Loading Now

ਪੰਜਾਬ ’ਚ ਇਨਸਾਫ਼ ਮਾਰਚ ਕੱਢਣਗੇ ਰਾਜਾ ਵੜਿੰਗ, ਕਈ ਜ਼ਿਲ੍ਹਿਆਂ ਤੱਕ ਪਹੁੰਚੇਗੀ ਮੁਹਿੰਮ

ਪੰਜਾਬ ’ਚ ਇਨਸਾਫ਼ ਮਾਰਚ ਕੱਢਣਗੇ ਰਾਜਾ ਵੜਿੰਗ, ਕਈ ਜ਼ਿਲ੍ਹਿਆਂ ਤੱਕ ਪਹੁੰਚੇਗੀ ਮੁਹਿੰਮ

 ਲੁਧਿਆਣਾ , 20 ਨਵੰਬਰ- ਲੁਧਿਆਣਾ ਤੋਂ ਸੰਸਦ ਮੈਂਬਰ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ 21 ਨਵੰਬਰ ਨੂੰ ਲੁਧਿਆਣਾ ਕੇਂਦਰੀ ਹਲਕੇ ਤੋਂ ਇਨਸਾਫ਼ ਮਾਰਚ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਸ਼ਹਿਰ ਦੇ ਹੋਰਨਾਂ ਹਲਕਿਆਂ ਤੋਂ ਇਲਾਵਾ ਜ਼ੀਰਾ, ਬਠਿੰਡਾ, ਮਾਨਸਾ ਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਵੀ ਮਾਰਚ ਕੱਢੇ ਜਾਣਗੇ।

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਵੱਲੋਂ 4 ਨਵੰਬਰ ਨੂੰ ਸੰਗਰੂਰ ਤੋਂ ਸ਼ੁਰੂ ਕੀਤੀ ‘ਪੰਜਾਬ ਮੰਗਦਾ ਹਿਸਾਬ’ ਮੁਹਿੰਮ ਤਹਿਤ ਸਰਕਾਰ ਤੋਂ ਮੁਲਾਜ਼ਮਾਂ ਦੇ ਬਕਾਇਆ ਮਹਿੰਗਾਈ ਭੱਤੇ, ਪੁਰਾਣੀ ਪੈਨਸ਼ਨ ਸਕੀਮ, ਪੀਆਰਟੀਸੀ ਮੁਲਾਜ਼ਮਾਂ ਦੀਆਂ ਮੰਗਾਂ ਅਤੇ ਭਰਤੀ ਪ੍ਰੀਖਿਆਵਾਂ ਵਿੱਚ ਕਥਿਤ ਬੇਨਿਯਮੀਆਂ ਬਾਰੇ ਜਵਾਬ ਮੰਗਿਆ ਜਾ ਰਿਹਾ ਹੈ।

ਵੜਿੰਗ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ ਚਾਰ ਗੁਣਾ ਵਧ ਗਿਆ ਹੈ। ਉਨ੍ਹਾਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਨਸ਼ਾ ਤਸਕਰਾਂ ਤੇ ਪ੍ਰਸ਼ਾਸਨ ਵਿਚਕਾਰ ਕਥਿਤ ਗਠਜੋੜ ਦੇ ਦੋਸ਼ ਲਾਏ। ਪਰਵਿੰਦਰ ਝੋਟਾ ਦੇ ਕਤਲ ਦਾ ਹਵਾਲਾ ਦਿੰਦਿਆਂ ਉਨ੍ਹਾਂ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਦਾ ਮੁੱਦਾ ਵੀ ਚੁੱਕਿਆ।

ਆਮ ਆਦਮੀ ਪਾਰਟੀ ’ਤੇ ਗੈਂਗਸਟਰਾਂ ਨੂੰ ਸ਼ਾਮਲ ਕਰਨ ਅਤੇ ਚੋਣਾਂ ਲੜਨ ਦੇ ਮੌਕੇ ਦੇਣ ਦੇ ਦੋਸ਼ ਲਾਉਂਦਿਆਂ ਵੜਿੰਗ ਨੇ ਸਿੱਧੂ ਮੂਸੇਵਾਲਾ, ਰਾਹੁਲ ਸ਼ਰਮਾ, ਨੀਰੂ ਛਾਬੜਾ ਅਤੇ ਕਬੱਡੀ ਖਿਡਾਰੀਆਂ ਤੇਜਪਾਲ ਤੇ ਗਗਨਦੀਪ ਸਿੰਘ ਦੇ ਕਤਲਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਹੈ, ਇਸ ਲਈ ਨਸ਼ਿਆਂ, ਗੈਂਗਸਟਰਵਾਦ ਅਤੇ ਅਪਰਾਧਾਂ ਲਈ ਸਰਕਾਰ ਜਵਾਬਦੇਹ ਹੈ।

ਇਸ ਮੌਕੇ ਸਾਬਕਾ ਵਿਧਾਇਕ ਰਾਕੇਸ਼ ਪਾਂਡੇ, ਬਲਵਿੰਦਰ ਸਿੰਘ ਬੈਂਸ, ਸੁਰਿੰਦਰ ਡਾਬਰ, ਸਿਮਰਜੀਤ ਸਿੰਘ ਬੈਂਸ, ਕੁਲਦੀਪ ਸਿੰਘ ਵੈਦ, ਜਗਤਾਰ ਸਿੰਘ ਜੱਗਾ ਤੇ ਮਲਕੀਅਤ ਸਿੰਘ ਦਾਖਾ ਸਮੇਤ ਹੋਰ ਆਗੂ ਹਾਜ਼ਰ ਸਨ।

Share this content:

Post Comment