ਪ੍ਰਸਿੱਧ ਚਿੱਤਰਕਾਰ ਅਰਪਿਤਾ ਸਿੰਘ ਦਾ ਦੇਹਾਂਤ
ਨਵੀਂ ਦਿੱਲੀ, 10 ਨਵੰਬਰ- ਭਾਰਤ ਦੀ ਉੱਘੀ ਆਧੁਨਿਕ ਚਿੱਤਰਕਾਰ ਅਰਪਿਤਾ ਸਿੰਘ ਦਾ ਸੋਮਵਾਰ ਨੂੰ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਦੇਹਾਂਤ ਹੋ ਗਿਆ। ਉਹ 89 ਸਾਲਾਂ ਦੇ ਸਨ। ਉਨ੍ਹਾਂ ਨੇ ਦਿੱਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਉਨ੍ਹਾਂ ਦੇ ਪਤੀ ਅਤੇ ਚਿੱਤਰਕਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਸਿਹਤ ਖ਼ਰਾਬ ਹੋਣ ਤੋਂ ਪਹਿਲਾਂ ਤੱਕ ਉਹ ਚਿੱਤਰਕਾਰੀ ਕਰਦੇ ਰਹੇ। ਉਨ੍ਹਾਂ ਦਾ ਅੰਤਿਮ ਸੰਸਕਾਰ ਲੋਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ।ਉਨ੍ਹਾਂ ਦੀ ਇਕਲੌਤੀ ਧੀ ਅੰਜੁਮ ਜੋ ਚਿੱਤਰਕਾਰ ਸੀ, ਦੀ ਸਾਲ 2020 ਵਿੱਚ ਕੈਂਸਰ ਕਾਰਨ ਮੌਤ ਹੋ ਗਈ ਸੀ। ਅਰਪਿਤਾ ਦਾ ਜਨਮ 1937 ਵਿੱਚ ਪੱਛਮੀ ਬੰਗਾਲ ਵਿੱਚ ਹੋਇਆ। ਉਹ 1946 ਵਿੱਚ ਪਰਿਵਾਰ ਸਮੇਤ ਦਿੱਲੀ ਆ ਗਏ। ਉਨ੍ਹਾਂ ਨੇ 1959 ਵਿੱਚ ਦਿੱਲੀ ਪੌਲੀਟੈਕਨਿਕ ਸਕੂਲ ਆਫ ਆਰਟ ਤੋਂ ਫਾਈਨ ਆਰਟਸ ਵਿੱਚ ਡਿਪਲੋਮਾ ਹਾਸਲ ਕੀਤਾ। ਉਨ੍ਹਾਂ ਆਪਣੀਆਂ ਕਲਾਕ੍ਰਿਤਾਂ ਵਿੱਚ ਜੰਗ, ਫਿਰਕੂਵਾਦ, ਔਰਤਾਂ ਦੀ ਜ਼ਿੰਦਗੀ ਅਤੇ ਸਮਾਜਿਕ ਸੰਕਟਾਂ ਨੂੰ ਵਿਲੱਖਣ ਅੰਦਾਜ਼ ਵਿੱਚ ਦਰਸਾਇਆ। ਉਨ੍ਹਾਂ ਦੀ ਪ੍ਰਸਿੱਧ ਪੇਂਟਿੰਗ ‘ਵਿਸ਼ ਡਰੀਮ’ 2010 ਵਿੱਚ 9.6 ਕਰੋੜ ਰੁਪਏ ਵਿੱਚ ਵਿਕੀ ਸੀ। ਉਨ੍ਹਾਂ ਦੀ ਇੱਕ ਹੋਰ ਕਲਾਕ੍ਰਿਤ ‘ਆਬਜੈਕਟਸ ਵਿਦ ਐਂਡ ਵਿਦਆਊਟ ਸ਼ੈਡੋਜ਼’ 2025 ਵਿੱਚ 16.50 ਕਰੋੜ ਰੁਪਏ ਵਿੱਚ ਨੀਲਾਮ ਹੋਈ ਸੀ। ਕਲਾ ਦੇ ਖੇਤਰ ਵਿੱਚ ਯੋਗਦਾਨ ਲਈ ਉਨ੍ਹਾਂ ਨੂੰ 2011 ਵਿੱਚ ਪਦਮ ਭੂਸ਼ਣ ਅਤੇ 2014 ਵਿੱਚ ਲਲਿਤ ਕਲਾ ਅਕਾਦਮੀ ਫੈਲੋਸ਼ਿਪ ਨਾਲ ਸਨਮਾਨਿਤ ਕੀਤਾ ਗਿਆ ਸੀ।
ਉਨ੍ਹਾਂ ਦੇ ਦੇਹਾਂਤ ’ਤੇ ਕਲਾ ਜਗਤ ਦੀਆਂ ਕਈ ਸ਼ਖ਼ਸੀਅਤਾਂ ਨੇ ਦੁੱਖ ਪ੍ਰਗਟਾਇਆ। ਕਲਾ ਕਿਊਰੇਟਰ ਉਮਾ ਨਾਇਰ ਨੇ ਉਨ੍ਹਾਂ ਨੂੰ ਸਮਕਾਲੀ ਭਾਰਤੀ ਕਲਾ ਦੀ ਮਹਾਨ ਕਲਾਕਾਰ ਕਰਾਰ ਦਿੱਤਾ। ਉਨ੍ਹਾਂ ਦੇ ਦੇਹਾਂਤ ਨੂੰ ਭਾਰਤੀ ਸੱਭਿਆਚਾਰ ਲਈ ਵੱਡਾ ਘਾਟਾ ਦੱਸਿਆ ਗਿਆ।
Share this content:



Post Comment