ਪ੍ਰਤਾਪ ਸਿੰਘ ਬਾਜਵਾ ਵੱਲੋਂ ਅਕਾਲੀ-ਭਾਜਪਾ ਗੱਠਜੋੜ ਸਿਆਸੀ ਸਹੂਲਤ ਦਾ ਸਮਝੌਤਾ ਕਰਾਰ
ਚੰਡੀਗੜ੍ਹ, 24 ਨਵੰਬਰ – ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗਲਵਾਰ ਨੂੰ ਸ਼੍ਰੋਮਣੀ ਅਕਾਲੀ ਦਲ (ਸ਼ਿਅਦ) ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਮੁੜ ਗੱਠਜੋੜ ਕਰਨ ਦੇ ਫ਼ੈਸਲੇ ’ਤੇ ਤਿੱਖਾ ਹਮਲਾ ਬੋਲਦਿਆਂ ਇਸ ਨੂੰ ਪੰਜਾਬ ਦੇ ਲੋਕਾਂ ਦਾ ਭਰੋਸਾ ਗੁਆ ਚੁੱਕੀਆਂ ਦੋ ਪਾਰਟੀਆਂ ਵੱਲੋਂ ਆਪਣੀ ਸਿਆਸੀ ਹੋਂਦ ਬਚਾਉਣ ਦੀ ਬੇਚੈਨ ਕੋਸ਼ਿਸ਼ ਕਰਾਰ ਦਿੱਤਾ ਹੈ। ਬਾਜਵਾ ਨੇ ਕਿਹਾ ਕਿ ਦੋਵੇਂ ਪਾਰਟੀਆਂ ਚੰਗੀ ਤਰ੍ਹਾਂ ਜਾਣਦੀਆਂ ਹਨ ਕਿ ਪੰਜਾਬੀਆਂ ਨੇ ਉਨ੍ਹਾਂ ਦੀ ਸਿਆਸਤ ਨੂੰ ਨਕਾਰ ਦਿੱਤਾ ਹੈ ਅਤੇ ਦੋਵਾਂ ਵਿੱਚੋਂ ਕੋਈ ਵੀ ਇਕੱਲਿਆਂ ਆਪਣੀ ਗੁਆਚੀ ਸਿਆਸੀ ਜ਼ਮੀਨ ਮੁੜ ਹਾਸਲ ਨਹੀਂ ਕਰ ਸਕਦੀ। ਇਸ ਲਈ ਇਹ ਮੁੜ ਮਿਲਾਪ ਪੰਜਾਬ ਜਾਂ ਇੱਥੋਂ ਦੇ ਲੋਕਾਂ ਪ੍ਰਤੀ ਕਿਸੇ ਸਾਂਝੀ ਵਚਨਬੱਧਤਾ ਤੋਂ ਪ੍ਰੇਰਿਤ ਨਹੀਂ, ਸਗੋਂ ਸੂਬੇ ਵਿੱਚ ਆਪਣੇ ਸਿਆਸੀ ਖ਼ਾਤਮੇ ਨੂੰ ਰੋਕਣ ਦੀ ਆਪਸੀ ਮਜਬੂਰੀ ਦਾ ਨਤੀਜਾ ਹੈ। ਉਨ੍ਹਾਂ ਕਿਹਾ, “ਇਹ ਦੋ ਨਕਾਰੀਆਂ ਹੋਈਆਂ ਸਿਆਸੀ ਤਾਕਤਾਂ ਵਿਚਾਲੇ ਸਿਆਸੀ ਸਹੂਲਤ ਦੇ ਵਿਆਹ ਤੋਂ ਵੱਧ ਕੁਝ ਨਹੀਂ ਹੈ। ਪੰਜਾਬ ਦਾ ਸਿਆਸੀ ਗਣਿਤ ਬਿਲਕੁਲ ਸਪੱਸ਼ਟ ਹੈ: ਜ਼ੀਰੋ ਜਮ੍ਹਾਂ ਜ਼ੀਰੋ ਬਰਾਬਰ ਜ਼ੀਰੋ। ਕੋਈ ਵੀ ਸਿਆਸੀ ਜੋੜ-ਤੋੜ ਉਹ ਜਨਤਕ ਸਮਰਥਨ ਪੈਦਾ ਨਹੀਂ ਕਰ ਸਕਦਾ ਜੋ ਮੌਜੂਦ ਹੀ ਨਹੀਂ ਹੈ।
ਕਿਸਾਨੀ ਮੁੱਦਿਆਂ ਤੇ ਐੱਮ.ਐੱਸ.ਪੀ. ਗਾਰੰਟੀ ਬਾਰੇ ਸੁਖਬੀਰ ਬਾਦਲ ਨੂੰ ਸਵਾਲ
ਸਤੰਬਰ 2020 ਵਿੱਚ ਦੋਵਾਂ ਪਾਰਟੀਆਂ ਦੇ ਵੱਖ ਹੋਣ ਦੇ ਹਾਲਾਤਾਂ ਦਾ ਹਵਾਲਾ ਦਿੰਦਿਆਂ ਬਾਜਵਾ ਨੇ ਇਸ ਗੱਠਜੋੜ ਦੀ ਵਿਚਾਰਧਾਰਕ ਭਰੋਸੇਯੋਗਤਾ ’ਤੇ ਸਵਾਲ ਉਠਾਏ। ਜ਼ਿਕਰਯੋਗ ਹੈ ਕਿ ਉਸ ਵੇਲੇ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਨੂੰ ਕਿਸਾਨ ਤੇ ਪੰਜਾਬ ਵਿਰੋਧੀ ਦੱਸਦਿਆਂ ਐੱਨ.ਡੀ.ਏ. ਛੱਡ ਦਿੱਤਾ ਸੀ ਅਤੇ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫ਼ਾ ਦੇ ਦਿੱਤਾ ਸੀ। ਬਾਜਵਾ ਨੇ ਪੁੱਛਿਆ, “ਉਸ ਸਮੇਂ ਸੁਖਬੀਰ ਬਾਦਲ ਨੇ ਪੰਜਾਬੀਆਂ ਨੂੰ ਕਿਹਾ ਸੀ ਕਿ ਉਹ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਐੱਨ.ਡੀ.ਏ. ਛੱਡ ਰਹੇ ਹਨ ਅਤੇ ਭਾਜਪਾ ਨੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਅੱਜ ਉਹ ਉਸੇ ਭਾਜਪਾ ਲੀਡਰਸ਼ਿਪ ਦੇ ਨਾਲ ਬੈਠੇ ਹਨ। ਹੁਣ ਕੀ ਬਦਲ ਗਿਆ ਹੈ? ਕੀ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਹੋ ਗਈਆਂ ਹਨ? ਕੀ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ ਮਿਲ ਗਈ ਹੈ? ਜਾਂ ਫਿਰ ਬਾਦਲ ਪਰਿਵਾਰ ਦੀਆਂ ਸਿਆਸੀ ਮਜਬੂਰੀਆਂ ਅਚਾਨਕ ਪੰਜਾਬ ਦੇ ਕਿਸਾਨਾਂ ਦੇ ਹਿੱਤਾਂ ਨਾਲੋਂ ਵੱਡੀਆਂ ਹੋ ਗਈਆਂ ਹਨ?” ਉਨ੍ਹਾਂ ਮੰਗ ਕੀਤੀ ਕਿ ਸੁਖਬੀਰ ਬਾਦਲ ਸਪੱਸ਼ਟ ਕਰਨ ਕਿ ਖੇਤੀਬਾੜੀ ਅਤੇ ਕਿਸਾਨੀ ਹੱਕਾਂ ਬਾਰੇ ਭਾਜਪਾ ਦੇ ਰੁਖ਼ ਵਿੱਚ ਕੀ ਬੁਨਿਆਦੀ ਬਦਲਾਅ ਆਇਆ ਹੈ।
ਅਗਨੀਵੀਰ ਸਕੀਮ ਰੱਦ ਕਰਵਾਉਣ ਤੇ ਵਪਾਰਕ ਰਸਤੇ ਖੁੱਲ੍ਹਵਾਉਣ ਦੀ ਚੁਣੌਤੀ
ਵਿਰੋਧੀ ਧਿਰ ਦੇ ਨੇਤਾ ਨੇ ਸੁਖਬੀਰ ਬਾਦਲ ਨੂੰ ਅਗਨੀਪਥ ਸਕੀਮ ’ਤੇ ਆਪਣਾ ਸਟੈਂਡ ਸਪੱਸ਼ਟ ਕਰਨ ਦੀ ਚੁਣੌਤੀ ਦਿੰਦਿਆਂ ਪੁੱਛਿਆ ਕਿ ਕੀ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲੋਂ ਅਗਨੀਵੀਰ ਸਕੀਮ ਰੱਦ ਕਰਵਾ ਕੇ ਫ਼ੌਜ ਵਿੱਚ ਪੱਕੀ ਭਰਤੀ ਬਹਾਲ ਕਰਵਾਉਣ ਦੀ ਹਿੰਮਤ ਦਿਖਾਉਣਗੇ, ਜਾਂ ਆਪਣੇ ਸਿਆਸੀ ਗੱਠਜੋੜ ਨੂੰ ਬਚਾਉਣ ਲਈ ਚੁੱਪ ਰਹਿਣਗੇ। ਪੰਜਾਬ ਦੇ ਆਰਥਿਕ ਭਵਿੱਖ ਦਾ ਮੁੱਦਾ ਉਠਾਉਂਦਿਆਂ ਬਾਜਵਾ ਨੇ ਸਵਾਲ ਕੀਤਾ ਕਿ ਕੀ ਇਸ ਨਵੇਂ ਗੱਠਜੋੜ ਸਦਕਾ ਕਰਤਾਰਪੁਰ ਲਾਂਘੇ ਸਮੇਤ ਪੰਜਾਬ ਦੇ ਸਰਹੱਦੀ ਵਪਾਰਕ ਰਸਤੇ ਮੁੜ ਖੁੱਲ੍ਹਣਗੇ? ਉਨ੍ਹਾਂ ਕਿਹਾ ਕਿ ਪੰਜਾਬ ਇਤਿਹਾਸਕ ਤੌਰ ’ਤੇ ਮੱਧ ਏਸ਼ੀਆ ਅਤੇ ਯੂਰੇਸ਼ੀਆ ਲਈ ਭਾਰਤ ਦਾ ਕੁਦਰਤੀ ਪ੍ਰਵੇਸ਼ ਦੁਆਰ ਰਿਹਾ ਹੈ ਅਤੇ ਵਾਹਗਾ-ਅਟਾਰੀ ਰਸਤੇ ਰਾਹੀਂ ਪੰਜਾਬ ਨੂੰ ਵੱਡਾ ਵਪਾਰਕ ਧੁਰਾ ਬਣਾਉਣ ਦੀ ਅਥਾਹ ਸਮਰੱਥਾ ਹੈ। ਉਨ੍ਹਾਂ ਪੁੱਛਿਆ ਕਿ ਕੀ ਸੁਖਬੀਰ ਬਾਦਲ ਕੇਂਦਰ ਸਰਕਾਰ ਨੂੰ 2019 ਵਿੱਚ ਰੋਕੇ ਗਏ ਸਰਹੱਦੀ ਵਪਾਰ ਨੂੰ ਮੁੜ ਬਹਾਲ ਕਰਨ ਲਈ ਮਨਾਉਣਗੇ ਜਾਂ ਸਿਆਸੀ ਸਹੂਲਤ ਖ਼ਾਤਰ ਮੁੜ ਪੰਜਾਬ ਦੇ ਆਰਥਿਕ ਹਿੱਤਾਂ ਦੀ ਬਲੀ ਦਿੱਤੀ ਜਾਵੇਗੀ।
2029 ਤੱਕ ਨਸ਼ਾ ਮੁਕਤ ਪੰਜਾਬ ਬਣਾਉਣ ਦੇ ਅਮਿਤ ਸ਼ਾਹ ਦੇ ਦਾਅਵੇ ’ਤੇ ਨਿਸ਼ਾਨਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ 31 ਦਸੰਬਰ, 2029 ਤੱਕ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਐਲਾਨ ’ਤੇ ਭਾਜਪਾ ਨੂੰ ਘੇਰਦਿਆਂ ਬਾਜਵਾ ਨੇ ਨਸ਼ਿਆਂ ਦੇ ਖ਼ਾਤਮੇ ਨੂੰ ਸੱਤਾ ਪ੍ਰਾਪਤੀ ਦੀ ਸ਼ਰਤ ਬਣਾਉਣ ਦੇ ਤਰਕ ’ਤੇ ਸਵਾਲ ਚੁੱਕੇ। ਉਨ੍ਹਾਂ ਪੁੱਛਿਆ, “ਕੀ ਅਮਿਤ ਸ਼ਾਹ ਦਾ ਮਤਲਬ ਹੈ ਕਿ ਪੰਜਾਬੀ ਪਹਿਲਾਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੋਟ ਪਾਉਣ ਅਤੇ ਫਿਰ ਨਸ਼ਾ ਮੁਕਤ ਪੰਜਾਬ ਲਈ 31 ਦਸੰਬਰ, 2029 ਤੱਕ ਇੰਤਜ਼ਾਰ ਕਰਨ? ਕੀ ਭਾਜਪਾ ਇਹ ਕਹਿਣਾ ਚਾਹੁੰਦੀ ਹੈ ਕਿ ਕੇਂਦਰ ਵਿੱਚ ਸੱਤਾ ਤੇ ਕੇਂਦਰੀ ਜਾਂਚ ਏਜੰਸੀਆਂ ’ਤੇ ਕੰਟਰੋਲ ਹੋਣ ਦੇ ਬਾਵਜੂਦ ਉਹ ਨਸ਼ਿਆਂ ਵਿਰੁੱਧ ਕਾਰਵਾਈ ਨਹੀਂ ਕਰ ਸਕਦੀ?”
Share this content:



Post Comment