆਂ ਵਿੱਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਾਫ਼ੀ ਘਟ ਗਈ। ਇਹ ਭਾਸ਼ਾਵਾਂ ਇੰਨੀਆਂ ਮਿਲਦੀਆਂ ਜੁਲਦੀਆਂ ਹਨ ਕਿ ਜਦੋਂ ਇਨ੍ਹਾਂ ਨੂੰ ਗੁਰਮੁਖੀ ਲਿਪੀ ਵਿੱਚ ਲਿਖਿਆ ਜਾਂਦਾ ਹੈ ਤਾਂ ਇਹ ਪੰਜਾਬੀ ਹੁੰਦੀ ਹੈ, ਦੇਵਨਾਗਰੀ ਵਿੱਚ ਲਿਖੀ ਜਾਵੇ ਤਾਂ ਡੋਗਰੀ ਬਣ ਜਾਂਦੀ ਹੈ ਤੇ ਜੇ ਸ਼ਾਹਮੁਖੀ ਵਿੱਚ ਲਿਖੀ ਜਾਵੇ ਤਾਂ ਇਹ ਭਾਸ਼ਾ ਪਹਾੜੀ ਜਾਂ ਗੋਜਰੀ ਕਹਾਉਂਦੀ ਹੈ। ਜੰਮੂ ਕਸ਼ਮੀਰ ਦਾ ਭਾਸ਼ਾ ਵਿਭਾਗ ਆਪਣਾ ਸਾਹਿਤਕ ਰਸਾਲਾ ‘ਸ਼ੀਰਾਜ਼ਾ’ ਪੰਜਾਬੀ ਸਮੇਤ ਇਨ੍ਹਾਂ ਸਾਰੀਆਂ ਭਾਸ਼ਾਵਾਂ ਵਿੱਚ ਕੱਢਦਾ ਹੈ। ਸਾਡੇ ਪੰਜਾਬੀ ਸਾਹਿਤਕਾਰ ਆਪਣੇ ਵੱਲੋਂ ਵੀ ਕਈ ਸਾਹਿਤਕ ਰਸਾਲੇ ‘ਹਿਮਾਲਾ’, ‘ਜਿਹਲਮ ਦਾ ਪਾਣੀ’ ਤੇ ‘ਕੇਸਰ ਮਹਿਕਾਂ’ ਆਦਿ ਕੱਢਦੇ ਹਨ ਤੇ ਹੁਣੇ ਜੰਮੂ ਤੋਂ ਇੱਕ ਹੋਰ ਤਿਮਾਹੀ ਰਸਾਲਾ ‘ਅਸੀਂ’ ਸ਼ੁਰੂ ਕੀਤਾ ਗਿਆ ਹੈ।

