ਕਵਿਤਾ ਹੈ/ਅਮਰਜੀਤ ਦਸੂਹਾ
ਭਾਵਾਂ ਦੇ ਸਾਗਰ ਦੀ ਉੱਠਦੀ ਆਵਾਜ਼ ਕਵਿਤਾ ਹੈ,
ਕਲਪਨਾ ਦੇ ਅੰਬਰ ਦੀ ਸੋਹਣੀ ਪਰਵਾਜ਼ ਕਵਿਤਾ ਹੈ।
ਮਨ ਦੇ ਗੁੱਝੇ ਜਜ਼ਬਿਆਂ ਦਾ ਹੁੰਦਾ ਪ੍ਰਗਟਾਵਾ,
ਜ਼ਿੰਦਗੀ ਦੇ ਅਣਕਹੇ ਕਿੱਸਿਆਂ ਦਾ ਅੰਦਾਜ਼ ਕਵਿਤਾ ਹੈ।
ਕਦੇ ਛੰਦਾਂ ਵਿੱਚ ਬੱਝਦੀ, ਕਦੇ ਆਜ਼ਾਦ ਹੋ ਜਾਂਦੀ,
ਨੇਮਾਂ ਵਿੱਚ ਰਹਿ ਕੇ ਖੋਲ੍ਹੇ ਹਰ ਰਾਜ਼ ਕਵਿਤਾ ਹੈ।
ਸੰਗੀਤਮਈ ਖ਼ਿਆਲਾਂ ਨੂੰ ਜਦ ਸ਼ਬਦਾਂ ਦਾ ਮੇਲ ਮਿਲੇ,
ਮਨ ਦੀਆਂ ਤਰੰਗਾਂ ਦਾ ਸੁਰੀਲਾ ਸਾਜ਼ ਕਵਿਤਾ ਹੈ।
ਤਰਕ ਨੂੰ ਕਲਪਨਾ ਦੇ ਖੰਭ ਲਾ ਕੇ ਉਡਾਰੀ ਦੇਵੇ,
ਸੱਚ ਨੂੰ ਸੁਆਦ ਵਿੱਚ ਗੁੰਨ੍ਹਣ ਦਾ ਅੰਦਾਜ਼ ਕਵਿਤਾ ਹੈ।
ਦਲੀਲਾਂ ਨੂੰ ਨਵੀਂ ਸੋਚ ਦੇ ਅੰਬਰ ਤੱਕ ਪਹੁੰਚਾਵੇ,
ਚਿੰਤਨ ਦੀਆਂ ਉੱਚੀਆਂ ਉਡਾਰੀਆਂ ਦਾ ਆਗਾਜ਼ ਕਵਿਤਾ ਹੈ।
ਸੱਜਰਾਪਣ ਇਸ ਦੀ ਰੂਹ, ਮੌਲਿਕਤਾ ਪਛਾਣ ਇਸ ਦੀ,
ਨਵੇਂ ਅਹਿਸਾਸਾਂ ਦੇ ਜਨਮ ਦਾ ਅੰਦਾਜ਼ ਕਵਿਤਾ ਹੈ।
ਲੋਕਾਈ ਦਾ ਮਾਣ ਬਣੇ ਜਾਂ ਕੁਟੀਆ ਵਿੱਚ ਇਕੱਲੀ ਰਹੇ,
ਸ਼ੋਹਰਤ ਤੋਂ ਬੇਨਿਆਜ਼ ਆਪਣਾ ਤਾਜ਼ ਕਵਿਤਾ ਹੈ।
ਭਾਵੁਕ ਸੋਚ ਨੂੰ ਸ਼ਬਦਾਂ ਦੇ ਗਹਿਣਿਆਂ ਨਾਲ ਸਜਾਵੇ,
ਮਨੁੱਖੀ ਮਨ ਦੀ ਅੰਦਰਲੀ ਆਵਾਜ਼ ਕਵਿਤਾ ਹੈ।
ਜਜ਼ਬਾਤਾਂ ਦੀ ਤੀਬਰਤਾ, ਤਸੱਵਰ ਦੀ ਅਮੀਰੀ,
ਕਲਪਨਾ ਦੇ ਰੰਗਾਂ ਵਿੱਚ ਰੰਗੇ ਅਲਫ਼ਾਜ਼ ਕਵਿਤਾ ਹੈ।
‘ਅਮਰ‘ ਸ਼ਬਦਾਂ ਦਾ ਜੋੜ ਨਹੀਂ, ਰੂਹ ਦੀ ਆਵਾਜ਼ ਹੈ,
ਮਨੁੱਖੀ ਚੇਤਨਾ ਦਾ ਜਿਊਂਦਾ ਇਨਕਲਾਬ ਕਵਿਤਾ ਹੈ।

ਅਮਰਜੀਤ ਦਸੂਹਾ
8968933711
Share this content:



Post Comment