Loading Now

ਨਿਊਜ਼ੀਲੈਂਡ ਨੈਸ਼ਨਲ ਇੰਟੈਗਰਿਟੀ ਯੂਨਿਟ ਦੀ ਜਾਂਚ ਤੋਂ ਬਾਅਦ 10 ਸਾਲਾਂ ਦੇ ਘਪਲੇ ਦੀ ਖੁੱਲ੍ਹੀ ਪਰਤ

ਨਿਊਜ਼ੀਲੈਂਡ ਨੈਸ਼ਨਲ ਇੰਟੈਗਰਿਟੀ ਯੂਨਿਟ ਦੀ ਜਾਂਚ ਤੋਂ ਬਾਅਦ 10 ਸਾਲਾਂ ਦੇ ਘਪਲੇ ਦੀ ਖੁੱਲ੍ਹੀ ਪਰਤ

ਸੀਨੀਅਰ ਪੁਲਿਸ ਅਫ਼ਸਰ ਵੱਲੋਂ 18 ਮਿਲੀਅਨ ਦੀ ਵਿਸ਼ਾਲ ਧੋਖਾਧੜੀ
  • ਪੁਲਿਸ ਅਫ਼ਸਰ ਦਸੰਬਰ 2025 ’ਚ ਕਰ ਦਿੱਤਾ ਗਿਆ ਸੀ ਮੁਅੱਤਲ
  • ਅਦਾਲਤ ਵਿੱਚ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਜਿਊਰੀ ਟਰਾਇਲ ਦੀ ਮੰਗ, ਤਿੰਨ ਹੋਰ ਆਮ ਨਾਗਰਿਕ ਵੀ ਮਾਮਲੇ ਵਿੱਚ ਨਾਮਜ਼ਦ

ਹਰਜਿੰਦਰ ਸਿੰਘ ਬਸਿਆਲਾ

ਔਕਲੈਂਡ, 22 ਸਤੰਬਰ 2026:

ਨਿਊਜ਼ੀਲੈਂਡ ਪੁਲਿਸ ਵਿਭਾਗ ਦੇ ਇੱਕ ਬਹੁਤ ਹੀ ਸਨਮਾਨਿਤ ਅਤੇ ਇਨਾਮ ਜੇਤੂ ਸੀਨੀਅਰ ਪੁਲਿਸ ਅਫ਼ਸਰ ਵਿਰੁੱਧ ਕਰੀਬ 18 ਮਿਲੀਅਨ ਡਾਲਰ (ਲਗਭਗ 1.8 ਕਰੋੜ ਡਾਲਰ ਜਾਂ 98.58 ਕਰੋੜ ਭਾਰਤੀ ਰੁਪਏ) ਦੀ ਵਿਸ਼ਾਲ ਧੋਖਾਧੜੀ ਦੇ ਦੋਸ਼ਾਂ ਤਹਿਤ ਕਾਨੂੰਨੀ ਸ਼ਿਕੰਜਾ ਕੱਸਿਆ ਗਿਆ ਹੈ। ਮਹਿਕਮੇ ਦੇ ਨੈਸ਼ਨਲ ਇੰਟੈਗਰਿਟੀ ਯੂਨਿਟ ਵੱਲੋਂ ਕੀਤੀ ਗਈ ਗੰਭੀਰ ਜਾਂਚ ਤੋਂ ਬਾਅਦ ਇਸ ਅਫ਼ਸਰ ’ਤੇ ਕ੍ਰਾਈਮਜ਼ ਐਕਟ ਅਤੇ ਕੰਪਨੀਜ਼ ਐਕਟ ਦੇ ਅਧੀਨ ਕੁੱਲ 70 ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ।

ਕਾਊਂਟੀਜ਼ ਮਾਨੂਕਾਊ ਜ਼ਿਲ੍ਹਾ ਕਮਾਂਡਰ ਸੁਪਰਡੈਂਟ ਸ਼ੈਨਨ ਗ੍ਰੇਅ ਨੇ ਅਧਿਕਾਰਤ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ ਦੋਸ਼ੀ ਅਫ਼ਸਰ ਨੂੰ ਦਸੰਬਰ 2025 ਵਿੱਚ ਹੀ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਇਹ ਸ਼ੱਕੀ ਹੇਰਾਫੇਰੀ ਪਿਛਲੇ 10 ਸਾਲਾਂ ਦੇ ਲੰਮੇ ਸਮੇਂ ਦੌਰਾਨ ਫੈਲੀ ਹੋਈ ਹੈ, ਜਿਸ ਦੀ ਕੁੱਲ ਰਕਮ 18 ਮਿਲੀਅਨ ਡਾਲਰ ਦੇ ਆਸ-ਪਾਸ ਦੱਸੀ ਜਾ ਰਹੀ ਹੈ।