ਡੋਗਰਾ ਹਕੂਮਤਾਂ ਵੇਲੇ ਤੋਂ ਹੀ ਜੰਮੂ ਕਸ਼ਮੀਰ ਵਾਸਤੇ ਉਰਦੂ ਇੱਕੋ ਇੱਕ ਸਰਕਾਰੀ ਭਾਸ਼ਾ ਚਲੀ ਆ ਰਹੀ ਹੈ। ਧਾਰਾ 370 ਰੱਦ ਕੀਤੇ ਜਾਣ ਵੇਲੇ ਕੇਂਦਰ ਸਰਕਾਰ ਨੇ ਉੱਥੋਂ ਵਾਸਤੇ ਪੰਜ ਰਾਜ ਭਾਸ਼ਾਵਾਂ ਦਾ ਐਲਾਨ ਕੀਤਾ, ਜਿਨ੍ਹਾਂ ਵਿੱਚ ਉਰਦੂ, ਕਸ਼ਮੀਰੀ, ਹਿੰਦੀ, ਡੋਗਰੀ ਤੇ ਅੰਗਰੇਜ਼ੀ ਸ਼ਾਮਿਲ ਹਨ। ਹਾਲਾਂਕਿ ਸਾਡੇ ਮੁਲਕ ਦੇ ਕਿਸੇ ਵੀ ਗ਼ੈਰ-ਹਿੰਦੀ ਰਾਜ ਵਿੱਚ ਹਿੰਦੀ ਰਾਜ ਭਾਸ਼ਾ ਨਹੀਂ ਐਲਾਨੀ ਗਈ ਤੇ ਅੰਗਰੇਜ਼ੀ ਨੂੰ ਇਹ ਦਰਜਾ ਦੇਣ ਦੀ ਕੋਈ ਤੁਕ ਨਹੀਂ। ਇੱਥੇ ਕਾਫ਼ੀ ਸਕੂਲਾਂ ਤੇ ਕਾਲਜਾਂ ਵਿੱਚ ਪੰਜਾਬੀ ਦੀ ਪੜ੍ਹਾਈ ਦਾ ਪ੍ਰਬੰਧ ਹੈ ਤੇ ਜੰਮੂ ਯੂਨੀਵਰਸਿਟੀ ਵਿੱਚ ਪੰਜਾਬੀ ਵਿਭਾਗ ਵੀ ਹੈ। ਜੰਮੂ ਕਸ਼ਮੀਰ ਨੇ ਪੰਜਾਬੀ ਦੇ ਮਿਆਰੀ ਸਾਹਿਤਕਾਰ ਪੈਦਾ ਕੀਤੇ ਹਨ। ਅੱਜ ਦੀ ਬਹੁਤ ਗੁੰਝਲਦਾਰ ਹਾਲਤ ਵਿੱਚ ਵੀ ਉੱਥੋਂ ਦੇ ਪੰਜਾਬੀ ਪ੍ਰੇਮੀ ਭਾਸ਼ਾ ਦੇ ਉਭਾਰ ਵਾਸਤੇ ਯਤਨਸ਼ੀਲ ਹਨ। ਹੁਣ ਤੱਕ ਅਸੀਂ ਪੰਜਾਬ ਨਾਲ ਸਰਹੱਦਾਂ ਸਾਂਝੀਆਂ ਕਰਨ ਵਾਲੇ ਸੂਬਿਆਂ ਦੀ ਗੱਲ ਕੀਤੀ ਹੈ, ਪਰ ਐਸੇ ਵੀ ਕੁਝ ਇਲਾਕੇ ਹਨ, ਜਿਨ੍ਹਾਂ ਨਾਲ ਬੇਸ਼ੱਕ ਮੌਜੂਦਾ ਪੰਜਾਬ ਦੀਆਂ ਸਰਹੱਦਾਂ ਨਹੀਂ ਲੱਗਦੀਆਂ, ਪਰ ਉੱਥੇ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਕਾਫ਼ੀ ਹੈ। ਕੁਝ ਸਾਲ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ‘ਕੁੱਲ ਭਾਰਤ ਪੰਜਾਬੀ ਕਾਨਫਰੰਸਾਂ’ ਕਰਵਾਈਆਂ ਗਈਆਂ ਸਨ, ਜਿਨ੍ਹਾਂ ਵਿੱਚ ਪੰਜਾਬ, ਹਰਿਆਣਾ ਤੇ ਜੰਮੂ ਕਸ਼ਮੀਰ ਤੋਂ ਇਲਾਵਾ ਝਾਰਖੰਡ, ਉੜੀਸਾ ਤੇ ਛੱਤੀਸਗੜ੍ਹ ਤੋਂ ਵੀ ਡੈਲੀਗੇਟ ਆਏ ਸਨ। ਇਹ ਤਜਰਬਾ ਚੰਗਾ ਸਾਬਿਤ ਹੋਇਆ ਸੀ। ਜੇਕਰ ਇਸ ’ਤੇ ਮੁੜ ਵਿਚਾਰ ਕਰਕੇ ਉੱਦਮ ਕੀਤਾ ਜਾਵੇ ਤਾਂ ਉੱਤਰ ਪ੍ਰਦੇਸ਼, ਉੱਤਰਾਖੰਡ, ਬਿਹਾਰ ਤੇ ਬੰਗਾਲ ਤੋਂ ਵੀ ਪੰਜਾਬੀ ਸੱਜਣ ਜੁੜ ਸਕਦੇ ਹਨ।

Share this content:

Post Comment