ਦਿਲ ਦੇ ਸਾਫ ਲੋਕ/ਦਲਜੀਤ ਸਿੰਘ ਕਾਹਲੋਂ
((ਦੇਖੋ ਅੱਜਕੱਲ੍ਹ ਮੈਂ ਇੱਕ ਗੱਲ ਨੋਟ ਕੀਤੀ ਆ ਕਿ ; ਜਿਹੜੇ ਲੋਕ ਦਿਲ ਦੇ ਬਹੁਤ ਸਾਫ਼ ਹੁੰਦੇ ਨੇ ਤੇ ਹਰ ਗੱਲ ਮੂੰਹ ਤੇ ਬੋਲ ਦਿੰਦੇ ਨੇ , ਦੁਨੀਆਂ ਉਨ੍ਹਾਂ ਨੂੰ ਸਭ ਤੋਂ ਮਾੜਾ ਇਨਸਾਨ ਸਮਝਦੀ ਹੈ। ਕਿਉਂਕਿ ਐਦਾਂ ਦੇ ਲੋਕਾਂ ਨੂੰ ਦੂਜਿਆਂ ਵਾਂਗੂੰ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਧੋਖਾ ਦੇਣਾਂ ਬਿਲਕੁਲ ਨਹੀਂ ਆਉਂਦਾ । ਇਸੇ ਲਈ ਸੱਚੇ ਲੋਕ ਹਮੇਸ਼ਾ ਇਕੱਲੇ ਰਹਿ ਜਾਂਦੇ ਨੇ , ਤੇ ਫੇਕ ਲੋਕਾਂ ਦੀਆਂ ਵੱਡੀਆਂ ਵੱਡੀਆਂ ਮਹਿਫ਼ਲਾਂ ਲੱਗਦੀਆਂ ਨੇ ।)) ਕੌਣ ਸੋਹਣੀ ਸੋਹਣੀ ਪਾਉਂਦਾ ਏ ਬਈ ਪੋਸਟ ?
ਚਾਚੀ ਨਾ ਕਿਤੇ ਪਾਉਂਦੀ ਹੋਵੇ ਬਈ ॥
ਇਹ ਜੋ ਸ਼ੁੱਭ ਸ਼ੁੱਭ ਆਉਂਦੇ ਨੇ ਵਿਚਾਰ ।
ਫੇਸਬੁੱਕ ਟੋਂਹਦੀ ਹੋਵੇ ਬਈ ॥
ਚਾਚੀ ਐਸੀ ਪੋਸਟ ਜਿਹੀ ਪਾਈ ।
ਚਾਚੇ ਨੇ ਚੱਕ ਲਈ ਬਾ-ਦਹਾਈ ॥
ਚਾਚਾ ਬੋਲੀ ਜਾਵੇ ।
ਭੇਦ ਜਿਹੇ ਖੋਲ੍ਹੀ ਜਾਵੇ ॥
ਕਲਮ ਚਲਾਈ ਜਾਵੇ ।
ਮੋਛੇ ਜਿਹੇ ਪਾਈ ਜਾਵੇ ।
ਅਖੇ ਜੋ ਸੱਚ ਲਿਖਣ ਤੋਂ ਰੋਕੇ ।
ਚਾਚਾ ਉਹਦੀ ਮੰਜੀ ਠੋਕੇ ॥
ਚਾਚਾ ਦਿਨ-ਰਾਤ ਲਿਖਤਾਂ ਚਿ ਝੋਕੇ ।
ਕਿਹੜਾ ਜੰਮ ਪਿਆ ਸੂਰਮਾ ?
