ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਦ੍ਰਾਵਿੜ ਲਿੰਗੂਇਸਟਸ ਕਾਨਫ਼ਰੰਸ ਦੌਰਾਨ ਸੰਗੀਤਕ ਸ਼ਾਮ ਨੇ ਕੀਲੇ ਸ੍ਰੋਤੇ

ਪਟਿਆਲਾ, 25 ਜੂਨ – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ, ਸੈਂਟਰਲ ਇੰਸਟੀਚਿਊਟ ਆਫ਼ ਲੈਂਗੂਏਜਿਜ਼, ਮੈਸੂਰ ਅਤੇ ਆਈ.ਸੀ.ਐਸ.ਐਸ.ਆਰ. ਨਵੀਂ ਦਿੱਲੀ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ ਵੱਲੋਂ ਹੋਰਨਾਂ ਭਾਸ਼ਾਵਾਂ ਦੇ ਵਿਭਾਗਾਂ ਨਾਲ ਮਿਲ ਕੇ ਖ਼ੂਬਸੂਰਤ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ ਜੋ ਲੋਕ ਕਲਾਵਾਂ ਅਤੇ ਸ਼ਾਸਤਰੀ ਕਲਾਵਾਂ ਦਾ ਕਲਾਤਮਕ ਸੁਮੇਲ ਸੀ। ਇਸ ਦੇ ਨਾਲ ਹੀ ਭਾਰਤੀ ਕਲਾਵਾਂ ਦੀ ਭਾਸ਼ਾਈ ਵਿਵਿਧਤਾ ਨੂੰ ਵੀ ਦਰਸਾਇਆ ਗਿਆ। ਗੁਰਮਤਿ ਸੰਗੀਤ ਪਰੰਪਰਾ ਦੇ ਸ਼੍ਰੇਸ਼ਠ ਸਾਜ਼ ਰਬਾਬ ਦੀ ਵਾਦਨ ਪੇਸ਼ਕਾਰੀ ਗੁਰਸਿਮਰ ਸਿੰਘ ਦੁਆਰਾ ਦਿੱਤੀ ਗਈ। ਉਪਰੰਤ ਚੰਦਨ ਵਲੋਂ ਗ਼ਜ਼ਲ ਗਾਇਨ ਦੀ ਪੇਸ਼ਕਾਰੀ ਦਿੱਤੀ ਗਈ। ਡਾ. ਵਨੀਤਾ ਵੱਲੋਂ ਸਿਤਾਰ ਵਾਦਨ ਦੀ ਸੁਰੀਲੀ ਅਤੇ ਤਿਆਰੀ ਭਰਪੂਰ ਪੇਸ਼ਕਾਰੀ ਨੇ ਸ੍ਰੋਤਿਆਂ ਦਾ ਮਨ ਮੋਹ ਲਿਆ। ਉਹਨਾ ਦੇ ਸਪੁੱਤਰ ਯੁਵਰਾਜ ਦੀ ਤਬਲਾ ਸੰਗਤੀ ਨੇ ਸਭ ਨੂੰ ਆਕਰਸ਼ਿਤ ਕੀਤਾ। ਪੰਜਾਬ ਦੀ ਲੋਕ ਨਾਚ ਕਲਾ ਦੀ ਰਹਿਨੁਮਾਈ ਕਰਦਾ ਨਾਚ, ਝੂਮਰ ਨੇ ਸਭ ਨੂੰ ਝੂਮਣ ਲਗਾ ਦਿੱਤਾ। ਪੰਜਾਬ ਘਰਾਣੇ ਦੇ ਤਬਲਾ ਵਾਦਕ ਨਰਿੰਦਰ ਸਿੰਘ ਨੇ ਏਕਲ ਤਬਲਾ ਵਾਦਨ ਦੀ ਨਿੱਗਰ ਪ੍ਰਸਤੁਤੀ ਦਿੱਤੀ। ਬੰਗਾਲ ਦੀ ਪ੍ਰਸਿੱਧ ਸੰਗੀਤ ਸ਼ੈਲੀ ਰਬਿੰਦਰਾ ਸੰਗੀਤ ਦੀਆਂ ਦੋ ਰਚਨਾਵਾਂ ਦਾ ਸੁਮਧੁਰ ਗਾਇਨ ਸ਼੍ਰੀਮਤੀ ਮੋਨੀਸ਼ਾ ਬੈਨਰਜੀ ਨੇ ਪੇਸ਼ ਕੀਤਾ ਜਿਸਨੂੰ ਹਜ਼ਾਰਾ ਵਿਦਵਾਨਾਂ ਅਤੇ ਸ੍ਰੋਤਿਆਂ ਵਲੋਂ ਸਰਾਹਿਆ ਗਿਆ। ਅੰਤਰ ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਵਿਦਿਆਰਥਣ ਕਮਲਪ੍ਰੀਤ ਕੌਰ ਨੇ ਮਿੱਮੀਕਰੀ ਦੀ ਪ੍ਰਭਾਵਸ਼ਾਲੀ ਪ੍ਰਸਤੁਤੀ ਦੌਰਾਨ ਤਮਿਲ ਭਾਸ਼ਾਈ ਗੀਤ ਗਾਇਆ ਜਿਸਨੂੰ ਕਾਨਫ਼ਰੰਸ ਦੇ ਪ੍ਰਤੀਭਾਗੀਆਂ ਵੱਲੋਂ ਬਹੁਤ ਸਲਾਹਿਆ ਗਿਆ। ਸੋਨੀਆ ਵੱਲੋਂ ਸ਼ਾਸਤਰੀ ਨ੍ਰਿਤ ਕੱਥਕ ਵਿਚ ਦੋ ਰਚਨਾਵਾਂ ਦੀ ਮਨਮੋਹਕ ਪੇਸ਼ਕਾਰੀ ਉਪਰੰਤ ਸਮਾਗਮ ਦੀ ਸਮਾਪਤੀ ਪੰਜਾਬ ਦੇ ਵਿਸ਼ਵ ਪ੍ਰਸਿੱਧ ਲੋਕ ਨਾਚ ਭੰਗੜਾ ਨਾਲ ਹੋਈ।

ਸਮਾਗਮ ਦੀ ਪ੍ਰਧਾਨਗੀ ਕਰਦੇ ਹੋਏ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਦੀ ਸੁਪਤਨੀ ਡਾ. ਸੁਖਜੀਤ ਕੌਰ ਨੇ ਵੱਖ-ਵੱਖ ਕਲਾ ਰੂਪਾਂ ਨਾਲ ਸ਼ਿੰਗਾਰੀ ਇਸ ਸਭਿਆਚਾਰਿਕ ਸ਼ਾਮ ਦੀ ਸ਼ਲਾਘਾ ਕਰਦੇ ਹੋਏ ਬਾਹਰੋਂ ਆਏ ਵਿਦਵਾਨਾਂ ਦਾ ਇਸ ਨੂੰ ਮਾਣਨ ਲਈ ਧੰਨਵਾਦ ਕੀਤਾ। ਇਸ ਸੰਗੀਤਕ-ਸ਼ਾਮ ਦੇ ਮੁੱਖ ਮਹਿਮਾਨ ਅਤੇ ਕਾਨਫ਼ਰੰਸ ਦੇ ਚੀਫ਼ ਪੈਟਰਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਭਾਰਤ ਦੇ ਵੱਖ-ਵੱਖ ਪ੍ਰਾਤਾਂ ਤੋਂ ਪੁੱਜੇ ਬਹੁ ਭਾਸ਼ਾਈ-ਪ੍ਰੇਮੀਆਂ ਲਈ ਪੰਜਾਬੀ ਸਭਿਆਚਾਰਕ ਅਤੇ ਭਾਰਤੀ ਸੰਸਕ੍ਰਿਤੀ ਦੀ ਇਹ ਪੇਸ਼ਕਾਰੀ ਅਨੇਕਤਾ ਵਿਚ ਏਕਤਾ ਦੀ ਅਤਿ ਸੁੰਦਰ ਮਿਸਾਲ ਹੈ। ਇਸ ਸੰਗੀਤਕ ਸ਼ਾਮ ਦੇ ਕਨਵੀਨਰ ਅਤੇ ਡਾਇਰੈਕਟਰ ਯੁਵਕ ਭਲਾਈ, ਡਾ.