ਦੀਵਿਆਂ ਦੀ ਲੋਅ/ਐਡਵੋਕੇਟ ਦਰਸ਼ਨ ਸਿੰਘ ਰਿਆੜ
ਦੀਵਾਲੀ ਜਾਂ ਦੀਵਿਆਂ ਵਾਲੀ ਦੋਵੇਂ ਨਾਮ ਦੀਵਾਲੀ ਦੇ ਤਿਉਹਾਰ ਨੂੰ ਰੁਸ਼ਨਾਉਂਦੇ ਹਨ।ਦੀਵਾਲੀ ਹਨੇਰੀ ਰਾਤ ਨੂੰ ਦੀਵੇ ਬਾਲ ਕੇ ਚਾਨਣ ਕਰਨ ਤੇ ਹਨੇਰਾ ਦੂਰ ਕਰਨ ਦੇ ਮਕਸਦ ਨਾਲ ਹੋਂਦ ਵਿੱਚ ਆਈ ਸੀ।ਇਸ ਦਿਨ ਤੋਂ ਪਹਿਲੀ ਰਾਤ ਮੱਸਿਆ ਦੀ ਰਾਤ ਹੁੰਦੀ ਹੈ।ਉਹ ਘੁੱਪ ਹਨੇਰੀ ਰਾਤ ਜਿਸ ਦੌਰਾਨ ਚੰਦਰਮਾ ਚਾਨਣ ਕਰਨ ਤੋਂ ਅਸਮਰਥ ਹੁੰਦਾ ਹੈ।ਕਦੇ ਕਦੇ ਦਿਨਾਂ ਦੇ ਹੇਰ ਫੇਰ ਕਾਰਨ ਦੀਵਾਲੀ ਮੱਸਿਆ ਵਾਲੀ ਰਾਤ ਨੂੰ ਹੀ ਮਨਾਈ ਜਾਂਦੀ ਹੈ।ਲੋਕ ਆਪਣੇ ਘਰਾਂ ਦੇ ਬਨੇਰਿਆਂ ਅਤੇ ਦਰਵਾਜ਼ਿਆਂ ਦੀਆਂ ਚੌਖਟਾਂ ਉੱਪਰ ਦੀਵੇ ਬਾਲ ਕੇ ਰੱਖਦੇ ਹਨ ਤਾਂ ਜੋ ਘੁੱਪ ਹਨੇਰੀ ਰਾਤ ਵਿੱਚ ਵੀ ਚਾਨਣ ਦੀਆਂ ਕਿਰਨਾਂ ਚਮਕਣ ਤੇ ਲੰਘਣ ਵਾਲਿਆਂ ਲਈ ਰਾਹ ਦਸੇਰਾ ਬਣਨ।ਹਨੇਰਾ ਲਫ਼ਜ਼ ਅੰਧਕਾਰ ਦਾ ਬਦਲਿਆ ਰੂਪ ਹੈ।ਇਹ ਨਾਂਹ ਵਾਚਕ ਹੋਣ ਦੇ ਨਾਲ ਨਾਲ ਪਿਛਾਂਹ ਖਿੱਚੂ ਤੇ ਗ਼ੁਰਬਤ ਦੀ ਨਿਸ਼ਾਨੀ ਹੈ।ਮਨੁੱਖੀ ਜ਼ਿੰਦਗੀ ਵਿੱਚ ਖ਼ੁਸ਼ਹਾਲੀ ਦੀ ਕਾਮਨਾ ਕੇਵਲ ਤੇ ਕੇਵਲ ਰੋਸ਼ਨੀ ਅਥਵਾ ਚਾਨਣ ਨਾਲ ਹੀ ਕੀਤੀ ਜਾ ਸਕਦੀ ਹੈ।ਹਨੇਰਾ ਰੂਪੀ ਰੁਕਾਵਟਾਂ ਜਾਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਰੋਸ਼ਨੀ ਹੀ ਮੁੱਖ ਹਥਿਆਰ ਹੈ।