ਸੁਪਰਡੈਂਟ ਗ੍ਰੇਅ ਨੇ ਇਹ ਵੀ ਸਾਫ਼ ਕੀਤਾ ਹੈ ਕਿ ਹਾਲਾਂਕਿ ਮਾਮਲਾ ਬਹੁਤ ਸੰਵੇਦਨਸ਼ੀਲ ਹੈ, ਪਰ ਇਹ ਕਥਿਤ ਧੋਖਾਧੜੀ ਅਫ਼ਸਰ ਦੀ ਡਿਊਟੀ ਜਾਂ ਸਰਕਾਰੀ ਪੁਲਿਸ ਭੂਮਿਕਾ ਨਾਲ ਸਿੱਧੀ ਜੁੜੀ ਹੋਈ ਨਹੀਂ ਸੀ। ਇਸ ਪੂਰੇ ਘਪਲੇ ਵਿੱਚ ਪੁਲਿਸ ਕਰਮਚਾਰੀ ਤੋਂ ਇਲਾਵਾ ਤਿੰਨ ਹੋਰ ਨਾਗਰਿਕ — ਜਿਨ੍ਹਾਂ ਵਿੱਚ ਇੱਕ ਆਦਮੀ ਅਤੇ ਦੋ ਔਰਤਾਂ ਸ਼ਾਮਿਲ ਹਨ — ਨੂੰ ਵੀ ਮੁੱਖ ਦੋਸ਼ੀ ਬਣਾਇਆ ਗਿਆ ਹੈ।

ਅਫ਼ਸਰ ਦੇ ਵਕੀਲ ਟੌਡ ਸਿਮੰਡਜ਼ ਕੇਸੀ ਨੇ ਅਦਾਲਤੀ ਕਾਰਵਾਈ ਦੌਰਾਨ ਸਪੱਸ਼ਟ ਕੀਤਾ ਕਿ ਉਨ੍ਹਾਂ ਦੇ ਮੁਵੱਕਿਲ ਨੇ ਆਪਣੇ ਉੱਪਰ ਲੱਗੇ ਸਾਰੇ 70 ਦੋਸ਼ਾਂ ਤੋਂ ਸਾਫ਼ ਇਨਕਾਰ ਕੀਤਾ ਹੈ ਅਤੇ ਜਿਊਰੀ ਟਰਾਇਲ ਦੀ ਮੰਗ ਕੀਤੀ ਹੈ। ਕਾਨੂੰਨੀ ਨਿਯਮਾਂ ਅਨੁਸਾਰ ਅਦਾਲਤ ਨੇ ਫ਼ਿਲਹਾਲ ਦੋਸ਼ੀ ਅਫ਼ਸਰ ਦਾ ਨਾਂਅ ਜਨਤਕ ਨਾ ਕਰਨ ਲਈ ਆਰਜ਼ੀ ਨਾਮ ਗੁਪਤ ਰੱਖਣ (Interim Name Suppression) ਦੇ ਹੁਕਮ ਜਾਰੀ ਕੀਤੇ ਹਨ।

ਇਸ ਮਾਮਲੇ ਦੇ ਸਾਹਮਣੇ ਆਉਣ ਨਾਲ ਸਰਕਾਰੀ ਅਦਾਰਿਆਂ ਵਿੱਚ ਅੰਦਰੂਨੀ ਇਮਾਨਦਾਰੀ ਅਤੇ ਨਿਗਰਾਨੀ ਪ੍ਰਣਾਲੀ ’ਤੇ ਵੀ ਨਵੇਂ ਸਵਾਲ ਖੜ੍ਹੇ ਹੋ ਗਏ ਹਨ। ਨੈਸ਼ਨਲ ਇੰਟੈਗਰਿਟੀ ਯੂਨਿਟ, ਜੋ ਕਿ 2020 ਵਿੱਚ ਵਿਭਾਗੀ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਈ ਗਈ ਸੀ, ਹੁਣ ਤੱਕ ਅਜਿਹੇ ਕਈ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

ਅਦਾਲਤੀ ਕਾਰਵਾਈ ਅਜੇ ਸ਼ੁਰੂਆਤੀ ਦੌਰ ਵਿੱਚ ਹੋਣ ਕਰਕੇ ਪੁਲਿਸ ਵਿਭਾਗ ਨੇ ਹੋਰ ਜ਼ਿਆਦਾ ਜਾਣਕਾਰੀ ਦੇਣ ਤੋਂ ਅਸਮਰਥਤਾ ਪ੍ਰਗਟਾਈ ਹੈ।

Share this content:

Post Comment