Loading Now

ਪਾਕਿਸਤਾਨ ਸੁਧਰਨ ਵਾਲਾ ਨਹੀਂ

ਪਾਕਿਸਤਾਨ ਸੁਧਰਨ ਵਾਲਾ ਨਹੀਂ

ਭਾਰਤ ਦੇ ਸਾਹਮਣੇ ਚੁਣੌਤੀ ਸਿਰਫ਼ ਅੱਤਵਾਦੀ ਹਮਲਿਆਂ ਦਾ ਜਵਾਬ ਦੇਣ ਦੀ ਨਹੀਂ ਸਗੋਂ ਉਨ੍ਹਾਂ ਨੂੰ ਪਹਿਲਾਂ ਤੋਂ ਭਾਂਪ ਕੇ ਨਾਕਾਮ ਕਰਨ ਦੀ ਵੀ ਹੈ। ਹਾਲ ਹੀ ’ਚ ‘ਆਪ੍ਰੇਸ਼ਨ ਸਿੰਧੂਰ’ ਦੇ ਇਕ ਸਾਲ ਪੂਰੇ ਹੋਣ ਦੇ ਮੌਕੇ ’ਤੇ ਸਾਰਿਆਂ ਨੇ ਇਸ ਨੂੰ ਯਾਦ ਕੀਤਾ ਕਿ ਭਾਰਤ ਨੇ ਕਿਵੇਂ ਪਾਕਿਸਤਾਨ ਨੂੰ ਧੂੜ ਚਟਾਈ ਸੀ ਪਰ ਸਾਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਪਾਕਿਸਤਾਨ ਦੀ ਫ਼ਿਤਰਤ ਅਜੇ ਵੀ ਨਹੀਂ ਬਦਲੀ ਹੈ। ਇਸ ਦਾ ਸਬੂਤ ਪਾਕਿਸਤਾਨੀ ਫ਼ੌਜ ਦੇ ਮੁਖੀ ਆਸਿਮ ਮੁਨੀਰ ਦਾ ਇਹ ਬਿਆਨ ਹੈ ਕਿ ਜੇਕਰ ਪਾਕਿਸਤਾਨ ’ਤੇ ਫਿਰ ਹਮਲਾ ਹੁੰਦਾ ਹੈ ਤਾਂ ਜਵਾਬ ਬਹੁਤ ਵਿਆਪਕ, ਖ਼ਤਰਨਾਕ, ਦੂਰਗਾਮੀ ਅਤੇ ਦਰਦਨਾਕ ਹੋਣਗੇ। ਅਸੀਂ ਇਸ ਦੀ ਵੀ ਅਣਦੇਖੀ ਨਹੀਂ ਕਰ ਸਕਦੇ ਕਿ ਪਾਕਿਸਤਾਨ ਸਮਰਥਿਤ ਅੱਤਵਾਦੀ ਨੈੱਟਵਰਕ ਅਜੇ ਵੀ ਸਰਗਰਮ ਹਨ।