ਰੋਸ਼ਨੀਆਂ ਦਾ ਇਹ ਤਿਉਹਾਰ ਅਕਸਰ ਨਵੰਬਰ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਸ਼ਬਦੀ ਅਰਥ ਤਾਂ ਕੇਵਲ ਹਨੇਰੇ ਨੂੰ ਚਾਨਣ ਵਿੱਚ ਬਦਲਣ ਨਾਲ ਆਪਣਾ ਮਕਸਦ ਹੱਲ ਕਰ ਲੈਂਦੇ ਹਨ ਪਰ ਵਿਹਾਰਕ ਤੌਰ ਤੇ ਏਨੇ ਨਾਲ ਗੱਲ ਨਹੀਂ ਬਣਦੀ।ਇਸ ਸਮਾਜ ਵਿੱਚ ਮਨੁੱਖਤਾ ਨੂੰ ਚਾਰ ਚੁਫੇਰੇ ਤੋਂ ਹੀ ਕਈ ਕਿਸਮ ਦੇ ਹਨੇਰਿਆਂ ਨੇ ਘੇਰਾ ਪਾਇਆ ਹੋਇਆ ਹੈ।ਸਭ ਤੋਂ ਪਹਿਲਾ ਹਨੇਰਾ ਤਾਂ ਅਨਪੜ੍ਹਤਾ ਹੈ।
ਇਸ ਤੇਜ਼ ਤੇ ਤਕਨੀਕ ਅਧਾਰਿਤ ਦੌਰ ਦੌਰਾਨ ਅਨਪੜ੍ਹ ਵਿਅਕਤੀ ਦਾ ਜੀਣਾ ਬਹੁਤ ਮੁਸ਼ਕਲ ਹੈ।ਅਨਪੜ੍ਹ ਵਿਅਕਤੀ ਸਮਾਜ ਦੇ ਹਾਣ ਦਾ ਨਹੀਂ ਹੋ ਸਕਦਾ।ਬਰਾਬਰਤਾ ਦੇ ਅਧਿਕਾਰ ਦੀ ਹਰ ਪਾਸੇ ਚਰਚਾ ਹੁੰਦੀ ਹੈ।ਉਹ ਤਾਂ ਹੀ ਸੰਭਵ ਹੈ ਜੇ ਸਾਰੇ ਮਨੁੱਖ ਬਰਾਬਰ ਦੀ ਸਮਝ ਤੇ ਯੋਗਤਾ ਰੱਖਦੇ ਹੋਣਗੇ।ਅਨਪੜ੍ਹ ਮਨੁੱਖ ਲਈ ਕੋਈ ਵੀ ਭਾਸ਼ਾ ਸਮਝਣੀ ਮੁਸ਼ਕਲ ਹੁੰਦੀ ਹੈ।ਅਗਿਆਨਤਾ ਵੀ ਅਨਪੜ੍ਹਤਾ ਦਾ ਵਿਸਤਰਿਤ ਰੂਪ ਹੈ।ਆਰਥਿਕ ਵੰਡੀਆਂ ਅਮੀਰੀ ਤੇ ਗ਼ਰੀਬੀ ਦੇ ਵਰਗੀਕਰਨ ਦਾ ਮੁੱਖ ਕਾਰਨ ਹਨ।ਇਸੇ ਕਾਰਨ ਉੱਚ ਵਰਗ ਦੇ ਭਾਵ ਅਮੀਰ ਲੋਕ ਹੇਠਲੇ ਪੱਧਰ ਦੇ ਲੋਕਾਂ ਨਾਲ ਵਿਤਕਰਾ ਕਰਦੇ ਆਏ ਹਨ।ਪੀੜੀ ਦਰ ਪੀੜੀ ਇਹ ਪਾੜਾ ਵੱਧਦਾ ਹੀ ਗਿਆ ਹੈ।ਅੰਧ-ਵਿਸ਼ਵਾਸ ,ਜਾਤਾਂ, ਧਰਮਾਂ ਤੇ ਨਸਲ ਭੇਦ ਦੇ ਵਿਤਕਰੇ ਵੀ ਸਮਾਜ ਦੇ ਲੋਕਾਂ ਨੂੰ ਇੱਕ ਦੂਜੇ ਦੇ ਨੇੜੇ ਆਉਣ ਤੋਂ ਰੋਕਦੇ ਰਹੇ ਹਨ।