ਨਜ਼ਮ/ਮੈਂ ਆਜ਼ਾਦੀ ਜਸ਼ਨ ਵਿਚ ਸ਼ਾਮਲ ਨਹੀਂ ਹਾਂ। /ਗੁਰਭਜਨ ਸਿੰਘ ਗਿੱਲ

ਮੈਂ ਆਜ਼ਾਦੀ ਜਸ਼ਨ ਵਿਚ
ਸ਼ਾਮਲ ਨਹੀਂ ਹਾਂ।
▪️ਗੁਰਭਜਨ ਗਿੱਲ
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ ।
ਕਾਫ਼ਲੇ ਆਉਂਦੇ ਤੇ ਜਾਂਦੇ ਵੇਖਦਾ ਹਾਂ ।
ਬਿਰਧ ਬਾਬੇ, ਬਾਲ ਬੱਚੇ,
ਗਠੜੀਆਂ ਬੱਧਾ ਸਮਾਨ, ਪਰੇਸ਼ਾਨ ।
ਜਾਨ ਸੁੱਕੀ, ਮਹਿਕ ਮੁੱਕੀ,
ਗੁੰਮ ਹੈ ਸਭ ਦੀ ਜ਼ਬਾਨ ।
ਰਿਸ਼ਤਿਆਂ ‘ਚੋਂ ਲੇਸ ਮੁੱਕੀ,
ਸਾਂਝ ਦਾ ਨਾਮੋ ਨਿਸ਼ਾਨ ।
ਰਾਵੀ ਮੈਨੂੰ ਪੁੱਛਦੀ ਹੈ,
ਇਹ ਹੈ ਕੈਸਾ ਇਮਤਿਹਾਨ ?
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ ।
ਮੈਂ ਆਜ਼ਾਦੀ ਜਸ਼ਨ ਵਿਚ,
ਸ਼ਾਮਲ ਨਹੀਂ ਹਾਂ ।
ਲਾਸ਼ਾਂ ਦੇ ਅੰਬਾਰ ਲੱਗੇ,
ਰਾਵੀਉਂ ਊਰ-ਵਾਰ ਪਾਰ, ਬੇਸ਼ੁਮਾਰ ।
ਬਿਰਖ਼ ਬੂਟੇ ਸਹਿਮ ਗਏ ਨੇ,
ਵੇਖ ਰੱਤ ਰੰਗੀ ਬਹਾਰ ।
ਪੰਛੀਆਂ ਵਿਚ ਖ਼ਲਬਲੀ ਹੈ,
ਉੱਡਣਾ ਭੁੱਲੇ ਉਡਾਰ, ਅਵਾਜ਼ਾਰ ।
ਕਰਬਲਾ ਪੰਜਾਬ ਬਣਿਆਂ
ਕਤਲਗਾਹਾਂ ਦਾ ਪਸਾਰ, ਆਰ ਪਾਰ ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ ।
ਮੈਂ ਆਜ਼ਾਦੀ ਜਸ਼ਨ ਵਿਚ,
ਸ਼ਾਮਲ ਨਹੀਂ ਹਾਂ ।
ਛਾਂਗਿਆਂ ਰੁੱਖਾਂ ਦੇ ਹੇਠਾਂ,
ਭਰਿਆ ਪੀਤਾ ਬਹਿ ਰਿਹਾ ਹਾਂ ।
ਮੈਂ ਅਜੇ ਅੰਬਰ ਦੇ ਹੇਠਾਂ,
ਛੱਤ ਤੋਂ ਬਿਨ ਰਹਿ ਰਿਹਾ ਹਾਂ ।
ਨਾ ਸੁਣੇ ਕੋਈ ਵੀ ਭਾਵੇਂ,
ਆਪਣੀ ਗੱਲ ਕਹਿ ਰਿਹਾ ਹਾਂ ।
ਜ਼ਖ਼ਮ ਜੋ ਦਿੱਤੇ ਸਮੇਂ ਨੇ,