ਉਸ ਦੀ ਬਦਨਾਮ ਖ਼ੁਫ਼ੀਆ ਏਜੰਸੀ ਆਈਐੱਸਆਈ ਭਾਰਤ ਵਿਰੋਧੀ ਗਤੀਵਿਧੀਆਂ ਵਿਚ ਪਹਿਲਾਂ ਦੀ ਤਰ੍ਹਾਂ ਹੀ ਸ਼ਾਮਲ ਹੈ ਅਤੇ ਅਮਰੀਕੀ ਸਮਰਥਨ ਕਾਰਨ ਉਸ ਦਾ ਮਨੋਬਲ ਵਧਿਆ ਹੋਇਆ ਹੈ। ਇਹ ਮੰਨ ਲੈਣਾ ਠੀਕ ਨਹੀਂ ਹੋਵੇਗਾ ਕਿ ਪਾਕਿਸਤਾਨ ਸੁਧਰਨ ਵਾਲਾ ਹੈ। ਪਿਛਲੇ ਸਾਲ ਦਿੱਲੀ ਵਿਚ ਲਾਲ ਕਿਲ੍ਹੇ ਦੇ ਨੇੜੇ ਹੋਏ ਵਿਸਫੋਟ ਅਤੇ ਸਫੈਦਪੋਸ਼ ਅੱਤਵਾਦੀ ਮਾਡਿਊਲ ਦਾ ਸਾਹਮਣੇ ਆਉਣਾ ਇਹੀ ਜ਼ਾਹਰ ਕਰਦਾ ਹੈ ਕਿ ਅੱਤਵਾਦ ਦਾ ਖ਼ਤਰਾ ਬਣਿਆ ਹੋਇਆ ਹੈ। ਪਿਛਲੇ ਕੁਝ ਸਮੇਂ ਵਿਚ ਐੱਨਆਈਏ ਅਤੇ ਵੱਖ-ਵੱਖ ਰਾਜਾਂ ਦੀ ਪੁਲਿਸ ਦੁਆਰਾ ਕਈ ਸ਼ੱਕੀ ਅੱਤਵਾਦੀਆਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ। ਇਹ ਹਥਿਆਰਾਂ ਦੀ ਵਿਵਸਥਾ, ਲਾਜਿਸਟਿਕਸ ਮੈਨੇਜਮੈਂਟ ਅਤੇ ਅੱਤਵਾਦੀ ਯੋਜਨਾਵਾਂ ਨੂੰ ਲਾਗੂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਸਨ।

ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਅੱਤਵਾਦ ਨਾਲ ਜੁੜੇ ਵਿਅਕਤੀਆਂ ਦੀ ਬਦਲਦੀ ਪ੍ਰੋਫਾਈਲ ਹੈ। ਕੁਝ ਮੁਲਜ਼ਮ ਪੜ੍ਹੇ-ਲਿਖੇ ਪੇਸ਼ੇਵਰ ਸਨ ਜਿਨ੍ਹਾਂ ਵਿਚ ਡਾਕਟਰ ਅਤੇ ਤਕਨੀਕੀ ਤੌਰ ’ਤੇ ਮਾਹਿਰ ਵਿਅਕਤੀ ਵੀ ਸ਼ਾਮਲ ਸਨ। ਇਹ ਵ੍ਹਾਈਟ ਕਾਲਰ ਟੈਰੇਰਿਜ਼ਮ ਦੀ ਵਧਦੀ ਪੈਂਠ ਨੂੰ ਦਰਸਾਉਂਦਾ ਹੈ ਜਿੱਥੇ ਸੂਚਨਾ ਟੈਕਨਾਲੋਜੀ, ਇੰਜੀਨੀਅਰਿੰਗ ਅਤੇ ਵਿੱਤੀ ਸਮਰੱਥਾ ਦਾ ਇਸਤੇਮਾਲ ਅੱਤਵਾਦੀ ਗਤੀਵਿਧੀਆਂ ਵਿਚ ਕੀਤਾ ਜਾ ਰਿਹਾ ਹੈ। ਅਜਿਹੇ ਤੱਤਾਂ ਦੀ ਪਛਾਣ ਕਰਨਾ ਵਧੇਰੇ ਮੁਸ਼ਕਲ ਹੁੰਦਾ ਹੈ ਕਿਉਂਕਿ ਉਹ ਵਾਜਬ ਸੰਸਥਾਗਤ ਢਾਂਚਿਆਂ ਦੇ ਅੰਦਰ ਰਹਿ ਕੇ ਬਹੁਤ ਹੀ ਲੋਅ-ਪ੍ਰੋਫਾਈਲ ਹੋ ਕੇ ਕੰਮ ਕਰਦੇ ਹਨ। ਭਾਰਤ ਵਿਚ ਇਸਲਾਮਿਕ ਸਟੇਟ ਨਾਲ ਜੁੜੇ ਮਾਡਿਊਲ ਵੀ ਸਰਗਰਮ ਦਿਖਾਈ ਦੇ ਰਹੇ ਹਨ। ਅਜਿਹੇ ਸਲੀਪਰ ਸੈੱਲ ਸਾਹਮਣੇ ਆਏ ਹਨ ਜੋ ਭਰਤੀ, ਨਿਗਰਾਨੀ ਅਤੇ ਵਿਸਫੋਟਕ ਸਿਖਲਾਈ ਵਰਗੀਆਂ ਗਤੀਵਿਧੀਆਂ ਵਿਚ ਸ਼ਾਮਲ ਸਨ। ਵੱਖ-ਵੱਖ ਰਾਜਾਂ ਵਿਚ ਹੋਈਆਂ ਗ੍ਰਿਫ਼ਤਾਰੀਆਂ ਇਹ ਵੀ ਦਰਸਾਉਂਦੀਆਂ ਹਨ ਕਿ ਇਹ ਅਲੱਗ-ਅਲੱਗ ਸਮੂਹ ਨਹੀਂ, ਸਗੋਂ ਵਿਆਪਕ ਅਤੇ ਪਰਸਪਰ ਜੁੜੇ ਨੈੱਟਵਰਕ ਦਾ ਹਿੱਸਾ ਹਨ।