ਕੁਦਰਤ ਦੀ ਕਾਇਨਾਤ ਨੇ ਮਨੁੱਖੀ ਜੀਵ ਨੂੰ ਇੱਕ ਉੱਤਮ ਜੀਵ ਦਾ ਮਾਣ ਦੇ ਕੇ ਇਸ ਬ੍ਰਹਿਮੰਡ ਦੀ ਰਚਨਾ ਕੀਤੀ ਸੀ।ਇਸ ਦਾ ਮੁੱਖ ਉਦੇਸ਼ ਪ੍ਰੇਮ ਪਿਆਰ ਤੇ ਇੱਕ ਦੂਜੇ ਦੇ ਸਹਿਯੋਗ ਨਾਲ ਖ਼ੁਸ਼ਹਾਲ ਜੀਵਨ ਜਿਊਂਣਾ ਸੀ।ਪਰ ਮਨੁੱਖੀ ਵਿਹਾਰ ਨੇ ਵੱਖ ਵੱਖ ਤਰ੍ਹਾਂ ਦੇ ਅੰਧਕਾਰ ਫੈਲਾਅ ਕੇ ਮਨੁੱਖ ਨੂੰ ਮਨੁੱਖ ਤੋਂ ਦੂਰ ਕਰਕੇ ਅਗਿਆਨਤਾ ਤੇ ਅੰਧ-ਵਿਸ਼ਵਾਸ ਰਾਹੀਂ ਨਫ਼ਰਤ ਦਾ ਐਸਾ ਬੀਜ ਬੀਜਿਆ ਕਿ ਸਮੁੱਚਾ ਵਿਸ਼ਵ ਲੜਾਈਆਂ-ਝਗੜਿਆਂ ਵਿੱਚ ਉਲਝ ਗਿਆ। ਇਤਿਹਾਸ ਤੇ ਮਿਥਿਹਾਸ ਕਈ ਤਰ੍ਹਾਂ ਦੇ ਮਹਾਨ ਜੰਗਾਂ ਤੇ ਯੁੱਧਾਂ ਦੀਆਂ ਕਥਾ ਕਹਾਣੀਆਂ ਨਾਲ ਭਰਿਆ ਪਿਆ ਹੈ।ਭਾਵੇਂ ਇਹਨਾਂ ਵਿੱਚੋਂ ਕਈ ਮਨੁੱਖ ਨੂੰ ਪ੍ਰੇਰਨਾ ਦੇਣ ਦੇ ਮਕਸਦ ਨਾਲ ਹੀ ਕਿਉਂ ਨਾ ਘੜੀਆਂ ਗਈਆਂ ਹੋਣ ਪਰ ਉਹ ਰਾਹ ਦਸੇਰੀਆਂ ਜ਼ਰੂਰ ਸਾਬਤ ਹੋਈਆਂ ਹਨ।ਹਰ ਸਾਲ ਅਸੀਂ ਬਦੀ ਉੱਪਰ ਨੇਕੀ ਦੀ ਫ਼ਤਿਹ ਦੇ ਰੂਪ ਵਿੱਚ ਦਸਹਿਰੇ ਦਾ ਤਿਉਹਾਰ ਮਨਾਉਂਦੇ ਹਾਂ।
ਬਦੀ ਦੇ ਪ੍ਰਤੀਕ ਰਾਵਣ,ਕੁੰਭ-ਕਰਨ ਤੇ ਮੇਘ ਨਾਦ ਦੇ ਪੁਤਲੇ ਅਸੀਂ ਸਦੀਆਂ ਤੋਂ ਸਾੜਦੇ ਆ ਰਹੇ ਹਾਂ।ਸਾਲ ਭਰ ਦੀਆਂ ਬੁਰਾਈਆਂ ਦਸਹਿਰੇ ਦੇ ਰੂਪ ਵਿੱਚ ਸਾੜ ਕੇ ਅਸੀਂ ਸੁਰਖ਼ਰੂ ਹੋ ਜਾਂਦੇ ਹਾਂ ਕਿ ਹੁਣ ਬੁਰਾਈ ਖ਼ਤਮ ਹੋ ਗਈ ਹੈ।