Loading Now

ਦਿਸਹੱਦਿਆਂ ਤੋਂ ਬਾਹਰਲਾ ਸੰਘਰਸ਼

ਦਿਸਹੱਦਿਆਂ ਤੋਂ ਬਾਹਰਲਾ ਸੰਘਰਸ਼

ਪਿਛਲੇ ਕੁਝ ਹਫ਼ਤਿਆਂ ਦੌਰਾਨ ਭਾਰਤ ’ਚ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਅਸਾਧਾਰਨ ਉਭਾਰ ਦੇਖਣ ਨੂੰ ਮਿਲਿਆ ਹੈ, ਜਿਸ ਨੇ ਦੇਸ਼ ਦੀ ਪ੍ਰੀਖਿਆ ਪ੍ਰਣਾਲੀ ਦੀ ਭਰੋਸੇਯੋਗਤਾ ਨੂੰ ਹੀ ਚੁਣੌਤੀ ਨਹੀਂ ਦਿੱਤੀ ਸਗੋਂ ਸਰਕਾਰ ਦੇ ਦਾਅਵਿਆਂ ਅਤੇ ਕਰੋੜਾਂ ਨੌਜਵਾਨ ਭਾਰਤੀਆਂ ਦੀ ਅਸਲ ਜ਼ਿੰਦਗੀ ਵਿਚਲੇ ਵਧਦੇ ਪਾੜੇ ਨੂੰ ਵੀ ਬੇਨਕਾਬ ਕੀਤਾ ਹੈ। ਇਸ ਤੋਂ ਵੀ ਵੱਧ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੇ ਇੱਕ ਅਜਿਹਾ ਰਾਜਨੀਤਕ ਅਤੇ ਸਮਾਜਿਕ ਮੌਕਾ ਪੈਦਾ ਕੀਤਾ ਹੈ, ਜਿਸ ਰਾਹੀਂ ਲੋਕਤੰਤਰ, ਸਮਾਨਤਾ, ਵਿਗਿਆਨਕ ਸੋਚ, ਧਰਮ ਨਿਰਪੱਖਤਾ ਅਤੇ ਜਨ ਹਿੱਤ ਨੂੰ ਕੇਂਦਰ ਵਿੱਚ ਰੱਖ ਕੇ ਇੱਕ ਮਜ਼ਬੂਤ ਲੋਕ ਬਿਰਤਾਂਤ ਤਿਆਰ ਕੀਤਾ ਜਾ ਸਕਦਾ ਹੈ। ਕਈ ਸਾਲਾਂ ਤੋਂ ਆਰ ਐੱਸ ਐੱਸ ਤੇ ਭਾਜਪਾ ਖ਼ੁਦ ਨੂੰ ਰਾਸ਼ਟਰਵਾਦ ਦੀ ਰਾਖੀ ਕਰਨ ਵਾਲੀ, ਲੋਕ ਹਿਤੈਸ਼ੀ ਅਤੇ ਹਿੰਦੂ ਹਿੱਤਾਂ ਦੀ ਰਖਵਾਲੀ ਵਜੋਂ ਪੇਸ਼ ਕਰਦੀ ਆ ਰਹੀ ਹੈ। ਹਾਲੀਆ ਘਟਨਾਵਾਂ ਨੇ ਇਸ ਆਪੂੰ ਬਣਾਏ ਅਕਸ ਨੂੰ ਵੱਡਾ ਝਟਕਾ ਦਿੱਤਾ ਹੈ। ਵਿਦਿਆਰਥੀ ਅੰਦੋਲਨ ਦੇ ਵਿਆਪਕ ਪੈਮਾਨੇ ਅਤੇ ਦ੍ਰਿੜਤਾ ਨੇ ਉਸ ਸਿੱਖਿਆ ਪ੍ਰਣਾਲੀ ਪ੍ਰਤੀ ਲੋਕਾਂ ਦੀ ਡੂੰਘੀ ਨਾਰਾਜ਼ਗੀ ਨੂੰ ਸਾਹਮਣੇ ਲਿਆਂਦਾ ਹੈ, ਜੋ ਵਾਰ-ਵਾਰ ਪ੍ਰਸ਼ਨ ਪੱਤਰ ਲੀਕ ਹੋਣ, ਵਧਦੇ ਵਪਾਰੀਕਰਨ, ਘਟਦੇ ਮੌਕਿਆਂ ਅਤੇ ਡੂੰਘੀ ਹੁੰਦੀ ਅਸਮਾਨਤਾ ਨਾਲ ਘਿਰੀ ਹੋਈ ਹੈ।