ਜੋ ਚਾਚੇ ਦੀ ਕਲਮ ਨੂੰ ਰੋਕੇ ॥
ਚਾਚੇ ਉੱਚੀ ਹੇਕ ਜਿਹੀ ਲਾਈ ।
ਸੱਭਨਾਂ ਕੰਨੀ ਗੱਲ ਪਹੁੰਚਾਈ ॥
ਚਾਚੀ ਵੇਖੇ ਮੈਂ ਕੀ ਕਰਤਾ ।
ਪੰਗਾ ਨਵਾਂ ਖੜ੍ਹਾ ਮੈਂ ਕਰਤਾ ॥
ਲੱਗ ਪਿਆ ਲਿਖਣ ਤੇ ਹੁਣ ਨਹੀਂ ਮੁੜਦਾ ।
ਦਿਨ ਸਾਰਾ ਹੁਣ ਜਾਊਗਾ ਉੱੜਦਾ ॥
ਚਾਚੇ ਨੇ ਅਤਿ ਜਿਹੀ ਐਸੀ ਚੱਕੀ ।
ਖਲਕਤ ਵੇਖੇ ਹੋ ਹੱਕੀ-ਬੱਕੀ ॥
ਆਹ ਉੱਪਰ ਬੀਬੀ ਹੁਰਾਂ ਗੱਲ ਜੋ ਕੀਤੀ
ਗੱਲ ਕੀਤੀ ਬੜੀ ਸਿਆਣੀ ।

ਚਾਚਾ ਪੀੜ੍ਹੀ ਡਾਹ ਕੇ ਬਹਿ ਗਿਆ ਨਾਲ ਆ ਗਏ ਉਹਦੇ ਹਾਣੀ ।
ਪਰ ਚਾਚੇ ਦੀ ਆਦਤ ਮੁੱਢ ਤੋਂ , ਪਾਉਣੀ ਪਾਣੀ ਵਿੱਚ ਮਧਾਣੀ ।
ਚਾਚਾ ਸੋਚੀ ਜਾਵੇ ।
ਗੱਲ ਦਬੋਚੀ ਜਾਵੇ ॥
ਉਰਾਂਹ ਨੂੰ ਖਿੱਚੀ ਪੀੜ੍ਹੀ ।
ਨਾ ਪਾਈ ਮੱਥੇ ਤੀੜੀ ॥
ਫੜ ਲਏ ਘੁੱਟ ਪੀੜੀ ਦੇ ਪਾਵੇ ।
ਚਾਚਾ ਮੁੱਦਾ ਕੈਸ਼ ਕਰਾਵੇ ॥
ਕਹਿੰਦਾ ਗੱਲ ਮੈਂ ਮੂੰਹ ਤੇ ਬੋਲਾਂ ।
ਸਾਰੇ ਭੇਦ ਦਿਲਾਂ ਦੇ ਖੋਲ੍ਹਾਂ ॥
ਬੰਦਾ ਦਿਲ ਦਾ ਹਾਂ ਮੈਂ ਸਾਫ ।
ਤਾਂਈਂਉਂ ਕਰਦਾ ਸੱਭ ਨੂੰ ਮਾਫ ॥
ਹਮੇਸ਼ਾ ਗੱਲ ਮੈਂ ਸੱਚੀ ਬੋਲਾਂ ।
ਬੋਲਾਂ ਸੱਚ ਤੇ ਕਦੇ ਨਾ ਡੋਲਾਂ ॥
ਚਾਚਾ ਬੋਲੀ ਜਾਵੇ ।
ਕੜ੍ਹੀ ਜਿਹੀ ਘੋਲੀ ਜਾਵੇ ॥
ਆਖਿਰ ਆ ਗਿਆ ਮੁੱਦੇ ਉੱਤੇ ।
ਲੋਕ ਜਗਾਤੇ ਜੋ ਸੀ ਸੁੱਤੇ ॥
ਅਖੇ ਬੀਬੀ ਕਰਦੀ ਹੈ ਗੱਲ ਮੇਰੀ ।
ਤੁਸਾਂ ਨੇ ਕਾਹਤੇ ਢਾਈ ਢੇਰੀ ?
