Loading Now

ਢਾਹਾਂ ਪ੍ਰਾਈਜ਼ ਲਈ ਤਿੰਨ ਸਾਹਿਤਕਾਰਾਂ ਦੀ ਹੋਈ ਚੋਣ

ਢਾਹਾਂ ਪ੍ਰਾਈਜ਼ ਲਈ ਤਿੰਨ ਸਾਹਿਤਕਾਰਾਂ ਦੀ ਹੋਈ ਚੋਣ

ਵੈਨਕੂਵਰ, 20 ਅਗਸਤ – ਗੁਰਮੁਖੀ ਅਤੇ ਸ਼ਾਹਮੁਖੀ ਸਾਹਿਤ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਲਈ ਢਾਹਾਂ ਪ੍ਰਾਈਜ਼ ਵੱਲੋਂ ਇਸ ਸਾਲ ਦੇ ਸਿਖਰਲੇ ਤਿੰਨ ਸਾਹਿਤਕਾਰਾਂ ਦੀ ਚੋਣ ਕੀਤੀ ਗਈ ਹੈ। ਇਨ੍ਹਾਂ ਵਿੱਚ ਖੰਨਾ ਦੀ ਰਹਿਣ ਵਾਲੀ ਲੇਖਿਕਾ ਰਾਜਪ੍ਰੀਤ ਕੌਰ ਬੈਨੀਪਾਲ ਦਾ ਪੰਜਾਬੀ ਕਹਾਣੀ ਸੰਗ੍ਰਹਿ ‘ਕਬਰਾਂ ਵਿੱਚ ਉੱਗੇ ਫੁੱਲ’, ਸਰਗੋਧਾ ਦੀ ਅੰਬਰ ਹੁਸੈਨੀ ਦਾ ਸ਼ਾਹਮੁਖੀ ਨਾਵਲ ‘ਨਵਾਂ ਪਿੰਡ’ ਅਤੇ ਇਸਲਾਮਾਬਾਦ ਦੇ ਅਕਮਲ ਸ਼ਹਿਜ਼ਾਦ ਘੁੰਮਣ ਦਾ ਸ਼ਾਹਮੁਖੀ  ਨਾਵਲ ‘ਪਰਛਾਵਾਂ’ ਸ਼ਾਮਲ ਹਨ। ਚੁਣੇ ਗਏ ਇਨ੍ਹਾਂ ਤਿੰਨ ਲੇਖਕਾਂ ’ਚੋਂ ਪਹਿਲੇ ਸਥਾਨ ਉੱਤੇ ਰਹਿਣ ਵਾਲੇ ਸਾਹਿਤਕਾਰ ਨੂੰ 25 ਹਜ਼ਾਰ ਡਾਲਰ ਦਾ ਇਨਾਮ ਦਿੱਤਾ ਜਾਵੇਗਾ; ਬਾਕੀ ਦੋਵਾਂ ਨੂੰ 10-10 ਹਜ਼ਾਰ ਡਾਲਰ ਦੀ ਇਨਾਮੀ ਰਕਮ ਮਿਲੇਗੀ।

ਇਸ ਤੋਂ ਇਲਾਵਾ ਪੰਜਾਬੀ ਸਾਹਿਤਕ ਕਿਤਾਬਾਂ ਦਾ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਾਲੇ ਤਿੰਨ ਅਨੁਵਾਦਕਾਂ ਨੂੰ ਵੀ 2-2 ਹਜ਼ਾਰ ਡਾਲਰ ਦੇ ਇਨਾਮ ਦਿੱਤੇ ਜਾਣਗੇ। ਇਹ ਇਨਾਮ ਵੰਡ ਸਮਾਗਮ 18 ਨਵੰਬਰ ਨੂੰ ਸਰੀ ਵਿੱਚ ਕਰਵਾਇਆ ਜਾਵੇਗਾ। ਢਾਹਾਂ ਫਾਊਂਡੇਸ਼ਨ ਦੇ ਮੁਖੀ ਬਰਜਿੰਦਰ ਸਿੰਘ ਢਾਹਾਂ (ਬਰਜ ਢਾਹਾਂ) ਨੇ ਦੱਸਿਆ ਕਿ ਇਸ ਸਾਲ ਵੱਖ-ਵੱਖ ਦੇਸ਼ਾਂ ਤੋਂ ਕੁੱਲ 58 ਕਿਤਾਬਾਂ ਪੁੱਜੀਆਂ ਸਨ। ਇਨ੍ਹਾਂ ਵਿੱਚ ਭਾਰਤ, ਪਾਕਿਸਤਾਨ, ਬਰਤਾਨੀਆ, ਅਮਰੀਕਾ, ਕੈਨੇਡਾ ਅਤੇ ਆਸਟਰੇਲੀਆ ਦੇ ਲੇਖਕਾਂ ਦੀਆਂ ਰਚਨਾਵਾਂ ਸ਼ਾਮਲ ਸਨ। ਇਨ੍ਹਾਂ ਪੁਸਤਕਾਂ ਦਾ ਮੁਲਾਂਕਣ ਉੱਘੇ ਸਾਹਿਤਕਾਰਾਂ ਅਤੇ ਚਿੰਤਕਾਂ ਨੇ ਬੜੀ ਬਾਰੀਕੀ ਨਾਲ ਕੀਤਾ ਹੈ। ਇਸ ਉਪਰਾਲੇ ’ਤੇ ਤਸੱਲੀ ਪ੍ਰਗਟਾਉਂਦਿਆਂ ਬਰਜਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਪਿਛਲੇ 13 ਸਾਲਾਂ ਦੌਰਾਨ ਵੰਡੇ ਗਏ ਇਨ੍ਹਾਂ ਇਨਾਮਾਂ ਨੇ ਗੁਰਮੁਖੀ ਅਤੇ ਸ਼ਾਹਮੁਖੀ ਦੇ ਲੇਖਕਾਂ ਵਿੱਚ ਮਿਆਰੀ ਸਾਹਿਤ ਸਿਰਜਣ ਪ੍ਰਤੀ ਨਵੀਂ ਚੇਤਨਾ ਜਗਾਈ ਹੈ।

Share this content:

Post Comment