ਅੱਜ ਅੱਤਵਾਦ ਤੇਜ਼ੀ ਨਾਲ ਆਪਣਾ ਸਰੂਪ ਬਦਲ ਰਿਹਾ ਹੈ। ਇਹ ਹੁਣ ਸਿਰਫ਼ ਬੰਦੂਕ ਅਤੇ ਬੰਬ ਤੱਕ ਸੀਮਤ ਨਹੀਂ ਰਿਹਾ, ਸਗੋਂ ਵਧੇਰੇ ਵਿਕੇਂਦ੍ਰਿਤ, ਤਕਨੀਕ-ਆਧਾਰਤ ਅਤੇ ਪਕੜ ਤੋਂ ਬਚਣ ਵਾਲਾ ਸਰੂਪ ਲੈ ਚੁੱਕਾ ਹੈ। ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵੀ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਏਕੇ-47 ਵਰਗੇ ਹਥਿਆਰਾਂ ਦੀ ਬਰਾਮਦਗੀ ਨੇ ਸੀਮਾ ਪਾਰ ਨਾਲ ਜੁੜੇ ਸੰਗਠਿਤ ਸਪਲਾਈ ਨੈੱਟਵਰਕ ਨੂੰ ਉਜਾਗਰ ਕੀਤਾ ਹੈ ਜੋ ਬਾਹਰਲੇ ਸਮਰਥਨ ਅਤੇ ਘਰੇਲੂ ਨੈੱਟਵਰਕਾਂ ਦੇ ਗੱਠਜੋੜ ਨੂੰ ਰੇਖਾਂਕਿਤ ਕਰਦਾ ਹੈ। ਸਾਫ਼ ਹੈ ਕਿ ਭਰਤੀ, ਫੰਡਿੰਗ, ਲਾਜਿਸਟਿਕਸ ਅਤੇ ਲਾਗੂ ਕਰਨ ਦਾ ਇਕ ਬਹੁਤ ਜ਼ਿਆਦਾ ਸੁਚੱਜਾ ਤੰਤਰ ਸਰਗਰਮ ਹੈ। ਇਹ ਵਧਦੀ ਹੋਈ ਉੱਨਤ ਰਣਨੀਤੀ ਅੱਤਵਾਦੀ ਢਾਂਚੇ ਦੀਆਂ ਬਰੀਕੀਆਂ ਵਿਚ ਵੀ ਜ਼ਾਹਰ ਹੋ ਰਹੀ ਹੈ।