ਕਿਉਂ ਨਹੀਂ ਜਰਦੇ ਸਿਫ਼ਤ ਬਈ ਮੇਰੀ ।
ਕੀ ਮੈਂ ਕੀਤੀ ਹੇਰਾਫੇਰੀ ॥
ਚਾਚਾ ਦਿਲ ਦਾ ਸਾਫ਼ ਹੈ ਬਾਹਲਾ ।
ਹਰਦੱਮ ਸੱਚ ਬੋਲਣ ਨੂੰ ਕਾਹਲਾ ॥
ਹਰ ਗੱਲ ਮੂੰਹ ਤੇ ਸਾਫ਼ ਹੀ ਬੋਲੇ ।
ਭੇਦ ਦਿਲਾਂ ਦੇ ਸਾਰੇ ਖੋਲ੍ਹੇ ॥
ਜੋ ਚਾਚੇ ਨੂੰ ਆਖਣ ਮਾੜਾ ।
ਸਮਝੋ ਓਹਦਾ ਹੋਇਆ ਕਬਾੜਾ ॥
ਚਾਚਾ ਰੱਬ ਦੀ ਨਜ਼ਰ ਚਿ ਚੰਗਾ ।
ਜਣੇ-ਕਣੇ ਨਾਲ ਲਏ ਨਾ ਪੰਗਾ ॥
ਨਾ ਮੈਂ ਗੱਲਾਂ ਮਿੱਠੀਆਂ ਕਰਦਾ ,
ਨਾ ਹੀ ਝੂਠ ਮੈਂ ਕਹਿੰਦਾ ।
ਤਾਈਉਂ ਅੱਜ ਤੱਕ ਠਾਠ-ਬਾਠ ਨਾਲ ,
ਵਿੱਚ ਅਮਰੀਕਾ ਰਹਿੰਦਾ ॥
ਇਕੱਲਾ ਕਦੇ ਮੈਂ ਨਾਹੀ ਰਹਿੰਦਾ ,
ਬਾਪੂ ਮੇਰੇ ਅੰਗ ਰਹਿੰਦਾ ।
7ਤੇ ਦਿਨ ਤੇ 24ਵੀ ਘੰਟੇ ,
ਵਿੱਚ ਚਰਨੀ ਓਹਦੇ ਬਹਿੰਦਾ ॥
ਮੇਰਾ ਅਸਲੀ ਬਾਪੂ ਓਹੀ ।
ਸੋਚ ਉਹਦੀ ਤੇ ਪਹਿਰਾ ਦਿੰਦਾ ॥
ਐਵੇਂ ਨਹੀਂ ਹਰ ਵੇਲੇ ਉਹਨੂੰ ।
ਬਾਪੂ ਬਾਪੂ ਕਹਿੰਦਾ ॥
ਭੈ ਕਾਹੂ ਕਉ ਦੇਤਿ ਨਹਿ ।
ਨਹਿ ਭੈ ਮਾਨਤ ਆਨ “।
ਤਾਈਉਂ ਮੇਰੇ ਬਾਪੂ ਦੀ ਜੱਗ ਵਿੱਚ ਉੱਚੀ ਸ਼ਾਨ ॥
ਜਿਥੋਂ ਤੱਕ ਗੱਲ ਫੇਕ ਲੋਕਾਂ ਦੀ ,
ਚਾਚਾ ਜਾਣੇ ਠੁੱਸ ਪਟਾਕੇ ॥
ਉਹ ਹੋਵਣ ਚਾਹੇ ਛੋਟੇ ਘਰਾਂ ਦੇ ,
ਤੇ ਚਾਹੇ ਵੱਡਿਆਂ ਘਰਾਂ ਦੇ ਕਾਕੇ ॥
ਜਾਂਦੇ ਜਾਂਦੇ ਚਾਚਾ ਸੱਭ ਕੁੱਝ ਕਹਿ ਗਿਆ ।
ਥੱਕ ਹਾਰ ਕੇ ਮੰਜੇ ਬਹਿ ਗਿਆ ॥
ਚਾਚੀ ਲੈ ਆਈ ਚਾਹ ਦਾ ਕੱਪ ।
ਓਥੇ ਈ ਹੋ ਗਿਆ ਮੁੱਦਾ ਠੱਪ ॥
ਅਖੇ ਸਵੇਰ ਨੂੰ ਉੱਠ ਨਾਹਵਾਂ-ਧੋਵਾਂਗੇ ।
ਨਵਾਂ ਵਿਸ਼ਾ ਕੋਈ ਛੋਹਵਾਂਗੇ ॥
ਨਵਾਂ ਵਿਸ਼ਾ ਕੋਈ ਛੋਹਵਾਂਗੇ॥

ਦਲਜੀਤ ਸਿੰਘ ਕਾਹਲੋਂ, ਸੁਪਰਡੈਂਟ
Share this content:



Post Comment