Loading Now

ਜੂਝ ਰਹੇ ਲੋਕਾਂ ਦੀ ਬਾਤ ਪਾਉਂਦੀਆਂ ਪੁਸਤਕਾਂ

ਜੂਝ ਰਹੇ ਲੋਕਾਂ ਦੀ ਬਾਤ ਪਾਉਂਦੀਆਂ ਪੁਸਤਕਾਂ

ਮਨੁੱਖਤਾ ਵਿਰੁੱਧ ਲੜੀਆਂ ਜਾ ਰਹੀਆਂ ਅਮਾਨਵੀ ਜੰਗਾਂ ਵਿਰੁੱਧ ਪੰਜਾਬੀ ਸਾਹਿਤਕਾਰ ਹਮੇਸ਼ਾ ਹੀ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਅੱਤਿਆਚਾਰ ਭਾਵੇਂ ਬਾਬਰ ਦੁਆਰਾ ਹੋਵੇ ਜਾਂ ਕੱਟੜਪੰਥੀ ਫ਼ਿਰਕੂ ਤਾਕਤਾਂ ਵੱਲੋਂ ਉਦਾਰਵਾਦੀ ਲੋਕ ਸ਼ਕਤੀਆਂ ਦਾ ਦਮਨ ਕੀਤਾ ਜਾ ਰਿਹਾ ਹੋਵੇ, ਜ਼ੁਲਮ ਸਰਹੱਦੋਂ ਪਾਰ ਦੂਜੇ ਕਿਸੇ ਹੋਰ ਮੁਲਕ ਵਿੱਚ ਹੋਵੇ ਜਾਂ ਆਪਣੇ ਮੁਲਕ ਵਿੱਚ ਘੱਟ ਗਿਣਤੀਆਂ ਜਾਂ ਦੱਬੇ-ਕੁਚਲੇ ਲੋਕਾਂ ’ਤੇ ਅੱਤਿਆਚਾਰ ਹੋਣ, ਪਹਿਲੀ-ਦੂਜੀ ਆਲਮੀ ਜੰਗ ਹੋਵੇ ਜਾਂ ਵੀਅਤਨਾਮੀ ਲੋਕਾਂ ਦੀ ਹੱਕੀ ਜੰਗ; ਪੰਜਾਬੀ ਕਲਮਾਂ ਅਜਿਹੇ ਅਣਮਨੁੱਖੀ ਅੱਤਿਆਚਾਰਾਂ ਵਿਰੁੱਧ ਆਪਣਾ ਰੋਸ ਦਰਜ ਕਰਾਉਂਦੀਆਂ ਰਹੀਆਂ ਹਨ। ਇਸੇ ਪ੍ਰਸੰਗ ਵਿੱਚ ਪਿਛਲੇ ਲਗਪਗ ਸਾਲ ਕੁ ਦੇ ਅਰਸੇ ਦੌਰਾਨ ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਦੀ ਨਸਲਕੁਸ਼ੀ, ਰੂਸ-ਯੂਕਰੇਨ ਜੰਗ ਅਤੇ ਅਮਰੀਕਾ-ਇਜ਼ਰਾਈਲ ਵੱਲੋਂ ਇਰਾਨੀ ਲੋਕਾਂ ਵਿਰੁੱਧ ਛੇੜੀ ਜੰਗ ਦੇ ਨਾਲ ਨਾਲ ਜਲ-ਜੰਗਲ ਤੇ ਜ਼ਮੀਨ ਲਈ ਲੜ ਰਹੇ ਭਾਰਤ ਦੇ ਆਦਿਵਾਸੀਆਂ ਦੇ ਮਾਨਵੀ ਅਧਿਕਾਰਾਂ ਦੇ ਜ਼ੋਰ-ਜ਼ੁਲਮ ਨਾਲ ਕੀਤੇ ਜਾ ਰਹੇ ਦਮਨ ਸਬੰਧੀ ਪੰਜਾਬੀ ਭਾਸ਼ਾ ਵਿੱਚ ਕਈ ਪੁਸਤਕਾਂ ਪ੍ਰਕਾਸ਼ਿਤ ਹੋਈਆਂ ਹਨ। ਇਸ ਨਿਬੰਧ ਰਾਹੀਂ ਇਨ੍ਹਾਂ ਪੁਸਤਕਾਂ ਉੱਤੇ ਸੰਖੇਪ ਝਾਤ ਪਾ ਰਹੇ ਹਾਂ।