ਮਾਰਚ ਵਿਚ ਦਿੱਲੀ ਕੈਂਟ ਰੇਲਵੇ ਸਟੇਸ਼ਨ ’ਤੇ ਆਈਐੱਸਆਈ ਨਾਲ ਜੁੜੀ ਇਕ ਜਾਸੂਸੀ ਸਾਜ਼ਿਸ਼ ਦਾ ਖ਼ੁਲਾਸਾ ਹੋਇਆ ਸੀ ਜਿਸ ਵਿਚ ਗੁਪਤ ਰੂਪ ਵਿਚ ਲਗਾਏ ਗਏ ਸੋਲਰ ਪਾਵਰਡ ਸੀਸੀਟੀਵੀ ਕੈਮਰਿਆਂ ਦਾ ਇਸਤੇਮਾਲ ਕਰ ਕੇ ਫ਼ੌਜੀ ਗਤੀਵਿਧੀਆਂ ਦੀ ਰੀਅਲ-ਟਾਈਮ ਫੁਟੇਜ ਪਾਕਿਸਤਾਨੀ ਹੈਂਡਲਰਾਂ ਤੱਕ ਭੇਜੀ ਜਾ ਰਹੀ ਸੀ। ਇਹ ਦਰਸਾਉਂਦਾ ਹੈ ਕਿ ਨਿਗਰਾਨੀ ਗਤੀਵਿਧੀਆਂ ਹੁਣ ਵਧੇਰੇ ਗੁਪਤ ਅਤੇ ਤਕਨੀਕ ਆਧਾਰਤ ਹੁੰਦੀਆਂ ਜਾ ਰਹੀਆਂ ਹਨ। ਅਜਿਹੇ ਉਪਕਰਨ ਫ਼ੌਜੀ ਗਤੀਵਿਧੀਆਂ ਦਾ ਨਕਸ਼ਾ ਬਣਾਉਣ, ਕਮਜ਼ੋਰੀਆਂ ਦੀ ਪਛਾਣ ਕਰਨ ਅਤੇ ਭਵਿੱਖ ਦੇ ਹਮਲਿਆਂ ਵਿਚ ਸਹਾਇਤਾ ਕਰ ਸਕਦੇ ਹਨ। ਕਿਉਂਕਿ ਛੋਟੀਆਂ ਘਟਨਾਵਾਂ ਵੀ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਹੋ ਸਕਦੀਆਂ ਹਨ, ਇਸ ਲਈ ਨਿਰੰਤਰ ਚੌਕਸੀ ਬੇਹੱਦ ਜ਼ਰੂਰੀ ਹੈ। ਇਕ ਹੋਰ ਗੰਭੀਰ ਚਿੰਤਾ ਵਾਜਬ ਵਪਾਰਕ ਪਲੇਟਫਾਰਮਾਂ ਦੇ ਦੁਰਉਪਯੋਗ ਦੀ ਹੈ ਜਿਸ ਨੂੰ ਕਾਰਪੋਰੇਟ ਜਹਾਦ ਦੇ ਰੂਪ ਵਿਚ ਵੀ ਦੇਖਿਆ ਜਾਂਦਾ ਹੈ।

