ਨਿਹੰਗ ਸਿੰਘਾਂ ਵੱਲੋਂ 21 ਜੂਨ ਤੋਂ ‘ਖਾਲਸਾ ਟੈਕਸ’ ਮੋਰਚੇ ਦੀ ਚਿਤਾਵਨੀ
ਸ੍ਰੀ ਆਨੰਦਪੁਰ ਸਾਹਿਬ, 19 ਜੂਨ – ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਵੱਖ-ਵੱਖ ਸਰਹੱਦੀ ਥਾਵਾਂ ’ਤੇ ਵਸੂਲੇ ਜਾ ਰਹੇ ਐਂਟਰੀ ਟੈਕਸ ਦੇ ਵਿਰੋਧ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਨੇ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਮਿਸਲ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ (ਚਮਕੌਰ ਸਾਹਿਬ) ਨਾਲ ਸਬੰਧਤ ਨਿਹੰਗ ਸਿੰਘਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਸਰਕਾਰਾਂ ਨੇ ਇਸ ਮਸਲੇ ਦਾ ਤੁਰੰਤ ਕੋਈ ਸਾਰਥਕ ਹੱਲ ਨਾ ਕੱਢਿਆ, ਤਾਂ ਉਹ 21 ਜੂਨ ਤੋਂ ਕੀਰਤਪੁਰ ਸਾਹਿਬ-ਮਨਾਲੀ ਮੁੱਖ ਮਾਰਗ ’ਤੇ ਦੁਬਾਰਾ ਇਤਿਹਾਸਕ ਪ੍ਰੰਪਰਾ ਤਹਿਤ ‘ਖਾਲਸਾ ਟੈਕਸ’ ਲਗਾਉਣ ਲਈ ਮਜਬੂਰ ਹੋਣਗੇ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਬੰਦੀ ਦੇ ਨੁਮਾਇੰਦੇ ਮਹਾਕਾਲ ਬਾਬਾ ਅੱਛਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਵੱਲੋਂ ਦੁਪਹਿਰ 12 ਵਜੇ ਮੀਟਿੰਗ ਲਈ ਬੁਲਾਇਆ ਗਿਆ ਸੀ, ਪਰ ਲੰਬੇ ਸਮੇਂ ਤੱਕ ਉਡੀਕ ਕਰਨ ਦੇ ਬਾਵਜੂਦ ਵੀ ਕੋਈ ਜ਼ਿੰਮੇਵਾਰ ਅਧਿਕਾਰੀ ਗੱਲਬਾਤ ਲਈ ਮੌਕੇ ‘ਤੇ ਨਹੀਂ ਪਹੁੰਚਿਆ। ਪ੍ਰਸ਼ਾਸਨ ਦੇ ਇਸ ਵਤੀਰੇ ਤੋਂ ਨਾਰਾਜ਼ ਨਿਹੰਗ ਸਿੰਘਾਂ ਨੇ ਐਲਾਨ ਕੀਤਾ ਕਿ ਹੁਣ ਉਹ ਕਿਸੇ ਸਥਾਨਕ ਅਧਿਕਾਰੀ ਨਾਲ ਨਹੀਂ, ਬਲਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਸਿੱਧੀ ਮੀਟਿੰਗ ਕਰਨਗੇ, ਕਿਉਂਕਿ ਇਹ ਅੰਤਰ-ਰਾਜੀ ਮਸਲਾ ਸਰਕਾਰ ਦੇ ਉੱਚ ਪੱਧਰ ’ਤੇ ਹੀ ਹੱਲ ਹੋ ਸਕਦਾ ਹੈ।
Share this content:


Post Comment