ਕੈਨੇਡਾ ਵਸਦੇ ਪਰਵਾਸੀ ਕਵੀ ਸੁਖਿੰਦਰ ਦਾ ਕਾਵਿ-ਸੰਗ੍ਰਹਿ ‘ਜੰਗਬਾਜ਼ਾਂ ਦੇ ਖ਼ਿਲਾਫ਼’ ਇਸ ਦਿਸ਼ਾ ਵਿੱਚ ਪਹਿਲਾ ਅਤੇ ਨਿਵੇਕਲਾ ਉੱਦਮ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਸੁਖਿੰਦਰ ਨੇ ਜੰਗਬਾਜ਼ਾਂ ਖ਼ਿਲਾਫ਼ ਆਪਣੀਆਂ ਪੁਰਾਣੀਆਂ ਅਤੇ ਨਵੀਆਂ ਕੁੱਲ 34 ਕਵਿਤਾਵਾਂ ਸ਼ਾਮਿਲ ਕੀਤੀਆਂ ਹਨ। ਸੁਖਿੰਦਰ ਦਾ ਦਾਅਵਾ ਹੈ ਕਿ ਪੰਜਾਬੀ ਭਾਸ਼ਾ ਵਿੱਚ ਜੰਗ ਦੇ ਵਿਸ਼ੇ ਨੂੰ ਲੈ ਕੇ ਇੱਕੋ ਕਵੀ ਦਾ ਪੂਰੇ ਦਾ ਪੂਰਾ ਕਾਵਿ-ਸੰਗ੍ਰਹਿ ਪ੍ਰਕਾਸ਼ਿਤ ਹੋਣਾ ਸ਼ਾਇਦ ਵਿਸ਼ਵ ਭਰ ਵਿੱਚ ਪਹਿਲਾ ਯਤਨ ਹੈ। ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਮਿਲ ਕਵਿਤਾਵਾਂ ਵਿਸ਼ਾ ਪੱਖ ਤੋਂ ਵੀ ਮਹੱਤਵਪੂਰਨ ਹਨ। ਜੰਗ ਨਾਲ ਸਬੰਧਿਤ ਸ਼ਾਇਦ ਹੀ ਕੋਈ ਪੱਖ ਹੋਵੇ, ਜਿਹੜਾ ਇਸ ਵਿੱਚ ਨਾ ਛੋਹਿਆ ਗਿਆ ਹੋਵੇ। ਜੰਗ ਭਾਵੇਂ ਸਰਹੱਦੀ ਝਗੜੇ ਨਾਲ ਸਬੰਧਿਤ ਹੋਵੇ ਜਾਂ ਜੰਗੀ ਹਥਿਆਰ ਵੇਚਣ ਲਈ; ਛੋਟੇ ਮੁਲਕਾਂ ਦੇ ਕੁਦਰਤੀ ਸਰੋਤਾਂ ਉੱਪਰ ਕਬਜ਼ਾ ਕਰਨ ਦੀ ਹੋਵੇ ਜਾਂ ਉੱਥੇ ਆਪਣੀਆਂ ਮੰਡੀਆਂ/ਅੱਡੇ ਸਥਾਪਤ ਕਰਨ ਦੀ ਹੋਵੇ; ਧਰਮਾਂ, ਰੰਗਾਂ, ਨਸਲਾਂ ਜਾਂ ਜਾਤ-ਪਾਤ ਅਤੇ ਫ਼ਿਰਕੂ ਨਫ਼ਰਤ ਦੇ ਭਾਂਬੜ ਫੈਲਾਉਣ ਵਾਲੀ ਹੋਵੇ ਜਾਂ ਗ਼ਰੀਬ ਤੇ ਆਮ ਲੋਕਾਂ ਨੂੰ ਲੁੱਟ ਕੇ ਹੋਰ ਅਮੀਰ ਬਣਨ ਦੀ ਚੌਧਰ ਦੀ ਹੋਵੇ ਜਾਂ ਸਾਮਰਾਜੀ ਧੌਂਸ ਦੀ ਹੋਵੇ ਜਾਂ ਹੱਕਾਂ ਲਈ ਜੂਝਦੇ ਕਿਸੇ ਮੁਲਕ ਦੇ ਕਿਸੇ ਇੱਕ ਖਿੱਤੇ ਵਿਰੁੱਧ ਉਸ ਮੁਲਕ ਦੀ ਸਰਕਾਰ ਦਾ ਦਮਨਕਾਰੀ ਹਮਲਾ ਹੋਵੇ ਜਾਂ ਹਵਾ, ਪਾਣੀ, ਪ੍ਰਦੂਸ਼ਿਤ ਕਰਨ ਦੀ ਹੋਵੇ, ਗੱਲ ਕੀ ਜੰਗ ਨਾਲ ਸਬੰਧਿਤ ਹਰ ਮੁੱਦੇ ਉੱਪਰ ਕਵਿਤਾਵਾਂ ਇਸ ਕਾਵਿ ਪੁਸਤਕ ਵਿੱਚ ਸ਼ਾਮਿਲ ਹਨ। ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ 100 ਪੰਨਿਆਂ ਦੀ ਇਹ ਪੁਸਤਕ ਪੜ੍ਹਨ ਅਤੇ ਵਾਚਣ ਯੋਗ ਹੈ।

ਅਮੋਲਕ ਸਿੰਘ ਅਤੇ ਯਸ਼ਪਾਲ ਦੁਆਰਾ ਸੰਪਾਦਤ ਤੇ ਪਲਸ ਮੰਚ ਵੱਲੋਂ ਪ੍ਰਕਾਸ਼ਿਤ ‘ਫ਼ਲਸਤੀਨ ਦੀ ਆਵਾਜ਼’ ਕਾਵਿ-ਸੰਗ੍ਰਹਿ ਇਜ਼ਰਾਈਲ ਦੁਆਰਾ ਫ਼ਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਵਿਰੁੱਧ ਆਵਾਜ਼ ਬੁਲੰਦ ਕਰਦੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ। ਇਸ ਪੁਸਤਕ ਵਿੱਚ ਲਗਪਗ 55 ਕਵੀਆਂ ਦੀਆਂ ਫ਼ਲਸਤੀਨੀ ਲੋਕਾਂ ਲਈ ਹਾਅ ਦੇ ਨਾਅਰੇ ਵਾਲੀਆਂ 80 ਕਵਿਤਾਵਾਂ ਸ਼ਾਮਲ ਹਨ। ਇਸ ਸੰਗ੍ਰਹਿ ਦੇ ਪ੍ਰਮੁੱਖ ਕਵੀਆਂ ਵਿੱਚ ਦਰਸ਼ਨ ਖਟਕੜ, ਗੁਰਦਿਆਲ ਰੌਸ਼ਨ, ਹਰਵਿੰਦਰ ਭੰਡਾਲ, ਰਵਿੰਦਰ ਸਹਿਰਾਅ, ਸਰਬਜੀਤ ਸੋਹੀ, ਜਸਵਿੰਦਰ, ਸੁਖਪਾਲ ਸੰਘੇੜਾ, ਤਰਨਦੀਪ ਬਿਲਾਸਪੁਰ, ਸੁਰਿੰਦਰ ਸੋਹਲ ਤੇ ਮਦਨ ਵੀਰਾ ਸ਼ਾਮਲ ਹਨ। ਮਹਿਮੂਦ ਦਰਵੇਸ਼, ਅਹਿਮਦ ਸਲੀਮ, ਸਮੀਹ ਅਲ-ਕਾਸਿਮ, ਰਫ਼ੀਲ ਦਰਵੇਸ਼ ਆਦਿ ਦੀਆਂ ਅਨੁਵਾਦਿਤ ਕਵਿਤਾਵਾਂ ਸਮੇਤ ਲਗਪਗ ਦਰਜਨ ਦੇ ਕਰੀਬ ਫ਼ਲਸਤੀਨੀ ਕਵੀਆਂ ਦੀਆਂ ਕਵਿਤਾਵਾਂ ਵੀ ਅਨੁਵਾਦ ਕਰਕੇ ਇਸ ਸੰਗ੍ਰਹਿ ਵਿੱਚ ਦਰਜ ਕੀਤੀਆਂ ਗਈਆਂ ਹਨ। ਇਸ ਕਾਵਿ-ਸੰਗ੍ਰਹਿ ਰਾਹੀਂ ਪੰਜਾਬੀ ਸਾਹਿਤਕਾਰਾਂ ਨੇ ਆਪਣੀ ਮਾਨਵਵਾਦੀ ਤੇ ਇਨਕਲਾਬੀ ਵਿਰਾਸਤ ਨੂੰ ਅੱਗੇ ਤੋਰਨ ਦਾ ਚੰਗਾ ਯਤਨ ਕੀਤਾ ਹੈ।