ਭੀਮ ਇੰਦਰ ਸਿੰਘ ਨੇ ਕਿਹਾ ਕਿ ਸੰਗੀਤਕ ਪਰੰਪਰਾ ਨੇ ਯੂਨੀਵਰਸਿਟੀ ਦੀ ਸਥਾਪਨਾ ਦੇ ਮਕਸਦ ਨੂੰ ਹੋਰ ਅੱਗੇ ਵਧਾਇਆ ਹੈ। ਸਰਬ ਭਾਰਤੀ ਦ੍ਰਾਵਿੜੀਅਨ ਲਿੰਗੂਇਸਟਸ ਕਾਨਫ਼ਰੰਸ ਦੇ ਆਰਗੇਨਾਈਜਿੰਗ ਸਕੱਤਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਅਜਿਹੀਆਂ ਸੰਗੀਤਕ ਸ਼ਾਮਾਂ ਭਾਈਚਾਰਕ-ਸਾਂਝ ਦੀਆਂ ਤੰਦਾਂ ਨੂੰ ਹੋਰ ਵਧੇਰੇ ਮਜ਼ਬੂਤ ਬਣਾਉਦੀਆਂ ਹਨ।

ਦ੍ਰਾਵਿੜੀਅਨ ਲਿੰਗੂਇਸਟਿਕਸ ਐਸੋਸੀਏਸ਼ਨ ਦੀ ਤਰਫ਼ੋ ਪ੍ਰੋ. ਜੀ.ਕੇ ਪਨਿੱਕਰ ਨੇ ਸਭਿਆਚਾਰਿਕ ਪ੍ਰੋਗਰਾਮ ਦੀ ਉੱਤਮਤਾ ਦਾ ਖ਼ਾਸ਼ ਜ਼ਿਕਰ ਕਰਦੇ ਹੋਏ ਪੰਜਾਬੀ ਯੂਨੀਵਰਸਿਟੀ ਵੱਲੋਂ ਕੀਤੇ ਇਸ ਆਯੋਜਨ ਦੀ ਸਮੁੱਚੇ ਰੂਪ ਵਿਚ ਸ਼ਲਾਘਾ ਕੀਤੀ। ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਨਿਵੇਦਿਤਾ ਸਿੰਘ ਪ੍ਰੋਫ਼ੈਸਰ ਸੰਗੀਤ ਵਿਭਾਗ ਵਲੋਂ ਕੀਤਾ ਗਿਆ। ਇਸ ਮੌਕੇ ਡਾ. ਹਰਵਿੰਦਰਪਾਲ ਕੌਰ, ਮੁਖੀ ਭਾਸ਼ਾ ਵਿਗਿਆਨ ਵਿਭਾਗ, ਡਾ. ਅਜੇ ਵਰਮਾ, ਡਾ. ਰਾਜਵਿੰਦਰ ਸਿੰਘ, ਸੰਗੀਤ ਵਿਭਾਗ ਮੁਖੀ ਡਾ.ਜਯੋਤੀ ਸ਼ਰਮਾ, ਡਾ. ਦਰਸ਼ਨ ਸਿੰਘ ‘ਆਸ਼ਟ’, ਡਾ. ਜਸਵੀਰ ਕੌਰ, ਡਾ.ਵੀਰਪਾਲ ਕੌਰ ਅਤੇ ਭਾਰਤ ਦੇ ਵੱਖ-ਵੱਖ ਹਿੱਸਿਆ ਤੋਂ ਆਏ ਵਿਦਵਾਨ ਵਿਸ਼ੇਸ਼ ਰੂਪ ਵਿਚ ਹਾਜ਼ਰ ਰਹੇ। ਇਸ ਮੌਕੇ ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਕਲਾਕਾਰਾਂ ਦਾ ਸਨਮਾਨ ਵੀ ਕੀਤਾ ਗਿਆ।
Share this content:



Post Comment