ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦੀ ਵੈੱਬਸਾਈਟ ’ਚ ਤਕਨੀਕੀ ਖਾਮੀ, ਬ੍ਰਾਊਜ਼ਰ ਨੈੱਟਵਰਕ ਦੀ ਸਮੱਸਿਆ ਕੀਤੀ ਦੂਰ
ਮੁੰਬਈ , 27 ਨਵੰਬਰ- ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ.) ਦੀ ਵੈੱਬਸਾਈਟ ਦੀ ਇੱਕ ਸੁਰੱਖਿਆ ਖਾਮੀ, ਜਿਸ ਰਾਹੀਂ ਕੁਝ ਵੋਟਰਾਂ ਦੇ ਨਿੱਜੀ ਵੇਰਵਿਆਂ ਅਤੇ ਦਸਤਾਵੇਜ਼ਾਂ ਤੱਕ ਪਹੁੰਚ ਹੋ ਰਹੀ ਸੀ, ਨੂੰ ਰਾਇਟਰਜ਼ ਵੱਲੋਂ ਚੋਣ ਕਮਿਸ਼ਨ ਨੂੰ ਸੁਚੇਤ ਕਰਨ ਤੋਂ ਬਾਅਦ ਠੀਕ ਕਰ ਦਿੱਤਾ ਗਿਆ ਹੈ।ਰਾਇਟਰਜ਼ ਦੀ ਸਮੀਖਿਆ ਵਿੱਚ ਸਾਹਮਣੇ ਆਇਆ ਕਿ ਜਦੋਂ ਕੋਈ ਵੋਟਰ ਲੌਗਇਨ ਕਰਕੇ ਸਥਾਨਕ ਚੋਣ ਅਧਿਕਾਰੀ ਨਾਲ ਕਾਲ ਦੀ ਬੇਨਤੀ ਕਰਦਾ ਸੀ, ਤਾਂ ਬ੍ਰਾਊਜ਼ਰ ਦੇ ਨੈੱਟਵਰਕ ਟੈਬ ਵਿੱਚ ਫਾਰਮ ਦਾ ਰੈਫਰੈਂਸ ਨੰਬਰ ਦਿਖਦਾ ਸੀ। ਕਾਲ ਬੁੱਕ ਕਰਨ ’ਤੇ ਨਾਮ, ਫੋਨ, ਈਮੇਲ, ਜਨਮ ਮਿਤੀ, ਪਤਾ ਅਤੇ ਪਾਸਪੋਰਟ ਵਰਗੇ ਦਸਤਾਵੇਜ਼ਾਂ ਦੇ ਫਾਈਲ ਪਾਥ ਵੀ ਸਾਹਮਣੇ ਆਉਂਦੇ ਸਨ।
ਸੁਰੱਖਿਆ ਖੋਜਕਰਤਾਵਾਂ ਕਰਨ ਸੈਣੀ ਅਤੇ ਅਹਿਰਾਜ਼ ਅਹਿਮਦ ਨੇ ਕਿਹਾ ਕਿ ਫਾਰਮ ਨੰਬਰਾਂ ਦੀ ਅੰਦਾਜ਼ਾ ਲਾਉਣ ਯੋਗ ਤਰਤੀਬ ਕਾਰਨ ਹੈਕਰ ਥੋਕ ਵਿੱਚ ਡੇਟਾ ਡਾਊਨਲੋਡ ਕਰ ਸਕਦੇ ਸਨ। ਰਾਇਟਰਜ਼ ਦਾ ਰਿਪੋਰਟਰ ਵੀ ਆਪਣੇ ਰਾਸ਼ਟਰੀ ਪਛਾਣ ਪੱਤਰ ਦੀ ਕਾਪੀ ਡਾਊਨਲੋਡ ਕਰਨ ਵਿੱਚ ਸਫਲ ਰਿਹਾ। ਹਾਲਾਂਕਿ, ਇਹ ਪਤਾ ਨਹੀਂ ਲੱਗ ਸਕਿਆ ਕਿ ਕਿਸੇ ਹੈਕਰ ਨੇ ਇਸ ਖਾਮੀ ਦੀ ਵਰਤੋਂ ਕੀਤੀ ਜਾਂ ਕਿੰਨੇ ਵੋਟਰ ਪ੍ਰਭਾਵਿਤ ਹੋਏ।
ਜੂਨ 2025 ਵਿੱਚ ਸ਼ੁਰੂ ਹੋਏ ਇਸ ਕਾਲ-ਬੁਕਿੰਗ ਫੀਚਰ ਦੀ ਖਾਮੀ ਬਾਰੇ ਰਾਇਟਰਜ਼ ਨੇ 26 ਅਕਤੂਬਰ ਨੂੰ ਕਮਿਸ਼ਨ ਨੂੰ ਦੱਸਿਆ ਸੀ। ਵੀਰਵਾਰ ਨੂੰ ਕਮਿਸ਼ਨ ਦੇ ਬੁਲਾਰੇ ਵੱਲੋਂ ਆਈ.ਟੀ. ਵਿਭਾਗ ਨੂੰ ਜਾਂਚ ਲਈ ਕਹੇ ਜਾਣ ਤੋਂ ਕੁਝ ਘੰਟਿਆਂ ਬਾਅਦ ਖਾਮੀ ਠੀਕ ਕਰ ਦਿੱਤੀ ਗਈ।
ਇਹ ਮਾਮਲਾ ਉੱਤਰ ਪ੍ਰਦੇਸ਼ ਸਮੇਤ ਅਹਿਮ ਸੂਬਿਆਂ ਦੀਆਂ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਅਤੇ ਵੋਟਰ ਸੂਚੀਆਂ ਅੱਪਡੇਟ ਕਰਨ ਦੀ ਵਿਵਾਦਤ ਮੁਹਿੰਮ ’ਤੇ ਵਿਰੋਧ ਵਿਚਾਲੇ ਸਾਹਮਣੇ ਆਇਆ ਹੈ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਇਸ ਨੂੰ ਚਿੰਤਾਜਨਕ ਦੱਸਿਆ, ਜਦੋਂਕਿ ਸਾਬਕਾ ਚੋਣ ਕਮਿਸ਼ਨਰ ਅਸ਼ੋਕ ਲਵਾਸਾ ਨੇ ਕਿਹਾ ਕਿ ਇਹ ਅਣਜਾਣੇ ਵਿੱਚ ਹੋਈ ਖਾਮੀ ਜਾਪਦੀ ਹੈ। ਸੈਣੀ ਨੇ ਕਿਹਾ ਕਿ ਸਰਵਰ ਸਿਰਫ਼ ਲੌਗਇਨ ਦੀ ਜਾਂਚ ਕਰਦਾ ਜਾਪਦਾ ਸੀ, ਨਾ ਕਿ ਦਸਤਾਵੇਜ਼ ਦੇਖਣ ਦੇ ਅਧਿਕਾਰ ਦੀ। ਅਹਿਮਦ ਨੇ ਤਕਨੀਕੀ ਤਰੱਕੀ ਦੇ ਬਾਵਜੂਦ ਬੁਨਿਆਦੀ ਸੁਰੱਖਿਆ ਮਾਪਦੰਡ ਨਾ ਅਪਣਾਉਣ ’ਤੇ ਹੈਰਾਨੀ ਜਤਾਈ।
Share this content:



Post Comment