ਇਸ ਨਾਲ ਇਹ ਦਾਅਵਾ ਵੀ ਸਵਾਲਾਂ ਦੇ ਘੇਰੇ ’ਚ ਆ ਗਿਆ ਹੈ ਕਿ ਭਾਰਤ ਅਜੇ ਵੀ ਇੱਕ ਜੀਵੰਤ ਲੋਕਤੰਤਰ ਹੈ ਕਿਉਂਕਿ ਸ਼ਾਂਤਮਈ ਵਿਰੋਧ ਪ੍ਰਤੀ ਰਾਜ ਦਾ ਰਵੱਈਆ ਲੋਕਤੰਤਰੀ ਸੰਵਾਦ ਦੀ ਬਜਾਏ ਅਸਹਿਣਸ਼ੀਲਤਾ ਨੂੰ ਵੱਧ ਦਰਸਾਉਂਦਾ ਹੈ। ਜੰਤਰ ਮੰਤਰ ਅਤੇ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋਏ ਪ੍ਰਦਰਸ਼ਨਾਂ ਨੂੰ ਹਾਲੀਆ ਦਹਾਕਿਆਂ ਦੇ ਸਭ ਤੋਂ ਮਹੱਤਵਪੂਰਨ ਵਿਦਿਆਰਥੀ ਅੰਦੋਲਨਾਂ ’ਚੋਂ ਇੱਕ ਵਜੋਂ ਮੰਨਿਆ ਜਾਣਾ ਚਾਹੀਦਾ ਹੈ। ਭਾਵੇਂ ਇਸ ਦੀ ਤੁਰੰਤ ਮੰਗ ਪ੍ਰੀਖਿਆਵਾਂ ਅਤੇ ਭਰਤੀਆਂ ਵਿੱਚ ਪਾਰਦਰਸ਼ਤਾ ਤੇ ਨਿਰਪੱਖਤਾ ਯਕੀਨੀ ਬਣਾਉਣ ਦੀ ਸੀ, ਪਰ ਇਹ ਅੰਦੋਲਨ ਜਲਦੀ ਹੀ ਸਿੱਖਿਆ ਦੀ ਮੌਜੂਦਾ ਦਿਸ਼ਾ ਬਾਰੇ ਇੱਕ ਵਿਆਪਕ ਆਲੋਚਨਾ ਵਿੱਚ ਬਦਲ ਗਿਆ। ਵਿਦਿਆਰਥੀਆਂ ਨੇ ਸਿਰਫ਼ ਪ੍ਰਸ਼ਾਸਨਿਕ ਨਾਕਾਮੀਆਂ ਹੀ ਨਹੀਂ ਸਗੋਂ ਸਿੱਖਿਆ ਨੀਤੀ ਦੇ ਵਿਚਾਰਧਾਰਕ ਰੁਝਾਨ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਭਾਰਤੀ ਸੰਵਿਧਾਨ ਵਿੱਚ ਦਰਜ ਧਰਮ ਨਿਰਪੱਖਤਾ, ਵਿਗਿਆਨਕ ਸੋਚ ਅਤੇ ਆਲੋਚਨਾਤਮਕ ਚਿੰਤਨ ਦੀ ਵਚਨਬੱਧਤਾ ਨੂੰ ਫ਼ਿਰਕਾਪ੍ਰਸਤੀ, ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਅਤੇ ਗ਼ੈਰ-ਵਿਗਿਆਨਕ ਧਾਰਨਾਵਾਂ ਨਾਲ ਬਦਲਣ ਦੇ ਯਤਨਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦੀਆਂ ਚਿੰਤਾਵਾਂ ਸਿਰਫ਼ ਕੈਂਪਸਾਂ ਤੱਕ ਸੀਮਿਤ ਨਹੀਂ ਹਨ। ਇਹ ਉਨ੍ਹਾਂ ਕਰੋੜਾਂ ਨੌਜਵਾਨਾਂ ਦੀ ਬੇਚੈਨੀ ਨੂੰ ਦਰਸਾਉਂਦੀਆਂ ਹਨ ਜੋ ਗੁਣਵੱਤਾ ਭਰੀ ਸਿੱਖਿਆ, ਅਰਥਪੂਰਨ ਰੁਜ਼ਗਾਰ ਅਤੇ ਬਰਾਬਰ ਮੌਕਿਆਂ ਲਈ ਸੰਘਰਸ਼ ਕਰ ਰਹੇ ਹਨ।

ਇਸ ਅੰਦੋਲਨ ਦੀਆਂ ਸਭ ਤੋਂ ਕਾਬਿਲ-ਏ-ਗੌਰ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਇਸ ਦੀ ਸਮਾਵੇਸ਼ੀ ਪ੍ਰਕਿਰਤੀ ਰਹੀ ਹੈ। ਵੱਖ-ਵੱਖ ਧਰਮਾਂ, ਜਾਤੀਆਂ, ਖੇਤਰਾਂ ਅਤੇ ਸਮਾਜਿਕ ਪਿਛੋਕੜਾਂ ਨਾਲ ਸਬੰਧਿਤ ਲੜਕੇ ਅਤੇ ਲੜਕੀਆਂ ਸਾਂਝੀਆਂ ਲੋਕਤੰਤਰੀ ਮੰਗਾਂ ਦੇ ਆਧਾਰ ’ਤੇ ਇਕੱਠੇ ਖੜ੍ਹੇ ਹੋਏ। ਪਰਿਵਾਰ ਵੀ ਇਸ ਸੰਘਰਸ਼ ਵਿੱਚ ਸ਼ਾਮਿਲ ਹੋਏ ਅਤੇ ਸੋਸ਼ਲ ਮੀਡੀਆ ਨੇ ਉਨ੍ਹਾਂ ਆਵਾਜ਼ਾਂ ਨੂੰ ਮਜ਼ਬੂਤੀ ਦਿੱਤੀ, ਜਿਨ੍ਹਾਂ ਨੂੰ ਮੁੱਖਧਾਰਾ ਦੀਆਂ ਸੰਸਥਾਵਾਂ ਅਕਸਰ ਅਣਡਿੱਠ ਕਰਦੀਆਂ ਹਨ। ਇਹ ਏਕਤਾ ਦਰਸਾਉਂਦੀ ਹੈ ਕਿ ਸਿੱਖਿਆ ਅਤੇ ਰੁਜ਼ਗਾਰ ਨਾਲ ਜੁੜੇ ਮੁੱਦੇ ਫ਼ਿਰਕੂ ਅਤੇ ਸਮਾਜਿਕ ਵੰਡਾਂ ਤੋਂ ਉੱਪਰ ਹਨ। ਉਮੀਦ ਅਨੁਸਾਰ ਇਸ ਲੋਕਤੰਤਰੀ ਦਾਅਵੇ ਨੇ ਤਿੱਖੀ ਪ੍ਰਤੀਕਿਰਿਆ ਵੀ ਪੈਦਾ ਕੀਤੀ ਹੈ। ਸੱਤਾਧਾਰੀ ਧਿਰ ਅਤੇ ਉਸ ਦੇ ਸਮਰਥਕਾਂ ਨੇ ਸੰਵਾਦ ਦੀ ਬਜਾਏ ਵਿਰੋਧੀ ਰਵੱਈਆ ਅਪਣਾਇਆ ਹੈ। ਸੱਤਾਧਾਰੀ ਗਰੁੱਪ ਦੇ ਆਗੂਆਂ- ਨਿਸ਼ੀਕਾਂਤ ਦੂਬੇ (ਭਾਜਪਾ ਸੰਸਦ ਮੈਂਬਰ), ਟੀ ਜੀ ਮੋਹਨਦਾਸ (ਭਾਜਪਾ ਬੌਧਿਕ ਸੈੱਲ ਦੇ ਸਾਬਕਾ ਮੁਖੀ) ਅਤੇ ਕੰਗਣਾ ਰਣੌਤ (ਭਾਜਪਾ ਸੰਸਦ ਮੈਂਬਰ) ਵੱਲੋਂ ਪ੍ਰਦਰਸ਼ਨਕਾਰੀਆਂ ਵਿਰੁੱਧ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਬਿਆਨ ਅਤੇ ਵਿਦਿਆਰਥਣਾਂ ਪ੍ਰਤੀ ਅਪਮਾਨਜਨਕ ਟਿੱਪਣੀਆਂ ਨੇ ਬਹੁਤ ਸਾਰੇ ਨਾਗਰਿਕਾਂ ਨੂੰ ਚਿੰਤਤ ਕੀਤਾ ਹੈ। ਅਜਿਹੀ ਭਾਸ਼ਾ ਦਾ ਕਿਸੇ ਵੀ ਲੋਕਤੰਤਰੀ ਸਮਾਜ ਵਿੱਚ ਕੋਈ ਸਥਾਨ ਨਹੀਂ ਹੈ।

ਇਸ ਤੋਂ ਵੀ ਵੱਧ ਚਿੰਤਾਜਨਕ ਉਹ ਰਿਪੋਰਟਾਂ ਹਨ ਜਿਨ੍ਹਾਂ ਵਿੱਚ ਹਿੰਦੂਤਵ ਨਾਲ ਜੁੜੇ ਚੌਕਸੀ ਗਰੁੱਪਾਂ ਵੱਲੋਂ ਵਿਦਿਆਰਥੀਆਂ ’ਤੇ ਹਮਲਿਆਂ ਦੀ ਗੱਲ ਸਾਹਮਣੇ ਆਈ ਹੈ ਜਦੋਂਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਿਰਣਾਇਕ ਦਖ਼ਲ ਦੇਣ ਵਿੱਚ ਝਿਜਕਦੀਆਂ ਦਿਖਾਈ ਦਿੱਤੀਆਂ ਹਨ। ਇਹ ਘਟਨਾਵਾਂ ਜਮਹੂਰੀ ਸਪੇਸ ਦੇ ਸਿਮਟਣ ਸੰਬੰਧੀ ਚਿੰਤਾਵਾਂ ਨੂੰ ਹੋਰ ਮਜ਼ਬੂਤ ਕਰਦੀਆਂ ਹਨ। ਇਹ ਘਟਨਾਵਾਂ ਇਸ ਗੱਲ ਨੂੰ ਰੇਖਾਂਕਿਤ ਕਰਦੀਆਂ ਹਨ ਕਿ ਲੋਕਤੰਤਰੀ ਭਾਗੀਦਾਰੀ ਨੂੰ ਕਮਜ਼ੋਰ ਕਰਨ ਦੀ ਬਜਾਏ ਹੋਰ ਮਜ਼ਬੂਤ ਕਰਨ ਦੀ ਤੁਰੰਤ ਲੋੜ ਹੈ। ਪ੍ਰਗਤੀਸ਼ੀਲ ਸੰਗਠਨਾਂ, ਲੋਕਤੰਤਰੀ ਅੰਦੋਲਨਾਂ, ਅਧਿਆਪਕਾਂ, ਸਿੱਖਿਆ, ਟਰੇਡ ਯੂਨੀਅਨਾਂ ਅਤੇ ਸੰਵਿਧਾਨਕ ਮੁੱਲਾਂ ਪ੍ਰਤੀ ਵਚਨਬੱਧ ਰਾਜਨੀਤਕ ਪਾਰਟੀਆਂ ਨੂੰ ਇਹ ਗੱਲ ਉਭਾਰਨੀ ਚਾਹੀਦੀ ਹੈ ਕਿ ਜਨਮਤ ਸਿੱਖਿਆ ਅਤੇ ਲੋਕਤੰਤਰ ਬਾਰੇ ਗੰਭੀਰ ਚਰਚਾ ਲਈ ਪਹਿਲਾਂ ਨਾਲੋਂ ਵੱਧ ਤਿਆਰ ਹੈ। ਇਸ ਮੌਕੇ ਨੂੰ ਵਿਅਰਥ ਨਹੀਂ ਜਾਣ ਦੇਣਾ ਚਾਹੀਦਾ।

ਮੌਜੂਦਾ ਸਮੇਂ ਦੀ ਸਭ ਤੋਂ ਫੌਰੀ ਲੋੜ ਸਿੱਖਿਆ ਦੇ ਭਵਿੱਖ ਬਾਰੇ ਇੱਕ ਵਿਆਪਕ ਜਨਤਕ ਸੰਵਾਦ ਸ਼ੁਰੂ ਕਰਨ ਦੀ ਹੈ। ਸਿੱਖਿਆ ਸੰਸਥਾਵਾਂ ਦੇ ਤੇਜ਼ੀ ਨਾਲ ਹੋ ਰਹੇ ਨਿੱਜੀਕਰਨ, ਸਿੱਖਿਆ ਦੇ ਵਪਾਰੀਕਰਨ, ਵਿਚਾਰਧਾਰਕ ਨਜ਼ਰੀਏ ਨਾਲ ਇਤਿਹਾਸ ਨੂੰ ਵਿਗਾੜਨ ਦੇ ਯਤਨਾਂ ਅਤੇ ਪਾਠਕ੍ਰਮਾਂ ਵਿੱਚ ਗ਼ੈਰ-ਵਿਗਿਆਨਕ ਵਿਚਾਰਾਂ ਨੂੰ ਸ਼ਾਮਿਲ ਕਰਨ ਵਰਗੇ ਮੁੱਦਿਆਂ ’ਤੇ ਗੰਭੀਰ ਜਨਤਕ ਪੜਤਾਲ ਹੋਣੀ ਚਾਹੀਦੀ ਹੈ। ਇਹ ਚਰਚਾਵਾਂ ਵਿਦਿਆਰਥੀਆਂ ਦੇ ਨਾਲ ਮਿਲ ਕੇ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਸ ਬਹਿਸ ਨੂੰ ਕੋਠਾਰੀ ਕਮਿਸ਼ਨ ਦੀ ਉਸ ਦੂਰਅੰਦੇਸ਼ੀ ਵੱਲ ਵੀ ਮੁੜਨਾ ਚਾਹੀਦਾ ਹੈ, ਜਿਸ ਦੀਆਂ ਸਿਫ਼ਾਰਸ਼ਾਂ ਅੱਜ ਵੀ ਬਹੁਤ ਪ੍ਰਸੰਗਿਕ ਹਨ। ਘਰਾਂ ਨੇੜਲੇ ਸਕੂਲਾਂ, ਸਿੱਖਿਆ ਦੇ ਬਰਾਬਰ ਮੌਕਿਆਂ, ਸਾਂਝੀ ਸਕੂਲੀ ਪ੍ਰਣਾਲੀ ਅਤੇ ਮੁਫ਼ਤ ਗੁਣਵੱਤਾ ਭਰੀ ਸਿੱਖਿਆ ’ਤੇ ਦਿੱਤਾ ਗਿਆ ਜ਼ੋਰ ਇਸ ਵਿਚਾਰ ਨੂੰ ਦਰਸਾਉਂਦਾ ਹੈ ਕਿ ਸਿੱਖਿਆ ਇੱਕ ਜਨਤਕ ਸੰਪਤੀ ਹੈ, ਨਾ ਕਿ ਬਾਜ਼ਾਰ ਵਿੱਚ ਵਿਕਣ ਵਾਲੀ ਵਸਤ। ਮੌਜੂਦਾ ਦਿਸ਼ਾ ਇਸ ਦੇ ਬਿਲਕੁਲ ਉਲਟ ਹੈ। ਸਰਕਾਰੀ ਸਕੂਲ, ਜੋ ਕਦੇ ਸਾਰਿਆਂ ਤੱਕ ਸਿੱਖਿਆ ਪਹੁੰਚਾਉਣ ਲਈ ਸਥਾਪਿਤ ਕੀਤੇ ਗਏ ਸਨ, ਲਗਾਤਾਰ ਘਟ ਰਹੇ ਹਨ। ਇਹ ਦੁਖਦਾਈ ਹੈ ਕਿ ਆਜ਼ਾਦੀ ਤੋਂ ਬਾਅਦ ਪੂਰੀ ਆਬਾਦੀ ਨੂੰ ਸਿੱਖਿਆ ਦੇਣ ਦੇ ਉਦੇਸ਼ ਨਾਲ ਖੋਲ੍ਹੇ ਗਏ ਇਹੀ ਸਕੂਲ ਹੁਣ ਬੰਦ ਕੀਤੇ ਜਾ ਰਹੇ ਹਨ। ਇਸ ਵੇਲੇ ਦੇਸ਼ ਵਿੱਚ ਲਗਪਗ 3.4 ਲੱਖ ਨਿੱਜੀ ਸਕੂਲ ਅਤੇ ਤਕਰੀਬਨ 10 ਲੱਖ ਸਰਕਾਰੀ ਸਕੂਲ ਹਨ। ਪਿਛਲੇ ਇੱਕ ਦਹਾਕੇ ਦੌਰਾਨ ਦੇਸ਼ ਭਰ ਵਿੱਚ ਲਗਪਗ 94,000 ਸਰਕਾਰੀ ਸਕੂਲ ਬੰਦ ਕੀਤੇ ਜਾ ਚੁੱਕੇ ਹਨ।
ਸਰਕਾਰੀ ਨਿਵੇਸ਼ ਵੀ ਵਧਦੀਆਂ ਲੋੜਾਂ ਦੇ ਅਨੁਸਾਰ ਨਹੀਂ ਵਧਿਆ। ਉੱਚ ਸਿੱਖਿਆ ਲਗਾਤਾਰ ਨਿੱਜੀ ਸੰਸਥਾਵਾਂ ’ਤੇ ਨਿਰਭਰ ਹੁੰਦੀ ਜਾ ਰਹੀ ਹੈ, ਜਿੱਥੇ ਮੋਟੀਆਂ ਫੀਸਾਂ ਕਾਰਨ ਪੇਸ਼ੇਵਰ ਸਿੱਖਿਆ ਬਹੁਤ ਸਾਰੇ ਯੋਗ ਵਿਦਿਆਰਥੀਆਂ ਦੀ ਪਹੁੰਚ ਤੋਂ ਬਾਹਰ ਹੋ ਗਈ ਹੈ। ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜਾਂ ਦੀਆਂ ਫ਼ੀਸਾਂ ਵਿੱਚ ਭਾਰੀ ਅੰਤਰ ਇਸ ਗੱਲ ਦੀ ਸਪੱਸ਼ਟ ਉਦਾਹਰਣ ਹੈ ਕਿ ਸਿੱਖਿਆ ਦੇ ਮੌਕੇ ਹੁਣ ਯੋਗਤਾ ਨਾਲੋਂ ਆਰਥਿਕ ਸਮਰੱਥਾ ’ਤੇ ਵੱਧ ਨਿਰਭਰ ਹੋ ਰਹੇ ਹਨ। ਇਸ ਦੇ ਨਾਲ ਹੀ ਪ੍ਰੀਖਿਆ ਅਤੇ ਦਾਖ਼ਲਾ ਪ੍ਰਣਾਲੀਆਂ ਵਿੱਚ ਲੋਕਾਂ ਦਾ ਭਰੋਸਾ ਮੁੜ ਬਹਾਲ ਕਰਨਾ ਵੀ ਬਹੁਤ ਜ਼ਰੂਰੀ ਹੈ। ਪਾਰਦਰਸ਼ੀ, ਪੇਸ਼ੇਵਰ ਢੰਗ ਨਾਲ ਚੱਲਣ ਵਾਲੀਆਂ, ਸੁਤੰਤਰ ਅਤੇ ਜਨਤਾ ਪ੍ਰਤੀ ਜਵਾਬਦੇਹ ਸੰਸਥਾਵਾਂ ਹੀ ਯੋਗਤਾ ਅਤੇ ਨਿਰਪੱਖਤਾ ਦੀ ਰੱਖਿਆ ਕਰ ਸਕਦੀਆਂ ਹਨ। ਭਾਰਤ ਨੂੰ ਸਿੱਖਿਆ ਵਿੱਚ ਸਰਕਾਰੀ ਨਿਵੇਸ਼ ਨੂੰ ਕਾਫ਼ੀ ਹੱਦ ਤੱਕ ਵਧਾਉਣ ਦੀ ਤੁਰੰਤ ਲੋੜ ਹੈ। ਬਜਟ ’ਚ ਵੱਡਾ ਵਾਧਾ, ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਮਜ਼ਬੂਤ ਕਰਨਾ, ਅਧਿਆਪਕਾਂ ਦੀ ਯੋਗ ਭਰਤੀ, ਬਿਹਤਰ ਬੁਨਿਆਦੀ ਢਾਂਚਾ ਅਤੇ ਪਾਰਦਰਸ਼ੀ ਦਾਖ਼ਲਾ ਪ੍ਰਕਿਰਿਆਵਾਂ ਨੂੰ ਰਾਸ਼ਟਰੀ ਤਰਜੀਹ ਬਣਾਇਆ ਜਾਣਾ ਚਾਹੀਦਾ ਹੈ। ਸਿੱਖਿਆ ਨੂੰ ਸਿਰਫ਼ ਇੱਕ ਵਪਾਰਕ ਖੇਤਰ ਵਜੋਂ ਨਹੀਂ ਦੇਖਿਆ ਜਾ ਸਕਦਾ; ਇਹ ਲੋਕਤੰਤਰ, ਸਮਾਜਿਕ ਗਤੀਸ਼ੀਲਤਾ ਅਤੇ ਰਾਸ਼ਟਰੀ ਵਿਕਾਸ ਦੀ ਬੁਨਿਆਦ ਹੈ। ਮੌਜੂਦਾ ਰਾਜਨੀਤਕ ਮਾਹੌਲ ਨਿਸ਼ਚਿਤ ਤੌਰ ’ਤੇ ਗੰਭੀਰ ਚੁਣੌਤੀਆਂ ਪੈਦਾ ਕਰਦਾ ਹੈ। ਲੋਕਤੰਤਰੀ ਸੰਸਥਾਵਾਂ ਵਧਦੇ ਦਬਾਅ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਅਸਹਿਮਤੀ ਦਾ ਜਵਾਬ ਸੰਵਾਦ ਦੀ ਥਾਂ ਦਮਨ ਨਾਲ ਦਿੱਤਾ ਜਾ ਰਿਹਾ ਹੈ। ਫਿਰ ਵੀ ਵਿਦਿਆਰਥੀਆਂ ਅਤੇ ਨੌਜਵਾਨਾਂ ਵੱਲੋਂ ਦਿਖਾਇਆ ਗਿਆ ਹੌਸਲਾ ਇਹ ਵੀ ਸਾਬਿਤ ਕਰਦਾ ਹੈ ਕਿ ਲੋਕਤੰਤਰੀ ਆਕਾਂਖਿਆਵਾਂ ਅਜੇ ਵੀ ਦੇਸ਼ ਭਰ ਵਿੱਚ ਜੀਵੰਤ ਹਨ।

Share this content:

Post Comment