Loading Now

ਦਿੱਲੀ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਉਗਰਾਹਾਂ ਯੂਨੀਅਨ ਵੱਲੋਂ ਇਕੱਤਰਤਾ

ਦਿੱਲੀ ਕਿਸਾਨ ਮੋਰਚੇ ਦੀ ਵਰ੍ਹੇਗੰਢ ਮੌਕੇ ਉਗਰਾਹਾਂ ਯੂਨੀਅਨ ਵੱਲੋਂ ਇਕੱਤਰਤਾ

ਬਰਨਾਲਾ, 27 ਨਵੰਬਰ- ਸੰਯੁਕਤ ਕਿਸਾਨ ਮੋਰਚਾ ਭਾਰਤ ਦੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ)-ਉਗਰਾਹਾਂ ਨੇ ਇੱਥੇ ਦਾਣਾ ਮੰਡੀ ਵਿਖੇ ਸੂਬਾ ਪੱਧਰੀ ਇਕੱਤਰਤਾ ਕਰਕੇ ਦਿੱਲੀ ਦੇ ਇਤਿਹਾਸਕ ਕਿਸਾਨ ਅੰਦੋਲਨ ਦੀ ਛੇਵੀਂ ਵਰ੍ਹੇਗੰਢ ਮਨਾਈ। ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਸਨਅਤੀ ਕਾਮਿਆਂ ਸਮੇਤ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ 26 ਨਵੰਬਰ 2020 ਨੂੰ ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਸਰਹੱਦਾਂ ’ਤੇ ਇਤਿਹਾਸਕ ਸੰਘਰਸ਼ ਸ਼ੁਰੂ ਕੀਤਾ ਗਿਆ ਸੀ। ਇਸ ਅੰਦੋਲਨ ਨੂੰ ਦੇਸ਼-ਵਿਦੇਸ਼ ’ਚ ਵਸਦੇ ਪੰਜਾਬੀ ਤੇ ਭਾਰਤੀ ਲੋਕਾਂ ਦੀ ਭਰਵੀਂ ਹਮਾਇਤ ਮਿਲੀ।

ਅੰਦੋਲਨ ਦੌਰਾਨ 700 ਤੋਂ ਵੱਧ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਨੇ ਸ਼ਹਾਦਤਾਂ ਦਿੱਤੀਆਂ, ਜਿਨ੍ਹਾਂ ਨੂੰ ਅੱਜ ਦੇ ਇਕੱਠ ਵਲੋਂ ਸ਼ਰਧਾਂਜਲੀ ਦਿੱਤੀ ਗਈ। ਇਸ ਇਤਿਹਾਸਕ ਸੰਘਰਸ਼ ਦੇ ਦਬਾਅ ਸਦਕਾ ਕੇਂਦਰੀ ਮੋਦੀ ਸਰਕਾਰ ਨੂੰ ਤਿੰਨੋਂ ਖੇਤੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਅੰਦੋਲਨ ਸਮਾਪਤ ਕਰਵਾਉਣ ਸਮੇਂ ਕਿਸਾਨਾਂ ਨਾਲ ਕਈ ਲਿਖਤੀ ਵਾਅਦੇ ਕੀਤੇ ਸਨ ਪਰ ਇਹ ਮੰਗਾਂ ਹਾਲੇ ਤੱਕ ਪੂਰੀਆਂ ਨਹੀਂ ਕੀਤੀਆਂ ਗਈਆਂ। ਸੂਬਾ ਆਗੂ ਜਨਕ ਸਿੰਘ ਭਟਾਲ ਅਤੇ ਰੂਪ ਸਿੰਘ ਛੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਦੇ ਮੈਦਾਨ ਵਿੱਚ ਆਉਣ।

ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਲੰਘੀ 13 ਅਕਤੂਬਰ ਨੂੰ ਤਿੰਨ ਮੰਤਰੀਆਂ ਦੇ ਨਾਲ ਮੀਟਿੰਗ ਦੌਰਾਨ ਮੰਨੀਆਂ ਮੰਗਾਂ ਨੂੰ ਲਾਗੂ ਕਰਾਉਣ ਲਈ ਦਸੰਬਰ ਮਹੀਨੇ ਦੇ ਸ਼ੁਰੂ ਵਿੱਚ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਅੱਜ ਦੇ ਇਕੱਠ ਨੂੰ ਸੰਬੋਧਨ ਕਰਨ ਵਾਲਿਆਂ ‘ਚ ਹਰਿੰਦਰ ਕੌਰ ਬਿੰਦੂ, ਰਣਦੀਪ ਕੌਰ ਰਟੌਲ, ਕਰਮਜੀਤ ਕੌਰ ਮੋਗਾ, ਕਮਲਜੀਤ ਕੌਰ ਬਰਨਾਲਾ, ਹਰਜੀਤ ਸਿੰਘ ਮਹਿਲਾਂ, ਗੁਲਾਬ ਸਿੰਘ ਜਿਉਂਦ, ਰਾਮ ਸਿੰਘ ਭੈਣੀ ਬਾਘਾ, ਗੁਰਭੇਜ ਸਿੰਘ ਰੋਹੀ ਵਾਲਾ, ਹਰਬੰਸ ਸਿੰਘ ਕੋਟਲੀ, ਨੱਥਾ ਸਿੰਘ ਰੋੜੀਕਪੂਰਾ, ਹੈਪੀ ਸਿੰਘ ਮੁਹਾਲੀ, ਜਗਦੀਪ ਸਿੰਘ ਪਟਿਆਲਾ, ਰੁਪਿੰਦਰ ਸਿੰਘ ਅੰਮ੍ਰਿਤਸਰ, ਮਨੋਹਰ ਸਿੰਘ ਲੁਧਿਆਣਾ, ਬੂਟਾ ਸਿੰਘ ਭਾਗੀ ਕੇ ਅਤੇ ਪੈਪਸੀਕੋ ਕੰਟਰੈਕਟਰ ਵਰਕਰਜ਼ ਯੂਨੀਅਨ ਚੰਨੋ ਦੇ ਆਗੂ ਕਸ਼ਮੀਰ ਸਿੰਘ ਸ਼ਾਮਲ ਸਨ।

Share this content:

Post Comment