ਏਸੇ ਤਰ੍ਹਾਂ ਦੀਵੇ ਬਾਲ ਕੇ ਅਸੀਂ ਹਰ ਸਾਲ ਆਪਣੇ ਘਰਾਂ ਨੂੰ ਰੁਸ਼ਨਾਉਂਦੇ ਹਾਂ ,ਸਾਫ਼ ਸਫ਼ਾਈ ਕਰਦੇ ਹਾਂ ਤਾਂ ਕਿ ਅਗਿਆਨਤਾ ਤੇ ਅਨਪੜ੍ਹਤਾ ਦਾ ਹਨੇਰਾ ਦੂਰ ਹੋ ਜਾਵੇ ਤੇ ਲੱਛਮੀ ਦੇਵੀ ਸਾਡੇ ਘਰਾਂ ਨੂੰ ਖ਼ੁਸ਼ਹਾਲ ਕਰੇ।ਇਹ ਸੇਧ ਅਸਾਂ ਭਗਵਾਨ ਰਾਮ ਦੇ ਚੌਦਾਂ ਸਾਲ ਦਾ ਬਣਵਾਸ ਕੱਟ ਕੇ ਅਤੇ ਰਾਵਣ ਦਾ ਅੰਤ ਕਰਕੇ ਵਾਪਸ ਆਪਣੇ ਘਰ ਅਯੁੱਧਿਆ ਆਉਣ ਤੋਂ ਪ੍ਰਾਪਤ ਕੀਤੀ ਹੈ।ਕਿਹਾ ਜਾਂਦਾ ਹੈ ਕਿ ਉਸ ਮੱਸਿਆ ਦੀ ਕਾਲੀ ਬੋਲੀ ਰਾਤ ਨੂੰ ਰੁਸ਼ਨਾਉਣ ਲਈ ,ਭਗਵਾਨ ਰਾਮ ਦੇ ਸਵਾਗਤ ਵਿੱਚ ਲੋਕਾਂ ਨੇ ਆਪਣੇ ਘਰਾਂ ਵਿੱਚ ਦੀਵੇ ਬਾਲ ਕੇ ਖ਼ੁਸ਼ੀ ਮਨਾਈ ਸੀ।ਫਿਰ ਹਰ ਸਾਲ ਇਹ ਪਰੰਪਰਾ ਬਣ ਗਈ ਤੇ ਦੀਵਿਆਂ ਵਾਲੀ ਰਾਤ ਦੀਵਾਲੀ ਦੇ ਤਿਉਹਾਰ ਵਿੱਚ ਬਦਲ ਗਈ।ਕਈ ਵਕਤੀ ਘਟਨਾਵਾਂ ਅਚਨਚੇਤ ਵੀ ਨਾਲ ਜੁੜ ਜਾਂਦੀਆਂ ਹਨ ਜੋ ਉਸ ਤਿਉਹਾਰ ਦਾ ਘੇਰਾ ਹੋਰ ਵਿਸਤਰਿਤ ਕਰ ਦੇਂਦੀਆਂ ਹਨ।ਛੇਵੇਂ ਸਿੱਖ ਗੁਰੂ ,ਗੁਰੂ ਹਰਿ ਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾ ਹੋਏ ਤਾਂ ਉਹਨਾਂ ਨੇ ਨਾਲ ਹੀ ਹੋਰ 52 ਰਾਜਿਆਂ ਨੂੰ ਵੀ ਰਿਹਾ ਕਰਵਾ ਲਿਆ ਸੀ।ਉਹ ਸਾਰੇ ਦੀਵਾਲੀ ਵਾਲੇ ਦਿਨ ਹੀ ਅੰਮ੍ਰਿਤਸਰ ਪਹੁੰਚੇ ਸਨ।ਇੰਜ ਬੰਦੀਛੋੜ ਦਿਵਸ ਵਜੋਂ ਇਸ ਤਿਉਹਾਰ ਦੀ ਮਹੱਤਤਾ ਹੋਰ ਵੀ ਵੱਧ ਗਈ। ਦੀਵਾਲੀ ਤੇ ਬੰਦੀਛੋੜ ਦੋਵੇਂ ਤਿਉਹਾਰ ਮਨੁੱਖਤਾ ਨੂੰ ਸੇਧ ਪ੍ਰਦਾਨ ਕਰਨ ਦੇ ਉਦੇਸ਼ ਨਾਲ ਸਿਰਜੇ ਗਏ ਹਨ।