ਫ਼ਲਸਤੀਨ ਬਾਰੇ ਹੀ ਕਵਿਤਾਵਾਂ ਦਾ ਇੱਕ ਹੋਰ ਕਾਵਿ-ਸੰਗ੍ਰਹਿ ‘ਮੈਂ ਗਾਜ਼ਾ ਕਹਿਨਾ’ ਅਰਵਿੰਦਰ ਕੌਰ ਕਾਕੜਾ ਅਤੇ ਅਜਮੇਰ ਸਿੱਧੂ ਦੀ ਸੰਪਾਦਨਾ ਹੇਠ ਪ੍ਰਕਾਸ਼ਿਤ ਹੋਇਆ ਹੈ। ਅਦਾਰਾ ਪਰਵਾਜ਼ ਵੱਲੋਂ ਚਿੰਤਨ ਪ੍ਰਕਾਸ਼ਨ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਇਸ ਸੰਗ੍ਰਹਿ ਵਿੱਚ ਲਗਪਗ 70 ਕਵੀਆਂ ਦੀਆਂ 82 ਕਵਿਤਾਵਾਂ ਤੋਂ ਇਲਾਵਾ ਅੰਤ ਵਿੱਚ 7 ਅਨੁਵਾਦਿਤ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਸੰਪਾਦਕਾਂ ਦਾ ਇਹ ਪੁਸਤਕ ਛਾਪਣ ਦਾ ਮਕਸਦ ਇਹ ਜਾਣਨਾ ਹੈ ਕਿ ਫ਼ਲਸਤੀਨ/ਗਾਜ਼ਾ ਦੇ ਲੋਕਾਂ ਪ੍ਰਤੀ ਦਰਦ ਦੀ ਭਾਵਨਾ ਨੂੰ ਸਾਡੇ ਕਵੀ ਕਿੱਥੋਂ ਤੱਕ ਮਹਿਸੂਸ ਕਰਦੇ ਹਨ। ਨਿਰਸੰਦੇਹ, ਇਸ ਕਾਵਿ ਸੰਗ੍ਰਹਿ ਵਿੱਚ ਸ਼ਾਮਿਲ ਕਵਿਤਾਵਾਂ ਜਿੱਥੇ ਫ਼ਲਸਤੀਨੀ ਲੋਕਾਂ ਪ੍ਰਤੀ ਹਮਦਰਦੀ ਦਾ ਇਜ਼ਹਾਰ ਕਰਦੀਆਂ ਹਨ, ਉੱਥੇ ਇਜ਼ਰਾਈਲ ਦੇ ਜਬਰ-ਜ਼ੁਲਮ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕਰਦੀਆਂ ਹਨ। ਅਤਿ ਦੇ ਜ਼ੁਲਮਾਂ ਦੇ ਬਾਵਜੂਦ ਫ਼ਲਸਤੀਨੀ ਲੋਕਾਂ ਵੱਲੋਂ ਆਪਣੀ ਹੋਂਦ ਲਈ ਜੂਝਣ ਅਤੇ ਮਰ-ਮਿਟਣ ਦੇ ਜਜ਼ਬੇ ਦੀ ਵੀ ਇਹ ਕਵਿਤਾਵਾਂ ਤਰਜਮਾਨੀ ਕਰਦੀਆਂ ਹਨ।

‘ਫ਼ਲਸਤੀਨ’ ਬਾਰੇ ਮੌਲਿਕ ਕਵਿਤਾਵਾਂ ਦੀ ਇੱਕ ਹੋਰ ਕਾਵਿ-ਪੁਸਤਕ ‘ਕਾਲ-ਨਾਚ’ ਵੀ ਪ੍ਰਕਾਸ਼ਿਤ ਹੋਈ ਹੈ। ਕਵੀ ਪਰਮਜੀਤ ਸੋਹਲ ਦੀਆਂ ਲਿਖੀਆਂ ਕਵਿਤਾਵਾਂ ਦੀ ਇਹ ਪੁਸਤਕ ਗੋਰਕੀ ਪ੍ਰਕਾਸ਼ਨ, ਲੁਧਿਆਣਾ ਦੁਆਰਾ ਪ੍ਰਕਾਸ਼ਿਤ ਕੀਤੀ ਗਈ ਹੈ। ਇਸ ਕਾਵਿ-ਪੁਸਤਕ ਵਿੱਚ ਕੁੱਲ 77 ਕਵਿਤਾਵਾਂ ਹਨ। ਪੁਸਤਕ ਦੀ ਪ੍ਰਸਤਾਵਨਾ ਲਿਖਦਿਆਂ ਮਦਨਦੀਪ ਕਹਿੰਦਾ ਹੈ ਕਿ ਗਾਜ਼ਾ ਸਾਥੋਂ ਭਾਵੇਂ ਹਜ਼ਾਰਾਂ ਕਿਲੋਮੀਟਰ ਦੂਰ ਹੈ, ਪਰ ਕਵੀ ਪਰਮਜੀਤ ਸੋਹਲ ਦਾ ਹਿਰਦਾ ਗਾਜ਼ਾ ਦੇ ਦੁੱਖ ਤੇ ਤੜਪ ਨੂੰ ਇੰਜ ਬਿਆਨ ਕਰ ਰਿਹਾ ਹੈ ਜਿਵੇਂ ਉਹ ਖ਼ੁਦ ਤਬਾਹ ਹੋਈ ਤੇ ਜ਼ਖ਼ਮੀ ਧਰਤੀ ਦਾ ਬਾਸ਼ਿੰਦਾ ਹੋਵੇ। ਉਹ ਫ਼ਲਸਤੀਨ ਦੀ ਧਰਤੀ ’ਤੇ ਵਾਪਰਦੀਆਂ ਘਟਨਾਵਾਂ ਦਾ ਮੂਕ ਦਰਸ਼ਕ ਹੀ ਨਹੀਂ; ਉਸ ਦੀ ਮਾਨਵੀ ਸੰਵੇਦਨਾ ਦਾ ਪ੍ਰਤੀਕ ਵੀ ਹੈ, ਜਿਹੜੀ ਇਜ਼ਰਾਈਲ ਦੇ ਹੁਕਮਰਾਨ ਤੇ ਫ਼ੌਜ ਦੀ ਆਤਮਾ ’ਚੋਂ ਮਰ ਚੁੱਕੀ ਹੈ। ਉਹ ਪੀੜਤ ਆਤਮਾਵਾਂ ਦੀ ਹੂਕ ਬਣਦਾ ਹੈ। ਇਹ ਪੁਸਤਕ ਵੀ ਪੜ੍ਹਨ ਅਤੇ ਵਾਚਣ ਯੋਗ ਹੈ।

ਇਸੇ ਲੜੀ ਵਿੱਚ ਹਾਲ ਹੀ ਵਿੱਚ ਪ੍ਰਕਾਸ਼ਿਤ ਹੋਈ ਪੁਸਤਕ ‘ਜੰਗਲ ਜਾਈਆਂ’ ਪਾਠਕਾਂ ਦੇ ਸਨਮੁੱਖ ਹੈ। ਭਾਰਤ ਦੇ ਆਦਿ-ਵਾਸੀ ਲੋਕਾਂ ਵੱਲੋਂ ਆਪਣੇ ਜਲ, ਜੰਗਲ ਅਤੇ ਜ਼ਮੀਨ ਦੇ ਕਾਨੂੰਨੀ, ਹੱਕੀ ਅਤੇ ਮਾਨਵੀ ਅਧਿਕਾਰਾਂ ਲਈ ਲੜੀ ਜਾ ਰਹੀ ਲੜਾਈ ਨਾਲ ਸਬੰਧਿਤ 102 ਕਵਿਤਾਵਾਂ ਦਾ ਇਹ ਸੰਗ੍ਰਹਿ ਇਨ੍ਹਾਂ ਜੂਝ ਰਹੇ ਆਦਿਵਾਸੀ ਲੋਕਾਂ ਦੇ ਦੁੱਖ-ਦਰਦ ਅਤੇ ਜਜ਼ਬੇ ਨੂੰ ਬਿਆਨ ਕਰਦਾ ਹੈ। ਅਮੋਲਕ ਸਿੰਘ ਅਤੇ ਯਸ਼ਪਾਲ ਵੱਲੋਂ ਸੰਪਾਦਿਤ ਇਸ ਕਾਵਿ-ਸੰਗ੍ਰਹਿ ਨੂੰ ਪਲਸ ਮੰਚ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਹੈ। ਇਸ ਕਾਵਿ-ਸੰਗ੍ਰਹਿ ਵਿੱਚ 27 ਪੰਜਾਬੀ ਕਵੀਆਂ ਦੀਆਂ 38 ਮੌਲਿਕ ਕਵਿਤਾਵਾਂ ਹਨ ਜਦੋਂਕਿ 20 ਕਵੀਆਂ ਦੀਆਂ 62 ਅਨੁਵਾਦਿਤ ਕਵਿਤਾਵਾਂ ਦਰਜ ਹਨ। ਕਾਰਲ ਮਾਰਕਸ, ਪੁਸ਼ਕਿਨ ਅਤੇ ਬ੍ਰਤੋਲਤ ਬ੍ਰੈਖ਼ਤ ਦੀ ਇੱਕ-ਇੱਕ ਕਵਿਤਾ ਵੀ ਇਸ ਸੰਗ੍ਰਹਿ ਵਿੱਚ ਸ਼ਾਮਿਲ ਹੈ।

ਅਨੁਵਾਦਿਤ ਕਵੀਆਂ ਵਿੱਚ ਆਦਿਵਾਸੀ ਕਵਿੱਤਰੀ ਜਸਿੰਤਾ ਕੇਰਕੇਟਾ, ਹੂਬ ਨਾਥ, ਗੋਰਖ ਪਾਂਡੇ, ਹੋਨੀ ਤੁਵਾਰੀ ਨਿਊਜ਼ੀਲੈਂਡ, ਹਰਭਗਵਾਨ ਚਾਵਲਾ, ਸੁਭਾਸ਼ ਸੋਲੰਕੀ ਆਦਿ ਪ੍ਰਮੁੱਖ ਹਨ ਜਦੋਂਕਿ ਮੌਲਿਕ ਕਵਿਤਾਵਾਂ ਦੇ ਲੇਖਕਾਂ ਵਿੱਚ ਵਰਿਆਮ ਸੰਧੂ, ਫ਼ਤਿਹਜੀਤ, ਲਖਵਿੰਦਰ ਜੌਹਲ, ਸੁਖਪਾਲ ਸੰਘੇੜਾ, ਸੁਰਿੰਦਰ ਧੰਜਲ, ਪਾਵੇਲ ਕੁੱਸਾ, ਗੁਰਦਿਆਲ ਰੌਸ਼ਨ ਅਤੇ ਅਮੋਲਕ ਸਿੰਘ ਪ੍ਰਮੁੱਖ ਹਨ। ਹਿੰਦੀ ਕਵਿਤਾਵਾਂ ਦਾ ਪੰਜਾਬੀ ਅਨੁਵਾਦ ਯਸ਼ਪਾਲ ਨੇ ਬਾਖ਼ੂਬੀ ਕੀਤਾ ਹੈ। ਪ੍ਰਸਿੱਧ ਰੂਸੀ ਕਵੀ ਪੁਸ਼ਕਿਨ ਦੀ ਕਵਿਤਾ ਦਾ ‘ਚਾਨਣ, ਰੰਗ, ਸੁਗੰਧੀਆਂ’ ਸਿਰਲੇਖ ਅਧੀਨ ਗੁਰਬਚਨ ਸਿੰਘ ਭੁੱਲਰ ਨੇ ਬਾਕਮਾਲ ਪੰਜਾਬੀ ਅਨੁਵਾਦ ਕੀਤਾ ਹੈ। ਇਸ ਸੰਗ੍ਰਹਿ ਦੀਆਂ ਸਾਰੀਆਂ ਕਵਿਤਾਵਾਂ ਉਨ੍ਹਾਂ ਆਦਿਵਾਸੀਆਂ ਨੂੰ ਸਮਰਪਿਤ ਹਨ ‘ਜੋ ਜੰਗਲ ਦੇ ਹੋ ਕੇ ਰਹਿ ਗਏ, ਜੋ ਘਰਾਂ ਨੂੰ ਪਰਤ ਕੇ ਨਹੀਂ ਆਏ।’ ਸਾਰੀਆਂ ਕਵਿਤਾਵਾਂ ਆਦਿਵਾਸੀ ਲੋਕਾਂ ਦੇ ਜਲ, ਜੰਗਲ ਤੇ ਜ਼ਮੀਨ ਉੱਪਰ ਉਨ੍ਹਾਂ ਦੇ ਹੱਕਾਂ ਹਕੂਕਾਂ ਤੇ ਹਿੱਤਾਂ ਦੀ ਗੱਲ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਇਨ੍ਹਾਂ ਦੇ ਕਬਜ਼ੇ ਤੋਂ ਹਕੂਮਤੀ ਜਬਰ-ਜ਼ੁਲਮ ਨਾਲ ਬੇਦਖ਼ਲ ਕਰਕੇ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦਾ ਦੁੱਖ-ਦਰਦ ਬਿਆਨ ਕਰਦੀਆਂ ਹਨ। ਇਹ ਕਵਿਤਾਵਾਂ ਜਿੱਥੇ ਆਪਣੇ ਹੱਕਾਂ ਲਈ ਹਕੂਮਤੀ ਧੌਂਸ ਵਿਰੁੱਧ ਜੂਝ ਰਹੇ ਆਦਿਵਾਸੀਆਂ ਦੇ ਜਜ਼ਬਾਤ ਨੂੰ ਬਿਆਨ ਕਰਦੀਆਂ ਹਨ, ਉੱਥੇ ਹੱਕ-ਸੱਚ ਦੇ ਢੰਡੋਰਚੀਆਂ ਵੱਲੋਂ ਇਨ੍ਹਾਂ ਲਈ ਮਾਰਿਆ ਗਿਆ ‘ਹਾਅ ਦਾ ਨਾਅਰਾ’ ਵੀ ਹਨ।

ਫ਼ਲਸਤੀਨੀ ਲੋਕਾਂ ਉੱਪਰ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਜਬਰ-ਜ਼ੁਲਮ ਵਿਰੁੱਧ ਵਿਸ਼ਵ ਪੱਧਰ ਉੱਤੇ ਰਚੇ ਜਾ ਰਹੇ ਸਾਹਿਤ ਦੇ ਸੰਦਰਭ ਵਿੱਚ ਗਾਜ਼ਾ ਦੇ ਬੱਚਿਆਂ ਦੇ ਜਜ਼ਬਾਤਾਂ ਨੂੰ ਬਿਆਨ ਕਰਦੀ ਪੰਜਾਬੀ ਪੁਸਤਕ ‘ਜਲਾਵਤਨ’ ਪੰਜਾਬੀ ਅਨੁਵਾਦ ਦੇ ਖੇਤਰ ਵਿੱਚ ਇੱਕ ਅਹਿਮ ਪ੍ਰਾਪਤੀ ਹੈ। ਇਹ ਪੁਸਤਕ ‘ਅਸ਼ਤਰ ਥੀਏਟਰ’ ਵੱਲੋਂ 2010 ਵਿੱਚ ਸ਼ੁਰੂ ਕੀਤੇ ਗਏ ‘ਗਾਜ਼ਾ ਮੋਨੋਲੌਗਜ਼’ ਰਾਹੀਂ ਪੇਸ਼ ਕੀਤੇ ਗਏ ਮੋਨੋਲੌਗਜ਼ ਦਾ ਪੰਜਾਬੀ ਰੂਪ ਹੈ, ਜਿਨ੍ਹਾਂ ਨੂੰ ਕਮਲ ਦੁਸਾਂਝ ਨੇ ਬਾਖ਼ੂਬੀ ਅਨੁਵਾਦ ਕੀਤਾ ਹੈ ਅਤੇ ਸੁਸ਼ੀਲ ਦੁਸਾਂਝ ਨੇ ਸੰਪਾਦਿਤ ਕੀਤਾ ਹੈ। ਇਸ ਪੁਸਤਕ ਵਿੱਚ ਦਰਜ ਮੋਨੋਲੌਗਜ਼ ਵਿੱਚ ਫ਼ਲਸਤੀਨੀ ਬੱਚਿਆਂ ਦੀਆਂ ਹੱਡਬੀਤੀਆਂ ਦੁਖਦਾਈ ਕਹਾਣੀਆਂ ਹਨ, ਜੋ ਜੇਲ੍ਹਾਂ ਤੋਂ ਵੀ ਬਦਤਰ ਜ਼ਿੰਦਗੀ ਦੀ ਹਕੀਕਤ ਦੇ ਨਾਲ ਨਾਲ ਚੰਗੇ ਦਿਨਾਂ ਦੀ ਉਮੀਦ ਦੀ ਕਿਰਨ ਨੂੰ ਵੀ ਬਿਆਨ ਕਰਦੀਆਂ ਹਨ। ਗਾਜ਼ਾ ਪੱਟੀ ਕਬਰਿਸਤਾਨ ਬਣਦੀ ਜਾ ਰਹੀ ਹੈ, ਪਰ ਅਫ਼ਸੋਸ ਕਿ ਕੋਈ ਵੱਡੀ ਕੌਮਾਂਤਰੀ ਤਾਕਤ ਫ਼ਲਸਤੀਨੀ ਕੌਮ ਉੱਪਰ ਕੀਤੇ ਜਾ ਰਹੇ ਨਸਲਘਾਤੀ ਜ਼ੁਲਮਾਂ ਵਿਰੁੱਧ ਆਵਾਜ਼ ਨਹੀਂ ਉਠਾ ਰਹੀ। ਇਸ ਖ਼ੌਫ਼ਨਾਕ ਸਥਿਤੀ ਵਿੱਚ ‘ਅਸ਼ਤਰ ਥੀਏਟਰ’ ਨੇ ਦੁਨੀਆ ਦੇ ਲੋਕਪੱਖੀ ਥੀਏਟਰ ਗਰੁੱਪਾਂ ਨਾਲ ਮਿਲ ਕੇ ਗਾਜ਼ਾ ਦੇ ਬੱਚਿਆਂ ਦੀਆਂ ਆਵਾਜ਼ਾਂ ਨੂੰ ‘ਗਾਜ਼ਾ ਮੋਨੋਲੌਗਜ਼’ ਰਾਹੀਂ ਵਿਸ਼ਵ ਦੇ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ।

ਆਸ ਕੀਤੀ ਜਾ ਸਕਦੀ ਹੈ ਕਿ ‘ਅਸ਼ਤਰ ਥੀਏਟਰ’ ਦਾ ਇਹ ਉਪਰਾਲਾ ਫ਼ਲਸਤੀਨੀ ਲੋਕਾਂ ਦੇ ਹੋ ਰਹੇ ਨਸਲਘਾਤ ਉੱਪਰ ਰੋਕ ਲਾਉਣ ਵਿੱਚ ਸਫ਼ਲ ਹੋਵੇਗਾ। ਇਹ ਮੋਨੋਲੌਗਜ਼ ਗਾਜ਼ਾ ਬੱਚਿਆਂ ਦੇ ਸੁਪਨਿਆਂ, ਦਰਦ ਅਤੇ ਹਿੰਮਤ ਦੀ ਮਾਰਮਿਕ ਪੇਸ਼ਕਾਰੀ ਹਨ। ਦੁਸਾਂਝ ਜੋੜੀ ਵੱਲੋਂ ਪੇਸ਼ ਇਹ ਪੁਸਤਕ ‘ਗਾਜ਼ਾ ਬੱਚਿਆਂ ਦੇ ਮੋਨੋਲੌਗਜ਼’ ਦਾ ਮਹਿਜ਼ ਭਾਸ਼ਾਈ ਅਨੁਵਾਦ ਹੀ ਨਹੀਂ, ਸਗੋਂ ਇਹ ਉਨ੍ਹਾਂ ਬੱਚਿਆਂ ਦੇ ਦੁੱਖ ਦਰਦ ਨੂੰ ਪੰਜਾਬੀ ਪਾਠਕਾਂ ਦੇ ਦਿਲ ਤੱਕ ਪਹੁੰਚਾਉਂਦਾ ਹੈ ਅਤੇ ਨਾਲ ਹੀ ਗਾਜ਼ਾ ਦੇ ਲੋਕਾਂ ਨਾਲ ਪੰਜਾਬੀਆਂ ਦੀ ਭਾਵਨਾਤਮਕ ਅਤੇ ਸੱਭਿਆਚਾਰਕ ਸਾਂਝ ਨੂੰ ਵੀ ਪ੍ਰਗਟਾਉਂਦਾ ਹੈ। ਪੰਜਾਬੀ ਵਿੱਚ ਇਨ੍ਹਾਂ ਮੋਨੋਲੌਗਜ਼ ਦਾ ਪ੍ਰਕਾਸ਼ਿਤ ਹੋਣਾ ਇਸੇ ਆਵਾਜ਼ ਨੂੰ ਹੋਰ ਬੁਲੰਦ ਕਰਨ ਦਾ ਅਹਿਮ ਉਪਰਾਲਾ ਹੈ। ਗਾਜ਼ਾ ਦੇ ਬੱਚਿਆਂ ਦੇ ਦੁੱਖ-ਦਰਦ ਬਿਆਨ ਕਰਦੇ ਮੋਨੋਲੌਗਜ਼ ਨੂੰ ਪੇਸ਼ ਕਰਦਿਆਂ ਆਪਣੀ ਕਿਸਮ ਦਾ ਇਹ ਵਿਲੱਖਣ ਸਾਹਿਤਕ ਕਾਰਜ ਹੈ।

Share this content:

Post Comment