ਨਾਸਿਕ ਸਥਿਤ ਇਕ ਬੀਪੀਓ ਨਾਲ ਜੁੜੇ ਮਾਮਲੇ ਨੇ ਇਹ ਦਿਖਾਇਆ ਕਿ ਕਿਸ ਤਰ੍ਹਾਂ ਪ੍ਰੋਫੈਸ਼ਨਲ ਸੰਸਥਾਵਾਂ ਦਾ ਇਸਤੇਮਾਵ ਨੈੱਟਵਰਕ ਤਿਆਰ ਕਰਨ ਅਤੇ ਅੱਤਵਾਦੀ ਗਤੀਵਿਧੀਆਂ ਨੂੰ ਢਕਣ ਲਈ ਕੀਤਾ ਜਾ ਸਕਦਾ ਹੈ। ਇਹ ਦਰਸਾਉਂਦਾ ਹੈ ਕਿ ਅੱਤਵਾਦੀ ਰਣਨੀਤੀਆਂ ਹੁਣ ਰਵਾਇਕੀ ਤਰੀਕਿਆਂ ਨਾਲੋਂ ਕਾਫ਼ੀ ਅੱਗੇ ਵਧ ਚੁੱਕੀਆਂ ਹਨ। ਡਿਜੀਟਲ ਕੱਟੜਪੰਥ ਵੀ ਤੇਜ਼ੀ ਨਾਲ ਵਧਦਾ ਖ਼ਤਰਾ ਬਣ ਚੁੱਕਾ ਹੈ। ਆਨਲਾਈਨ ਪ੍ਰਚਾਰ, ਐਨਕ੍ਰਿਪਟਡ ਪਲੇਟਫਾਰਮ ਅਤੇ ਟੀਚੇ ਵਾਲੇ ਸੰਦੇਸ਼ਾਂ ਜ਼ਰੀਏ ਨੌਜਵਾਨਾਂ ਨੂੰ ਪ੍ਰਭਾਵਿਤ ਅਤੇ ਭਰਤੀ ਕੀਤਾ ਜਾ ਰਿਹਾ ਹੈ। ਇਸ ਨਾਲ ਅੱਤਵਾਦ ਦਾ ਖ਼ਤਰਾ ਵਧੇਰੇ ਵਿਆਪਕ, ਅਦ੍ਰਿਸ਼ ਅਤੇ ਦੀਰਘਕਾਲੀ ਬਣ ਗਿਆ ਹੈ। ਪਾਕਿਸਤਾਨ ਵੱਲੋਂ ਖ਼ਾਲਿਸਤਾਨ ਵਰਗੇ ਪੁਰਾਣੇ ਮੁੱਦੇ ਨੂੰ ਦੁਬਾਰਾ ਜੀਵਤ ਕਰਨ ਦੇ ਯਤਨ ਜਾਰੀ ਹਨ, ਜਿਸ ਨਾਲ ਭਾਰਤ ਵਿਚ ਮਾਹੌਲ ਖ਼ਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਚੰਡੀਗੜ੍ਹ ਵਿਚ ਭਾਜਪਾ ਦਫ਼ਤਰ ਦੇ ਨੇੜੇ ਵਿਸਫੋਟ, ਜਲੰਧਰ ਵਿਚ ਬੀਐੱਸਐੱਫ ਹੈੱਡ ਕੁਆਰਟਰ ਦੇ ਬਾਹਰ ਧਮਾਕਾ ਅਤੇ ਆਈਐੱਸਆਈ ਸਮਰਥਿਤ ਮਾਡਿਊਲਾਂ ਦਾ ਪਦਰਾਫਾਸ਼ ਇਸੇ ਪ੍ਰਵਿਰਤੀ ਨੂੰ ਦਰਸਾਉਂਦੇ ਹਨ। ਇਨ੍ਹਾਂ ਗਤੀਵਿਧੀਆਂ ਨੂੰ ਡਿਜੀਟਲ ਮਾਧਿਅਮ ਨਾਲ ਸਮਾਜਿਕ ਪਾਟੋਧਾੜ ਨੂੰ ਡੂੰਘਾ ਕਰਨ ਅਤੇ ਜਨਮਤ ਪ੍ਰਭਾਵਿਤ ਕਰਨ ਦੇ ਹਿੱਸੇ ਵਜੋਂ ਵੀ ਸਮਝਿਆ ਜਾ ਰਿਹਾ ਹਨ। ਅਜਿਹੇ ਵਿਚ ਭਾਰਤ ਕਿਸੇ ਵੀ ਕਿਸਮ ਦੀ ਆਤਮ-ਸੰਤੁਸ਼ਟੀ ਦਾ ਜੋਖ਼ਮ ਨਹੀਂ ਲੈ ਸਕਦਾ।

ਆਪ੍ਰੇਸ਼ਨ ਸਿੰਧੂਰ ਦੀ ਸਫਲਤਾ ਨੂੰ ਇਕ ਮਜ਼ਬੂਤ ਅਤੇ ਆਧੁਨਿਕ ਅੰਦਰੂਨੀ ਸੁਰੱਖਿਆ ਢਾਂਚੇ ਦਾ ਸਮਰਥਨ ਮਿਲਣਾ ਜ਼ਰੂਰੀ ਹੈ। ਵੱਖ-ਵੱਖ ਏਜੰਸੀਆਂ ਵਿਚਕਾਰ ਬਿਹਤਰ ਸਹਿਯੋਗ, ਰੀਅਲ-ਟਾਈਮ ਖ਼ੁਫ਼ੀਆ ਜਾਣਕਾਰੀਆਂ ਨੂੰ ਸਾਂਝਾ ਕਰਨਾ ਅਤੇ ਉੱਨਤ ਤਕਨੀਕ ਦਾ ਇਸਤੇਮਾਲ ਸਮਾਂ ਰਹਿੰਦਿਆਂ ਖ਼ਤਰੇ ਦੀ ਪਛਾਣ ਲਈ ਬਹੁਤ ਜ਼ਰੂਰੀ ਹੈ। ਇਸ ਲੜੀ ਵਿਚ ‘ਪ੍ਰਹਾਰ’ ਵਰਗੇ ਤੁਰੰਤ ਪ੍ਰਤੀਕਿਰਿਆ ਤੰਤਰ ਜ਼ਰੂਰਤ ਪੈਣ ’ਤੇ ਤੁਰੰਤ ਕਾਰਵਾਈ ਯਕੀਨੀ ਬਣਾ ਸਕਦੇ ਹਨ। ਇਸ ਦੇ ਨਾਲ-ਨਾਲ ਕੱਟੜਪੰਥ ਦੇ ਮੂਲ ਕਾਰਨਾਂ ’ਤੇ ਵੀ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨਾ ਹੋਵੇਗਾ। ਨੌਜਵਾਨਾਂ ਨੂੰ ਅੱਤਵਾਦ ਅਤੇ ਭਰਮਾਊ ਜਾਣਕਾਰੀਆਂ ਪ੍ਰਤੀ ਜਾਗਰੂਕ ਕਰਨਾ ਰੋਕਥਾਮ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

ਸਕੂਲ ਪੱਧਰ ’ਤੇ ਅੰਦਰੂਨੀ ਸੁਰੱਖਿਆ ਨਾਲ ਜੁੜੀ ਬੁਨਿਆਦੀ ਸਮਝ ਵਿਕਸਤ ਕਰਨਾ ਸਮਾਜ ਨੂੰ ਵਧੇਰੇ ਚੌਕਸ ਅਤੇ ਜ਼ਿੰਮੇਵਾਰ ਬਣਾ ਸਕਦਾ ਹੈ। ਸਮਾਜਿਕ ਸਮਰਸੱਤਾ ਅਤੇ ਸਮਾਵੇਸ਼ੀ ਵਿਕਾਸ ਨੂੰ ਹੁਲਾਰਾ ਦੇਣਾ ਵੀ ਓਨਾ ਹੀ ਜ਼ਰੂਰੀ ਹੈ ਕਿਉਂਕਿ ਵੱਖਵਾਦ ਅਤੇ ਅਸੰਤੋਸ਼ ਦਾ ਲਾਭ ਅਕਸਰ ਅੱਤਵਾਦੀ ਜਥੇਬੰਦੀਆਂ ਨੂੰ ਮਿਲਦਾ ਹੈ। ਅੱਤਵਾਦ ਖ਼ਿਲਾਫ਼ ਇਹ ਸੰਘਰਸ਼ ਸਿਰਫ਼ ਭੌਤਿਕ ਨਹੀਂ, ਸਗੋਂ ਵਿਚਾਰਧਾਰਾ ਦਾ ਵੀ ਹੈ, ਜਿਸ ਲਈ ਪ੍ਰਭਾਵਸ਼ਾਲੀ ਵਿਰੋਧੀ ਨੈਰੇਟਿਵ ਦੀ ਜ਼ਰੂਰਤ ਹੈ। ਭਾਰਤ ਸਾਹਮਣੇ ਚੁਣੌਤੀ ਸਿਰਫ਼ ਅੱਤਵਾਦੀ ਹਮਲਿਆਂ ਦਾ ਜਵਾਬ ਦੇਣ ਦੀ ਨਹੀਂ, ਸਗੋਂ ਉਨ੍ਹਾਂ ਨੂੰ ਪਹਿਲਾਂ ਹੀ ਭਾਂਪ ਕੇ ਅਸਫਲ ਕਰਨ ਦੀ ਵੀ ਹੈ।

Share this content:

Post Comment