ਇਹਨਾਂ ਦਾ ਮੁੱਖ ਉਦੇਸ਼ ਸਮਾਜ ਵਿਚਲੀਆਂ ਕੁਰੀਤੀਆਂ ਨੂੰ ਦੂਰ ਕਰਨਾ ਹੈ।ਜ਼ੁਲਮ ਨੂੰ ਠੱਲ੍ਹ ਪਾਉਣੀ ਹੈ।ਆਮ ਲੋਕਾਂ ਦੇ ਨਾਲ ਨਾਲ ਹਾਕਮ ਜਮਾਤ ਨੂੰ ਵੀ ਇਹਨਾਂ ਤਿਉਹਾਰਾਂ ਤੋਂ ਸਿੱਖਿਆ ਤੇ ਸੇਧ ਲੈਣ ਦੀ ਜ਼ਰੂਰਤ ਹੈ।ਪਰ ਹਰ ਵਾਰ ਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ ਹੀ ਰਹਿੰਦਾ ਹੈ।ਲੋਕ ਕੇਵਲ ਤਿਉਹਾਰ ਮਨਾਉਂਦੇ ਹਨ।ਸਾਫ਼ ਸਫ਼ਾਈ ਕਰਦੇ ਹਨ ਤੇ ਚੀਜ਼ਾਂ ਵਸਤਾਂ ਦੀ ਖ੍ਰੀਦ-ਵੇਚ ਵੀ ਬਹੁਤ ਹੁੰਦੀ ਹੈ ਪਰ ਬੁਰਾਈਆਂ ਜਾਂ ਕੁਰੀਤੀਆਂ ਘਟਣ ਦੀ ਬਿਜਾਏ ਹੋਰ ਵੱਧ ਜਾਂਦੀਆਂ ਹਨ।ਮਠਿਆਈਆਂ ਦਾ ਤਿਉਹਾਰਾਂ ਨਾਲ ਚੋਲੀ-ਦਾਮਨ ਦਾ ਸਾਥ ਹੈ।ਲੋਕਾਂ ਨੇ ਚੰਗੀਆਂ ਤੇ ਵਧੀਆ ਮਠਿਆਈਆਂ ਖ਼ਰੀਦ ਕੇ ਖਾ ਪੀ ਕੇ ਅਨੰਦ ਮਾਣਨਾ ਹੁੰਦਾ ਹੈ।ਪਰ ਤਿਉਹਾਰਾਂ ਦੇ ਨਾਮ ਤੇ ਬਜ਼ਾਰਾਂ ਵਿੱਚ ਨਕਲੀ ਤੇ ਮਿਲਾਵਟ ਵਾਲੀਆਂ ਮਠਿਆਈਆਂ ਦਾ ਬਹੁਤ ਬੋਲਬਾਲਾ ਵੱਧ ਗਿਆ ਹੈ।ਮਿਲਾਵਟੀ ਚੀਜ਼ਾਂ ਸਿਹਤ ਦਾ ਨੁਕਸਾਨ ਕਰਕੇ ਬਿਮਾਰੀਆਂ ਪਰੋਸਦੀਆਂ ਹਨ।ਤਿਉਹਾਰ ਤਾਂ ਅਸੀਂ ਬੁਰਾਈ ਮੁਕਾਉਣ ਦੇ ਉਦੇਸ਼ ਨਾਲ ਮਨਾਉਂਦੇ ਹਾਂ ਪਰ ਲੋਭੀ ਤੇ ਲਾਲਚੀ ਵਪਾਰੀ ਲੋਕ ਸਾਡੀ ਸਿਹਤ ਨਾਲ ਖਿਲਵਾੜ ਕਰਦੇ ਹਨ।