ਜੀਭ ਘੁੱਟ ਕੇ ਸਹਿ ਰਿਹਾ ਹਾਂ ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ ।
ਪਰ ਕਟੇ ਪੰਛੀ ਦੇ ਵਾਂਗੂੰ,
ਮੈਂ ਉਡਾਰੀ ਭੁੱਲ ਗਿਆ ਹਾਂ ।
ਮਨ ਦਾ ਹੈ ਖ਼ਾਲੀ ਕਟੋਰਾ,
ਨੀਰ ਅੱਖੋਂ ਡੁੱਲ੍ਹ ਗਿਆ ਹਾਂ ।
ਸ਼ਹਿਰਦਾਰਾਂ ਦੀ ਸਿਆਸਤ,
ਪਿੰਡਾਂ ਵਾਂਗੂੰ ਰੁਲ ਗਿਆ ਹਾਂ ।
ਵਕਤ ਦੀ ਡਾਢੀ ਕਰੋਪੀ,
ਘਰ ਦਾ ਰਾਹ ਵੀ ਭੁੱਲ ਗਿਆ ਹਾਂ ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ ।
ਬਿਰਖ਼ ਦੇ ਟਾਹਣਾਂ ਨੂੰ
ਰੱਖੜੀ ਬੰਨ੍ਹਦੀ ਹੈ,
ਵੀਰ ਜਿਸਦਾ ਖਾ ਗਈ
ਕਾਲ਼ੀ ਹਨੇਰੀ ।
ਕੱਚ ਦੇ ਟੁਕੜੇ ਅਜੇ ਵੀ ਚੁਗ ਰਹੀ ਹੈ,
ਪਾਟੀ ਚੁੰਨੀ ਵਾਲੀ ਪਿੰਡੋਂ ਭੈਣ ਮੇਰੀ ।
ਮੈਂ ਅਜੇ ਉਸ ਮਾਂ ਨੂੰ ਮਿਲਣੈ,
ਪੁੱਤ ਜਿਸਦਾ ਅੱਜ ਦੇ ਦਿਨ
ਕੀਤਾ ਸੀ ਢੇਰੀ ।
ਬਾਘੀਆਂ ਪਾਵਾਂ ਮੈਂ
ਏਨਾ ਜ਼ਹਿਰ ਖਾ ਕੇ,
ਇਹ ਨਹੀਂ ਔਕਾਤ ਮੇਰੀ ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ ।
ਦਰਦ ਵਾਲੇ ਰੰਗ ਨਾ ਲਹਿੰਦੇ ਦਿਲਾਂ ਤੋਂ,
ਇਹ ਨਹੀਂ ਵਸਤਰ ਦੇ
ਕੋਈ ਰੰਗ ਕੱਚੇ ।
ਰੋਣ ਮਗਰੋਂ ਲੈ ਗੁਬਾਰਾ
ਪਰਚ ਜਾਵਣ,
ਜਿਸ ਤਰ੍ਹਾਂ ਕੱਚੇ ਘਰੀਂ
ਅਣਭੋਲ ਬੱਚੇ ।
ਬਲ਼ਦਿਆਂ ਅੰਗਾਰਿਆਂ ‘ਤੇ
ਨੰਗੇ ਪੈਰੀਂ,
ਆਪ ਦੱਸੋ! ਕਿੱਦਾਂ ਮੇਰੀ ਭੈਣ ਨੱਚੇ ।
ਕਰ ਸਕੇਂ ਪ੍ਰਵਾਨ ਕਰ ਲੈ,
ਹੇ ਆਜ਼ਾਦੀ,
ਇਹ ਜੋ ਮੇਰੇ ਹੰਝ ਸੱਚੇ ।
ਮੈਂ ਅਜੇ ਸਰਹੱਦ ਤੇ,
ਗੁੰਮ ਸੁੰਮ ਖੜ੍ਹਾ ਹਾਂ ।
ਮੈਂ ਆਜ਼ਾਦੀ ਜਸ਼ਨ ਵਿਚ,
ਸ਼ਾਮਲ ਨਹੀਂ ਹਾਂ।
⚫️
Share this content:



Post Comment