ਨਕਲੀ ਦੁੱਧ ਜੋ ਮਠਿਆਈਆਂ ਬਣਾਉਣ ਲਈ ਵਰਤਿਆ ਜਾਂਦਾ ਹੈ,ਵਿਸ਼ਵ ਸਿਹਤ ਸੰਸਥਾ ਦੀ ਰਿਪੋਰਟ ਅਨੁਸਾਰ ਅਸਲੀ ਨਾਲੋਂ ਕਈ ਗੁਣਾਂ ਵੱਧ ਵਰਤਿਆ ਜਾਂਦਾ ਹੈ।ਫਿਰ ਅਜਿਹੇ ਤਿਉਹਾਰ ਮਨਾਉਣ ਦਾ ਕੀ ਲਾਭ?ਰਿਸ਼ਵਤ ਤੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਸਰਕਾਰਾਂ ਬਹੁਤ ਰੌਲਾ ਪਾਉਂਦੀਆਂ ਹਨ ਪਰ ਫਿਰ ਵੀ ਉਹ ਖ਼ਤਮ ਨਹੀਂ ਹੁੰਦਾ। ਇਹ ਨਹੀਂ ਕਿ ਸਾਡੇ ਕਨੂੰਨ ਸਖ਼ਤ ਨਹੀਂ ਹਨ।ਕਨੂੰਨ ਹਨ ਪਰ ਲੋਕਾਂ ਦੀ ਮਾਨਸਿਕਤਾ ਵੀ ਤਾਂ ਕਨੂੰਨਾਂ ਦੀ ਪਾਲਣਾ ਕਰਨ ਦੀ ਹੋਣੀ ਚਾਹੀਦੀ ਹੈ।ਮੁਫ਼ਤ ਤੰਤਰ ਦੇ ਲਾਰੇ ਲਾ ਕੇ ਰਾਜਨੀਤਕ ਪਾਰਟੀਆਂ ਸਰਕਾਰਾਂ ਬਣਾਉਂਦੀਆਂ ਹਨ।ਵਾਅਦੇ ਪੂਰੇ ਕਰਨ ਲਈ ਬਜਟ ਡਗਮਗਾ ਜਾਂਦੇ ਹਨ ਤੇ ਵਿਕਾਸ ਰੁਕ ਜਾਂਦਾ ਹੈ।ਮਨੁੱਖ ਸਮਾਜਿਕ ਪ੍ਰਾਣੀ ਹੈ।ਇਹ ਬੁਰੀਆਂ ਆਦਤਾਂ ਬਹੁਤ ਜਲਦੀ ਗ੍ਰਹਿਣ ਕਰ ਲੈਂਦਾ ਹੈ।ਵਿਹਲਾ ਮਨ ਸ਼ੈਤਾਨ ਦਾ ਘਰ ਜੋ ਹੋਇਆ।
ਤਿਉਹਾਰ ਮਨਾਉਣੇ,ਮਨੋਰੰਜਨ ਕਰਨਾ ਮਨੁੱਖੀ ਜੀਵਨ ਦਾ ਇੱਕ ਹਿੱਸਾ ਹੈ ਪਰ ਉਸ ਤੋਂ ਪਹਿਲਾਂ ਜੀਵਨ ਦੀਆਂ ਬੁਨਿਆਦੀ ਲੋੜਾਂ ਵੀ ਪੂਰੀਆਂ ਹੋਣੀਆਂ ਚਾਹੀਦੀਆਂ ਹਨ। ਗਿਆਨਤਾ,ਅੰਧ-ਵਿਸ਼ਵਾਸ ਤੇ ਹੋਰ ਕੁਰੀਤੀਆਂ ਦੂਰ ਕਰਨ ਲਈ ਸਿੱਖਿਆ ਦਾ ਪ੍ਰਸਾਰ ਕਰਕੇ,ਸਿਹਤ ਸਹੂਲਤਾਂ ਉਪਲਬਧ ਕਰਵਾਉਣਾ ਤੇ ਰੋਜ਼ਗਾਰ ਦੇ ਸਾਧਨ ਪੈਦਾ ਕਰਨੇ ਸਰਕਾਰਾਂ ਦਾ ਮੁੱਖ ਜ਼ਿੰਮਾ ਹੈ।ਮੁਫ਼ਤ ਦੀਆਂ ਚਾਟਾਂ ਖ਼ਤਮ ਕਰਕੇ ਕੰਮ ਪ੍ਰਤੀ ਉਤਸ਼ਾਹ ਪੈਦਾ ਕਰਨਾ ਮੁੱਖ ਟੀਚਾ ਹੋਣਾ ਚਾਹੀਦਾ ਹੈ।ਸਰਕਾਰਾਂ ਭੇਦ-ਭਾਵ ਤੋਂ ਬਿਨਾਂ ਯੋਗਤਾ ਦੇ ਅਧਾਰ ਤੇ ਹਰ ਨਾਗਰਿਕ ਨਾਲ ਬਰਾਬਰਤਾ ਦੇ ਅਧਾਰ ਤੇ ਵਿਹਾਰ ਕਰਨ,ਕਿਸੇ ਨਾਲ ਵੀ ਵਧੀਕੀ ਨਾ ਹੋਵੇ ਤੇ ਸਮੇਂ ਸਿਰ ਇਨਸਾਫ਼ ਮਿਲੇ ਤਾਂ ਸਮੱਸਿਆਵਾਂ ਖ਼ੁਦ ਬਖ਼ੁਦ ਖ਼ਤਮ ਹੋ ਜਾਂਦੀਆਂ ਹਨ।ਜੇ ਇਕੱਲਾ ਇਹ ਹੀ ਸੋਚ ਲਿਆ ਜਾਵੇ ਕਿ ਪੁਤਲੇ ਸਾੜਨ ਨਾਲ ਤੇ ਦੀਵੇ ਬਾਲਣ ਨਾਲ,ਬੁਰਾਈ ਖ਼ਤਮ ਹੋ ਜਾਵੇਗੀ ਜਾਂ ਅਗਿਆਨਤਾ ਦਾ ਅੰਧੇਰ ਦੂਰ ਹੋ ਜਾਵੇਗਾ ਤਾਂ ਇਹ ਮਹਿਜ਼ ਗ਼ਲਤ ਫਹਿਮੀ ਹੋਵੇਗੀ।ਇਹ ਤਿਉਹਾਰ ਉਦੇਸ਼ ਤੇ ਯਾਦ ਦਾ ਕੰਮ ਕਰਦੇ ਹੋਏ ਮਨੁੱਖੀ ਮਨਾਂ ਅੰਦਰ ਤਾਂਘ ਪੈਦਾ ਕਰਨ ਲਈ ਸਿਰਜੇ ਗਏ ਸਨ।ਬਾਕੀ ਵਿਹਾਰਕ ਰੂਪ ਵਿੱਚ ਮਸਲੇ ਹੱਲ ਕਰਨ ਲਈ ਅਮਲੀ ਜਾਮਾ ਪਹਿਨਾਉਣਾ ਹੀ ਮੁੱਖ ਜ਼ਰੂਰਤ ਹੁੰਦੀ ਹੈ।ਆਸ ਕਰਨੀ ਬਣਦੀ ਹੈ ਕਿ ਮਨੁੱਖਤਾ,ਸਮਾਜ ਤੇ ਦੇਸ਼ ਹਿਤ ਵਿੱਚ ਸਮੂਹ ਨਾਗਰਿਕ ਇਸ ਤਰੀਕੇ ਨਾਲ ਆਪੋ ਆਪਣੇ ਅਧਿਕਾਰਾਂ ਤੇ ਕਰਤੱਵਾਂ ਦਾ ਪਾਲਣ ਕਰਨ ਕਿ ਸਮੂਹ ਬੁਰਾਈਆਂ ਤੇ ਕੁਰੀਤੀਆਂ ਅਲੋਪ ਹੋ ਜਾਣ ਤੇ ਖ਼ੁਸ਼ਹਾਲੀ ਦੀ ਰੋਸ਼ਨੀ ਵਧੇ ਫੁੱਲੇ! ਆਮੀਨ!

ਐਡਵੋਕੇਟ ਦਰਸ਼ਨ ਸਿੰਘ ਰਿਆੜ
ਮੋ: 9316311677
Share this content:



Post Comment